Loading Bible Translation
First-time download in progress. This may take a few seconds…
Punjabi Bible Wordproject Bible
23 verses
1ਸੱਤਾਂ ਵਰਿਹਾਂ ਦੇ ਅੰਤ ਵਿੱਚ ਤੁਸੀਂ ਛੋਟ ਛੱਡੋ।
2ਛੋਟ ਦੀ ਰੀਤ ਏਹ ਹੈ, ਹਰ ਲੈਣਦਾਰ ਆਪਣਾ ਕਰਜ਼ ਜਿਹੜਾ ਉਸ ਆਪਣੇ ਗੁਆਂਢੀ ਨੂੰ ਕਰਜ਼ ਦਿੱਤਾ ਹੋਵੇ ਛੱਡ ਦੇਵੇ। ਉਹ ਆਪਣੇ ਗੁਆਂਢੀ ਤੋਂ ਅਤੇ ਆਪਣੇ ਭਰਾ ਤੋਂ ਨਾ ਉਗਰਾਹੇ ਕਿਉਂ ਜੋ ਯਹੋਵਾਹ ਦੀ ਛੋਟ ਦਾ ਢੰਡੋਰਾ ਫਿਰਾਇਆ ਗਿਆ ਹੈ।
3ਓਪਰੇ ਤੋਂ ਤੁਸੀਂ ਉਗਰਾਹ ਲਵੋ ਪਰ ਜੋ ਕੁਝ ਤੁਹਾਡਾ ਤੁਹਾਡੇ ਭਰਾ ਵੱਲ ਹੈ ਤੁਸੀਂ ਆਪਣੀਂ ਹੱਥੀਂ ਉਸ ਨੂੰ ਛੱਡ ਦਿਓ।
4ਤਦ ਤੁਹਾਡੇ ਵਿੱਚ ਕੋਈ ਕੰਗਾਲ ਨਾ ਰਹੇਗਾ ਕਿਉਂ ਜੋ ਯਹੋਵਾਹ ਤੁਹਾਨੂੰ ਉਸ ਧਰਤੀ ਵਿੱਚ ਬਰਕਤ ਦੇਵੇਗਾ ਜਿਹੜੀ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਕਬਜ਼ਾ ਕਰ ਕੇ ਮਿਲਖ ਲਈ ਦੇਣ ਵਾਲਾ ਹੈ।
5ਜੇ ਕੇਵਲ ਤੁਸੀਂ ਮਨ ਲਾ ਕੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਸੁਣੋ ਅਤੇ ਏਸ ਸਾਰੇ ਹੁਕਮਨਾਮੇ ਨੂੰ ਪੂਰਾ ਕਰਨ ਦੀ ਪਾਲਨਾ ਕਰੋ ਜਿਹੜਾ ਮੈਂ ਅੱਜ ਤੁਹਾਨੂੰ ਦਿੰਦਾ ਹਾਂ।
6ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਜਿਵੇਂ ਉਸ ਤੁਹਾਡੇ ਨਾਲ ਬਚਨ ਕੀਤਾ ਤੁਹਾਨੂੰ ਬਰਕਤ ਦੇਵੇਗਾ। ਤੁਸੀਂ ਬਹੁਤੀਆਂ ਕੌਮਾਂ ਨੂੰ ਕਰਜ਼ ਦਿਓਗੇ ਪਰ ਤੁਸੀਂ ਕਰਜ਼ ਨਾ ਲਓਗੇ। ਤੁਸੀਂ ਬਹੁਤੀਆਂ ਕੌਮਾਂ ਉੱਤੇ ਰਾਜ ਕਰੋਗੇ ਪਰ ਓਹ ਤੁਹਾਡੇ ਉੱਤੇ ਰਾਜ ਨਾ ਕਰਨਗੀਆਂ।
7ਜੇ ਤੁਹਾਡੇ ਕੋਲ ਤੁਹਾਡੇ ਭਰਾਵਾਂ ਵਿੱਚੋਂ ਕੋਈ ਤੁਹਾਡੇ ਕਿਸੇ ਫਾਟਕ ਦੇ ਅੰਦਰ ਤੁਹਾਡੀ ਉਸ ਧਰਤੀ ਵਿੱਚ ਜਿਹੜੀ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇਣ ਵਾਲਾ ਹੈ ਕੰਗਾਲ ਹੋਵੇ ਤਾਂ ਤੁਸੀਂ ਆਪਣਾ ਮਨ ਕਠੋਰ ਨਾ ਕਰੋ ਨਾ ਆਪਣਾ ਹੱਥ ਆਪਣੇ ਕੰਗਾਲ ਭਰਾ ਤੋਂ ਰੋਕੋ।
8ਪਰ ਤੁਸੀਂ ਆਪਣਾ ਹੱਥ ਉਸ ਲਈ ਜ਼ਰੂਰ ਖੁਲ੍ਹਾ ਰੱਖੋ ਅਤੇ ਉਸ ਨੂੰ ਉਸ ਦੀ ਲੋੜ ਦੇ ਅਨੁਸਾਰ ਜ਼ਰੂਰ ਚੋਖਾ ਉਧਾਰ ਦਿਓ।
9ਖਬਰਦਾਰ ਰਹੋ ਮਤੇ ਤੁਹਾਡੇ ਮਨ ਵਿੱਚ ਕੋਈ ਨਿਕੰਮੀ ਵਿਚਾਰ ਆ ਜਾਵੇ ਕਿ ਸੱਤਵਾਂ ਵਰ੍ਹਾ ਅਰਥਾਤ ਛੋਟ ਦਾ ਵਰ੍ਹਾ ਨੇੜੇ ਹੈ ਅਤੇ ਤੁਹਾਡੀ ਨਿਗਾਹ ਤੁਹਾਡੇ ਕੰਗਾਲ ਭਰਾ ਵੱਲ ਮੰਦੀ ਹੋ ਜਾਵੇ ਕਿ ਤੁਸੀਂ ਉਸ ਨੂੰ ਨਾ ਦਿਓ ਅਤੇ ਉਹ ਤੁਹਾਡੇ ਵਿਰੁੱਧ ਯਹੋਵਾਹ ਅੱਗੇ ਫ਼ਰਿਆਦ ਕਰੇ ਅਤੇ ਏਹ ਤੁਹਾਡੇ ਲਈ ਪਾਪ ਹੋ ਜਾਵੇ।
10ਤੁਸੀਂ ਉਸ ਨੂੰ ਜ਼ਰੂਰ ਦਿਓ ਅਤੇ ਏਹ ਤੁਹਾਡੇ ਮਨ ਨੂੰ ਬੁਰਾ ਨਾ ਲੱਗੇ ਜਦ ਤੁਸੀਂ ਉਸ ਨੂੰ ਦਿਓ ਕਿਉਂ ਜੋ ਏਸ ਗੱਲ ਦੇ ਕਾਰਨ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਤੁਹਾਡੇ ਸਾਰੇ ਕੰਮਾਂ ਵਿੱਚ ਜੋ ਤੁਹਾਡਾ ਹੱਥ ਸ਼ੁਰੂ ਕਰੇ ਬਰਕਤ ਦੇਵੇਗਾ।
11ਕੰਗਾਲ ਤਾਂ ਦੇਸ ਵਿੱਚੋਂ ਬੰਦ ਨਾ ਹੋਣਗੇ ਏਸ ਕਾਰਨ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਕਿ ਤੁਸੀਂ ਆਪਣੀ ਮੁੱਠ ਆਪਣੇ ਭਰਾ ਵੱਲ ਜਿਹੜਾ ਤੁਹਾਡੇ ਦੇਸ ਵਿੱਚ ਲੋੜਵੰਦ ਅਤੇ ਕੰਗਾਲ ਹੋਵੇ ਜ਼ਰੂਰ ਖੁਲ੍ਹੀ ਰੱਖੋ।
12ਜੇ ਤੁਹਾਡਾ ਇਬਰਾਨੀ ਭਰਾ ਅਥਵਾ ਕੋਈ ਇਬਰਾਨਣ ਤੁਹਾਡੇ ਕੋਲ ਵੇਚੀ ਜਾਵੇ ਅਤੇ ਉਹ ਤੁਹਾਡੀ ਛੇ ਵਰਹੇ ਸੇਵਾ ਕਰੇ ਤਾਂ ਸੱਤਵੇਂ ਵਰਹੇ ਤੁਸੀਂ ਉਸ ਨੂੰ ਆਪਣੀ ਵੱਲੋਂ ਅਜ਼ਾਦ ਕਰ ਦਿਓ।
13ਜਦ ਤੁਸੀਂ ਉਸ ਨੂੰ ਆਪਣੀ ਵੱਲੋਂ ਅਜ਼ਾਦ ਛੱਡ ਦਿਓ ਤਾਂ ਉਸ ਨੂੰ ਸੱਖਣਾ ਹੀ ਨਾ ਘੱਲੋ।
14ਆਪਣੇ ਇੱਜੜ, ਆਪਣੇ ਖਲਵਾੜੇ ਅਤੇ ਆਪਣੇ ਦਾਖ ਰਸ ਦੇ ਕੋਹਲੂ ਵਿੱਚੋਂ ਦਿਲ ਖੋਲ੍ਹ ਕੇ ਉਸ ਨੂੰ ਦਿਓ। ਜਿਵੇਂ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਬਰਕਤ ਦਿੱਤੀ ਹੈ ਤਿਵੇਂ ਤੁਸੀਂ ਉਸ ਨੂੰ ਦਿਓ।
15ਚੇਤੇ ਰੱਖੋ, ਤੁਸੀਂ ਮਿਸਰ ਦੇਸ ਵਿੱਚ ਗੁਲਾਮ ਸਾਓ ਅਤੇ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਛੁਟਕਾਰਾ ਦਿੱਤਾ, ਏਸ ਲਈ ਮੈਂ ਅੱਜ ਤੁਹਾਨੂੰ ਏਸ ਗੱਲ ਦਾ ਹੁਕਮ ਦਿੰਦਾ ਹਾਂ।
16ਤਾਂ ਐਉਂ ਹੋਵੇਗਾ ਕਿ ਜੇ ਉਹ ਤੁਹਾਨੂੰ ਆਖੇ ਕਿ ਮੈਂ ਤੁਹਾਡੇ ਕੋਲੋਂ ਨਹੀਂ ਜਾਵਾਂਗਾ ਕਿਉਂ ਜੋ ਉਹ ਤੁਹਾਡੇ ਨਾਲ ਅਤੇ ਤੁਹਾਡੇ ਘਰਾਣੇ ਨਾਲ ਏਸ ਲਈ ਪ੍ਰੇਮ ਕਰਦਾ ਹੈ ਕਿ ਤੁਹਾਡੇ ਸੰਗ ਉਸ ਦਾ ਭਲਾ ਹੈ।
17ਤਾਂ ਤੁਸੀਂ ਆਰ ਲੈ ਕੇ ਉਸ ਦੇ ਕੰਨ ਨੂੰ ਚੁਗਾਠ ਨਾਲ ਵਿੰਨ੍ਹ ਦਿਓ ਤਾਂ ਉਹ ਸਦਾ ਤੀਕ ਤੁਹਾਡਾ ਗੁਲਾਮ ਰਹੇਗਾ, ਨਾਲੇ ਤੁਸੀਂ ਆਪਣੀ ਗੋੱਲੀ ਨਾਲ ਵੀ ਏਵੇਂ ਹੀ ਕਰੋ।
18ਤੁਹਾਡੀ ਨਿਗਾਹ ਵਿੱਚ ਏਹ ਕੰਮ ਔਖਾ ਨਾ ਹੋਵੇ ਜਦ ਤੁਸੀਂ ਉਸ ਨੂੰ ਆਪਣੀ ਵੱਲੋਂ ਅਜ਼ਾਦ ਛੱਡੋ ਕਿਉਂ ਜੋ ਉਸ ਨੇ ਛੇਆਂ ਵਰਿਹਾਂ ਤੀਕ ਮਜ਼ਦੂਰ ਦੀ ਦੁਗਣੀ ਮਜ਼ਦੂਰੀ ਦੇ ਬਰਾਬਰ ਤੁਹਾਡੀ ਸੇਵਾ ਕੀਤੀ। ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਸਾਰੇ ਕੰਮਾਂ ਵਿੱਚ ਬਰਕਤ ਦੇਵੇਗਾ।
19ਤੁਸੀਂ ਚੌਣੇ ਅਤੇ ਇੱਜੜ ਦੇ ਜੰਮੇ ਹੋਏ ਸਾਰੇ ਪਲੋਠੇ ਨਰ ਯਹੋਵਾਹ ਆਪਣੇ ਪਰਮੇਸ਼ੁਰ ਲਈ ਪਵਿੱਤ੍ਰ ਰੱਖੋ ਅਤੇ ਆਪਣੇ ਬਲਦ ਦੇ ਕਿਸੇ ਪਲੋਠੇ ਤੋਂ ਕੋਈ ਕੰਮ ਨਾ ਲਓ, ਨਾ ਆਪਣੇ ਇੱਜੜ ਦੇ ਕਿਸੇ ਪਲੋਠੇ ਦੀ ਉੱਨ ਕਤਰਨਾ।
20ਤੁਸੀਂ ਅਤੇ ਤੁਹਾਡਾ ਘਰਾਣਾ ਉਸ ਨੂੰ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਨਮੁਖ ਵਹਹੇ ਦੇ ਵਰਹੇ ਉਸ ਅਸਥਾਨ ਵਿੱਚ ਖਾਇਓ ਜਿਹੜਾ ਯਹੋਵਾਹ ਚੁਣੇਗਾ।
21ਜੇ ਉਸ ਵਿੱਚ ਕੋਈ ਬੱਜ ਹੋਵੇ ਅਥਵਾ ਲੰਙਾ ਅਥਵਾ ਅੰਨ੍ਹਾ ਅਰਥਾਤ ਕੋਈ ਭੈੜੀ ਬੱਜ ਹੋਵੇ ਤਾਂ ਤੁਸੀਂ ਉਸ ਨੂੰ ਯਹੋਵਾਹ ਆਪਣੇ ਪਰਮੇਸ਼ੁਰ ਲਈ ਨਾ ਚੜ੍ਹਾਓ।
22ਤੁਸੀਂ ਉਸ ਨੂੰ ਆਪਣੇ ਫਾਟਕਾਂ ਦੇ ਅੰਦਰ ਖਾਓ। ਅਸ਼ੁੱਧ ਅਤੇ ਸ਼ੁੱਧ ਦੋਨੋਂ ਉਸ ਨੂੰ ਖਾਣ ਜਿਵੇਂ ਚਿਕਾਰਾ ਅਤੇ ਹਰਨ।
23ਕੇਵਲ ਤੁਸੀਂ ਉਸ ਦਾ ਲਹੂ ਨਾ ਪੀਓ, ਤੁਸੀਂ ਉਸ ਨੂੰ ਪਾਣੀ ਵਾਂਙੁ ਧਰਤੀ ਉੱਤੇ ਡੋਹਲ ਦਿਓ।