Loading Bible Translation
First-time download in progress. This may take a few seconds…
Punjabi Bible Wordproject Bible
20 verses
1ਹੇ ਭਰਾਵੋ, ਤੁਹਾਡੇ ਕੋਲ ਸਾਡਾ ਆਉਣਾ ਤੁਸੀਂ ਆਪ ਜਾਣਦੇ ਹੋ ਭਈ ਉਹ ਅਕਾਰਥ ਨਹੀਂ ਹੋਇਆ ਹੈ।
2ਭਾਵੇਂ ਅਸਾਂ ਅੱਗੇ ਫਿਲਿੱਪੈ ਵਿੱਚ ਜਿਹਾ ਤੁਸੀਂ ਜਾਣਦੇ ਹੋ ਦੁਖ ਅਤੇ ਅਪਜਸ ਝੱਲਿਆ ਤਾਂ ਵੀ ਪਰਮੇਸ਼ੁਰ ਦੀ ਖੁਸ਼ ਖਬਰੀ ਬਹੁਤ ਝਗੜੇ ਰਗੜੇ ਵਿੱਚ ਤੁਹਾਨੂੰ ਸੁਣਾਉਣ ਲਈ ਆਪਣੇ ਪਰਮੇਸ਼ੁਰ ਦੇ ਆਸਰੇ ਦਿਲੇਰ ਹੋਏ।
3ਸਾਡਾ ਉਪਦੇਸ਼ ਤਾਂ ਧੋਖੇ ਤੋਂ ਨਹੀਂ, ਨਾ ਅਸ਼ੁੱਧਤਾ ਤੋਂ, ਨਾ ਛਲ ਨਾਲ ਹੁੰਦਾ ਹੈ।
4ਪਰੰਤੂ ਜਿਵੇਂ ਅਸੀਂ ਖਰਮੇਸ਼ੁਰ ਵੱਲੋਂ ਪਰਵਾਨ ਹੋਏ ਹਾਂ ਜੋ ਇੰਜੀਲ ਸਾਨੂੰ ਸੌਂਪੀ ਜਾਵੇ ਤਿਵੇਂ ਅਸੀਂ ਬੋਲਦੇ ਹਾਂ, ਇਉਂ ਨਹੀਂ ਭਈ ਅਸੀਂ ਮਨੁੱਖਾਂ ਨੂੰ ਰਿਝਾਉਂਦੇ ਹਾਂ ਸਗੋਂ ਪਰਮੇਸ਼ੁਰ ਨੂੰ ਜਿਹੜਾ ਸਾਡਿਆਂ ਮਨਾਂ ਨੂੰ ਪਰਤਾਉਂਦਾ ਹੈ।
5ਕਿਉਂ ਜੋ ਨਾ ਤਾਂ ਅਸੀਂ ਖੁਸ਼ਾਮਦ ਦੀਆਂ ਗੱਲਾਂ ਕਦੇ ਕੀਤੀਆਂ ਜਿਵੇਂ ਤੁਸੀਂ ਜਾਣਦੇ ਹੋ ਅਤੇ ਨਾ ਹੀ ਲੋਭ ਦਾ ਪੜਦਾ ਬਣਾਇਆ- ਪਰਮੇਸ਼ੁਰ ਸਾਖੀ ਹੈ।
6ਅਤੇ ਨਾ ਅਸੀਂ ਮਨੁੱਖਾਂ ਪਾਸੋਂ ਵਡਿਆਈ ਚਾਹੁੰਦੇ ਸਾਂ, ਨਾ ਤੁਹਾਡੇ ਪਾਸੋਂ, ਨਾ ਹੋਰਨਾਂ ਪਾਸੋਂ, ਭਾਵੇਂ ਅਸੀਂ ਮਸੀਹ ਦੇ ਰਸੂਲ ਹੋਣ ਕਰਕੇ ਭਾਰ ਪਾ ਸੱਕਦੇ ਸਾਂ।
7ਪਰ ਅਸੀਂ ਤੁਹਾਡੇ ਵਿੱਚ ਅਜੇਹੇ ਅਸੀਲ ਸਾਂ ਜਿਹੀ ਮਾਤਾ ਜੋ ਆਪਣੇ ਬੱਚਿਆਂ ਨੂੰ ਪਾਲਦੀ ਹੈ।
8ਇਉਂ ਅਸੀਂ ਤੁਹਾਡੇ ਚਾਹਵੰਦ ਹੋ ਕੇ ਤੁਹਾਨੂੰ ਨਿਰੀ ਪਰਮੇਸ਼ੁਰ ਦੀ ਖੁਸ਼ ਖਬਰੀ ਨਹੀਂ ਸਗੋਂ ਆਪਣੀ ਜਾਨ ਭੀ ਦੇਣ ਨੂੰ ਤਿਆਰ ਸਾਂ ਇਸ ਲਈ ਜੋ ਤੁਸੀਂ ਸਾਡੇ ਪਿਆਰੇ ਬਣ ਗਏ ਸਾਓ।
9ਹੇ ਭਰਾਵੋ, ਸਾਡੀ ਮਿਹਨਤ ਪੋਹਰਿਆ ਤੁਹਾਨੂੰ ਚੇਤੇ ਤਾਂ ਹੋਵੇਗੀ ਭਈ ਅਸਾਂ ਇਸ ਕਰਕੇ ਜੋ ਤੁਹਾਡੇ ਵਿੱਚੋਂ ਕਿਸੇ ਉੱਤੇ ਭਾਰੂ ਨਾ ਹੋਈਏ ਰਾਤ ਦਿਨ ਕੰਮ ਧੰਦਾ ਕਰ ਕੇ ਤੁਹਾਨੂੰ ਪਰਮੇ ਸ਼ੁਰ ਦੀ ਖੁਸ਼ ਖਬਰੀ ਸੁਣਾਈ।
10ਤੁਸੀਂ ਸਾਖੀ ਹੋ ਨਾਲੇ ਪਰਮੇਸ਼ੁਰ ਵੀ ਜੋ ਕਿਹੀ ਪਵਿੱਤਰਤਾਈ ਅਤੇ ਧਰਮ ਅਤੇ ਨਿਰਦੂਸ਼ਨਾ ਸਹਿਤ ਤੁਸਾਂ ਨਿਹਚਾਵਾਨਾਂ ਨਾਲ ਸਾਡਾ ਵਰਤਾਰਾ ਸੀ।
11ਸੋ ਤੁਸੀਂ ਜਾਣਦੇ ਹੋ ਭਈ ਜਿਵੇਂ ਪਿਤਾ ਆਪਣੇ ਬਾਲਕਾਂ ਨੂੰ ਤਿਵੇਂ ਅਸੀਂ ਤੁਹਾਡੇ ਵਿੱਚੋਂ ਇੱਕ ਇੱਕ ਨੂੰ ਕਿਵੇ ਉਪਦੇਸ਼ ਅਤੇ ਦਿਲਾਸਾ ਦਿੰਦੇ ਅਤੇ ਸਮਝਾਉਂਦੇ ਰਹੇ।
12ਜੋ ਤੁਸੀਂ ਪਰਮੇਸ਼ੁਰ ਦੇ ਜੋਗ ਚਾਲ ਚੱਲੋ ਜਿਹੜਾ ਤੁਹਾਨੂੰ ਆਪਣੇ ਰਾਜ ਅਤੇ ਤੇਜ ਵਿੱਚ ਸੱਦਦਾ ਹੈ।
13ਇਸ ਕਾਰਨ ਅਸੀਂ ਵੀ ਨਿੱਤ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਾਂ ਭਈ ਜਦ ਤੁਹਾਨੂੰ ਪਰਮੇਸ਼ੁਰ ਦਾ ਸੁਣਿਆ ਹੋਇਆ ਬਚਨ ਸਾਥੋਂ ਮਿਲਿਆ ਤਾਂ ਉਹ ਨੂੰ ਮਨੁੱਖਾਂ ਦਾ ਬਚਨ ਕਰ ਕੇ ਨਹੀਂ ਸਗੋਂ ਜਿਵੇਂ ਉਹ ਸੱਚੀਂ ਮੁੱਚੀਂ ਹੈ ਪਰਮੇਸ਼ੁਰ ਦਾ ਬਚਨ ਕਰਕੇ ਕਬੂਲ ਕੀਤਾ ਅਤੇ ਉਹ ਤੁਹਾਡੇ ਨਿਹਚਾਵਾਨਾਂ ਵਿੱਚ ਕੰਮ ਵੀ ਕਰਦਾ ਹੈ।
14ਕਿਉਂ ਜੋ ਹੇ ਭਰਾਵੋ, ਤੁਸੀਂ ਪਰਮੇਸ਼ੁਰ ਦੀਆਂ ਓਹਨਾਂ ਕਲੀਸਿਯਾ ਵਰਗੇ ਹੋਏ ਹੋ ਜਿਹੜੀਆਂ ਮਸੀਹ ਯਿਸੂ ਦੀਆਂ ਯਹੂਦਿਯਾ ਵਿੱਚ ਹਨ ਇਸ ਲਈ ਜੋ ਤੁਸਾਂ ਆਪਣੀ ਕੌਮ ਵਾਲਿਆਂ ਦੇ ਹੱਥੋਂ ਓਹੋ ਦੁਖ ਝੱਲੇ ਜਿਹੜੇ ਓਹਨਾਂ ਵੀ ਯਹੂਦੀਆਂ ਦੇ ਹੱਥੋ ਝੱਲੇ ਸਨ।
15ਨਾਲੇ ਪ੍ਰਭੁ ਯਿਸੂ ਨੂੰ ਨਾਲੇ ਨਬੀਆਂ ਨੂੰ ਮਾਰ ਸੁੱਟਿਆ ਅਤੇ ਸਾਨੂੰ ਕੱਢ ਦਿੱਤਾ। ਓਹ ਪਰਮੇਸ਼ੁਰ ਨੂੰ ਨਹੀਂ ਭਾਉਂਦੇ ਅਤੇ ਸਭਨਾਂ ਮਨੁੱਖਾਂ ਦੇ ਵਿਰੋਧੀ ਹਨ।
16ਓਹ ਸਾਨੂੰ ਪਰਾਈਆਂ ਕੌਮਾਂ ਨਾਲ ਗੱਲ ਕਰਨ ਤੋਂ ਵਰਜਦੇ ਹਨ ਜਿਸ ਤੋਂ ਓਹ ਬਚਾਏ ਜਾਣ ਤਾਂ ਜੋ ਓਹਨਾਂ ਦੇ ਪਾਪਾਂ ਦਾ ਪੈਮਾਨਾ ਸਦਾ ਭਰਿਆ ਰਹੇ ! ਪਰ ਕ੍ਰੋਧ ਓਹਨਾਂ ਦੇ ਉੱਤੇ ਹੱਦ ਤੀਕ ਆਣ ਪਿਆ ਹੈ !
17ਪਰ ਹੇ ਭਰਾਵੋ, ਅਸੀਂ ਜੋ ਥੋੜਾ ਚਿਰ ਤੁਹਾਥੋਂ ਵਿਛੜੇ ਰਹੇ ਮਨ ਕਰਕੇ ਨਹੀਂ ਪਰ ਦੇਹ ਕਰਕੇ ਤਾਂ ਅਸਾਂ ਵੱਡੀ ਚਾਹ ਨਾਲ ਤੁਹਾਡਾ ਦਰਸ਼ਣ ਕਰਨ ਲਈ ਬਹੁਤ ��ੀ ਜਤਨ ਕੀਤਾ।
18ਕਿਉਂ ਜੋ ਅਸਾਂ ਅਰਥਾਤ ਮੈਂ ਪੌਲੁਸ ਨੇ ਵਾਰ ਵਾਰ ਤੁਹਾਡੇ ਕੋਲ ਆਉਣ ਦੀ ਦਲੀਲ ਕੀਤੀ ਪਰ ਸ਼ਤਾਨ ਨੇ ਸਾਨੂੰ ਡੱਕ ਲਿਆ।
19ਸਾਡੀ ਆਸ ਯਾ ਅਨੰਦ ਯਾ ਅਭਮਾਨ ਦਾ ਮੁਕਟ ਕੌਣ ਹੈ ? ਭਲਾ, ਸਾਡੇ ਪ੍ਰਭੁ ਯਿਸੂ ਅੱਗੇ ਉਹ ਦੇ ਆਉਣ ਦੇ ਵੇਲੇ ਤੁਸੀਂ ਨਹੀਂ ਹੋਵੋਗੇ ?
20ਕਿਉਂ ਜੋ ਤੁਸੀਂ ਸਾਡੇ ਪਰਤਾਪ ਅਤੇ ਅਨੰਦ ਦਾ ਕਾਰਨ ਹੋ।