Loading Bible Translation
First-time download in progress. This may take a few seconds…
Punjabi Bible Wordproject Bible
24 verses
1ਹੇ ਯਹੋਵਾਹ, ਮੈਂ ਤੇਰੀ ਹੀ ਸ਼ਰਨ ਆਇਆ ਹਾਂ, ਮੈਨੂੰ ਕਦੇ ਲੱਜਿਆਵਾਨ ਨਾ ਹੋਣ ਦੇਹ!
2ਆਪਣੇ ਧਰਮ ਨਾਲ ਮੇਰਾ ਛੁਟਕਾਰਾ ਕਰ ਤੇ ਮੈਨੂੰ ਛੁਡਾ, ਮੇਰੀ ਵੱਲ ਕੰਨ ਧਰ ਤੇ ਮੈਨੂੰ ਬਚਾ!
3ਤੂੰ ਮੇਰੇ ਨਿਵਾਸ ਦੀ ਚਟਾਨ ਬਣ ਜਿੱਥੇ ਮੈਂ ਨਿੱਤ ਜਾਇਆ ਕਰਾਂ, ਤੈਂ ਮੇਰੇ ਬਚਾਓ ਦੀ ਆਗਿਆ ਕੀਤੀ ਹੈ, ਕਿਉਂ ਜੋ ਤੂੰ ਹੀ ਮੇਰੀ ਚਟਾਨ ਅਰ ਮੇਰਾ ਗੜ੍ਹ ਹੈਂ।
4ਹੇ ਮੇਰੇ ਪਰਮੇਸ਼ੁਰ, ਮੈਨੂੰ ਦੁਸ਼ਟ ਦੇ ਹੱਥੋਂ ਅਤੇ ਅਧਰਮੀ ਤੇ ਜ਼ਾਲਿਮ ਦੇ ਪੰਜਿਓਂ ਛੁਡਾ!
5ਹੇ ਪ੍ਰਭੁ ਯਹੋਵਾਹ, ਤੂੰ ਹੀ ਮੇਰੀ ਤਾਂਘ ਹੈਂ, ਅਤੇ ਮੇਰੀ ਜੁਆਨੀ ਤੋਂ ਮੇਰਾ ਭਰੋਸਾ ਹੈਂ।
6ਜਦੋਂ ਦਾ ਮੈਂ ਜੰਮਿਆ ਤਦੋਂ ਹੀ ਦਾ ਮੈਂ ਤੈਥੋਂ ਸਾਂਭਿਆ ਗਿਆ ਹਾਂ, ਮੇਰੀ ਮਾਤਾ ਦੀ ਕੁੱਖ ਤੋਂ ਤੈਂ ਹੀ ਮੈਨੂੰ ਕੱਢਿਆ, ਮੈਂ ਸਦਾ ਤੇਰੀ ਉਸਤਤ ਕਰਾਂਗਾ।
7ਮੈਂ ਬਹੁਤਿਆਂ ਦੇ ਲਈ ਇੱਕ ਅਚੰਭਾ ਜਿਹਾ ਬਣਿਆ, ਪਰ ਤੂੰ ਮੇਰੀ ਪੱਕੀ ਪਨਾਹ ਹੈਂ।
8ਮੇਰਾ ਮੂੰਹ ਤੇਰੀ ਉਸਤਤ ਅਤੇ ਤੇਰੇ ਮਾਣ ਨਾਲ ਸਾਰਾ ਦਿਨ ਭਰਿਆ ਰਹੇਗਾ।
9ਬੁਢੇਪੇ ਦੇ ਸਮੇਂ ਮੈਨੂੰ ਦੂਰ ਨਾ ਸੁੱਟ, ਜਾਂ ਮੇਰੇ ਬਲ ਘਟੇ ਤਾਂ ਮੈਨੂੰ ਨਾ ਤਿਆਗ!
10ਮੇਰੇ ਵੈਰੀ ਤਾਂ ਮੇਰੇ ਵਿਖੇ ਆਖਦੇ ਹਨ, ਅਤੇ ਮੇਰੀ ਜਾਨ ਦੇ ਲਾਗੂ ਆਪੋ ਵਿੱਚ ਮਤਾ ਮਤਾਉਂਦੇ ਹਨ।
11ਓਹ ਕਹਿੰਦੇ ਹਨ ਭਈ ਪਰਮੇਸ਼ੁਰ ਨੇ ਉਹ ਨੂੰ ਤਿਆਗ ਦਿੱਤਾ ਹੈ, ਉਹ ਦਾ ਪਿੱਛਾ ਕਰ ਕੇ ਉਹ ਨੂੰ ਫੜ ਲਵੋ, ਕਿਉਂ ਜੋ ਛੁਡਾਉਣ ਵਾਲਾ ਕੋਈ ਨਹੀਂ ਹੈ।
12ਹੇ ਪਰਮੇਸ਼ੁਰ, ਮੈਥੋਂ ਦੂਰ ਨਾ ਰਹੁ, ਹੇ ਮੇਰੇ ਪਰਮੇਸ਼ੁਰ, ਮੇਰੀ ਸਹਾਇਤਾ ਛੇਤੀ ਕਰ!
13ਜੋ ਮੇਰੀ ਜਾਨ ਦੇ ਵਿਰੋਧੀ ਹਨ ਓਹ ਲੱਜਿਆਵਾਨ ਅਤੇ ਬੱਸ ਹੋ ਜਾਣ, ਜੋ ਮੇਰਾ ਬੁਰਾ ਚਾਹੁੰਦੇ ਹਨ ਓਹ ਉਲਾਹਮੇ ਅਤੇ ਨਿਰਾਦਰੀ ਵਿੱਚ ਢੱਕੇ ਜਾਣ!
14ਪਰ ਮੈਂ ਨਿੱਤ ਆਸਰਾ ਰੱਖੀ ਜਾਵਾਂਗਾ, ਅਤੇ ਤੇਰੀ ਉਸਤਤ ਤੇ ਉਸਤਤ ਕਰਦਾ ਹੀ ਜਾਵਾਂਗਾ।
15ਮੇਰਾ ਮੂੰਹ ਸਾਰੇ ਦਿਨ ਤੇਰੇ ਧਰਮ ਅਰ ਤੇਰੀ ਮੁਕਤੀ ਦਾ ਵਰਣਨ ਕਰੇਗਾ, ਜਿਨ੍ਹਾਂ ਦਾ ਲੇਖਾ ਵੀ ਮੈਂ ਨਹੀਂ ਜਾਣ ਸੱਕਦਾ।
16ਮੈਂ ਪ੍ਰਭੁ ਯਹੋਵਾਹ ਦੇ ਬਲ ਵਿੱਚ ਜਾਵਾਂਗਾ, ਮੈਂ ਕੇਵਲ ਤੇਰੇ ਹੀ ਧਰਮ ਦਾ ਜ਼ਿਕਰ ਕਰਾਂਗਾ।
17ਹੇ ਪਰਮੇਸ਼ੁਰ, ਤੈਂ ਮੈਨੂੰ ਜੁਆਨੀ ਤੋਂ ਸਿਖਲਾਇਆ ਹੈ, ਅਤੇ ਹੁਣ ਤੀਕੁਰ ਮੈਂ ਤੇਰੇ ਅਨੋਖੇ ਕੰਮਾਂ ਨੂੰ ਦੱਸਦਾ ਰਿਹਾ।
18ਸੋ ਬੁਢੇਪੇ ਤੇ ਧੌਲਿਆਂ ਤੀਕ ਵੀ, ਹੇ ਪਰਮੇਸ਼ੁਰ, ਮੈਨੂੰ ਨਾ ਤਿਆਗ, ਜਦ ਤੀਕ ਮੈਂ ਆਉਣ ਵਾਲੀ ਪੀੜ੍ਹੀ ਨੂੰ ਤੇਰਾ ਬਲ, ਅਤੇ ਸਾਰੇ ਆਉਣ ਵਾਲਿਆਂ ਨੂੰ ਤੇਰੀ ਸਮਰੱਥਾ ਨਾ ਦੱਸਾਂ।
19ਨਾਲੇ ਤੇਰਾ ਧਰਮ, ਹੇ ਪਰਮੇਸ਼ੁਰ, ਅੱਤ ਉੱਚਾ ਹੈ, ਤੈਂ ਵੱਡੇ ਵੱਡੇ ਕੰਮ ਕੀਤੇ ਹਨ! ਹੇ ਪਰਮੇਸ਼ੁਰ, ਤੇਰੇ ਤੁੱਲ ਕੌਣ ਹੈ?
20ਤੂੰ ਜਿਸ ਨੇ ਮੈਨੂੰ ਬਹੁਤ ਤੇ ਬੁਰੀਆਂ ਬਿਪਤਾਂ ਵਿਖਾਈਆਂ ਹਨ, ਮੁੜ ਕੇ ਮੈਨੂੰ ਜਿਵਾਏਂਗਾ, ਅਤੇ ਧਰਤੀ ਦੀਆਂ ਡੁੰਘਿਆਈਆਂ ਵਿੱਚੋਂ ਫੇਰ ਮੈਨੂੰ ਉਠਾਵੇਂਗਾ,
21ਤੂੰ ਮੇਰੀ ਵਡਿਆਈ ਵਧਾ, ਅਤੇ ਮੁੜ ਕੇ ਮੈਨੂੰ ਦਿਲਾਸਾ ਦੇਹ।
22ਹੇ ਮੇਰੇ ਪਰਮੇਸ਼ੁਰ, ਮੈਂ ਵੀ ਤੇਰੀ ਸਚਿਆਈ ਦੇ ਕਾਰਨ, ਸਤਾਰ ਵਜਾ ਕੇ ਤੇਰਾ ਧੰਨਵਾਦ ਕਰਾਂਗਾ, ਇਸਰਾਏਲ ਦੇ ਪਵਿੱਤਰ ਪੁਰਖ, ਮੈਂ ਬਰਬਤ ਵਜਾ ਕੇ ਤੇਰਾ ਜਸ ਗਾਵਾਂਗਾ।
23ਮੇਰੇ ਬੁੱਲ੍ਹ ਜੈਕਾਰਾ ਗਜਾਉਣਗੇ ਜਦ ਮੈਂ ਤੇਰਾ ਜਸ ਗਾਵਾਂਗਾ, ਅਤੇ ਮੇਰੀ ਜਾਨ ਵੀ ਜਿਹ ਨੂੰ ਤੈਂ ਨਿਸਤਾਰਾ ਦਿੱਤਾ ਹੈ।
24ਮੇਰੀ ਜੀਭ ਵੀ ਸਾਰਾ ਦਿਨ ਤੇਰੇ ਧਰਮ ਦਾ ਚਰਚਾ ਕਰੇਗੀ, ਕਿਉਂਕਿ ਜਿਹੜੇ ਮੇਰਾ ਬੁਰਾ ਚਾਹੁੰਦੇ ਹਨ, ਓਹ ਲੱਜਿਆਵਾਨ ਅਤੇ ਸ਼ਰਮਿੰਦੇ ਹਨ।