Loading Bible Translation
First-time download in progress. This may take a few seconds…
Punjabi Bible Wordproject Bible
13 verses
1ਹੇ ਪਰਮੇਸ਼ੁਰ, ਸੀਯੋਨ ਵਿੱਚ ਤੇਰੇ ਲਈ ਸਬਰ ਹੀ ਉਸਤਤ ਹੈ, ਅਤੇ ਤੇਰੇ ਲਈ ਸੁੱਖਨਾ ਪੂਰੀ ਕੀਤੀ ਜਾਵੇਗੀ।
2ਹੇ ਪ੍ਰਾਰਥਨਾ ਦੇ ਸੁਣਨ ਵਾਲੇ, ਸਾਰੇ ਬਸ਼ਰ ਤੇਰੇ ਕੋਲ ਆਉਣਗੇ।
3ਬੁਰੀਆਂ ਗੱਲਾਂ ਮੇਰੇ ਉੱਤੇ ਪਰਬਲ ਹੁੰਦੀਆਂ ਹਨ, ਤੂੰ ਸਾਡੇ ਅਪਰਾਧਾਂ ਨੂੰ ਕੱਜ ਲਵੇਂਗਾ।
4ਧੰਨ ਹੈ ਉਹ ਜਿਹ ਨੂੰ ਤੂੰ ਚੁਣ���ਾ ਤੇ ਆਪਣੇ ਨੇੜੇ ਲਿਆਉਂਦਾ ਹੈਂ, ਭਈ ਉਹ ਤੇਰੇ ਦਰਬਾਰ ਵਿੱਚ ਰਹੇ,—ਅਸੀਂ ਤੇਰੇ ਭਵਨ ਅਰਥਾਤ ਤੇਰੀ ਪਵਿੱਤਰ ਹੈਕਲ ਦੀ ਭਲਿਆਈ ਨਾਲ ਤ੍ਰਿਪਤ ਹੋਵਾਂਗੇ।
5ਹੇ ਪਰਮੇਸ਼ੁਰ ਸਾਡੇ ਮੁਕਤੀ ਦਾਤੇ, ਤੂੰ ਜੋ ਧਰਤੀ ਦੀਆਂ ਚਹੁੰ ਕੂੰਟਾਂ ਨਾਲੋਂ ਦੂਰ ਦੇ ਸਮੁੰਦਰ ਵਾਲਿਆਂ ਦੀ ਆਸ਼ਾ ਹੈਂ, ਤੂੰ ਧਰਮ ਨਾਲ ਭਿਆਣਕ ਕੰਮਾਂ ਦੇ ਦੁਆਰਾ ਸਾਨੂੰ ਉੱਤਰ ਦੇਵੇਂਗਾ!
6ਤੂੰ ਆਪਣੀ ਸ਼ਕਤੀ ਨਾਲ ਪਹਾੜਾਂ ਨੂੰ ਦ੍ਰਿੜ੍ਹ ਕਰਦਾ ਹੈਂ, ਤੇਰਾ ਲੱਕ ਬਲ ਨਾਲ ਬੰਨ੍ਹਿਆ ਹੋਇਆ ਹੈ।
7ਤੂੰ ਸਮੁੰਦਰਾਂ ਦੇ ਰੌਲੇ ਨੂੰ ਅਤੇ ਉਨ੍ਹਾਂ ਦੀਆਂ ਠਾਠਾਂ ਦੇ ਰੌਲੇ ਨੂੰ ਅਤੇ ਲੋਕਾਂ ਦੀ ਹਲ ਚਲ ਨੂੰ ਥਮ੍ਹਾ ਦਿੰਦਾ ਹੈਂ,
8ਨਾਲੇ ਓੜਕ ਦੀਆਂ ਹੱਦਾਂ ਦੇ ਵਾਸੀ ਤੇਰੇ ਨਿਸ਼ਾਨਾਂ ਤੋਂ ਡਰ ਜਾਂਦੇ ਹਨ, ਤੂੰ ਸਵੇਰ ਤੇ ਸੰਝ ਦੇ ਆਉਣ ਤੋਂ ਜੈਕਾਰਾ ਗਜਾਉਂਦਾ ਹੈਂ।
9ਤੂੰ ਧਰਤੀ ਦੀ ਸੁੱਧ ਲੈਂਦਾ ਅਤੇ ਉਹ ਨੂੰ ਰੇਲ ਪੇਲ ਕਰਦਾ ਹੈਂ, ਤੂੰ ਉਹ ਨੂੰ ਦੱਬ ਕੇ ਹਰਿਆ ਭਰਿਆ ਕਰਦਾ ਹੈਂ, ਪਰਮੇਸ਼ੁਰ ਦੀ ਨਦੀ ਪਾਣੀ ਨਾਲ ਭਰੀ ਹੋਈ ਹੈ, ਇਸੇ ਤਰਾਂ ਧਰਤੀ ਨੂੰ ਤਿਆਰ ਕਰ ਕੇ ਤੂੰ ਉਨ੍ਹਾਂ ਲਈ ਅੰਨ ਤਿਆਰ ਕਰਦਾ ਹੈਂ।
10ਤੂੰ ਉਹ ਦਿਆਂ ਸਿਆੜਾਂ ਦੀ ਡੰਝ ਲਾਹ ਦਿੰਦਾ ਹੈਂ, ਤੂੰ ਉਹ ਦੀਆਂ ਵੱਟਾਂ ਨੂੰ ਪੱਧਰੀਆਂ ਕਰਦਾ ਹੈਂ, ਤੂੰ ਉਹ ਨੂੰ ਮੀਂਹ ਨਾਲ ਨਰਮ ਕਰਦਾ ਹੈਂ, ਤੂੰ ਉਹ ਦੇ ਪੁੰਗਰਨ ਵਿੱਚ ਬਰਕਤ ਦਿੰਦਾ ਹੈਂ।
11ਤੂੰ ਆਪਣੀ ਨੇਕੀ ਦਾ ਮੁਕਟ ਸਾਲ ਦੇ ਉੱਤੇ ਧਰਦਾ ਹੈਂ, ਅਤੇ ਤੇਰੀਆਂ ਲੀਹਾਂ ਤੋਂ ਚਿਕਨਾਈ ਚੋਂਦੀ ਹੈ।
12ਉਜਾੜ ਦੀਆਂ ਜੂਹਾਂ ਉੱਤੇ ਉਹ ਚੋਂਦੀ ਹੈ, ਅਤੇ ਪਹਾੜੀਆਂ ਦੇ ਲੱਕ ਖੁਸ਼ੀ ਨਾਲ ਬੱਧੇ ਹੋਏ ਹਨ।
13ਜੂਹਾਂ ਇੱਜੜਾਂ ਨਾਲ ਕੱਜੀਆਂ ਗਈਆਂ, ਦੂਣਾਂ ਅੰਨ ਨਾਲ ਡੱਕੀਆਂ ਗਈਆਂ, ਓਹ ਖੁਸ਼ੀ ਦੇ ਲਲਕਾਰੇ ਮਾਰਦੀਆਂ ਹਨ ਤੇ ਗਾਉਂਦੀਆਂ ਹਨ।