Loading Bible Translation
First-time download in progress. This may take a few seconds…
Punjabi Bible Wordproject Bible
29 verses
1ਲਿਖਤੁਮ ਪੌਲੁਸ ਜੋ ਪਰਮੇਸ਼ੁਰ ਦੀ ਇੱਛਿਆ ਤੋਂ ਮਸੀਹ ਯਿਸੂ ਦਾ ਰਸੂਲ ਹਾਂ, ਨਾਲੇ ਸਾਡਾ ਭਰਾ ਤਿਮੋਥਿਉਸ।
2ਅੱਗੇ ਜੋਗ ਉਨ੍ਹਾਂ ਸੰਤਾਂ ਨੂੰ ਜਿਹੜੇ ਕੁਲੁੱਸੈ ਦੇ ਵਾਸੀ ਅਤੇ ਮਸੀਹ ਵਿੱਚ ਨਿਹਚਾਵਾਨ ਭਾਈ ਹਨ ਸਾਡੇ ਪਿਤਾ ਪਰਮੇਸ਼ੁਰ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਹੁੰਦੀ ਰਹੇ।
3ਅਸੀਂ ਪਰਮੇਸ਼ੁਰ ਦਾ ਜੋ ਸਾਡੇ ਪ੍ਰਭੁ ਯਿਸੂ ਮਸੀਹ ਦਾ ਪਿਤਾ ਹੈ ਧੰਨਵਾਦ ਕਰਦੇ ਅਤੇ ਨਿੱਤ ਤੁਹਾਡੇ ਲਈ ਪ੍ਰਾਰਥਨਾ ਕਰਦੇ ਹਾਂ।
4ਜਦੋਂ ਅਸੀਂ ਤੁਹਾਡੀ ਨਿਹਚਾ ਦੀ ਜਿਹੜੀ ਮਸੀਹ ਯਿਸੂ ਉੱਤੇ ਹੈ ਅਤੇ ਉਸ ਪ੍ਰੇਮ ਦੀ ਜੋ ਤੁਸੀਂ ਸਭਨਾਂ ਸੰਤਾਂ ਨਾਲ ਕਰਦੇ ਹੋ ਖਬਰ ਸੁਣੀ।
5ਏਹ ਉਸ ਆਸ ਦੇ ਕਾਰਨ ਹੈ ਜੋ ਤੁਹਾਡੇ ਲਈ ਸੁਰਗਾਂ ਵਿੱਚ ਰੱਖੀ ਹੋਈ ਹੈ ਜਿਹਦੀ ਖਬਰ ਤੁਸਾਂ ਖੁਸ਼ ਖਬਰੀ ਦੀ ਸਚਿਆਈ ਦੇ ਬਚਨ ਵਿੱਚ ਅੱਗੋਂ ਸੁਣੀ।
6ਅਤੇ ਉਹ ਤੁਹਾਡੇ ਕੋਲ ਆ ਪੁੱਜੀ ਅਤੇ ਜਿਵੇਂ ਉਹ ਸਾਰੇ ਸੰਸਾਰ ਵਿੱਚ ਭੀ ਫਲਦੀ ਅਰ ਵਧਦੀ ਹੈ ਤਿਵੇਂ ਉਸ ਦਿਨ ਤੋਂ ਜਾਂ ਤੁਸਾਂ ਉਸ ਨੂੰ ਸੁਣਿਆ ਅਤੇ ਪਰਮੇਸ਼ੁਰ ਦੀ ਕਿਰਪਾ ਨੂੰ ਸਚਿਆਈ ਨਾਲ ਪਛਾਣਿਆ ਤੁਹਾਡੇ ਵਿੱਚ ਭੀ ਫਲਦੀ ਅਤੇ ਵਧਦੀ ਹੈ।
7ਜਿਵੇਂ ਤੁਸਾਂ ਸਾਡੇ ਪਿਆਰੇ ਨਾਲ ਦੇ ਕੰਮ ਕਰਨ ਵਾਲੇ ਇਪਫ੍ਰਾਸ ਤੋਂ ਸਿੱਖਿਆ ਜਿਹੜਾ ਸਾਡੇ ਲਈ ਮਸੀਹ ਦਾ ਮਾਤਬਰ ਸੇਵਕ ਹੈ।
8ਜਿਹ ਨੇ ਤੁਹਾਡਾ ਉਹ ਪ੍ਰੇਮ ਵੀ ਜੋ ਆਤਮਾ ਤੋਂ ਹੈ ਸਾਨੂੰ ਦੱਸਿਆ।
9ਇਸ ਕਰਕੇ ਅਸੀਂ ਵੀ ਜਿਸ ਦਿਨ ਤੋਂ ਇਹ ਸੁਣਿਆ ਤੁਹਾਡੇ ਲਈ ਇਹ ਪ੍ਰਾਰਥਨਾ ਅਤੇ ਅਰਦਾਸ ਕਰਨ ਤੋਂ ਨਹੀਂ ਹਟਦੇ ਭਈ ਤੁਸੀਂ ਹਰ ਪ੍ਰਕਾਰ ਦੇ ਆਤਮਕ ਗਿਆਨ ਅਤੇ ਸਮਝ ਨਾਲ ਉਹ ਦੀ ਇੱਛਿਆ ਦੀ ਪਛਾਣ ਤੋਂ ਭਰਪੂਰ ਹੋ ਜਾਓ।
10ਤਾਂ ਜੋ ਤੁਸੀਂ ਅਜਿਹੀ ਜੋਗ ਚਾਲ ਚੱਲੋ ਜਿਹੜੀ ਪ੍ਰਭੁ ਨੂੰ ਹਰ ਤਰਾਂ ਨਾਲ ਭਾਵੇ ਅਤੇ ਹਰੇਕ ਸ਼ੁਭ ਕਰਮ ਵਿੱਚ ਫਲਦੇ ਰਹੋ ਅਤੇ ਪਰਮੇਸ਼ੁਰ ਦੀ ਪਛਾਣ ਵਿੱਚ ਵੱਧਦੇ ਰਹੋ।
11ਅਤੇ ਉਸ ਦੀ ਮਹਿਮਾ ਦੀ ਸ਼ਕਤੀ ਦੇ ਅਨੁਸਾਰ ਸਾਰੀ ਸਮਰੱਥਾ ਨਾਲ ਸਮਰਥ ਹੋ ਜਾਵੋ ਤਾਂ ਜੋ ਤੁਸੀਂ ਅਨੰਦ ਨਾਲ ਪੂਰਾ ਸਹਾਰਾ ਅਤੇ ਧੀਰਜ ਕਰੋ।
12ਅਤੇ ਪਿਤਾ ਦਾ ਧੰਨਵਾਦ ਕਰਦੇ ਰਹੋ ਜਿਨ ਸਾਨੂੰ ਇਸ ਜੋਗ ਬਣਾਇਆ ਭਈ ਚਾਨਣ ਵਿੱਚ ਸੰਤਾਂ ਦੇ ਵਿਰਸੇ ਦੇ ਪੱਤੀਦਾਰ ਹੋਈਏ।
13ਅਤੇ ਸਾਨੂੰ ਅੰਧਕਾਰ ਦੇ ਵੱਸ ਵਿੱਚੋਂ ਛੁਡਾ ਕੇ ਆਪਣੇ ਪਿਆਰੇ ਪੁੱਤ੍ਰ ਦੇ ਰਾਜ ਵਿੱਚ ਪੁਚਾ ਦਿੱਤਾ।
14ਉਸ ਦੇ ਵਿੱਚ ਸਾਨੂੰ ਨਿਸਤਾਰਾ ਅਰਥਾਤ ਪਾਪਾਂ ਦੀ ਮਾਫ਼ੀ ਮਿਲਦੀ ਹੈ।
15ਉਹ ਅਲੱਖ ਪਰਮੇਸ਼ੁਰ ਦਾ ਰੂਪ ਅਤੇ ਸਾਰੀ ਸਰਿਸ਼ਟ ਵਿੱਚੋਂ ਜੇਠਾ ਹੈ।
16ਕਿਉਂ ਜੋ ਅਕਾਸ਼ ਅਤੇ ਧਰਤੀ ਉਤਲੀਆਂ ਸਾਰੀਆਂ ਵਸਤਾਂ ਉਸੇ ਤੋਂ ਉਤਪਤ ਹੋਈਆਂ, ਨਾਲੇ ਦਿੱਸਣ ਵਾਲੀਆਂ, ਨਾਲੇ ਨਾ ਦਿੱਸਣ ਵਾਲੀਆਂ, ਕੀ ਸਿੰਘਾਸਣ, ਕੀ ਰਿਆਸਤਾਂ, ਕੀ ਹਕੂਮਤਾਂ, ਕੀ ਇਖਤਿਆਰ, ਸੱਭੋ ਕੁਝ ਉਸ ਦੇ ਰਾਹੀਂ ਅਤੇ ਉਸੇ ਦੇ ਲਈ ਉਤਪਤ ਹੋਇਆ ਹੈ।
17ਅਤੇ ਉਹ ਸਭ ਤੋਂ ਪਹਿਲਾਂ ਹੈ ਅਰ ਸੱਭੋ ਕੁਝ ਉਸੇ ਵਿੱਚ ਕਾਇਮ ਰਹਿੰਦਾ ਹੈ।
18ਅਤੇ ਉਹ ਦੇਹੀ ਦਾ ਅਰਥਾਤ ਕਲੀਸਿਯਾ ਦਾ ਸਿਰ ਹੈ, ਉਹੋ ਆਦ ਹੈ ਅਤੇ ਮੁਰਦਿਆਂ ਵਿੱਚੋਂ ਜੇਠਾ ਹੈ ਭਈ ਉਹ ਸਭਨਾਂ ਗੱਲਾਂ ਵਿੱਚ ਪਰਧਾਨ ਹੋਵੇ।
19ਕਿਉਂ ਜੋ ਪਿਤਾ ਨੂੰ ਇਹ ਭਾਇਆ ਜੋ ਸਾਰੀ ਸੰਪੂਰਨਤਾਈ ਉਸ ਵਿੱਚ ਵੱਸੇ।
20ਅਤੇ ਉਸ ਦੀ ਸਲੀਬ ਦੇ ਲਹੂ ਦੇ ਵਸੀਲੇ ਮੇਲ ਕਰਾ ਕੇ ਧਰਤੀ ਉਤਲੀਆਂ ਅਤੇ ਅਕਾਸ਼ ਉਤਲੀਆਂ ਸਾਰੀਆਂ ਵਸਤਾਂ ਨੂੰ ਉਹ ਦੇ ਰਾਹੀਂ, ਹਾਂ ਉਸੇ ਦੇ ਰਾਹੀਂ ਆਪਣੇ ਨਾਲ ਮਿਲਾਵੇ।
21ਅਤੇ ਤੁਹਾਨੂੰ ਜਿਹੜੇ ਅੱਗੇ ਅੱਡ ਹੋਏ ਹੋਏ ਅਤੇ ਆਪਣੇ ਕੁਕਰਮਾਂ ਦੇ ਕਾਰਨ ਮਨੋਂ ਵੈਰੀ ਸਾਓ।
22ਉਸ ਨੇ ਹੁਣ ਉਹ ਦੀ ਮਾਸ ਦੀ ਕਾਇਆਂ ਨਾਲ ਮੌਤ ਦੇ ਵਸੀਲੇ ਮਿਲਾ ਲਿਆ ਤਾਂ ਜੋ ਉਹ ਤੁਹਾਨੂੰ ਪਵਿੱਤਰ, ਨਿਰਦੋਸ਼, ਅਤੇ ਬੇਇਲਜ਼ਾਮ ਆਪਣੇ ਸਨਮੁਖ ਖੜਾ ਕਰੇ।
23ਪਰ ਤਦ ਜੇ ਤੁਸੀਂ ਨਿਹਚਾ ਦੀ ਨੀਂਹ ਉੱਤੇ ਕਾਇਮ ਤੇ ਪੱਕੇ ਬਣੇ ਰਹੋ ਅਤੇ ਉਸ ਖੁਸ਼ ਖਬਰੀ ਦੀ ਆਸ ਤੋਂ ਨਾ ਹਟਾਏ ਜਾਓ ਜਿਹੜੀ ਤੁਸਾਂ ਸੁਣੀ ਸੀ ਜਿਹ ਦਾ ਪਰਚਾਰ ਅਕਾਸ਼ ਹੇਠਲੀ ਸਾਰੀ ਸ਼ਰਿਸ਼ਟ ਵਿੱਚ ਕੀਤਾ ਗਿਆ ਜਿਹ ਦਾ ਸੇਵਕ ਮੈਂ ਪੌਲੁਸ ਹਾਂ।
24ਹੁਣ ਮੈਂ ਆਪਣਿਆਂ ਉਨ੍ਹਾਂ ਦੁਖਾਂ ਵਿੱਚ ਜੋ ਤੁਹਾਡੇ ਲਈ ਝੱਲਦਾ ਹਾਂ ਅਨੰਦ ਹਾਂ ਅਤੇ ਮਸੀਹ ਦੀਆਂ ਬਿਪਤਾਂ ਦਾ ਘਾਟਾ ਮੈਂ ਉਹ ਦੀ ਦੇਹੀ ਅਰਥਾਤ ਕਲੀਸਿਯਾ ਦੇ ਲਈ ਆਪਣੇ ਸਰੀਰ ਵਿੱਚ ਪੂਰਾ ਕਰਦਾ ਹਾਂ।
25ਮੈਂ ਉਸ ਕਲੀਸਿਯਾ ਦਾ ਸੇਵਕ ਹੋਇਆ ਉਸ ਮੁਖ਼ਤਿਆਰੀ ਮੂਜਬ ਜੋ ਮੈਨੂੰ ਪਰਮੇਸ਼ੁਰ ਦੀ ਵੱਲੋਂ ਤੁਹਾਡੇ ਲਈ ਦਿੱਤੀ ਹੋਈ ਹੈ ਭਈ ਮੈਂ ਪਰਮੇਸ਼ੁਰ ਦੇ ਬਚਨ ਦੀ ਪੂਰੀ ਕਥਾ ਕਰਾਂ।
26ਅਰਥਾਤ ਉਸ ਭੇਤ ਦੀ ਜਿਹੜਾ ਸਾਰਿਆਂ ਜੁੱਗਾਂ ਅਤੇ ਪੀੜ੍ਹੀਆਂ ਤੋਂ ਗੁਪਤ ਰਿਹਾ ਪਰ ਹੁਣ ਉਹ ਦੇ ਸੰਤਾਂ ਉੱਤੇ ਪਰਗਟ ਹੋਇਆ।
27ਜਿਨ੍ਹਾਂ ਨੂੰ ਪਰਮੇਸ਼ੁਰ ਨੇ ਮਹਿਰਮ ਕਰਨਾ ਚਾਹਿਆ ਭਈ ਪਰਾਈਆਂ ਕੌਮਾਂ ਵਿੱਚ ਇਸ ਭੇਤ ਦੇ ਧਨ ਦਾ ਪਰਤਾਪ ਕੀ ਹੈ, ਸੋ ਏਹ ਮਸੀਹ ਤੁਹਾਡੇ ਵਿੱਚ ਪਰਤਾਪ ਦੀ ਆਸ ਹੈ।
28ਜਿਹ ਦੀ ਅਸੀਂ ਖਬਰ ਦਿੰਦੇ ਹਾਂ ਅਤੇ ਹਰੇਕ ਮਨੁੱਖ ਨੂੰ ਚਿਤਾਰਦੇ ਅਤੇ ਹਰੇਕ ਮਨੁੱਖ ਨੂੰ ਪੂਰੇ ਗਿਆਨ ਨਾਲ ਉਪਦੇਸ਼ ਦਿੰਦੇ ਹਾਂ ਭਈ ਅਸੀਂ ਹਰੇਕ ਮਨੁੱਖ ਨੂੰ ਮਸੀਹ ਵਿੱਚ ਸਿੱਧ ਕਰ ਕੇ ਪੇਸ਼ ਕਰੀਏ।
29ਅਤੇ ਇਸੇ ਗੱਲੇ ਮੈਂ ਉਹ ਦੀ ਕਰਨੀ ਦੇ ਅਨੁਸਾਰ ਜੋ ਮੇਰੇ ਵਿੱਚ ਸਮਰੱਥਾ ਨਾਲ ਪੋਹੰਦਾ ਹੈ ਵੱਡੇ ਜਤਨ ਨਾਲ ਮਿਹਨਤ ਕਰਦਾ ਹਾਂ।