Loading Bible Translation
First-time download in progress. This may take a few seconds…
Punjabi Bible Wordproject Bible
17 verses
1ਪਰ ਮੈਂ ਆਪਣੇ ਆਪ ਵਿੱਚ ਠਾਣ ਲਿਆ ਭਈ ਤੁਹਾਡੇ ਕੋਲ ਫੇਰ ਦੁਖ ਨਾਲ ਨਾ ਆਵਾਂ।
2ਜੇ ਮੈਂ ਤੁਹਾਨੂੰ ਦੁਖੀ ਕਰਾਂ ਤਾਂ ਉਹ ਦੇ ਬਿਨਾ ਜਿਹ ਨੂੰ ਮੈਂ ਦੁਖੀ ਕੀਤਾ ਮੇਰਾ ਪਰਸੰਨ ਕਰਨ ਵਾਲਾ ਕੌਣ ਹੈ ?
3ਅਤੇ ਮੈਂ ਇਹੋ ਗੱਲ ਲਿਖੀ ਸੀ ਭਈ ਕਿਤੇ ਮੈਂ ਆਣ ਕੇ ਉਨ੍ਹਾਂ ਵੱਲੋਂ ਦੁਖੀ ਨਾ ਹੋਵਾਂ ਜਿਨ੍ਹਾਂ ਵੱਲੋਂ ਮੈਨੂੰ ਅਨੰਦ ਹੋਣਾ ਚਾਹੀਦਾ ਹੈ ਕਿਉਂ ਜੋ ਤੁਸਾਂ ਸਭਨਾਂ ਉੱਤੇ ਮੈਨੂੰ ਭਰੋਸਾ ਹੈ ਭਈ ਮੇਰਾ ਅਨੰਦ ਤੁਸਾਂ ਸਭਨਾਂ ਦਾ ਅਨੰਦ ਹੈ।
4ਕਿਉਂ ਜੋ ਮੈਂ ਵੱਡੀ ਬਿਪਤਾ ਅਤੇ ਮਨ ਦੇ ਕਸ਼ਟ ਨਾਲ ਬਹੁਤ ਅੰਝੂ ਕੇਰ ਕੇਰ ਕੇ ਤੁਹਾਨੂੰ ਲਿਖਿਆ, ਸੋ ਇਸ ਲਈ ਨਹੀਂ ਜੋ ਤੁਸੀਂ ਦੁਖੀ ਹੋਵੋ ਸਗੋਂ ਇਸ ਲਈ ਜੋ ਤੁਸੀਂ ਉਸ ਪ੍ਰੇਮ ਨੂੰ ਜਾਣੋ ਜਿਹੜਾ ਮੈਂ ਤੁਹਾਡੇ ਨਾਲ ਵਧੀਕ ਕਰਦਾ ਹਾਂ।
5ਪਰ ਜੇ ਕਿਨੇ ਦੁਖ ਦਿੱਤਾ ਹੈ ਤਾਂ ਮੈਨੂੰ ਨਹੀਂ ਸਗੋਂ ਕੁਝਕੁ (ਭਈ ਉਹ ਨੂੰ ਬਹੁਤ ਦੱਬ ਨਾ ਚਾੜ੍ਹਾਂ) ਤੁਸਾਂ ਸਭਨਾਂ ਨੂੰ ਦੁਖ ਦਿੱਤਾ।
6ਇਹੋ ਜਿਹੇ ਮਨੁੱਖ ਲਈ ਇਹ ਤਾੜਨਾ ਜੋ ਬਹੁਤਿਆਂ ਤੋਂ ਹੋਈ ਸੋ ਬਥੇਰੀ ਹੈ।
7ਸੋ ਉਲਟਾ ਤੁਹਾਨੂੰ ਚਾਹੀਦਾ ਹੈ ਜੋ ਉਹ ਨੂੰ ਮਾਫ਼ ਕਰੋ ਅਤੇ ਦਿਲਾਸਾ ਦਿਓ ਮਤੇ ਬਹੁਤਾ ਗ਼ਮ ਏਹੋ ਜੇਹੇ ਮਨੁੱਖ ਨੂੰ ਖਾ ਜਾਵੇ।
8ਉਪਰੰਤ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਜੋ ਤੁਸੀਂ ਉਸ ਉੱਤੇ ਆਪਣੇ ਪ੍ਰੇਮ ਨੂੰ ਜ਼ਾਹਰ ਕਰੋ।
9ਕਿਉਂ ਜੋ ਮੈਂ ਇਸ ਲਈ ਵੀ ਲਿਖਿਅ ਸੀ ਜੋ ਤੁਹਾਨੂੰ ਪਰਖ ਕੇ ਵੇਖਾਂ ਭਈ ਤੁਸੀਂ ਸਾਰੀਆਂ ਗੱਲਾਂ ਵਿੱਚ ਆਗਿਆਕਾਰ ਹੋ ਯਾ ਨਹੀਂ।
10ਪਰ ਜਿਹ ਨੂੰ ਤੁਸੀਂ ਕੁਝ ਮਾਫ਼ ਕਰਦੇ ਹੋ ਮੈਂ ਵੀ ਕਰਦਾ ਹਾਂ ਕਿਉਂ ਜੋ ਮੈਂ ਵੀ ਜੋ ਕੁਝ ਮਾਫ਼ ਕੀਤਾ ਹੈ, ਜੇ ਮੈਂ ਕੁਝ ਮਾਫ਼ ਕੀਤਾ ਹੈ, ਤਾਂ ਮੈਂ ਤੁਹਾਡੇ ਨਮਿੱਤ ਮਸੀਹ ਦੀ ਹਜ਼ੂਰੀ ਵਿੱਚ ਮਾਫ਼ ਕੀਤਾ ਹੈ।
11ਭਈ ਸ਼ਤਾਨ ਸਾਡੇ ਨਾਲ ਹੱਥ ਨਾ ਕਰ ਜਾਏ ਕਿਉਂ ਜੋ ਅਸੀਂ ਉਸ ਦਿਆਂ ਚਾਲਿਆਂ ਤੋਂ ਅਣਜਾਣ ਨਹੀਂ।
12ਜਾਂ ਮੈਂ ਮਸੀਹ ਦੀ ਖੁਸ਼ ਖਬਰੀ ਸੁਣਾਉਣ ਨੂੰ ਤ੍ਰੋਆਸ ਵਿੱਚ ਅੱਪੜਿਆ ਅਤੇ ਪ੍ਰਭੁ ਦੀ ਵੱਲੋਂ ਇੱਕ ਬੂਹਾ ਮੇਰੇ ਲਈ ਖੋਲ੍ਹਿਆ ਗਿਆ।
13ਤਾਂ ਜਦੋਂ ਮੈਂ ਆਪਣੇ ਭਾਈ ਤੀਤੁਸ ਨੂੰ ਉੱਥੇ ਨਾ ਵੇਖਿਆ ਮੇਰੇ ਆਤਮਾ ਨੂੰ ਚੈਨ ਨਾ ਹੋਇਆ ਪਰ ਉਨ੍ਹਾਂ ਤੋਂ ਵਿਦਿਆ ਹੋ ਕੇ ਮਕਦੂਨਿਯਾ ਨੂੰ ਗਿਆ।
14ਪਰ ਧੰਨਵਾਦ ਹੈ ਪਰਮੇਸ਼ੁਰ ਦਾ ਜੋ ਮਸੀਹ ਵਿੱਚ ਸਾਨੂੰ ਸਦਾ ਫਤਹ ਦੇ ਕੇ ਲਈ ਫਿਰਦਾ ਹੈ ਅਰ ਉਹ ਦੇ ਗਿਆਨ ਦੀ ਵਾਸਨਾ ਸਾਡੇ ਰਾਹੀਂ ਥਾਓਂ ਥਾਈਂ ਖਿਲਾਰਦਾ ਹੈ।
15ਕਿਉਂ ਜੋ ਅਸੀਂ ਪਰਮੇਸ਼ੁਰ ਦੇ ਲਈ ਓਹਨਾਂ ਵਿੱਚ ਜਿਹੜੇ ਮੁਕਤੀ ਨੂੰ ਪ੍ਰਾਪਤ ਹੋ ਰਹੇ ਹਨ ਅਤੇ ਓਹਨਾਂ ਵਿੱਚ ਜਿਹੜੇ ਨਾਸ ਹੋ ਰਹੇ ਹਨ ਮਸੀਹ ਦੀ ਸੁਗੰਧੀ ਹਾਂ।
16ਏਹਨਾਂ ਨੂੰ ਮੌਤ ਲਈ ਮੌਤ ਦੀ ਬੋ ਪਰ ਓਹਨਾਂ ਨੂੰ ਜੀਵਨ ਲਈ ਜੀਵਨ ਦੀ ਬੋ ਹਾਂ ਅਤੇ ਇਨ੍ਹਾਂ ਗੱਲਾਂ ਜੋਗਾ ਕੌਣ ਹੈ ?
17ਅਸੀਂ ਤਾਂ ਬਾਹਲਿਆਂ ਦੀ ਨਿਆਈਂ ਪਰਮੇਸ਼ੁਰ ਦੀ ਬਾਣੀ ਵਿੱਚ ਮਿਲਾਉਟ ਨਹੀਂ ਕਰਦੇ ਪਰ ਨਿਸ਼ਕਪਟਤਾ ਨਾਲ ਪਰਮੇਸ਼ੁਰ ਦੀ ਵੱਲੋਂ ਪਰਮੇਸ਼ੁਰ ਦੇ ਅੱਗੇ ਮਸੀਹ ਵਿੱਚ ਹੋ ਕੇ ਬੋਲਦੇ ਹਾਂ।