Loading Bible Translation
First-time download in progress. This may take a few seconds…
Punjabi Bible Wordproject Bible
23 verses
1ਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਬੋਲਿਆ ਹੈ, ਅਤੇ ਉਸ ਨੇ ਸੂਰਜ ਦੇ ਚੜ੍ਹਦੇ ਤੋਂ ਉਹ ਦੇ ਲਹਿੰਦੇ ਤੀਕੁਰ ਧਰਤੀ ਨੂੰ ਸੱਦਿਆ ਹੈ।
2ਸੀਯੋਨ ਵਿੱਚੋਂ ਜਿਹੜਾ ਸੁਹੱਪਣ ਦਾ ਪੂਰਾ ਹੈ, ਪਰਮੇਸ਼ੁਰ ਚਮਕਿਆ।
3ਸਾਡਾ ਪਰਮੇਸ਼ੁਰ ਆਵੇ ਅਤੇ ਚੁੱਪ ਨਾ ਰਹੇ, ਅੱਗ ਉਹ ਦੇ ਅੱਗੇ ਅੱਗੇ ਭਸਮ ਕਰਦੀ ਹੈ, ਅਤੇ ਉਹ ਦੇ ਆਲੇ ਦੁਆਲੇ ਅਨ੍ਹੇਰੀ ਜ਼ੋਰ ਨਾਲ ਵਗਦੀ ਹੈ!
4ਉਹ ਅਕਾਸ਼ ਨੂੰ ਉਤਾਹਾਂ ਪੁਕਾਰਦਾ ਹੈ, ਅਤੇ ਧਰਤੀ ਨੂੰ ਵੀ, ਭਈ ਉਹ ਆਪਣੀ ਪਰਜਾ ਦਾ ਨਿਆਉਂ ਕਰੇ।
5ਮੇਰੇ ਸੰਤਾਂ ਨੂੰ ਮੇਰੇ ਕੋਲ ਇਕੱਠਿਆਂ ਕਰੋ, ਜਿਨ੍ਹਾਂ ਮੇਰੇ ਨਾਲ ਬਲੀਦਾਨ ਦੇ ਰਾਹੀਂ ਨੇਮ ਬੰਨ੍ਹਿਆ ਹੈ।
6ਸੁਰਗ ਉਹ ਦੇ ਧਰਮ ਦਾ ਪਰਚਾਰ ਕਰਦੇ ਹਨ, ਕਿਉਂ ਜੋ ਪਰਮੇਸ਼ੁਰ ਆਪ ਹੀ ਨਿਆਈ ਹੈ।
7ਹੇ ਮੇਰੀ ਪਰਜਾ, ਸੁਣ ਅਤੇ ਮੈਂ ਬੋਲਾਂਗਾ, ਹੇ ਇਸਰਾਏਲ, ਮੈਂ ਤੇਰੇ ਉੱਤੇ ਸਾਖੀ ਦਿਆਂਗਾ। ਪਰਮੇਸ਼ੁਰ, ਤੇਰਾ ਪਰਮੇਸ਼ੁਰ, ਮੈਂ ਹੀ ਹਾਂ!
8ਮੈਂ ਤੇਰੇ ਬਲੀਦਾਨਾਂ ਦੇ ਕਾਰਨ ਤੈਨੂੰ ਨਹੀਂ ਝਿੜਕਾਂਗਾ, ਅਤੇ ਤੇਰੀਆਂ ਹੋਮ ਬਲੀਆਂ ਹਰ ਵੇਲੇ ਮੇਰੇ ਸਾਹਮਣੇ ਹਨ।
9ਮੈਂ ਨਾ ਤੇਰੇ ਘਰ ਤੋਂ ਬਲਦ, ਨਾ ਤੇਰੇ ਵਾੜਿਆ ਤੋਂ ਬੱਕਰੇ ਲਵਾਂਗਾ,
10ਕਿਉਂ ਜੋ ਜੰਗਲ ਦੇ ਸਾਰੇ ਦਰਿੰਦੇ ਮੇਰੇ ਹਨ, ਨਾਲੇ ਹਜ਼ਾਰਾਂ ਪਹਾੜਾਂ ਦੇ ਡੰਗਰ।
11ਪਹਾੜਾਂ ਦੇ ਸਾਰੇ ਪੰਖੇਰੂਆਂ ਨੂੰ ਮੈਂ ਜਾਣਦਾ ਹਾਂ, ਅਤੇ ਰੜ ਦੇ ਜਾਨਵਰ ਮੇਰੇ ਹਨ।
12ਮੈਂ ਜੇ ਭੁੱਖਾਂ ਹੁੰਦਾ ਤਾਂ ਤੈਨੂੰ ਨਾ ਆਖਦਾ, ਕਿਉਂ ਜੋ ਜਗਤ ਅਤੇ ਉਹ ਦੀ ਭਰਪੂਰੀ ਮੇਰੀ ਹੈ।
13ਭਲਾ, ਮੈਂ ਸਾਨ੍ਹਾਂ ਦਾ ਮਾਸ ਖਾਵਾਂ? ਯਾ ਬੱਕਰਿਆਂ ਦੀ ਰੱਤ ਪੀਵਾਂ?
14ਪਰਮੇਸ਼ੁਰ ਨੂੰ ਧੰਨਵਾਦ ਹੀ ਦਾ ਬਲੀਦਾਨ ਚੜ੍ਹਾ, ਅਤੇ ਅੱਤ ਮਹਾਨ ਦੇ ਅੱਗੇ ਆਪਣੀਆਂ ਸੁੱਖਣਾਂ ਨੂੰ ਪੂਰੀਆਂ ਕਰ,
15ਤਾਂ ਦੁਖਾਂ ਦੇ ਦਿਨ ਮੈਨੂੰ ਪੁਕਾਰ,—ਮੈਂ ਤੈਨੂੰ ਛੁਡਾਵਾਂਗਾ ਅਤੇ ਤੂੰ ਮੇਰੀ ਵਡਿਆਈ ਕਰੇਂਗਾ।
16ਪਰ ਦੁਸ਼ਟ ਨੂੰ ਪਰਮੇਸ਼ੁਰ ਇਉਂ ਆਖਦਾ ਹੈ, ਤੇਰਾ ਕੀ ਹੱਕ ਹੈ ਜੋ ਮੇਰੀਆਂ ਬਿਧੀਆਂ ਨੂੰ ਸੁਣਾਵੇਂ, ਅਤੇ ਤੈਂ ਕਿਉਂ ਆਪਣੇ ਮੂੰਹ ਵਿੱਚ ਮੇਰਾ ਨੇਮ ਲਿਆ ਹੋਇਆ ਹੈ?
17ਜਦੋਂ ਤੈਨੂੰ ਤਾੜਨਾ ਬੁਰਾ ਲੱਗਦਾ ਹੈ, ਅਤੇ ਤੂੰ ਮੇਰੇ ਬਚਨਾਂ ਨੂੰ ਆਪਣੇ ਪਿੱਛੇ ਸੁੱਟਦਾ ਹੈਂ?
18ਜਦ ਤੈਂ ਚੋਰ ਨੂੰ ਡਿੱਠਾ ਤਾਂ ਤੂੰ ਉਹ ਦੇ ਨਾਲ ਰਲ ਗਿਆ, ਅਤੇ ਵਿਭਚਾਰੀਆਂ ਦਾ ਸਾਂਝੀ ਹੋਇਆ!
19ਤੈਂ ਆਪਣੇ ਮੂੰਹ ਨੂੰ ਬੁਰਿਆਈ ਲਈ ਖੋਲ੍ਹਿਆ ਹੈ, ਅਤੇ ਤੇਰੀ ਰਸਨਾ ਧੋਖਾ ਘੜਦੀ ਹੈ।
20ਤੂੰ ਬਹਿ ਕੇ ਆਪਣੇ ਭਰਾ ਦੇ ਵਿਰੁੱਧ ਬੋਲਦਾ ਹੈਂ, ਆਪਣੇ ਸੱਕੇ ਭਰਾ ਦੀ ਨਿੰਦਿਆ ਕਰਦਾ ਹੈਂ।
21ਤੈਂ ਏਹ ਕੰਮ ਕੀਤੇ ਅਤੇ ਮੈਂ ਚੁੱਪ ਵੱਟ ਛੱਡੀ, ਤੈਂ ਸਮਝਿਆ ਕਿ ਪਰਮੇਸ਼ੁਰ ਵੀ ਠੀਕ ਮੇਰੇ ਵਰਗਾ ਹੈ, ਪਰ ਮੈਂ ਤੈਨੂੰ ਝਿੜਕਾਂਗਾ ਅਤੇ ਤੇਰੀਆਂ ਅੱਖੀਆਂ ਦੇ ਸਾਹਮਣੇ ਤੇਰਾ ਦਾਵਾ ਪੇਸ਼ ਕਰਾਂਗਾ।
22ਹੁਣ ਤੁਸੀਂ ਜਿਹੜੇ ਪਰਮੇਸ਼ੁਰ ਨੂੰ ਵਿਸਾਰਦੇ ਹੋ ਇਸ ਗੱਲ ਨੂੰ ਸੋਚੋ, ਕਿਤੇ ਐਉਂ ਨਾ ਹੋਵੇ ਜੋ ਮੈਂ ਤੁਹਾਨੂੰ ਪਾੜ ਸੁੱਟਾਂ, ਅਤੇ ਤੁਹਾਡਾ ਕੋਈ ਛੁਡਾਉਣ ਵਾਲਾ ਨਾ ਹੋਵੇ।
23ਜਿਹੜਾ ਧੰਨਵਾਦ ਦਾ ਬਲੀਦਾਨ ਚੜ੍ਹਾਉਂਦਾ ਹੈ, ਉਹ ਮੇਰੀ ਵਡਿਆਈ ਕਰਦਾ ਹੈ, ਅਤੇ ਜਿਹੜਾ ਆਪਣੀ ਚਾਲ ਸੁਧਾਰਦਾ ਹੈ, ਮੈਂ ਉਹ ਨੂੰ ਪਰਮੇਸ਼ੁਰ ਦੀ ਮੁਕਤੀ ਵਿਖਾਵਾਂਗਾ।