Loading Bible Translation
First-time download in progress. This may take a few seconds…
Punjabi Bible Wordproject Bible
20 verses
1ਯਿਸੂ ਮਸੀਹ ਦਾ ਪਰਕਾਸ਼ ਜਿਹੜਾ ਪਰਮੇਸ਼ੁਰ ਨੇ ਆਪਣਿਆਂ ਦਾਸਾਂ ਨੂੰ ਵਿਖਾਉਣ ਲਈ ਉਹ ਨੂੰ ਦਿੱਤਾ, ਅਰਥਾਤ ਓਹ ਗੱਲਾਂ ਜਿਹੜੀਆਂ ਛੇਤੀ ਹੋਣ ਵਾਲੀਆਂ ਹਨ; ਅਤੇ ਉਸ ਨੇ ਆਪਣੇ ਦੂਤ ਦੇ ਹੱਥੀਂ ਭੇਜ ਕੇ ਆਪਣੇ ਦਾਸ ਯੂਹੰਨਾ ਨੂੰ ਉਹ ਦਾ ਪਤਾ ਦਿੱਤਾ।
2ਜਿਹ ਨੇ ਪਰਮੇਸ਼ੁਰ ਦੇ ਬਚਨ ਦੀ ਅਤੇ ਯਿਸੂ ਮਸੀਹ ਦੀ ਸਾਖੀ ਅਰਥਾਤ ਓਹਨਾਂ ਸਭਨਾਂ ਗੱਲਾਂ ਦੀ ਜੋ ਓਨ ਵੇਖੀਆਂ ਸਾਖੀ ਦਿੱਤੀ।
3ਧੰਨ ਉਹ ਜਿਹੜਾ ਇਸ ਅਗੰਮ ਵਾਕ ਦੀਆਂ ਬਾਣੀਆਂ ਨੂੰ ਪੜ੍ਹਦਾ ਹੈ, ਨਾਲੇ ਓਹ ਜਿਹੜੇ ਸੁਣਦੇ ਹਨ ਅਤੇ ਜੋ ਕੁਝ ਇਹ ਦੇ ਵਿੱਚ ਲਿਖਿਆ ਹੋਇਆ ਹੈ ਉਹ ਦੀ ਪਾਲਨਾ ਕਰਦੇ ਹਨ, ਕਿਉਂ ਜੋ ਸਮਾ ਨੇੜੇ ਹੈ।
4ਲਿਖਤੁਮ ਯੂਹੰਨਾ, ਅੱਗੇ ਜੋਗ ਉਨ੍ਹਾਂ ਸੱਤਾਂ ਕਲੀਸਿਯਾਂ ਨੂੰ ਜਿਹੜੀਆਂ ਅਸਿਯਾ ਵਿੱਚ ਹਨ ਉਹ ਦੀ ਵੱਲੋਂ ਜਿਹੜਾ ਹੈ ਅਤੇ ਜਿਹੜਾ ਹੈਸੀ ਅਤੇ ਜਿਹੜਾ ਆਉਣ ਵਾਲਾ ਹੈ ਕਿਰਪਾ ਅਤੇ ਸ਼ਾਂਤੀ ਤੁਹਾਨੂੰ ਹੋਵੇ। ਨਾਲੇ ਓਹਨਾਂ ਸੱਤਾਂ ਆਤਮਿਆਂ ਦੀ ਵੱਲੋਂ ਜਿਹੜੇ ਉਹ ਦੇ ਸਿੰਘਾਸਣ ਦੇ ਅੱਗੇ ਹਨ।
5ਨਾਲੇ ਯਿਸੂ ਮਸੀਹ ਦੀ ਵੱਲੋਂ ਜਿਹੜਾ ਸੱਚ ਗਵਾਹ ਅਤੇ ਮੁਰਦਿਆਂ ਵਿੱਚੋਂ ਜੇਠਾ ਅਤੇ ਧਰਤੀ ਦੇ ਰਾਜਿਆਂ ਦਾ ਹਾਕਮ ਹੈ। ਉਹ ਦੀ ਜਿਹੜਾ ਸਾਡੇ ਨਾਲ ਪ੍ਰੇਮ ਕਰਦਾ ਹੈ ਅਤੇ ਜਿਹ ਨੇ ਸਾਨੂੰ ਆਪਣੇ ਲਹੂ ਨਾਲ ਸਾਡੇ ਪਾਪਾਂ ਤੋਂ ਛੁਡਾ ਦਿੱਤਾ।
6ਅਤੇ ਉਸ ਨੇ ਸਾਨੂੰ ਇੱਕ ਪਾਤਸ਼ਾਹੀ ਬਣਾਇਆ ਭਈ ਅਸੀਂ ਉਹ ਦੇ ਪਰਮੇਸ਼ੁਰ ਅਤੇ ਪਿਤਾ ਲਈ ਜਾਜਕ ਬਣੀਏ, ਓਸੇ ਦੀ ਮਹਿਮਾ ਅਤੇ ਪ੍ਰਾਕਰਮ ਜੁੱਗੋ ਜੁੱਗ ਹੋਵੇ ! ਆਮੀਨ।
7ਵੇਖੋ, ਉਹ ਬੱਦਲਾਂ ਦੇ ਨਾਲ ਆਉਂਦਾ ਹੈ ਅਤੇ ਹਰੇਕ ਅੱਖ ਉਸ ਨੂੰ ਵੇਖੇਗੀ, ਨਾਲੇ ਜਿਨ੍ਹਾਂ ਉਸ ਨੂੰ ਵਿੰਨ੍ਹਿਆ ਸੀ ਓਹ ਵੀ ਵੇਖਣਗੇ, ਅਤੇ ਧਰਤੀ ਦੀਆਂ ਸਾਰੀਆਂ ਕੌਮਾਂ ਉਸ ਦੇ ਲਈ ਪਿੱਟਣਗੀਆਂ। ਹਾਂ ! ਆਮੀਨ।
8ਮੈਂ ਅਲਫਾ ਅਤੇ ਓਮੇਗਾ ਹਾਂ। ਇਹ ਆਖਣਾ ਪ੍ਰਭੁ ਪਰਮੇਸ਼ੁਰ ਦਾ ਹੈ ਅਰਥਾਤ ਉਹ ਜਿਹੜਾ ਹੈ ਅਤੇ ਜਿਹੜਾ ਹੈਸੀ ਅਤੇ ਜਿਹੜਾ ਆਉਣ ਵਾਲਾ ਹੈ ਜੋ ਸਰਬ ਸ਼ਕਤੀਮਾਨ ਹੈ।
9ਮੈਂ ਯੂਹੰਨਾ ਜੋ ਤੁਹਾਡਾ ਭਰਾ ਅਤੇ ਤੁਹਾਡੇ ਨਾਲ ਰਲ ਕੇ ਓਸ ਬਿਪਤਾ ਅਤੇ ਰਾਜ ਅਤੇ ਸਬਰ ਵਿੱਚ ਜੋ ਯਿਸੂ ਵਿੱਚ ਹੈ ਸਾਂਝੀ ਹਾਂ ਪਰਮੇਸ਼ੁਰ ਦੇ ਬਚਨ ਅਤੇ ਯਿਸੂ ਦੀ ਸਾਖੀ ਦੇ ਕਾਰਨ ਓਸ ਟਾਪੂ ਵਿੱਚ ਸਾਂ ਜਿਹੜਾ ਪਾਤਮੁਸ ਕਰਕੇ ਸਦਾਉਂਦਾ ਹੈ।
10ਮੈਂ ਪ੍ਰਭੁ ਦੇ ਦਿਨ ਆਤਮਾ ਵਿੱਚ ਆਇਆ ਅਤੇ ਮੈਂ ਆਪਣੇ ਪਿੱਛੇ ਤੁਰ੍ਹੀ ਜਿਹੀ ਦੀ ਇੱਕ ਵੱਡੀ ਅਵਾਜ਼ ਇਹ ਆਖਦੇ ਸੁਣੀ।
11ਭਈ ਜੋ ਕੁਝ ਤੂੰ ਵੇਖਦਾ ਹੈਂ ਸੋ ਇੱਕ ਪੋਥੀ ਵਿੱਚ ਲਿਖ ਲੈ। ਅਤੇ ਸੱਤਾਂ ਕਲੀਸਿਯਾਂ ਨੂੰ ਘੱਲ ਦਿਹ ਅਰਥਾਤ ਅਫ਼ਸੁਸ ਨੂੰ, ਸਮੁਰਨੇ ਨੂੰ, ਪਰਗਮੁਮ ਨੂੰ, ਥੂਆਤੀਰੇ ਨੂੰ, ਸਾਰਦੀਸ ਨੂੰ, ਫ਼ਿਲਦਲਫ਼ੀਏ ਨੂੰ ਅਤੇ ਲਾਉਦਿਕੀਏ ਨੂੰ।
12ਮੈਂ ਓਸ ਅਵਾਜ਼ ਨੂੰ ਜਿਹੜੀ ਮੇਰੇ ਨਾਲ ਗੱਲ ਕਰਦੀ ਸੀ ਵੇਖਣ ਲਈ ਭਵਿੰਆ ਅਤੇ ਜਾਂ ਭਵਿੰਆ ਤਾਂ ਸੋਨੇ ਦੇ ਸੱਤ ਸ਼ਮਾਦਾਨ ਵੇਖੇ।
13ਅਤੇ ਓਹਨਾਂ ਸ਼ਮਾਦਾਨਾਂ ਦੇ ਵਿਚਕਾਰ ਮਨੁੱਖ ਦੇ ਪੁੱਤ੍ਰ ਦੀ ਨਿਆਈਂ ਕੋਈ ਵੇਖਿਆ ਜਿਹੜਾ ਪੈਰਾਂ ਤੀਕ ਦਾ ਜਾਮਾ ਪਹਿਨੇ ਅਤੇ ਛਾਤੀ ਦੁਆਲੇ ਸੋਨੇ ਦੀ ਪੇਟੀ ਬੰਨ੍ਹੇ ਹੋਏ ਸੀ।
14ਉਹ ਦਾ ਸਿਰ ਅਤੇ ਵਾਲ ਚਿੱਟੀ ਉੱਨ ਦੀ ਨਿਆਈਂ ਸਗੋਂ ਬਰਫ ਦੇ ਸਮਾਨ ਸਨ ਅਤੇ ਉਹ ਦੀਆਂ ਅੱਖੀਆਂ ਅਗਨੀ ਦੀ ਲਾਟ ਵਰਗੀਆਂ ਸਨ।
15ਅਤੇ ਉਹ ਦੇ ਪੈਰ ਖਾਲਸ ਪਿੱਤਲ ਦੀ ਨਿਆਈਂ ਸਨ ਭਈ ਜਾਣੀਦਾ ਉਹ ਭੱਠੀ ਵਿੱਚ ਤਾਇਆ ਹੋਇਆ ਹੈ ਅਤੇ ਉਹ ਦੀ ਅਵਾਜ਼ ਬਾਹਲੇ ਪਾਣੀਆਂ ਦੀ ਘੂਕ ਵਰਗੀ ਸੀ।
16ਉਹ ਨੇ ਆਪਣੇ ਸੱਜੇ ਹੱਥ ਵਿੱਚ ਸੱਤ ਤਾਰੇ ਲਏ ਹੋਏ ਸਨ ਅਤੇ ਉਹ ਦੇ ਮੂੰਹ ਵਿੱਚੋਂ ਇੱਕ ਦੁਧਾਰੀ ਤਿੱਖੀ ਤਲਵਾਰ ਨਿੱਕਲਦੀ ਸੀ ਅਤੇ ਉਹ ਦਾ ਮੁਖ ਅਜਿਹਾ ਸੀ ਜਿਵੇਂ ਸੂਰਜ ਆਪਣੇ ਡਾਢੇ ਤੇਜ ਨਾਲ ਚਮਕਦਾ ਹੈ।
17ਜਾਂ ਮੈਂ ਉਹ ਨੂੰ ਡਿੱਠਾ ਤਾਂ ਉਹ ਦੀ ਪੈਰੀਂ ਮੁਰਦੇ ਵਾਂਙੁ ਡਿੱਗ ਪਿਆ ਤਾਂ ਉਹ ਨੇ ਆਪਣਾ ਸੱਜਾ ਹੱਥ ਮੇਰੇ ਉੱਤੇ ਰੱਖਿਆ ਅਤੇ ਕਿਹਾ, ਨਾ ਡਰ। ਮੈਂ ਪਹਿਲਾ ਅਤੇ ਪਿੱਛਲਾ ਹਾਂ।
18ਅਤੇ ਜੀਉਂਦਾ ਹਾਂ। ਮੈਂ ਮੁਰਦਾ ਸਾਂ ਅਰ ਵੇਖ, ਮੈਂ ਜੁੱਗੋ ਜੁੱਗ ਜੀਉਂਦਾ ਹਾਂ ਅਤੇ ਮੌਤ ਅਤੇ ਪਤਾਲ ਦੀਆਂ ਕੁੰਜੀਆਂ ਮੇਰੇ ਕੋਲ ਹਨ।
19ਇਸ ਲਈ ਜੋ ਕੁਝ ਤੈਂ ਵੇਖਿਆ,— ਜੋ ਕੁਝ ਹੈ ਅਤੇ ਜੋ ਕੁਝ ਇਹ ਦੇ ਮਗਰੋਂ ਹੋਣ ਵਾਲਾ ਹੈ ਸੋ ਤੂੰ ਲਿਖ ਛੱਡ।
20ਅਰਥਾਤ ਓਹਨਾਂ ਸੱਤਾਂ ਤਾਰਿਆਂ ਦਾ ਭੇਤ ਜਿਹੜੇ ਤੈਂ ਮੇਰੇ ਸੱਜੇ ਹੱਥ ਉੱਤੇ ਡਿੱਠੇ ਸਨ ਅਤੇ ਓਹਨਾਂ ਸੱਤਾਂ ਸੋਨੇ ਦੇ ਸ਼ਮਾਦਾਨਾਂ ਦਾ। ਓਹ ਸੱਤ ਤਾਰੇ ਸੱਤਾਂ ਕਲੀਸਿਯਾਂ ਦੇ ਦੂਤ ਹਨ ਅਤੇ ਓਹ ਸੱਤ ਸ਼ਮਾਦਾਨ ਸੱਤ ਕਲੀਸਿਯਾਂ ਹਨ।