Loading Bible Translation
First-time download in progress. This may take a few seconds…
Punjabi Bible Wordproject Bible
24 verses
1ਲਿਖਤੁਮ ਪੌਲੁਸ ਜਿਹੜਾ ਪਰਮੇਸ਼ੁਰ ਦੀ ਇੱਛਿਆ ਤੋਂ ਮਸੀਹ ਯਿਸੂ ਦਾ ਰਸੂਲ ਹਾਂ, ਨਾਲੇ ਸਾਡਾ ਭਰਾ ਤਿਮੋਥਿਉਸ ਅੱਗੇ ਜੋਗ ਪਰਮੇਸ਼ੁਰ ਦੀ ਕਲੀਸਿਯਾ ਨੂੰ ਜਿਹੜੀ ਕੁਰਿੰਥੁਸ ਵਿੱਚ ਹੈ ਉਨ੍ਹਾਂ ਸਭਨਾਂ ਸੰਤਾਂ ਸਣੇ ਜਿਹੜੇ ਸਾਰੇ ਅਖਾਯਾ ਵਿੱਚ ਹਨ।
2ਸਾਡੇ ਪਿਤਾ ਪਰਮੇਸ਼ੁਰ ਅਤੇ ਪ੍ਰਭੁ ਯਿਸੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਹੁੰਦੀ ਰਹੇ।
3ਮੁਬਾਰਕ ਹੈ ਸਾਡੇ ਪ੍ਰਭੁ ਯਿਸੂ ਮਸੀਹ ਦਾ ਪਰਮੇਸ਼ੁਰ ਅਤੇ ਪਿਤਾ ਜਿਹੜਾ ਦਿਆਲਗੀਆਂ ਦਾ ਪਿਤਾ ਅਤੇ ਸਰਬ ਦਿਲਾਸੇ ਦਾ ਪਰਮੇਸ਼ੁਰ ਹੈ।
4ਜੋ ਸਾਡੀਆਂ ਸਾਰੀਆਂ ਬਿਪਤਾਂ ਵਿੱਚ ਸਾਨੂੰ ਦਿਲਾਸਾ ਦਿੰਦਾ ਹੈ ਭਈ ਅਸੀਂ ਉਸੇ ਦਿਲਾਸੇ ਤੋਂ ਜਿਹ ਨੂੰ ਅਸਾਂ ਪਰਮੇਸ਼ੁਰ ਵੱਲੋਂ ਪਾਇਆ ਹੈ ਓਹਨਾਂ ਨੂੰ ਹਰ ਬਿਪਤਾ ਵਿੱਚ ਦਿਲਾਸਾ ਦੇਣ ਜੋਗੇ ਹੋਈਏ।
5ਕਿਉਂਕਿ ਜਿਵੇਂ ਮਸੀਹ ਦੇ ਦੁਖ ਸਾਡੇ ਲਈ ਬਾਹਲੇ ਹਨ ਤਿਵੇਂ ਸਾਡਾ ਦਿਲਾਸਾ ਵੀ ਮਸੀਹ ਦੇ ਰਾਹੀਂ ਬਾਹਲਾ ਹੈ।
6ਪਰੰਤੂ ਅਸੀਂ ਭਾਵੇਂ ਬਿਪਤਾ ਭੋਗਦੇ ਹਾਂ ਪਰ ਇਹ ਤਾਂ ਤੁਹਾਡੇ ਦਿਲਾਸੇ ਅਤੇ ਮੁਕਤੀ ਲਈ ਹੈ ਭਾਵੇਂ ਦਿਲਾਸਾ ਪਾਉਂਦੇ ਹਾਂ ਪਰ ਇਹ ਤੁਹਾਡੇ ਦਿਲਾਸੇ ਲਈ ਹੈ ਜਿਹੜਾ ਉਨ੍ਹਾਂ ਦੁਖਾਂ ਦੇ ਧੀਰਜ ਨਾਲ ਝੱਲਣ ਵਿੱਚ ਗੁਣਕਾਰੀ ਹੈ ਜੋ ਅਸੀਂ ਵੀ ਝੱਲਦੇ ਹਾਂ।
7ਅਤੇ ਤੁਹਾਡੇ ਲਈ ਸਾਡੀ ਆਸ ਪੱਕੀ ਹੈ ਕਿਉਂ ਜੋ ਅਸੀਂ ਜਾਣਦੇ ਹਾਂ ਭਈ ਜਿਵੇਂ ਤੁਸੀਂ ਦੁਖਾਂ ਵਿੱਚ ਸਾਂਝੀ ਹੋ ਤਿਵੇਂ ਦਿਲਾਸੇ ਵਿੱਚ ਭੀ ਹੋ।
8ਹੇ ਭਰਾਵੇ, ਅਸੀਂ ਨਹੀਂ ਚਾਹੁੰਦੇ ਜੋ ਤੁਸੀਂ ਸਾਡੀ ਉਸ ਬਿਪਤਾ ਤੋਂ ਅਣਜਾਣ ਰਹੋ ਜਿਹੜੀ ਅਸਿਯਾ ਵਿੱਚ ਸਾਡੇ ਉੱਤੇ ਆਣ ਪਈ ਜੋ ਅਸੀਂ ਆਪਣੇ ਵਿਤੋਂ ਬਾਹਰ ਅਤਯੰਤ ਦੱਬੇ ਗਏ ਐਥੋਂ ਤੋੜੀ ਭਈ ਅਸੀਂ ਜੀਉਣ ਤੋਂ ਵੀ ਹੱਥਲ ਹੋ ਬੈਠੇ।
9ਸਗੋਂ ਅਸੀਂ ਆਪੇ ਆਪਣੇ ਆਪ ਵਿੱਚ ਮੌਤ ਦਾ ਹੁਕਮ ਪਾ ਚੁੱਕੇ ਹਾਂ ਭਈ ਅਸੀਂ ਆਪਣਾ ਨਹੀਂ ਸਗੋਂ ਪਰਮੇਸ਼ੁਰ ਦਾ ਜਿਹੜਾ ਮੁਰਦਿਆਂ ਨੂੰ ਜੁਆਲਦਾ ਹੈ ਆਸਰਾ ਰੱਖੀਏ।
10ਜਿਹ ਨੇ ਸਾਨੂੰ ਇਹੋ ਜਿਹੀ ਡਾਢੀ ਮੌਤ ਤੋਂ ਛੁਡਾਇਆ ਅਤੇ ਛੁਡਾਵੇਗਾ ਜਿਹ ਦੇ ਉੱਤੇ ਅਸਾਂ ਆਸ ਰੱਖੀ ਹੈ ਜੋ ਉਹ ਫੇਰ ਵੀ ਸਾਨੂੰ ਛੁਡਾਵੇਗਾ।
11ਤੁਸੀਂ ਵੀ ਰਲ ਮਿਲ ਕੇ ਬੇਨਤੀ ਨਾਲ ਸਾਡਾ ਉਪਰਾਲਾ ਕਰੋ ਭਈ ਉਹ ਦਾਤ ਜੋ ਬਹੁਤਿਆਂ ਦੇ ਰਾਹੀਂ ਸਾਨੂੰ ਮਿਲੀ ਉਹ ਦਾ ਬਹੁਤੇ ਲੋਕ ਸਾਡੇ ਲਈ ਧੰਨਵਾਦ ਵੀ ਕਰਨ।
12ਸਾਡਾ ਅਭਮਾਨ ਤਾਂ ਇਹ ਹੈ ਜੋ ਸਾਡਾ ਅੰਤਹਕਰਨ ਗਵਾਹੀ ਦਿੰਦਾ ਹੈ, ਭਈ ਸਾਡਾ ਚਲਣ ਜਗਤ ਵਿੱਚ ਖ਼ਾਸ ਕਰ ਤੁਹਾਡੇ ਵਿੱਚ ਸਰੀਰਕ ਗਿਆਨ ਤੋਂ ਨਹੀਂ ਸਗੋਂ ਪਰਮੇਸ਼ੁਰ ਦੀ ਕਿਰਪਾ ਤੋਂ ਪਵਿੱਤਰਤਾਈ ਅਤੇ ਨਿਸ਼ਕਪਟਤਾ ਨਾਲ ਜੋ ਪਰਮੇਸ਼ੁਰ ਦੇ ਜੋਗ ਹੈ ਰਿਹਾ।
13ਕਿਉਂ ਜੋ ਅਸੀਂ ਹੋਰ ਗੱਲਾਂ ਨਹੀਂ ਸਗੋਂ ਓਹ ਗੱਲਾਂ ਤੁਹਾਡੀ ਵੱਲ ਲਿੱਖਦੇ ਹਾਂ ਜਿਨ੍ਹਾਂ ਨੂੰ ਤੁਸੀਂ ਵਾਚਦੇ ਹੋ ਅਥਵਾ ਮੰਨਦੇ ਵੀ ਹੋ ਅਰ ਮੈਨੂੰ ਆਸ ਹੈ ਜੋ ਤੁਸੀਂ ਅੰਤ ਤੀਕ ਮੰਨੋਗੇ।
14ਜਿਵੇਂ ਤੁਸਾਂ ਸਾਨੂੰ ਕੁਝ ਕੁਝ ਮੰਨ ਭੀ ਲਿਆ ਭਈ ਸਾਡੇ ਪ੍ਰਭੁ ਯਿਸੂ ਦੇ ਦਿਨ ਅਸੀਂ ਤੁਹਾਡਾ ਅਭਮਾਨ ਹਾਂ ਜਿਵੇਂ ਤੁਸੀਂ ਸਾਡਾ ਭੀ ਹੋ।
15ਇਸੇ ਭਰੋਸੇ ਨਾਲ ਮੈਂ ਦਲੀਲ ਕੀਤੀ ਜੋ ਪਹਿਲਾਂ ਤੁਹਾਡੇ ਕੋਲ ਆਵਾਂ ਜੋ ਤੁਹਾਨੂੰ ਦੂਈ ਵਾਰੀ ਅਨੰਦ ਪਰਾਪਤ ਹੋਵੇ।
16ਅਤੇ ਤੁਹਾਥੋਂ ਹੋ ਕੇ ਮਕਦੂਨਿਯਾ ਨੂੰ ਜਾਵਾਂ ਅਤੇ ਫੇਰ ਮਕਦੂਨਿਯਾ ਤੋਂ ਤੁਹਾਡੇ ਕੋਲ ਆਵਾਂ ਅਤੇ ਤੁਹਾਥੋਂ ਯਹੂਦਿਯਾ ਵੱਲ ਪੁਚਾਇਆ ਜਾਵਾਂ।
17ਉਪਰੰਤ ਜਦ ਮੈਂ ਇਹ ਦ��ੀਲ ਕੀਤੀ ਤਾਂ ਫੇਰ ਕੀ ਮੈਂ ਕੁਝ ਚੰਚਲਤਾਈ ਕੀਤੀ ? ਅਥਵਾ ਜੋ ਦਲੀਲ ਮੈਂ ਕਰਦਾ ਹਾਂ ਕੀ ਸਰੀਰ ਦੇ ਅਨੁਸਾਰ ਕਰਦਾ ਹਾਂ ਭਈ ਮੈਥੋਂ ਹਾਂ ਹਾਂ ਵੀ ਹੋਵੇ ? ਅਤੇ ਨਾਂਹ ਨਾਂਹ ਵੀ ?
18ਜਿੱਦਾਂ ਪਰਮੇਸ਼ੁਰ ਵਫ਼ਾਦਾਰ ਹੈ ਸਾਡਾ ਬਚਨ ਤੁਹਾਡੇ ਨਾਲ ਹਾਂ ਅਤੇ ਨਾਂਹ, ਦੋਨੋਂ ਨਹੀਂ।
19ਪਰਮੇਸ਼ੁਰ ਦਾ ਪੁੱਤ੍ਰ ਯਿਸੂ ਮਸੀਹ ਜਿਹ ਦਾ ਅਸਾਂ ਅਰਥਾਤ ਮੈਂ ਅਤੇ ਸਿਲਵਾਨੁਸ ਅਤੇ ਤਿਮੋਥਿਉਸ ਨੇ ਤੁਹਾਡੇ ਵਿੱਚ ਪਰਚਾਰ ਕੀਤਾ ਸੋ ਹਾਂ ਅਤੇ ਨਾਂਹ ਨਹੀਂ ਸਗੋਂ ਉਸ ਵਿੱਚ ਹਾਂ ਹੀ ਹਾਂ ਹੋਈ।
20ਕਿਉਂ ਜੋ ਪਰਮੇਸ਼ੁਰ ਦੀਆਂ ਪਰਤੱਗਿਆਂ ਭਾਵੇਂ ਕਿੰਨੀਆਂ ਹੀ ਹੋਣ ਉਸ ਵਿੱਚ ਹਾਂ ਹੀ ਹਾਂ ਹੈ। ਇਸ ਲਈ ਉਹ ਦੇ ਰਾਹੀਂ ਆਮੀਨ ਵੀ ਹੈ ਭਈ ਸਾਡੇ ਦੁਆਰਾ ਪਰਮੇਸ਼ੁਰ ਦੀ ਉਪਮਾ ਹੋਵੇ।
21ਜਿਹੜਾ ਸਾਨੂੰ ਤੁਹਾਡੇ ਨਾਲ ਮਸੀਹ ਵਿੱਚ ਕਾਇਮ ਕਰਦਾ ਹੈ ਅਤੇ ਜਿਹ ਨੇ ਸਾਨੂੰ ਥਾਪਿਆ ਉਹ ਪਰਮੇਸ਼ੁਰ ਹੈ।
22ਉਹ ਨੇ ਸਾਡੇ ਉੱਤੇ ਮੋਹਰ ਵੀ ਲਾਈ ਅਤੇ ਸਾਡਿਆਂ ਮਨਾਂ ਵਿੱਚ ਸਾਨੂੰ ਆਤਮਾ ਦੀ ਸਾਈ ਦਿੱਤੀ।
23ਹੁਣ ਮੈਂ ਆਪਣੀ ਜਾਨ ਲਈ ਪਰਮੇਸ਼ੁਰ ਨੂੰ ਗਵਾਹ ਕਰਕੇ ਭੁਗਤਾਉਂਦਾ ਹਾਂ ਜੋ ਮੈਂ ਤੁਹਾਡੇ ਬਚਾਓ ਕਰਕੇ ਹੁਣ ਤੀਕ ਕੁਰਿੰਥੁਸ ਨੂੰ ਨਹੀਂ ਆਇਆ।
24ਇਹ ਨਹੀਂ ਜੋ ਅਸੀਂ ਤੁਹਾਡੀ ਨਿਹਚਾ ਉੱਤੇ ਹੁਕਮ ਚਲਾਉਂਦੇ ਹਾਂ ਸਗੋਂ ਤੁਹਾਡੇ ਅਨੰਦ ਦਾ ਉਪਰਾਲਾ ਕਰਨ ਵਾਲੇ ਹਾਂ ਕਿਉਂ ਜੋ ਤੁਸੀਂ ਨਿਹਚਾ ਵਿੱਚ ਦ੍ਰਿੜ੍ਹ ਹੋ