Loading Bible Translation
First-time download in progress. This may take a few seconds…
Punjabi Bible Wordproject Bible
27 verses
1ਕੀ ਮੈ ਅਜ਼ਾਦ ਨਹੀਂ ? ਕੀ ਮੈਂ ਰਸੂਲ ਨਹੀ ? ਕੀ ਮੈਂ ਯਿਸੂ ਸਾਡੇ ਪ੍ਰਭੁ ਨੂੰ ਨਹੀਂ ਵੇਖਿਆ ? ਕੀ ਤੁਸੀਂ ਪ੍ਰਭੁ ਵਿੱਚ ਮੇਰਾ ਕੰਮ ਨਹੀਂ ਹੋ ?
2ਭਾਵੇਂ ਮੈਂ ਹੋਰਨਾਂ ਲਈ ਰਸੂਲ ਨਹੀਂ ਪਰ ਤੁਹਾਡੇ ਲਈ ਤਾਂ ਹਾਂ ਕਿਉਂ ਜੋ ਪ੍ਰਭੁ ਵਿੱਚ ਤੁਸੀਂ ਮੇਰੇ ਰਸੂਲਪੁਣੇ ਦੀ ਮੋਹਰ ਹੋ।
3ਉਨ੍ਹਾਂ ਨੂੰ ਜਿਹੜੇ ਮੇਰੀ ਜਾਚ ਕਰਦੇ ਹਨ ਇਹੋ ਮੇਰਾ ਉੱਤਰ ਹੈ।
4ਭਲਾ, ਸਾਨੂੰ ਖਾਣ ਪੀਣ ਦਾ ਹੱਕ ਨਹੀਂ ?
5ਭਲਾ, ਸਾਨੂੰ ਵੀ ਹੱਕ ਨਹੀਂ ਜੋ ਕਿਸੇ ਗੁਰ ਭੈਣ ਨੂੰ ਆਪਣੀ ਵਿਆਹਤਾ ਕਰਕੇ ਨਾਲ ਲਈ ਫਿਰੀਏ ਜਿਵੇਂ ਹੋਰ ਰਸੂਲ ਅਤੇ ਪ੍ਰਭੁ ਦੇ ਭਰਾ ਅਤੇ ਕੇਫ਼ਾਸ ਕਰਦੇ ਹਨ ?
6ਅਥਵਾ ਕੀ ਨਿਰੇ ਮੈਨੂੰ ਅਤੇ ਬਰਨਬਾਸ ਨੂੰ ਹੀ ਹੱਕ ਨਹੀਂ ਭਈ ਮਿਹਨਤ ਕਰਨੀ ਛੱਡ ਦੇਈਏ ?
7ਆਪਣੇ ਪੱਲਿਓਂ ਖਾ ਕੇ ਕੌਣ ਕਦੇ ਫੌਜ ਦੀ ਨੌਕਰੀ ਕਰਦਾ ਹੈ ? ਕੌਣ ਅੰਗੂਰੀ ਬਾਗ ਲਾ ਕੇ ਉਹ ਦਾ ਫਲ ਨਹੀਂ ਖਾਂਦਾ ਅਥਵਾ ਕੌਣ ਇੱਜੜ ਦੀ ਪਾਲਨਾ ਕਰ ਕੇ ਇੱਜੜ ਦਾ ਕੁਝ ਦੁੱਧ ਨਹੀਂ ਪੀਂਦਾ ?
8ਕੀ ਮੈਂ ਲੋਕਾਂ ਵਾਂਙੁ ਏਹ ਗੱਲਾਂ ਆਖਦਾ ਹਾਂ ਅਥਵਾ ਕੀ ਸ਼ਰਾ ਵੀ ਇਹੋ ਨਹੀਂ ਕਹਿੰਦੀ ?
9ਕਿਉਂ ਜੋ ਮੂਸਾ ਦੀ ਸ਼ਰਾ ਵਿੱਚ ਇਹ ਲਿਖਿਆ ਹੋਇਆ ਹੈ ਭਈ ਤੂੰ ਗਾਹ ਦੇ ਬਲਦ ਦੇ ਮੂੰਹ ਛਿੱਕੁਲੀ ਨਾ ਚਾੜ੍ਹ। ਕੀ ਪਰਮੇਸ਼ੁਰ ਬਲਦਾਂ ਦੀ ਚਿੰਤਾ ਕਰਦਾ ਹੈ ?
10ਅਥਵਾ ਉਹ ਨਿਰਾ ਪੁਰਾ ਸਾਡੇ ਲਈ ਇਹ ਆਖਦਾ ਹੈ ? ਨਿਸੰਗ ਸਾਡੇ ਲਈ ਇਹ ਲਿਖਿਆ ਗਿਆ ਸੀ ਕਿਉਂਕਿ ਚਾਹੀਦਾ ਹੈ ਕਿ ਜਿਹੜਾ ਵਾਹੀ ਕਰਦਾ ਹੈ ਉਹ ਆਸਾ ਨਾਲ ਵਾਹੀ ਕਰੇ ਅਤੇ ਜਿਹੜਾ ਗਾਹੁੰਦਾ ਹੈ ਉਹ ਹਿੱਸਾ ਲੈਣ ਦੀ ਆਸ ਨਾਲ ਗਾਹੇ।
11ਜੇ ਅਸਾਂ ਤੁਹਾਡੇ ਲਈ ਆਤਮਕ ਪਦਾਰਥ ਬੀਜੇ ਤਾਂ ਕੀ ਇਹ ਕੋਈ ਵੱਡੀ ਗੱਲ ਹੈ ਜੋ ਅਸੀਂ ਤੁਹਾਡੇ ਸਰੀਰਕ ਪਦਾਰਥ ਵੱਢੀਏ ?
12ਜੇ ਹੋਰਨਾਂ ਲੋਕਾਂ ਨੂੰ ਤੁਹਾਡੇ ਉੱਤੇ ਇਹ ਹੱਕ ਹੈ ਤਾਂ ਕੀ ਸਾਨੂੰ ਇਸ ਤੋਂ ਵਧਕੇ ਨਹੀਂ ? ਪਰ ਅਸਾਂ ਆਪਣੇ ਇਸ ਹੱਕ ਨੂੰ ਚਲਾਇਆ ਨਹੀਂ ਪਰੰਤੂ ਸੱਭੋ ਕੁਝ ਝੱਲ ਲੈਂਦੇ ਹਾਂ ਭਈ ਅਸੀਂ ਮਸੀਹ ਦੀ ਖੁਸ਼ ਖਬਰੀ ਵਿੱਚ ਕੋਈ ਅਟਕਾਉ ਨਾ ਪਾਈਏ।
13ਕੀ ਤੁਸੀਂ ਇਹ ਨਹੀਂ ਜਾਣਦੇ ਭਈ ਜਿਹੜੇ ਧਰਮ ਦੀ ਸੇਵਾ ਕਰਦੇ ਹਨ ਓਹ ਹੈਕਲ ਦਿਆਂ ਪਦਾਰਥਾਂ ਵਿੱਚੋਂ ਹੀ ਖਾਂਦੇ ਹਨ ਅਤੇ ਜਿਹੜੇ ਜਗਵੇਦੀ ਦੀ ਸੇਵਾ ਕਰਦੇ ਹਨ ਓਹ ਜਗਵੇਦੀ ਤੋਂ ਹੀ ਛਾਂਦਾ ਲੈਂਦੇ ਹਨ।
14ਇਸੇ ਪਰਕਾਰ ਪ੍ਰਭੁ ਨੇ ਖੁਸ਼ ਖਬਰੀ ਦੇ ਪਰਚਾਰਕਾਂ ਲਈ ਭੀ ਇਹ ਥਾਪਿਆ ਹੈ ਭਈ ਓਹ ਖੁਸ਼ ਖਬਰੀ ਤੋਂ ਹੀ ਗੁਜ਼ਾਰਾ ਕਰਨ।
15ਪਰ ਮੈਂ ਇਨ੍ਹਾਂ ਰੀਤਾਂ ਵਿੱਚੋਂ ਕਿਸੇ ਨੂੰ ਵਰਤਿਆ ਨਹੀਂ ਅਤੇ ਮੈਂ ਏਹ ਗੱਲਾਂ ਇਸ ਕਰਕੇ ਨਹੀਂ ਲਿਖੀਆਂ ਜੋ ਮੇਰੇ ਲਈ ਇਉਂ ਹੋਵੇ ਕਿਉਂ ਜੋ ਮੇਰੇ ਲਈ ਇਸ ਨਾਲੋਂ ਮਰਨਾ ਹੀ ਚੰਗਾ ਹੈ ਜੋ ਮੇਰੇ ਇਸ ਅਭਮਾਨ ਨੂੰ ਕੋਈ ਅਵਿਰਥਾ ਕਰੇ।
16ਭਾਵੇਂ ਮੈਂ ਖੁਸ਼ ਖਬਰੀ ਸੁਣਾਵਾਂ ਤਾਂ ਵੀ ਮੇਰਾ ਕੋਈ ਅਭਮਾਨ ਨਹੀਂ ਇਸ ਕਰਕੇ ਜੋ ਇਹ ਤਾਂ ਮੇਰੇ ਲਈ ਅਵੱਸ ਹੈ। ਹਮਸੋਸ ਹੈ ਮੇਰੇ ਉੱਤੇ ਜੇ ਮੈਂ ਖੁਸ਼ ਖਬਰੀ ਨਾ ਸੁਣਾਵਾਂ !
17ਇਸ ਲਈ ਕਿ ਜੇ ਮੈਂ ਇਹ ਕੰਮ ਆਪਣੀ ਹੀ ਭਾਉਣੀ ਨਾਲ ਕਰਦਾ ਹਾਂ ਤਾਂ ਮੇਰੇ ਲਈ ਫਲ ਹੈ ਪਰ ਜੇ ਆਪਣੀ ਭਾਉਣੀ ਤੋਂ ਬਿਨਾ ਤਾਂ ਮੁਖ਼ਤਿਆਰੀ ਮੈਨੂੰ ਸੌਂਪੀ ਹੋਈ ਹੈ।
18ਤਾਂ ਮੇਰੇ ਲਈ ਕੀ ਫਲ ਹੈ ? ਇਹ, ਕਿ ਜਾਂ ਮੈਂ ਖੁਸ਼ ਖਬਰੀ ਸੁਣਾਵਾਂ ਤਾਂ ਖੁਸ਼ ਖਬਰੀ ਨੂੰ ਮੁਫਤ ਰੱਖਾਂ ਭਈ ਖੁਸ਼ ਖਬਰੀ ਵਿੱਚ ਜੋ ਮੇਰਾ ਹੱਕ ਹੈ ਮੈਂ ਉਹ ਨੂੰ ਪੂਰਾ ਨਾ ਕਰਾਂ।
19ਭਾਵੇਂ ਮੈ�� ਸਭਨਾਂ ਤੋਂ ਅਜ਼ਾਦ ਸਾਂ ਤਾਂ ਵੀ ਆਪਣੇ ਆਪ ਨੂੰ ਸਭਨਾਂ ਦਾ ਦਾਸ ਕੀਤਾ ਭਈ ਮੈਂ ਬਾਹਲਿਆਂ ਨੂੰ ਖਿੱਚ ਲਿਆਵਾਂ।
20ਅਤੇ ਯਹੂਦੀਆਂ ਲਈ ਮੈਂ ਯਹੂਦੀ ਜਿਹਾ ਬਣਿਆ ਭਈ ਯਹੂਦੀਆਂ ਨੂੰ ਖਿੱਚ ਲਿਆਵਾਂ ਅਤੇ ਭਾਵੇਂ ਆਪ ਸ਼ਰਾ ਅਧੀਨ ਨਹੀਂ ਹਾਂ ਤਾਂ ਵੀ ਸ਼ਰਾ ਅਧੀਨਾਂ ਲਈ ਮੈਂ ਸ਼ਰਾ ਅਧੀਨ ਜਿਹਾ ਬਣਿਆ ਭਈ ਮੈਂ ਸ਼ਰਾ ਅਧੀਨਾਂ ਨੂੰ ਖਿੱਚ ਲਿਆਵਾਂ।
21ਮੈਂ ਜੋ ਪਰਮੇਸ਼ੁਰ ਦੇ ਭਾਣੇ ਸ਼ਰਾ ਹੀਣ ਨਹੀਂ ਹਾਂ ਸਗੋਂ ਮਸੀਹ ਦੇ ਭਾਣੇ ਸ਼ਰਾ ਅਧੀਨ ਹਾਂ ਸ਼ਰਾ ਹੀਣਾਂ ਲਈ ਮੈਂ ਸ਼ਰਾ ਹੀਣ ਜਿਹਾ ਬਣਿਆ ਭਈ ਮੈਂ ਸ਼ਰਾ ਹੀਣਾਂ ਨੂੰ ਖਿੱਚ ਲਿਆਵਾਂ।
22ਮੈਂ ਨਿਤਾਣਿਆਂ ਲਈ ਨਿਤਾਣਾ ਬਣਿਆ ਭਈ ਨਿਤਾਣਿਆਂ ਨੂੰ ਖਿੱਚ ਲਿਆਵਾਂ। ਮੈਂ ਸਭਨਾਂ ਲਈ ਸਭ ਕੁਝ ਬਣਿਆ ਹਾਂ ਤਾਂ ਜੋ ਮੈਂ ਹਰ ਤਰਾਂ ਨਾਲ ਕਈਆਂ ਨੂੰ ਬਚਾਵਾਂ।
23ਅਤੇ ਮੈਂ ਸੱਭੋ ਕੁਝ ਇੰਜੀਲ ਦੇ ਨਮਿੱਤ ਕਰਦਾ ਹਾਂ ਭਈ ਮੈਂ ਹੋਰਨਾਂ ਨਾਲ ਰਲ ਕੇ ਉਸ ਵਿੱਚ ਸਾਂਝੀ ਹੋ ਜਾਵਾਂ।
24ਕੀ ਤੁਸੀਂ ਇਹ ਨਹੀਂ ਜਾਣਦੇ ਕਿ ਦੌੜ ਵਿੱਚ ਜਿਹੜੇ ਦੌੜਦੇ ਹਨ ਤਾਂ ਸੱਭੇ ਦੌੜਦੇ ਹਨ ਪਰ ਇਨਾਮ ਇੱਕੋ ਲੈ ਜਾਂਦਾ ਹੈ ? ਇਉਂ ਤੁਸੀਂ ਵੀ ਦੌੜੋ ਤਾਂ ਜੋ ਤੁਸੀਂ ਹੀ ਇਨਾਮ ਲੈ ਜਾਓ।
25ਹਰੇਕ ਪਹਿਲਵਾਨ ਸਭਨੀਂ ਗੱਲੀਂ ਸੰਜਮੀ ਹੁੰਦਾ ਹੈ। ਸੋ ਉਹ ਤਾਂ ਨਾਸਵਾਨ ਸਿਹਰੇ ਨੂੰ ਪਰ ਅਸੀਂ ਅਵਿਨਾਸੀ ਸਿਹਰੇ ਨੂੰ ਲੈਣ ਲਈ ਇਹ ਕਰਦੇ ਹਾਂ।
26ਸੋ ਮੈਂ ਇਉਂ ਦੌੜਦਾ ਹਾਂ ਪਰ ਬੇਥੌਹਾ ਨਹੀਂ। ਮੈਂ ਇਉਂ ਹੂਰੀਂ ਲੜਦਾ ਹਾਂ ਪਰ ਉਸ ਵਾਂਙੁ ਨਹੀਂ ਜੋ ਪੌਣ ਨੂੰ ਮਾਰਦਾ ਹੈ।
27ਸਗੋਂ ਆਪਣੇ ਸਰੀਰ ਨੂੰ ਮਾਰਦਾ ਕੁੱਟਦਾ ਅਤੇ ਉਹ ਨੂੰ ਆਪਣੇ ਵੱਸ ਵਿੱਚ ਲਿਆਉਂਦਾ ਹਾਂ ਭਈ ਐਉਂ ਨਾ ਹੋਵੇ ਜੋ ਕਿਤੇ ਮੈਂ ਹੋਰਨਾਂ ਨੂੰ ਉਪਦੇਸ਼ ਕਰ ਕੇ ਆਪ ਅਪਰਵਾਨ ਹੋ ਜਾਵਾਂ।