Loading Bible Translation
First-time download in progress. This may take a few seconds…
Punjabi Bible Wordproject Bible
21 verses
1ਮੈਨੂੰ ਤਾਂ ਅਭਮਾਨ ਕਰਨਾ ਹੀ ਹੈ ਭਾਵੇਂ ਮੇਰੇ ਲਈ ਲਾਭਵੰਤ ਨਹੀਂ ਪਰ ਮੈਂ ਹੁਣ ਪ੍ਰਭੁ ਦੇ ਦਰਸ਼ਣਾਂ ਅਤੇ ਪਰਕਾਸ਼ ਬਾਣੀਆਂ ਦੇ ਵਰਨਣ ਉੱਤੇ ਆਇਆ ਹਾਂ।
2ਮੈਂ ਮਸੀਹ ਵਿੱਚ ਇੱਕ ਮਨੁੱਖ ਨੂੰ ਜਾਣਦਾ ਹਾਂ ਜਿਹੜਾ ਚੌਦਾਂ ਵਰਹੇ ਬੀਤੇ ਕੀ ਸਰੀਰ ਸਹਿਤ ਮੈਂ ਨਹੀਂ ਜਾਣਦਾ, ਕੀ ਸਰੀਰ ਰਹਿਤ ਮੈਂ ਨਹੀਂ ਜਾਣਦਾ,- ਪਰਮੇਸ਼ੁਰ ਜਾਣੇ ! ਅਜਿਹਾ ਮਨੁੱਖ ਤੀਜੇ ਅਕਾਸ਼ ਉੱਤੇ ਅਚਾਣਕ ਖਿੱਚਿਆ ਗਿਆ।
3ਅਤੇ ਮੈਂ ਅਜਿਹੇ ਮਨੁੱਖ ਨੂੰ ਜਾਣਦਾ ਹਾਂ ਭਈ ਉਹ ਕੀ ਸਰੀਰ ਦੇ ਨਾਲ, ਕੀ ਸਰੀਰ ਤੋਂ ਵੱਖਰਾ ਮੈਂ ਨਹੀਂ ਜਾਣਦਾ,-ਪਰਮੇਸ਼ੁਰ ਜਾਣੇ !
4ਫ਼ਿਰਦੌਸ ਉੱਤੇ ਅਚਾਣਕ ਖਿੱਚਿਆ ਗਿਆ ਅਤੇ ਉਹ ਨੇ ਓਹ ਗੱਲਾਂ ਸੁਣੀਆਂ ਜੋ ਆਖਣ ਦੀਆਂ ਨਹੀਂ ਅਤੇ ਜਿਨ੍ਹਾਂ ਦਾ ਬੋਲਣਾ ਮਨੁੱਖ ਨੂੰ ਜੋਗ ਨਹੀਂ।
5ਅਜਿਹੇ ਮਨੁੱਖ ਉੱਤੇ ਮੈਂ ਅਭਮਾਨ ਕਰਾਂਗਾ ਪਰ ਮੈਂ ਆਪਣੇ ਉੱਤੇ ਆਪਣੀਆਂ ਨਿਰਬਲਤਾਈਆਂ ਬਾਝੋਂ ਅਭਮਾਨ ਨਹੀਂ ਕਰਾਂਗਾ।
6ਕਿਉਂਕਿ ਜੇ ਮੈਂ ਅਭਮਾਨ ਕਰਨਾ ਚਾਹਾਂ ਤਾਂ ਵੀ ਮੂਰਖ ਨਾ ਬਣਾਂਗਾ ਇਸ ਲਈ ਜੋ ਮੈਂ ਸੱਚ ਬੋਲਾਂਗਾ। ਪਰ ਮੈਂ ਆਪਣੇ ਆਪ ਨੂੰ ਰੋਕ ਰੱਖਦਾ ਹਾਂ ਅਜਿਹਾ ਨਾ ਹੋਵੇ ਭਈ ਕੋਈ ਮੈਨੂੰ ਉਸ ਤੋਂ ਵਧੀਕ ਨਾ ਸਮਝ ਲਵੇ ਜੋ ਮੈਨੂੰ ਵੇਖਦਾ ਯਾ ਮੇਰੇ ਕੋਲੋਂ ਸੁਣਦਾ ਹੈ।
7ਅਤੇ ਇਸ ਲਈ ਜੋ ਮੈਂ ਪਰਕਾਸ਼ ਬਾਣੀਆਂ ਦੀ ਬਹੁਤਾਇਤ ਦੇ ਕਾਰਨ ਹੱਦੋਂ ਬਾਹਰ ਫੁੱਲ ਨਾ ਜਾਵਾਂ ਮੇਰੇ ਸਰੀਰ ਵਿੱਚ ਇੱਕ ਕੰਡਾ ਚੋਭਿਆ ਗਿਆ ਅਰਥਾਤ ਸ਼ਤਾਨ ਦਾ ਘੱਲਿਆ ਹੋਇਆ ਭਈ ਉਹ ਮੈਨੂੰ ਹੂਰੇ ਮਾਰੇ ਤਾਂ ਜੋ ਮੈਂ ਹੱਦੋਂ ਬਾਹਰ ਫੁੱਲ ਨਾ ਜਾਵਾਂ।
8ਇਹ ਦੇ ਲਈ ਮੈਂ ਪ੍ਰਭੁ ਦੇ ਅੱਗੇ ਤਿੰਨ ਵਾਰ ਬੇਨਤੀ ਕੀਤੀ ਭਈ ਇਹ ਮੈਥੋਂ ਦੂਰ ਹੋ ਜਾਵੇ।
9ਅਤੇ ਉਸ ਨੇ ਮੈਨੂੰ ਆਖਿਆ ਭਈ ਮੇਰੀ ਕਿਰਪਾ ਹੀ ਤੇਰੇ ਲਈ ਬਥੇਰੀ ਹੈ ਕਿਉਂ ਜੋ ਮੇਰੀ ਸਮਰੱਥਾ ਨਿਰਬਲਤਾਈ ਵਿੱਚ ਪੂਰੀ ਹੁੰਦੀ ਹੈ। ਇਸ ਲਈ ਮੈਂ ਆਪਣੀਆਂ ਨਿਰਬਲਤਾਈਆਂ ਉੱਤੇ ਅੱਤ ਅਨੰਦ ਨਾਲ ਅਭਮਾਨ ਕਰਾਂਗਾ ਤਾਂ ਜੋ ਮਸੀਹ ਦੀ ਸਮਰੱਥਾ ਮੇਰੇ ਉੱਤੇ ਸਾਯਾ ਕਰੇ।
10ਇਸ ਕਾਰਨ ਮੈਂ ਮਸੀਹ ਦੇ ਲਈ ਨਿਰਬਲਤਾਈਆਂ ਉੱਤੇ, ਮਿਹਣਿਆਂ ਉੱਤੇ, ਤੰਗੀਆਂ ਉੱਤੇ, ਸਤਾਏ ਜਾਣ ਉੱਤੇ, ਸੰਕਟਾਂ ਉੱਤੇ, ਪਰਸੰਨ ਹਾਂ ਕਿਉਂਕਿ ਜਦੋਂ ਮੈਂ ਨਿਰਬਲ ਹੁੰਦਾ ਹਾਂ ਤਦੋਂ ਹੀ ਸਮਰਥੀ ਹੁੰਦਾ ਹਾਂ।
11ਮੈਂ ਨਦਾਨ ਬਣਿਆ ਹਾਂ ਪਰ ਤੁਸਾਂ ਹੀ ਮੈਨੂੰ ਮਜਬੂਰ ਕੀਤਾ ਕਿਉਂਕਿ ਚਾਹੀਦਾ ਸੀ ਭਈ ਤੁਸੀਂ ਮੇਰੀ ਨੇਕ ਨਾਮੀ ਕਰਦੇ ਇਸ ਲਈ ਜੋ ਮੈਂ ਭਾਵੇਂ ਕੁਝ ਨਹੀਂ ਤਾਂ ਵੀ ਓਹਨਾਂ ਮਹਾਨ ਰਸੂਲਾਂ ਤੋਂ ਕੁਝ ਘੱਟ ਨਹੀਂ ਸਾਂ।
12ਰਸੂਲਾਂ ਦੇ ਨਿਸ਼ਾਨ ਪੂਰੀ ਧੀਰਜ ਨਾਲ ਨਿਸ਼ਾਨੀਆਂ, ਅਚੰਭਿਆਂ ਅਤੇ ਕਰਾਮਾਤਾਂ ਤੋਂ ਤੁਹਾਡੇ ਵਿੱਚ ਠੀਕ ਵਿਖਾਏ ਗਏ।
13ਕਿਉਂ ਜੋ ਉਹ ਕਿਹੜੀ ਗੱਲ ਹੈ ਜਿਹ ਦੇ ਵਿੱਚ ਤੁਸੀਂ ਹੋਰਨਾਂ ਕਲੀਸਿਯਾਂ ਨਾਲੋਂ ਘੱਟ ਸਾਓ ਬਿਨਾ ਇਸ ਦੇ ਭਈ ਮੈਂ ਆਪ ਤੁਹਾਡੇ ਉੱਤੇ ਭਾਰੂ ਨਾ ਹੋਇਆ। ਤੁਸੀਂ ਮੇਰਾ ਇਹ ਕੁਨਿਆਉਂ ਮਾਫ਼ ਕਰੋ !
14ਵੇਖੋ, ਇਹ ਤੀਜੀ ਵਾਰ ਮੈਂ ਤੁਹਾਡੇ ਕੋਲ ਆਉਣ ਨੂੰ ਤਿਆਰ ਹਾਂ ਅਤੇ ਤੁਹਾਡੇ ਉੱਤੇ ਭਾਰੂ ਨਾ ਹੋਵਾਂਗਾ ਕਿਉਂ ਜੋ ਮੈਂ ਤੁਹਾਡਾ ਮਾਲ ਨਹੀਂ ਸਗੋਂ ਤੁਹਾਨੂੰ ਹੀ ਚਾਹੁੰਦਾ ਹਾਂ। ਬਾਲ ਬੱਚਿਆਂ ਨੂੰ ਮਾਪਿਆਂ ਲਈ ਨਹੀਂ ਸਗੋਂ ਮਾਪਿਆਂ ਨੂੰ ਬਾਲ ਬੱਚਿਆਂ ਲਈ ਜੋੜਨਾ ਚਾਹੀਦਾ ਹੈ।
15ਸੋ ਮੈਂ ਤੁਹਾਡੀਆਂ ਜਾਨਾਂ ਲਈ ਬਹੁਤ ਅਨੰਦ ਨਾਲ ਖਰਚ ਕਰਾਂਗਾ ਅਤੇ ਆਪ ਹੀ ਖਰਚ ਹੋ ਜਾਵਾਂਗਾ। ਜੇ ਮੈਂ ਤੁਹਾਡੇ ਨਾਲ ਵੱਧ ਪਿਆਰ ਕਰਦਾ ਹਾਂ ਤਾਂ ਭਲਾ, ਤੁਸੀਂ ਮੇਰੇ ਨਾਲ ਘੱਟ ਪਿਆਰ ਕਰੋਗੇ ?
16ਭਲਾ, ਐਉਂ ਹੀ ਸਹੀ-ਮੈਂ ਆਪੇ ਤੁਹਾਡੇ ਉੱਤੇ ਭਾਰੂ ਤਾਂ ਨਾ ਹੋਇਆ ਪਰ ਚਤਰ ਹੋ ਕੇ ਮੈਂ ਤੁਹਾਨੂੰ ਛਲ ਨਾਲ ਫੜਿਆ !
17ਜਿਨ੍ਹਾਂ ਨੂੰ ਮੈਂ ਤੁਹਾਡੇ ਕੋਲ ਘੱਲਿਆ, ਕੀ ਉਨ੍ਹਾਂ ਵਿੱਚੋਂ ਕਿਸੇ ਦੇ ਰਾਹੀਂ ਮੈਂ ਤੁਹਾਥੋਂ ਕੋਈ ਲਾਹਾ ਕੱਢ ਲਿਆ ?
18ਮੈਂ ਤੀਤੁਸ ਦੇ ਅੱਗੇ ਬੇਨਤੀ ਕੀਤੀ ਅਤੇ ਉਹ ਦੇ ਨਾਲ ਉਸ ਭਰਾ ਨੂੰ ਘੱਲਿਆ। ਕੀ ਤੀਤੁਸ ਨੇ ਤੁਹਾਥੋਂ ਕੋਈ ਲਾਹਾ ਕੱਢਿਆ ? ਭਲਾ, ਅਸੀਂ ਇੱਕੋ ਆਤਮਾ ਤੋਂ, ਇੱਕੋ ਲੀਹ ਉੱਤੇ ਨਹੀਂ ਚੱਲੇ ?
19ਭਲਾ, ਤੁਸੀ ਅਜੇ ਤੀਕ ਸਮਝਦੇ ਹੋ ਜੋ ਅਸੀਂ ਤੁਹਾਡੇ ਅੱਗੇ ਉਜ਼ਰ ਕਰਦੇ ਹਾਂ ? ਅਸੀਂ ਪਰਮੇਸ਼ੁਰ ਦੇ ਅੱਗੇ ਮਸੀਹ ਵਿੱਚ ਹੋ ਕੇ ਬੋਲਦੇ ਹਾਂ। ਪਰ ਹੇ ਪਿਆਰਿਓ, ਏਹ ਸਾਰੀਆਂ ਗੱਲਾਂ ਤੁਹਾਡੇ ਹੀ ਸੁਧਾਰ ਲਈ ਹਨ।
20ਕਿਉਂ ਜੋ ਮੈਂ ਡਰਦਾ ਹਾਂ ਭਈ ਕਿਤੇ ਐਉਂ ਨਾ ਹੋਵੇ ਜੋ ਮੈਂ ਆਣ ਕੇ ਜਿਹੋ ਜਿਹੇ ਤੁਹਾਨੂੰ ਚਾਹੁੰਦਾ ਹਾਂ ਓਹੋ ਜਿਹੇ ਨਾ ਪਾਵਾਂ ਅਤੇ ਤੁਸੀਂ ਮੈਨੂੰ ਵੀ ਉਹੋ ਜਿਹਾ ਪਾਓ ਜਿਹੋ ਜਿਹਾ ਨਹੀਂ ਚਾਹੁੰਦੇ ਹੋ ਮਤੇ ਝਗੜਾ, ਈਰਖਾ, ਕ੍ਰੋਧ, ਧੜੇਬਾਜ਼ੀਆਂ, ਚੁਗਲੀਆਂ, ਘੋਰਮਸੋਰੇ, ਆਕੜਾਂ ਅਤੇ ਘਮਸਾਣ ਹੋਣ।
21ਅਰ ਅਜਿਹਾ ਨਾ ਹੋਵੇ ਭਈ ਜਾਂ ਮੈਂ ਫੇਰ ਆਵਾਂ ਤਾਂ ਮੇਰਾ ਪਰਮੇਸ਼ੁਰ ਮੈਨੂੰ ਤੁਹਾਡੇ ਅੱਗੇ ਹੌਲਿਆਂ ਪਾਵੇ ਅਤੇ ਮੈਂ ਓਹਨਾਂ ਵਿੱਚੋਂ ਬਾਹਲਿਆਂ ਦੇ ਲਈ ਸੋਗ ਕਰਾਂ ਜਿਨ੍ਹਾਂ ਨੇ ਅੱਗੇ ਪਾਪ ਕੀਤਾ ਹੈ ਅਤੇ ਮੁੜ ਆਪਣੇ ਗੰਦ ਮੰਦ ਅਤੇ ਹਰਾਮਕਾਰੀ ਅਤੇ ਲੁੱਚਪੁਣੇ ਤੋਂ ਤੋਬਾ ਨਾ ਕੀਤੀ ਹੋਵੇ।