Loading Bible Translation
First-time download in progress. This may take a few seconds…
Punjabi Bible Wordproject Bible
13 verses
1ਹੇ ਪਤਵੰਤ ਦੀ ਪੁੱਤ੍ਰੀ, ਤੇਰੇ ਪੈਰ ਜੁੱਤੀਆਂ ਵਿੱਚ ਕਿਆ ਹੀ ਰੂਪਵੰਤ ਹਨ! ਤੇਰੇ ਪੱਟਾਂ ਦੀ ਗੁਲਿਆਈ ਗਹਿਣਿਆਂ ਵਾਂਙੁ ਕਾਰੀਗਰ ਦੇ ਹੱਥਾਂ ਦਾ ਕੰਮ ਹੈ।
2ਤੇਰੀ ਧੁੰਨੀ ਗੋਲ ਕੌਲ ਹੈ, ਜਿਹ ਦੇ ਵਿੱਚ ਮਿਲੀ ਹੋਈ ਮੈ ਦੀ ਕਮੀ ਨਹੀਂ, ਤੇਰਾ ਪੇਟ ਕਣਕ ਦਾ ਢੇਰ ਹੈ, ਜਿਹੜਾ ਸੋਸਨਾਂ ਵਿੱਚ ਵਲਿਆ ਹੋਇਆ ਹੈ।
3ਤੇਰੀਆਂ ਦੋਨੋਂ ਛਾਤੀਆਂ ਦੋ ਹਰਨੋਟਿਆਂ ਵਾਂਙੁ ਹਰਨੀ ਦੇ ਜੌੜੇ ਹਨ।
4ਤੇਰੀ ਗਰਦਨ ਹਾਥੀ ਦੰਦ ਦੇ ਬੁਰਜ ਵਾਂਙੁ ਹੈ, ਤੇਰੀਆਂ ਅੱਖਾਂ ਹਸ਼ਬੋਨ ਵਿੱਚ ਸਰੋਵਰ ਹਨ, ਬਥ-ਰੱਬੀਮ ਦੇ ਫਾਟਕ ਉੱਤੇ। ਤੇਰਾ ਨੱਕ ਲਬਾਨੋਨ ਦੇ ਬੁਰਜ ਵਰਗਾ ਹੈ ਜਿਹ ਦਾ ਰੁਕ ਦੰਮਿਸਕ ਵੱਲ ਹੈ।
5ਤੇਰਾ ਸਿਰ ਤੇਰੇ ਉੱਤੇ ਕਰਮਲ ਵਰਗਾ ਹੈ, ਅਤੇ ਤੇਰੇ ਸਿਰ ਦੇ ਵਾਲ ਅਰਗਵਾਨੀ ਜਿਹੇ ਹਨ, ਪਾਤਸ਼ਾਹ ਤੇਰੀਆਂ ਜੁਲਫ਼ਾਂ ਵਿੱਚ ਬੰਧੂਆ ਹੈ।
6ਹੇ ਪ੍ਰਿਯਾ, ਤੂੰ ਕਿੰਨੀ ਰੂਪਵੰਤ, ਅਤੇ ਰੰਗ ਰੰਗੇਲੀਆਂ ਵਿੱਚ ਕਿੰਨੀ ਮਨ ਮੋਹਣੀ ਹੈਂ!
7ਤੇਰਾ ਏਹ ਕੱਦ ਖਜੂਰ ਵਰਗਾ ਹੈ, ਤੇਰੀਆਂ ਛਾਤੀਆਂ ਉਹ ਦੇ ਗੁੱਛਿਆਂ ਵਾਂਙੁ ਹਨ।
8ਮੈਂ ਆਖਿਆ ਸੀ ਕਿ ਮੈਂ ਖਜੂਰ ਉੱਤੇ ਚੜ੍ਹਾਂਗਾ, ਮੈਂ ਟਹਿਣੀਆਂ ਨੂੰ ਫੜਾਂਗਾ, ਤੇਰੀਆਂ ਛਾਤੀਆਂ ਅੰਗੂਰ ਦੇ ਗੁੱਛਿਆਂ ਵਾਂਙੁ ਹੋਣ, ਤੇਰੇ ਸਾਹ ਦੀ ਸੁਗੰਧ ਸੇਵਾਂ ਵਰਗੀ,
9ਤੇਰਾ ਮੂੰਹ ਚੰਗੀ ਮੈ ਵਰਗਾ ਜਿਹੜੀ ਮੇਰੇ ਬਾਲਮ ਲਈ ਸਿੱਧੀ ਚੱਲੀ ਜਾਂਦੀ ਹੈ, ਅਤੇ ਸੌਣ ਵਾਲਿਆਂ ਦੇ ਬੁੱਲ੍ਹਾਂ ਤੋਂ ਸਰਕ ਜਾਂਦੀ ਹੈ।
10ਮੈਂ ਆਪਣੇ ਬਾਲਮ ਦੀ ਹਾਂ, ਅਤੇ ਉਹ ਦੀ ਚਾਹ ਮੇਰੇ ਉੱਤੇ ਹੈ।
11ਮੇਰੇ ਬਾਲਮ, ਆ, ਅਸੀਂ ਖੇਤ ਵਿੱਚ ਚੱਲੀਏ, ਅਤੇ ਪਿੰਡਾਂ ਵਿੱਚ ਰਾਤ ਕਟੀਏ।
12ਅਸੀਂ ਸਵੇਰੇ ਹੀ ਅੰਗੂਰੀ ਬਾਗ਼ਾਂ ਲਈ ਉੱਠੀਏ, ਅਸੀਂ ਵੇਖੀਏ ਭਈ ਵੇਲ ਖਿੜੀ ਹੈ, ਅਤੇ ਉਸ ਦੇ ਫੁੱਲ ਖੁਲ੍ਹੇ ਹਨ, ਅਤੇ ਅਨਾਰ ਫੁੱਲੇ ਹਨ ਕਿ ਨਹੀਂ, ਉੱਥੇ ਮੈਂ ਤੈਨੂੰ ਆਪਣਾ ਪ੍ਰੇਮ ਦਿਆਂਗੀ।
13ਦੋਦੀਆਂ ਸੁਗੰਧ ਦਿੰਦੀਆਂ ਹਨ, ਅਤੇ ਸਾਡੇ ਦਰਵੱਜਿਆਂ ਉੱਤੇ ਸਾਰੇ ਮਿੱਠੇ ਫਲ ਨਵੇਂ ਤੇ ਪੁਰਾਣੇ ਹਨ। ਹੇ ਮੇਰੇ ਬਾਲਮ, ਮੈਂ ਉਨ੍ਹਾਂ ਨੂੰ ਤੇਰੇ ਲਈ ਇਕੱਠਾ ਕੀਤਾ ਹੈ।