Loading Bible Translation
First-time download in progress. This may take a few seconds…
Punjabi Bible Wordproject Bible
33 verses
1ਹੇ ਭਰਾਵੋ, ਮੈਂ ਨਹੀਂ ਚਾਹੁੰਦਾ ਜੋ ਤੁਸੀਂ ਇਸ ਤੋਂ ਅਣਜਾਣ ਰਹੋ ਭਈ ਸਾਡੇ ਪਿਉ ਦਾਦੇ ਬੱਦਲ ਦੇ ਹੇਠ ਸਨ ਅਤੇ ਓਹ ਸੱਭੇ ਸਮੁੰਦਰ ਦੇ ਵਿੱਚੋਂ ਦੀ ਲੰਘ ਗਏ।
2ਅਤੇ ਸਭਨਾਂ ਨੂੰ ਉਸ ਬੱਦਲ ਅਤੇ ਉਸ ਸਮੁੰਦਰ ਵਿੱਚ ਮੂਸਾ ਦਾ ਬਪਤਿਸਮਾ ਮਿਲਿਆ।
3ਸਭਨਾਂ ਨੇ ਇੱਕੋ ਆਤਮਕ ਭੋਜਨ ਖਾਧਾ।
4ਅਤੇ ਸਭਨਾਂ ਨੇ ਇੱਕੋ ਆਤਮਕ ਜਲ ਪੀਤਾ ਕਿਉਂ ਜੋ ਓਹਨਾਂ ਨੇ ਉਸ ਆਤਮਕ ਪੱਥਰ ਤੋਂ ਜਲ ਪੀਤਾ ਜਿਹੜਾ ਓਹਨਾਂ ਦੇ ਮਗਰ ਮਗਰ ਚੱਲਦਾ ਸੀ ਅਤੇ ਉਹ ਪੱਥਰ ਮਸੀਹ ਹੈਸੀ।
5ਪਰੰਤੂ ਪਰਮੇਸ਼ੁਰ ਓਹਨਾਂ ਵਿੱਚੋਂ ਬਾਹਲਿਆਂ ਨਾਲ ਪਰਸੰਨ ਨਹੀਂ ਸੀ ਸੋ ਓਹ ਉਜਾੜ ਵਿੱਚ ਢਹਿ ਪਏ।
6ਅਤੇ ਏਹ ਗੱਲਾਂ ਸਾਡੇ ਲਈ ਨਸੀਹਤ ਬਣੀਆਂ ਭਈ ਅਸੀਂ ਮਾੜੀਆਂ ਗੱਲਾਂ ਦੀਆਂ ਕਾਮਨਾਂ ਨਾ ਕਰੀਏ ਜਿਵੇਂ ਓਹਨਾਂ ਨੇ ਕਾਮਨਾਂ ਕੀਤੀਆਂ ਸਨ।
7ਅਤੇ ਨਾ ਤੁਸੀਂ ਮੂਰਤੀ ਪੂਜਕ ਹੋਵੋ ਜਿਵੇਂ ਓਹਨਾਂ ਵਿੱਚੋਂ ਕਈਕੁ ਹੋਏ ਸਨ। ਜਿਸ ਪਰਕਾਰ ਲਿਖਿਆ ਹੋਇਆ ਹੈ ਜੋ ਓਹ ਲੋਕ ਖਾਣ ਪੀਣ ਬੈਠੇ ਅਤੇ ਹੱਸਣ ਖੇਡਣ ਨੂੰ ਉੱਠੇ।
8ਅਤੇ ਨਾ ਅਸੀਂ ਹਰਾਮਕਾਰੀ ਕਰੀਏ ਜਿਵੇਂ ਓਹਨਾਂ ਵਿੱਚੋਂ ਕਈਆਂ ਨੇ ਕੀਤੀ ਅਤੇ ਇੱਕੋ ਦਿਨ ਵਿੱਚ ਤੇਈ ਹਜ਼ਾਰ ਜਣਿਆਂ ਦੇ ਸੱਥਰ ਲੱਥੇ।
9ਅਤੇ ਨਾ ਅਸੀਂ ਪ੍ਰਭੁ ਨੂੰ ਪਰਤਾਈਏ ਜਿਵੇਂ ਓਹਨਾਂ ਵਿੱਚੋਂ ਕਈਆਂ ਨੇ ਪਰਤਾਇਆ ਸੀ ਅਤੇ ਸੱਪਾਂ ਤੋਂ ਨਾਸ ਹੋਏ।
10ਅਤੇ ਨਾ ਤੁਸੀਂ ਬੁੜ ਬੁੜ ਕਰੋ ਜਿਵੇਂ ਓਹਨਾਂ ਵਿੱਚੋਂ ਕਈਆਂ ਨੇ ਬੁੜ ਬੁੜ ਕੀਤੀ ਅਤੇ ਨਾਸ ਕਰਨ ਵਾਲੇ ਤੋਂ ਨਾਸ ਹੋਏ।
11ਸੋ ਏਹ ਗੱਲਾਂ ਓਹਨਾਂ ਉੱਤੇ ਨਸੀਹਤ ਦੇ ਲਈ ਹੋਈਆਂ ਅਤੇ ਸਾਨੂੰ ਮੱਤ ਦੇਣ ਲਈ ਲਿਖੀਆਂ ਹੋਈਆਂ ਹਨ ਜਿਨ੍ਹਾਂ ਉੱਤੇ ਜੁੱਗਾਂ ਦੇ ਅੰਤ ਆਣ ਪਹੁੰਚੇ ਹਨ।
12ਗੱਲ ਕਾਹਦੀ ਜੋ ਕੋਈ ਆਪਣੇ ਆਪ ਨੂੰ ਖਲੋਤਾ ਹੋਇਆ ਸਮਝਦਾ ਹੈ ਸੋ ਸੁਚੇਤ ਰਹੇ ਭਈ ਕਿਤੇ ਡਿੱਗ ਨਾ ਪਵੇ।
13ਤੁਹਾਡੇ ਉੱਤੇ ਇਹੋ ਜਿਹਾ ਕੋਈ ਪਰਤਾਵਾ ਨਹੀਂ ਪਿਆ ਜੋ ਮਨੁੱਖ ਤੋਂ ਨਹੀਂ ਝੱਲਿਆ ਜਾਂਦਾ ਪਰੰਤੂ ਪਰਮੇਸ਼ੁਰ ਵਫ਼ਾਦਾਰ ਹੈ ਜੋ ਤੁਹਾਡੀ ਸ਼ਕਤੀਓਂ ਬਾਹਰ ਤੁਹਾਨੂੰ ਪਰਤਾਵੇ ਵਿੱਚ ਨਹੀਂ ਪੈਣ ਦੇਵੇਗਾ ਸਗੋਂ ਪਰਤਾਵੇ ਦੇ ਨਾਲ ਹੀ ਬਚ ਜਾਣ ਦਾ ਉਪਾਓ ਵੀ ਕੱਢ ਦੇਵੇਗਾ ਭਈ ਤੁਸੀਂ ਝੱਲ ਸੱਕੋ।
14ਇਸ ਕਰਕੇ ਮੇਰੇ ਪਿਆਰਿਓ, ਤੁਸੀਂ ਮੂਰਤੀ ਪੂਜਾ ਤੋਂ ਭੱਜੋ।
15ਮੈਂ ਤੁਹਾਨੂੰ ਬੁੱਧਵਾਨ ਸਮਝ ਕੇ ਤੁਹਾਡੇ ਨਾਲ ਬੋਲਦਾ ਹਾਂ। ਜੋ ਮੈਂ ਆਖਦਾ ਹਾਂ ਸੋ ਤੁਸੀਂ ਉਹ ਦੀ ਜਾਚ ਕਰੋ।
16ਉਹ ਬਰਕਤ ਦਾ ਪਿਆਲਾ ਜਿਹ ਦੇ ਉੱਤੇ ਅਸੀਂ ਬਰਕਤ ਮੰਗਦੇ ਹਾਂ ਕੀ ਉਹ ਮਸੀਹ ਦੇ ਲਹੂ ਦੀ ਸਾਂਝ ਨਹੀਂ ? ਉਹ ਰੋਟੀ ਜਿਹ ਨੂੰ ਅਸੀਂ ਤੋੜਦੇ ਹਾਂ ਕੀ ਉਹ ਮਸੀਹ ਦੇ ਸਰੀਰ ਦੀ ਸਾਂਝ ਨਹੀਂ ?
17ਰੋਟੀ ਇੱਕੋ ਹੈ ਇਸ ਲਈ ਅਸੀਂ ਜੋ ਬਾਹਲੇ ਹਾਂ ਸੋ ਰਲ ਕੇ ਇੱਕ ਸਰੀਰ ਹਾਂ ਕਿਉਂ ਜੋ ਅਸੀਂ ਸੱਭੇ ਇੱਕ ਰੋਟੀ ਵਿੱਚ ਸਾਂਝੀ ਹਾਂ।
18ਤੁਸੀਂ ਓਹਨਾਂ ਵੱਲ ਧਿਆਨ ਕਰੋ ਜਿਹੜੇ ਸਰੀਰ ਦੇ ਸਰਬੰਧ ਕਰਕੇ ਇਸਰਾਏਲੀ ਹਨ। ਜੋ ਬਲੀਦਾਨਾਂ ਦੇ ਖਾਣ ਵਾਲੇ ਹਨ ਕੀ ਓਹ ਜਗਵੇਦੀ ਦੇ ਸਾਂਝੀ ਨਹੀਂ ?
19ਸੋ ਮੈਂ ਕੀ ਆਖਦਾ ਹਾਂ ? ਭਈ ਮੂਰਤੀ ਦੀ ਭੇਟ ਕੁਝ ਹੈ ? ਅਥਵਾ ਮੂਰਤੀ ਕੁਝ ਹੈ ?
20ਮੈਂ ਸਗੋਂ ਇਹ ਆਖਦਾ ਹਾਂ ਭਈ ਜਿਹੜੀਆਂ ਵਸਤਾਂ ਪਰਾਈਆਂ ਕੌਮਾਂ ਚੜ੍ਹਾਉਂਦੀਆਂ ਹਨ ਸੋ ਭੂਤਾਂ ਲਈ ਚੜ੍ਹਾਉਂਦੀਆਂ ਹਨ, ਪਰਮੇਸ਼ੁਰ ਦੇ ਲਈ ਨਹੀਂ, ਅਤੇ ਮੈਂ ਨਹੀਂ ਚਾਹੁੰਦਾ ਜੋ ਤੁ��ੀਂ ਭੂਤਾਂ ਦੇ ਸਾਂਝੀ ਬਣੋ !
21ਤੁਸੀਂ ਪ੍ਰਭੁ ਦਾ ਪਿਆਲਾ, ਨਾਲੇ ਭੂਤਾਂ ਦਾ ਪਿਆਲਾ ਦੋਵੇਂ ਨਹੀਂ ਪੀ ਸੱਕਦੇ। ਤੁਸੀਂ ਪ੍ਰਭੁ ਦੀ ਮੇਜ਼, ਨਾਲੇ ਭੂਤਾਂ ਦੀ ਮੇਜ਼ ਦੋਹਾਂ ਦੇ ਸਾਂਝੀ ਨਹੀਂ ਹੋ ਸੱਕਦੇ।
22ਅਥਵਾ ਕੀ ਅਸੀਂ ਪ੍ਰਭੁ ਨੂੰ ਅਣਖ ਦੁਆਉਂਦੇ ਹਾਂ ? ਕੀ ਅਸੀਂ ਓਸ ਨਾਲੋਂ ਬਲੀ ਹਾਂ ?
23ਸਾਰੀਆਂ ਵਸਤਾਂ ਉਚਿਤ ਹਨ ਪਰ ਸੱਭੇ ਲਾਭਦਾਇਕ ਨਹੀਂ। ਸਾਰੀਆਂ ਵਸਤਾਂ ਉਚਿਤ ਹਨ ਪਰ ਸੱਭੇ ਗੁਣਕਾਰ ਨਹੀਂ।
24ਕੋਈ ਆਪਣੇ ਹੀ ਨਹੀਂ ਸਗੋਂ ਦੂਏ ਦੇ ਭਲੇ ਲਈ ਜਤਨ ਕਰੇ।
25ਜੋ ਕੁਝ ਕਸਾਈਆਂ ਦੀ ਹੱਟੀ ਵਿੱਚ ਵਿਕਦਾ ਹੈ ਸੋ ਖਾਓ ਅਤੇ ਅੰਤਹਕਰਨ ਦੇ ਕਾਰਨ ਕੋਈ ਗੱਲ ਨਾ ਪੁੱਛੋ।
26ਕਿਉਂ ਜੋ ਪ੍ਰਿਥਵੀ ਅਤੇ ਜੋ ਕੁਝ ਉਸ ਵਿੱਚ ਭਰਿਆ ਹੋਇਆ ਹੈ ਸੋ ਪ੍ਰਭੁ ਦਾ ਹੈ।
27ਜੇ ਬੇਪਰਤੀਤਿਆਂ ਵਿੱਚੋਂ ਕੋਈ ਤੁਹਾਨੂੰ ਨਿਉਂਦਾ ਦੇਵੇ ਅਤੇ ਤੁਹਾਡਾ ਮਨ ਜਾਣ ਨੂੰ ਕਰੇ ਤਾਂ ਜੋ ਕੁਝ ਤੁਹਾਡੇ ਅੱਗੇ ਪਰੋਸਿਆ ਜਾਵੇ ਖਾ ਲਵੋ ਅਤੇ ਅੰਤਹਕਰਨ ਦੇ ਕਾਰਨ ਕੋਈ ਗੱਲ ਨਾ ਪੁੱਛੋ।
28ਪਰ ਜੇ ਕੋਈ ਤੁਹਾਨੂੰ ਆਖੇ ਭਈ ਇਹ ਭੇਟ ਕਰਕੇ ਚੜ੍ਹਾਈ ਗਈ ਸੀ ਤਾਂ ਉਸ ਦੱਸਣ ਵਾਲੇ ਦੇ ਕਾਰਨ ਅਤੇ ਅੰਤਹਕਰਨ ਦੇ ਕਾਰਨ ਨਾ ਖਾਓ।
29ਅੰਤਹਕਰਨ ਜੋ ਮੈਂ ਕਹਿੰਦਾ ਹਾਂ ਸੋ ਤੇਰਾ ਨਹੀਂ ਸਗੋਂ ਦੂਜੇ ਦਾ ਇਸ ਲਈ ਜੋ ਮੇਰੀ ਅਜ਼ਾਦੀ ਦੂਜੇ ਦੇ ਅੰਤਹਕਰਨ ਤੋਂ ਕਿਉਂ ਜਾਚੀ ਜਾਂਦੀ ਹੈ ?
30ਜੇ ਮੈਂ ਧੰਨਵਾਦ ਕਰ ਕੇ ਭੋਜਨ ਪਾਉਂਦਾ ਹਾਂ ਤਾਂ ਜਿਹ ਦੇ ਲਈ ਮੈਂ ਧੰਨਵਾਦ ਕਰਦਾ ਹਾਂ ਉਹ ਦੇ ਕਾਰਨ ਮੇਰੀ ਨਿੰਦਿਆ ਕਿਉਂ ਹੁੰਦੀ ਹੈ ?
31ਸੋ ਭਾਵੇਂ ਤੁਸੀਂ ਖਾਂਦੇ ਭਾਵੇਂ ਪੀਂਦੇ ਭਾਵੇਂ ਕੁਝ ਹੀ ਕਰਦੇ ਹੋ ਸੱਭੋ ਕੁਝ ਪਰਮੇਸ਼ੁਰ ਦੀ ਵਡਿਆਈ ਲਈ ਕਰੋ।
32ਤੁਸੀਂ ਨਾ ਯਹੂਦੀਆਂ, ਨਾ ਯੂਨਾਨੀਆਂ, ਨਾ ਪਰਮੇਸ਼ੁਰ ਦੀ ਕਲੀਸਿਯਾ ਦੇ ਲਈ ਠੋਕਰ ਦੇ ਕਾਰਨ ਬਣੋ।
33ਜਿਵੇਂ ਮੈਂ ਸਭਨਾਂ ਗੱਲਾਂ ਵਿੱਚ ਸਭਨਾਂ ਨੂੰ ਪਰਸੰਨ ਰੱਖਦਾ ਹਾਂ ਅਤੇ ਆਪਣੇ ਹੀ ਨਹੀਂ ਸਗੋਂ ਬਾਹਰਲਿਆਂ ਦੇ ਭਲੇ ਲਈ ਜਤਨ ਕਰਦਾ ਹਾਂ ਜੋ ਓਹ ਬਚਾਏ ਜਾਣ ਤੁਸੀਂ ਮੇਰੀ ਰੀਸ ਕਰੋ ਜਿਵੇਂ ਮੈਂ ਵੀ ਮਸੀਹ ਦੀ ਰੀਸ ਕਰਦਾ ਹਾਂ।