Loading Bible Translation
First-time download in progress. This may take a few seconds…
Punjabi Bible Wordproject Bible
23 verses
1ਸੋ ਹੇ ਮੇਰੇ ਪਿਆਰੇ ਭਰਾਵੋ, ਜਿਨ੍ਹਾਂ ਨੂੰ ਮੈਂ ਬਹੁਤ ਲੋਚਦਾ ਹਾਂ ਜੋ ਮੇਰਾ ਅਨੰਦ ਅਤੇ ਮੁਕਟ ਹੋ, ਤੁਸੀਂ ਏਸੇ ਤਰਾਂ, ਹੇ ਪਿਆਰਿਓ, ਪ੍ਰਭੁ ਵਿੱਚ ਦ੍ਰਿੜ੍ਹ ਰਹੋ।
2ਮੈਂ ਯੂਓਦੀਆ ਦੇ ਅੱਗੇ ਬੇਨਤੀ ਕਰਦਾ ਅਤੇ ਸੁੰਤੁਖੇ ਦੇ ਅੱਗੇ ਬੇਨਤੀ ਕਰਦਾ ਹਾਂ ਭਈ ਓਹ ਪ੍ਰਭੁ ਵਿੱਚ ਇੱਕ ਮਨ ਹੋਣ।
3ਹਾਂ, ਤੇਰੇ ਅੱਗੇ ਵੀ, ਹੇ ਸੱਚੇ ਸਾਥੀ, ਮੈਂ ਅਰਦਾਸ ਕਰਦਾ ਹਾਂ ਜੋ ਤੂੰ ਏਹਨਾਂ ਤੀਵੀਆਂ ਦੀ ਸਹਾਇਤਾ ਕਰ ਜਿਨ੍ਹਾਂ ਨੇ ਕਲੈਮੰਸ ਅਤੇ ਹੋਰਨਾਂ ਮੇਰੇ ਨਾਲ ਦੇ ਕੰਮ ਕਰਨ ਵਾਲਿਆਂ ਸਣੇ ਜਿਨ੍ਹਾਂ ਦੇ ਨਾਉਂ ਜੀਵਨ ਦੇ ਪੁਸਤਕ ਵਿੱਚ ਲਿਖੇ ਹੋਏ ਹਨ ਖੁਸ਼ ਖਬਰੀ ਦੀ ਸੇਵਾ ਵਿੱਚ ਮੇਰੇ ਨਾਲ ਜਤਨ ਕੀਤਾ ਸੀ।
4ਪ੍ਰਭੁ ਵਿੱਚ ਸਦਾ ਅਨੰਦ ਕਰੋ। ਫੇਰ ਕਹਿੰਦਾ ਹਾਂ, ਅਨੰਦ ਕਰੋ।
5ਤੁਹਾਡੀ ਖਿਮਾ ਸਭਨਾਂ ਮਨੁੱਖਾਂ ਉੱਤੇ ਪਰਗਟ ਹੋਵੇ। ਪ੍ਰਭੁ ਨੇੜੇ ਹੈ।
6ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ
7ਅਤੇ ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ।
8ਮੁਕਦੀ ਗੱਲ, ਹੇ ਭਰਾਵੋ, ਜਿਹੜੀਆਂ ਗੱਲਾਂ ਸੱਚੀਆਂ ਹਨ, ਜਿਹੜੀਆਂ ਆਦਰ ਜੋਗ ਹਨ, ਜਿਹੜੀਆਂ ਜਥਾਰਥ ਹਨ, ਜਿਹੜੀਆਂ ਸ਼ੁੱਧ ਹਨ, ਜਿਹੜੀਆਂ ਸੁਹਾਉਣੀਆਂ ਹਨ, ਜਿਹੜੀਆਂ ਨੇਕ ਨਾਮੀ ਦੀਆਂ ਹਨ, ਜੇ ਕੁਝ ਗੁਣ ਹੈ ਅਤੇ ਜੇ ਕੁਝ ਸੋਭਾ ਹੈ ਤਾਂ ਇਨ੍ਹਾਂ ਗੱਲਾਂ ਦੀ ਵਿਚਾਰ ਕਰੋ।
9ਜੋ ਕੁਝ ਤੁਸਾਂ ਸਿੱਖਿਆ ਅਤੇ ਮੰਨ ਲਿਆ ਅਤੇ ਸੁਣਿਆ ਅਤੇ ਮੇਰੇ ਵਿੱਚ ਡਿੱਠਾ ਓਹੀਓ ਕਰੋ ਤਾਂ ਸ਼ਾਂਤੀ ਦਾਤਾ ਪਰਮੇਸ਼ੁਰ ਤੁਹਾਡੇ ਅੰਗ ਸੰਗ ਹੋਵੇਗਾ।
10ਪਰ ਮੈਂ ਪ੍ਰਭੁ ਵਿੱਚ ਇਸ ਗੱਲ ਤੋਂ ਬਹੁਤ ਅਨੰਦ ਹਾਂ ਜੋ ਹੁਣ ਐਨੇ ਚਿਰ ਪਿੱਛੋਂ ਤੁਸਾਂ ਮੁੜ ਮੇਰੀ ਚਿੰਤਾ ਕੀਤੀ। ਤ ੁਸਾਂ ਤਾਂ ਅੱਗੇ ਵੀ ਮੇਰੇ ਲਈ ਚਿੰਤਾ ਕੀਤੀ ਸੀ ਪਰ ਵੇਲਾ ਹੱਥ ਨਾ ਲੱਗਾ।
11ਇਹ ਨਹੀਂ ਜੋ ਮੈਂ ਤੰਗੀ ਦੇ ਕਾਰਨ ਆਖਦਾ ਹਾਂ ਕਿਉਂ ਜੋ ਮੈਂ ਇਹ ਸਿੱਖ ਲਿਆ ਹੈ ਭਈ ਜਿਸ ਹਾਲ ਵਿੱਚ ਹੋਵਾਂ ਓਸੇ ਵਿੱਚ ਸੰਤੋਖ ਰੱਖਾਂ।
12ਮੈਂ ਘਟਣਾ ਜਾਣਦਾ ਹਾਂ, ਨਾਲੇ ਵਧਣਾ ਭੀ ਜਾਣਦਾ ਹਾਂ। ਹਰੇਕ ਗੱਲ ਵਿੱਚ, ਕੀ ਰੱਜਣਾ ਕੀ ਭੁੱਖਾ ਰਹਿਣਾ, ਕੀ ਵਧਣਾ, ਕੀ ਥੁੜਣਾ, ਮੈਂ ਸਾਰੀਆਂ ਗੱਲਾਂ ਦਾ ਭੇਤ ਪਾਇਆ ਹੈ।
13ਉਹ ਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸੱਭੋ ਕੁਝ ਕਰ ਸੱਕਦਾ ਹਾਂ।
14ਤਾਂ ਵੀ ਤੁਸਾਂ ਭਲਾ ਕੀਤਾ ਜੋ ਏਸ ਬਿਪਤਾ ਵਿੱਚ ਮੇਰੇ ਸਾਂਝੀ ਹੋਏ।
15ਹੇ ਫ਼ਿਲਿੱਪੀਓ, ਤੁਸੀਂ ਆਪ ਵੀ ਜਾਣਦੇ ਹੋ ਭਈ ਜਾਂ ਮੈਂ ਖੁਸ਼ ਖਬਰੀ ਪਹਿਲਾਂ ਸੁਣਾਉਣ ਲੱਗਾ ਜਦ ਮੈਂ ਮਕਦੂਨਿਯਾ ਤੋਂ ਨਿੱਕਲ ਆਇਆ ਤਾਂ ਕਿਸੇ ਕਲੀਸਿਯਾ ਨੇ ਲੈਣ ਦੇਣ ਦੀ ਗੱਲ ਵਿੱਚ ਮੇਰਾ ਸਾਥ ਨਾ ਦਿੱਤਾ ਪਰ ਕੇਵਲ ਤੁਸਾਂ।
16ਕਿਉਂ ਜੋ ਥਸੱਲੁਨੀਕੇ ਵਿੱਚ ਭੀ ਤੁਸਾਂ ਮੇਰੀ ਲੋੜ ਪੂਰੀ ਕਰਨ ਲਈ ਇਕੇਰਾਂ ਨਹੀਂ ਸਗੋਂ ਕਈ ਵੇਰਾਂ ਕੁਝ ਘੱਲ ਦਿੱਤਾ।
17ਇਹ ਨਹੀਂ ਜੋ ਮੈਂ ਦਾਨ ਚਾਹੁੰਦਾ ਹਾਂ ਪਰ ਮੈਂ ਉਹ ਫਲ ਚਾਹੁੰਦਾ ਹਾਂ ਜੋ ਤੁਹਾਡੇ ਲੇਖੇ ਵਿੱਚ ਵਧਦਾ ਜਾਂਦਾ ਹੈ
18ਅਤੇ ਮੈਨੂੰ ਕੁਝ ਮਿਲ ਗਿਆ ਹੈ, ਸਗੋਂ ਵਾਧੂ ਹੈ। ਮੈਂ ਭਰਪੂਰ ਹਾਂ ਕਿਉਂ ਜੋ ਮੈਨੂੰ ਤੁਹਾਡੇ ਭੇਜੇ ਹੋਏ ਪਦਾਰਥ ਇਪਾਫ਼ਰੋਦੀਤੁਸ ਦੇ ਹੱਥੋਂ ਮਿਲੇ ਜੋ ਧੂਪ ਦੀ ਸੁਗੰਧ ਅਤੇ ਇਹੋ ਜਿਹਾ ਪਰਵਾਨ ਬਲੀਦਾਨ ਹੈ ਜੋ ਪਰਮੇਸ਼ੁਰ ਨੂੰ ਭਾਉਂਦਾ ਹੈ
19ਅਤੇ ਮੇਰਾ ਪਰਮੇਸ਼ਰ ਤੇਜ ਵਿੱਚ ਆਪਣੇ ਧਨ ਦੇ ਅਨੁਸਾਰ ਤੁਹਾਡੀ ਹਰੇਕ ਥੁੜ ਨੂੰ ਮਸੀਹ ਯਿਸੂ ਵਿੱਚ ਸੰਪੂਰਨ ਕਰੇਗਾ।
20ਹੁਣ ਸਾਡੇ ਪਰਮ���ਸ਼ੁਰ ਅਤੇ ਪਿਤਾ ਦੀ ਜੁੱਗੋ ਜੁਗ ਵਡਿਆਈ ਹੋਵੇ। ਆਮੀਨ।
21ਮਸੀਹ ਯਿਸੂ ਵਿੱਚ ਹਰੇਕ ਸੰਤ ਨੂੰ ਸੁਖ ਸਾਂਦ ਆਖਣਾ। ਮੇਰੇ ਨਾਲ ਜਿਹੜੇ ਭਾਈ ਹਨ ਤੁਹਾਨੂੰ ਸੁਖ ਸਾਂਦ ਆਖਦੇ ਹਨ।
22ਸਾਰੇ ਸੰਤ ਪਰ ਖ਼ਾਸ ਕਰਕੇ ਓਹ ਜੋ ਕੈਸਰ ਦੇ ਘਰ ਵਿੱਚੋਂ ਹਨ ਤੁਹਾਨੂੰ ਸੁਖ ਸਾਂਦ ਆਖਦੇ ਹਨ।
23ਪ੍ਰਭੁ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਆਤਮਾ ਉੱਤੇ ਹੁੰਦੀ ਰਹੇ।