Loading Bible Translation
First-time download in progress. This may take a few seconds…
Punjabi Bible Wordproject Bible
20 verses
1ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਭਈ ਲੇਲਾ ਸੀਯੋਨ ਦੇ ਪਹਾੜ ਉੱਤੇ ਖਲੋਤਾ ਹੈ ਅਤੇ ਉਹ ਦੇ ਨਾਲ ਇੱਕ ਲੱਖ ਚੁਤਾਲੀ ਹਜ਼ਾਰ ਹਨ ਜਿਨ੍ਹਾਂ ਦੇ ਮੱਥੇ ਉੱਤੇ ਉਹ ਦਾ ਨਾਮ ਅਤੇ ਉਹ ਦੇ ਪਿਤਾ ਦਾ ਨਾਮ ਲਿਖਿਆ ਹੋਇਆ ਹੈ।
2ਅਤੇ ਮੈਂ ਬਾਹਲੇ ਪਾਣੀਆਂ ਦੀ ਘੂਕ ਜਿਹੀ ਅਤੇ ਬੱਦਲ ਦੀ ਵੱਡੀ ਗਰਜ ਦੇ ਖੜਾਕ ਜਿਹੀ ਅਕਾਸ਼ੋਂ ਇੱਕ ਅਵਾਜ਼ ਸੁਣੀ ਅਤੇ ਜਿਹੜੀ ਅਵਾਜ਼ ਮੈਂ ਸੁਣੀ ਉਹ ਰਬਾਬ ਵਜਾਉਣ ਵਾਲਿਆਂ ਦੀ ਅਵਾਜ਼ ਜਿਹੀ ਸੀ ਜਿਹੜੇ ਆਪਣੇ ਰਬਾਬ ਵਜਾਉਂਦੇ ਹਨ।
3ਅਤੇ ਓਹ ਸਿੰਘਾਸਣ ਦੇ ਅੱਗੇ ਅਤੇ ਚੌਹਾਂ ਜੰਤੂਆਂ ਅਤੇ ਓਹਨਾਂ ਬਜ਼ੁਰਗਾਂ ਦੇ ਅੱਗੇ ਇੱਕ ਨਵਾਂ ਗੀਤ ਗਾਉਂਦੇ ਹਨ ਅਤੇ ਓਹਨਾਂ ਇੱਕ ਲੱਖ ਚੁਤਾਲੀਆਂ ਹਜ਼ਾਰਾਂ ਤੋਂ ਬਿਨਾ ਜਿਹੜੇ ਧਰਤੀਓਂ ਮੁੱਲ ਲਏ ਹੋਏ ਸਨ ਕੋਈ ਹੋਰ ਓਸ ਗੀਤ ਨੂੰ ਸਿੱਖ ਨਾ ਸੱਕਿਆ।
4ਏਹ ਓਹ ਹਨ ਜਿਹੜੇ ਤੀਵੀਆਂ ਦੇ ਨਾਲ ਭ੍ਰਿਸ਼ਟ ਨਹੀਂ ਹੋਏ ਕਿਉਂ ਜੋ ਏਹ ਕੁਆਰੇ ਹਨ। ਏਹ ਓਹ ਹਨ ਭਈ ਜਿੱਥੇ ਕਿਤੇ ਲੇਲਾ ਜਾਂਦਾ ਹੈ ਓਹ ਉਹ ਦੇ ਮਗਰ ਮਗਰ ਤੁਰਦੇ ਹਨ। ਏਹ ਪਰਮੇਸ਼ੁਰ ਅਤੇ ਲੇਲੇ ਦੇ ਲਈ ਪਹਿਲਾ ਫਲ ਹੋਣ ਨੂੰ ਮਨੁੱਖਾਂ ਵਿੱਚੋਂ ਮੁੱਲ ਲਏ ਗਏ ਸਨ।
5ਅਤੇ ਓਹਨਾਂ ਦੇ ਮੂੰਹੋਂ ਕੋਈ ਝੂਠ ਨਹੀਂ ਨਿੱਕਲਿਆ। ਓਹ ਨਿਰਦੋਸ਼ ਹਨ।
6ਮੈਂ ਇੱਕ ਹੋਰ ਦੂਤ ਨੂੰ ਸਦੀਪਕਾਲ ਦੀ ਇੰਜੀਲ ਨਾਲ ਅਕਾਸ਼ ਵਿੱਚ ਉੱਡਦਿਆਂ ਡਿੱਠਾ ਭਈ ਧਰਤੀ ਦੇ ਵਾਸੀਆਂ ਨੂੰ ਅਤੇ ਹਰੇਕ ਕੌਮ ਅਤੇ ਗੋਤ ਅਤੇ ਭਾਖਿਆ ਅਤੇ ਉੱਮਤ ਨੂੰ ਖੁਸ਼ ਖਬਰੀ ਸੁਣਾਵੇ।
7ਅਤੇ ਓਸ ਨੇ ਵੱਡੀ ਅਵਾਜ਼ ਨਾਲ ਆਖਿਆ ਭਈ ਪਰਮੇਸ਼ੁਰ ਤੋਂ ਡਰੋ ਅਤੇ ਉਹ ਦੀ ਵਡਿਆਈ ਕਰੋ ਇਸ ਲਈ ਜੋ ਉਹ ਦੇ ਨਿਆਉਂ ਦਾ ਸਮਾ ਆ ਪੁੱਜਾ ਹੈ ਅਤੇ ਜਿਹ ਨੇ ਅਕਾਸ਼ ਅਤੇ ਧਰਤੀ ਅਤੇ ਸਮੁੰਦਰ ਅਤੇ ਪਾਣੀਆਂ ਦੇ ਸੁੰਬਾਂ ਨੂੰ ਬਣਾਇਆ ਤੁਸੀਂ ਉਹ ਨੂੰ ਮੱਥਾ ਟੇਕੋ !
8ਉਹ ਦੇ ਪਿੱਛੋਂ ਦੂਜਾ ਇੱਕ ਹੋਰ ਦੂਤ ਇਹ ਕਹਿੰਦਾ ਆਇਆ ਭਈ ਢਹਿ ਪਈ ਬਾਬੁਲ ! ਉਹ ਵੱਡੀ ਨਗਰੀ ਢਹਿ ਪਈ ਜਿਹ ਨੇ ਆਪਣੀ ਹਰਾਮਕਾਰੀ ਦੇ ਕ੍ਰੋਧ ਦੀ ਮੈ ਸਭਨਾਂ ਕੌਮਾਂ ਨੂੰ ਪਿਆਈ ਹੈ !
9ਉਨ੍ਹਾਂ ਦੇ ਪਿੱਛੋਂ ਤੀਜਾ ਇੱਕ ਹੋਰ ਦੂਤ ਵੱਡੀ ਅਵਾਜ਼ ਨਾਲ ਇਹ ਕਹਿੰਦਾ ਆਇਆ ਭਈ ਜੋ ਕੋਈ ਓਸ ਦਰਿੰਦੇ ਅਤੇ ਉਹ ਦੀ ਮੂਰਤੀ ਦੀ ਪੂਜਾ ਕਰਦਾ ਅਤੇ ਆਪਣੇ ਮੱਥੇ ਯਾ ਆਪਣੇ ਹੱਥ ਉੱਤੇ ਦਾਗ ਲੁਆਉਂਦਾ ਹੈ।
10ਤਾਂ ਉਹ ਪਰਮੇਸ਼ੁਰ ਦੇ ਕ੍ਰੋਧ ਦੀ ਮੈ ਵੀ ਪੀਵੇਗਾ ਜੋ ਓਹ ਦੇ ਕ੍ਰੋਧ ਦੇ ਪਿਆਲੇ ਵਿੱਚ ਨਖਾਲਸ ਭਰੀ ਹੋਈ ਹੈ ਅਤੇ ਉਹ ਪਵਿੱਤਰ ਦੂਤਾਂ ਦੇ ਸਾਹਮਣੇ ਅਤੇ ਲੇਲੇ ਦੇ ਸਾਹਮਣੇ ਅੱਗ ਅਤੇ ਗੰਧਕ ਨਾਲ ਕਸ਼ਟ ਪਾਵੇਗਾ।
11ਅਤੇ ਓਹਨਾਂ ਦੇ ਕਸ਼ਟ ਦਾ ਧੂੰਆਂ ਜੁੱਗੋ ਜੁੱਗ ਉੱਠਦਾ ਰਹਿੰਦਾ ਹੈ ਸੋ ਓਹ ਜਿਹੜੇ ਦਰਿੰਦੇ ਦੀ ਅਤੇ ਉਹ ਦੀ ਮੂਰਤੀ ਦੀ ਪੂਜਾ ਕਰਦੇ ਹਨ ਅਤੇ ਓਹ ਜਿਹੜੇ ਉਹ ਦੇ ਨਾਉਂ ਦਾ ਦਾਗ ਲੁਆਉਂਦੇ ਹਨ ਰਾਤ ਦਿਨ ਕਦੇ ਚੈਨ ਨਹੀਂ ਪਾਉਂਦੇ।
12ਏਹ ਸੰਤਾਂ ਦੇ ਸਬਰ ਦਾ ਮੌਕਾ ਹੈ ਅਰਥਾਤ ਓਹਨਾਂ ਦਾ ਜਿਹੜੇ ਪਰਮੇਸ਼ੁਰ ਦੇ ਹੁਕਮਾਂ ਅਤੇ ਯਿਸੂ ਦੀ ਨਿਹਚਾ ਦੀ ਪਾਲਨਾ ਕਰਦੇ ਹਨ।
13ਫੇਰ ਮੈਂ ਇੱਕ ਅਵਾਜ਼ ਅਕਾਸ਼ੋਂ ਇਹ ਆਖਦੇ ਸੁਣੀ ਭਈ ਲਿਖ ਲੈ, ਧੰਨ ਓਹ ਮੁਰਦੇ ਜਿਹੜੇ ਏਦੋਂ ਅੱਗੇ ਪ੍ਰਭੁ ਵਿੱਚ ਹੋ ਕੇ ਮਰਨ। ਆਤਮਾ ਆਖਦਾ ਹੈ, ਹਾਂ, ਇਸ ਲਈ ਜੋ ਓਹਨਾਂ ਦੀਆਂ ਮਿਹਨਤਾਂ ਤੋਂ ਓਹਨਾਂ ਨੂੰ ਅਰਾਮ ਮਿਲੇਗਾ ਕਿਉਂ ਜੋ ਓਹਨਾਂ ਦੇ ਕੰਮ ਓਹਨਾਂ ਦੇ ਨਾਲ ਨਾਲ ਜਾਂਦੇ ਹਨ।
14ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਭਈ ਇੱਕ ਚਿੱਟਾ ਬੱਦਲ ਹੈ ਅਤੇ ਓਸ ਬਦਲ ਉੱਤੇ ਮਨੁੱਖ ਦੇ ਪੁੱਤ੍ਰ ਵਰਗਾ ਕੋਈ ਆਪਣੇ ਸਿਰ ਉੱਤੇ ਸੋਨੇ ਦਾ ਮੁਕਟ ਪਹਿਨੇ ਅਤੇ ਆਪਣੇ ਹੱਥ ਵਿੱਚ ਤਿੱਖੀ ਦਾਤੀ ਫੜੀ ਬੈਠਾ ਹੈ।
15ਅਤੇ ਇੱਕ ਹੋਰ ਦੂਤ ਹੈਕਲ ਵਿੱਚੋਂ ਨਿੱਕਲਿਆ ਅਤੇ ਜਿਹੜਾ ਬੱਦਲ ਉੱਤੇ ਬੈਠਾ ਸੀ ਉਹ ਨੂੰ ਵੱਡੀ ਅਵਾਜ਼ ਨਾਲ ਹਾਕ ਮਾਰ ਕੇ ਆਖਿਆ, ਆਪਣੀ ਦਾਤੀ ਫੇਰ ਕੇ ਵੱਢ ਸੁੱਟ ਕਿਉਂ ਜੋ ਵੱਢਣ ਦਾ ਸਮਾ ਆ ਗਿਆ ਇਸ ਲਈ ਜੋ ਧਰਤੀ ਦੀ ਫ਼ਸਲ ਬਹੁਤ ਪੱਕ ਚੁੱਕੀ ਹੈ !
16ਤਦ ਜਿਹੜਾ ਬੱਦਲ ਉੱਤੇ ਬੈਠਾ ਸੀ ਉਹ ਨੇ ਆਪਣੀ ਦਾਤੀ ਧਰਤੀ ਉੱਤੇ ਫੇਰੀ ਅਤੇ ਧਰਤੀ ਦੀ ਫ਼ਸਲ ਵੱਢੀ ਗਈ।
17ਤਾਂ ਇੱਕ ਹੋਰ ਦੂਤ ਓਸ ਹੈਕਲ ਵਿੱਚੋਂ ਨਿੱਕਲਿਆ ਜਿਹੜੀ ਸੁਰਗ ਵਿੱਚ ਹੈ ਅਤੇ ਉਹ ਦੇ ਕੋਲ ਭੀ ਇੱਕ ਤਿੱਖੀ ਦਾਤੀ ਸੀ।
18ਇੱਕ ਹੋਰ ਦੂਤ ਜਿਹ ਨੂੰ ਅੱਗ ਉੱਤੇ ਇਖ਼ਤਿਆਰ ਹੈ ਜਗਵੇਦੀ ਵਿੱਚੋਂ ਨਿੱਕਲਿਆ ਅਤੇ ਉਹ ਨੇ ਉੱਚੀ ਦੇ ਕੇ ਉਸ ਨੂੰ ਜਿਹ ਦੇ ਕੋਲ ਤਿੱਖੀ ਦਾਤੀ ਸੀ ਆਖਿਆ ਭਈ ਆਪਣੀ ਤਿੱਖੀ ਦਾਤੀ ਨੂੰ ਫੇਰ ਕੇ ਧਰਤੀ ਦੇ ਅੰਗੂਰੀ ਬੇਲ ਦਿਆਂ ਗੁੱਛਿਆਂ ਨੂੰ ਵੱਢ ਲੈ ਕਿਉਂ ਜੋ ਉਹ ਦੇ ਅੰਗੂਰ ਡਾਢੇ ਪੱਕ ਚੁੱਕੇ ਹਨ।
19ਤਾਂ ਓਸ ਦੂਤ ਨੇ ਆਪਣੀ ਦਾਤੀ ਧਰਤੀ ਉੱਤੇ ਫੇਰੀ ਅਤੇ ਧਰਤੀ ਦੀ ਅੰਗੂਰੀ ਬੇਲ ਵੱਢ ਲਈ ਅਤੇ ਚੁਬੱਚੇ ਵਿੱਚ ਅਰਥਾਤ ਪਰਮੇਸ਼ੁਰ ਦੇ ਕ੍ਰੋਧ ਦੇ ਵੱਡੇ ਚੁਬੱਚੇ ਵਿੱਚ ਸੁੱਟ ਦਿੱਤੀ।
20ਅਤੇ ਉਹ ਚੁਬੱਚਾ ਨਗਰੀ ਦੇ ਬਾਹਰ ਲਤਾੜਿਆ ਗਿਆ ਅਤੇ ਚੁਬੱਚੇ ਵਿੱਚੋਂ ਘੋੜਿਆਂ ਦੀਆਂ ਲਗਾਮਾਂ ਤੋੜੀ ਕੋਈ ਡੂਢਕੁ ਸੌ ਕੋਹਾਂ ਤੀਕ ਲਹੂ ਵਗਿਆ। 200 ਮੀਲ ਤੱਕ ਘੋੜਿਆਂ ਦੇ ਸਿਰਾਂ ਜਿੰਨਾ ਉੱਚਾ ਉਠ ਗਿਆ।