Loading Bible Translation
First-time download in progress. This may take a few seconds…
Punjabi Bible Wordproject Bible
20 verses
1ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਕੋਈ ਬਲਦ ਅਥਵਾ ਲੇਲਾ ਜਿਹ ਦੇ ਵਿੱਚ ਕੱਜ ਅਥਵਾ ਕੋਈ ਬੁਰੀ ਗੱਲ ਹੋਵੇ ਨਾ ਚੜ੍ਹਾਓ ਕਿਉਂ ਜੋ ਉਹ ਯਹੋਵਾਹ ਤੁਹਾਡੇ ਪਰਮੇਸ਼ੁਰ ਲਈ ਘਿਣਾਉਣਾ ਹੈ।
2ਜੇ ਤੁਹਾਡੇ ਵਿੱਚ ਤੁਹਾਡੇ ਕਿਸੇ ਫਾਟਕ ਦੇ ਅੰਦਰ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇਣ ਵਾਲਾ ਹੈ ਕੋਈ ਮਨੁੱਖ ਅਥਵਾ ਕੋਈ ਤੀਵੀਂ ਪਾਈ ਜਾਵੇ ਜਿਹ ਨੇ ਯਹੋਵਾਹ ਤੁਹਾਡੇ ਪਰਮੇਸ਼ੁਰ ਦੀ ਨਿਗਾਹ ਵਿੱਚ ਉਸ ਦੇ ਨੇਮ ਦੀ ਉਲੰਘਣ ਦੀ ਕੋਈ ਬੁਰਿਆਈ ਕੀਤੀ ਹੋਵੇ।
3ਅਤੇ ਚੱਲ ਕੇ ਦੂਜਿਆਂ ਦੇਵਤਿਆਂ ਦੀ ਪੂਜਾ ਕੀਤੀ ਹੋਵੇ ਅਤੇ ਓਹਨਾਂ ਦੇ ਅੱਗੇ ਅਥਵਾ ਸੂਰਜ, ਚੰਦ ਅਤੇ ਅਕਾਸ਼ ਦੀ ਸੈਨਾਂ ਅੱਗੇ ਮੱਥਾ ਟੇਕਿਆ ਹੋਵੇ ਜਿਹ ਦਾ ਮੈਂ ਹੁਕਮ ਨਹੀਂ ਦਿੱਤਾ ਸੀ।
4ਅਤੇ ਜੇ ਏਹ ਤੁਹਾਨੂੰ ਦੱਸਿਆ ਜਾਵੇ ਅਰ ਤੁਸੀਂ ਸੁਣ ਕੇ ਚੰਗੀ ਤਰਾਂ ਪਤਾ ਕੱਢ ਲਿਆ ਹੋਵੇ ਅਤੇ ਵੇਖੋ, ਜੇ ਉਹ ਗੱਲ ਸੱਚੀ ਅਤੇ ਪੱਕੀ ਹੋਵੇ ਕਿ ਅਜੇਹਾ ਘਿਣਾਉਣਾ ਕੰਮ ਇਸਰਾਏਲ ਵਿੱਚ ਕੀਤਾ ਗਿਆ ਹੈ।
5ਤਾਂ ਤੁਸੀਂ ਉਸ ਮਨੁੱਖ ਅਥਵਾ ਉਸ ਤੀਵੀਂ ਨੂੰ ਜਿਹ ਨੇ ਏਹ ਬੁਰਾ ਕੰਮ ਕੀਤਾ, ਹਾਂ ਉਸ ਮਨੁੱਖ ਅਥਵਾ ਤੀਵੀਂ ਨੂੰ ਆਪਣੇ ਫਾਟਕਾਂ ਦੇ ਕੋਲ ਲੈ ਜਾ ਕੇ ਪੱਥਰਾਓ ਕਰੋ ਕਿ ਉਹ ਮਰ ਜਾਵੇ।
6ਦੋਹਾਂ ਅਥਵਾ ਤਿੰਨਾਂ ਗਵਾਹਾਂ ਦੀ ਜ਼ਬਾਨੀ ਮਰਨ ਵਾਲਾ ਮਾਰਿਆ ਜਾਵੇ ਪਰ ਇੱਕੋਈ ਗਵਾਹ ਦੀ ਜ਼ਬਾਨੀ ਉਹ ਨਾ ਮਾਰਿਆ ਜਾਵੇ।
7ਗਵਾਹਾਂ ਦਾ ਹੱਥ ਮਾਰਨ ਲਈ ਉਸ ਉੱਤੇ ਪਹਿਲ ਕਰੇ ਅਤੇ ਉਸ ਦੇ ਮਗਰੋਂ ਸਾਰੇ ਲੋਕਾਂ ਦੇ ਹੱਥ। ਇਉਂ ਤੁਸੀਂ ਆਪਣੇ ਵਿੱਚੋਂ ਏਹ ਬੁਰਿਆਈ ਮਿਟਾ ਦਿਓ।
8ਜੇ ਤੁਹਾਡੇ ਵਿੱਚ ਕੋਈ ਨਿਆਉਂ ਦੀ ਗੱਲ ਬਹੁਤ ਕਠਨ ਉੱਠੇ ਅਰਥਾਤ ਆਪੋ ਵਿੱਚ ਦਾ ਖ਼ੂਨ, ਆਪੋ ਵਿੱਚ ਦਾ ਦਾਵਾ, ਆਪੋ ਵਿੱਚ ਦੀ ਮਾਰ ਕੁਟਾਈ ਜਿਹੜੀਆਂ ਤੁਹਾਡੇ ਫਾਟਕਾਂ ਦੇ ਅੰਦਰ ਝਗੜੇ ਦੀਆਂ ਗੱਲਾਂ ਹੋਣ ਤਾਂ ਤੁਸੀਂ ਉੱਠ ਕੇ ਉਸ ਅਸਥਾਨ ਨੂੰ ਜਾਓ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਚੁਣੇਗਾ।
9ਤੁਸੀਂ ਉਨ੍ਹਾਂ ਲੇਵੀਆਂ, ਜਾਜਕਾਂ ਅਤੇ ਨਿਆਉਕਾਰਾਂ ਦੇ ਕੋਲੋਂ ਜਿਹੜੇ ਉਨ੍ਹਾਂ ਦਿਨਾਂ ਵਿੱਚ ਹੋਣ ਜਾ ਕੇ ਪੁੱਛ ਗਿੱਛ ਕਰੋ। ਓਹ ਤੁਹਾਨੂੰ ਉਸ ਗੱਲ ਦਾ ਫ਼ੈਸਲਾ ਦੱਸਣਗੇ।
10ਫੇਰ ਤੁਸੀਂ ਉਸ ਫ਼ੈਸਲੇ ਦੇ ਅਨੁਸਾਰ ਕਰੋ ਜਿਹੜਾ ਓਹ ਤੁਹਾਨੂੰ ਉਸ ਅਸਥਾਨ ਤੋਂ ਦੱਸਣਗੇ ਜਿਹੜਾ ਯਹੋਵਾਹ ਚੁਣੇਗਾ। ਤੁਸੀਂ ਸਭ ਕੁਝ ਜੋ ਓਹ ਤੁਹਾਨੂੰ ਦੱਸਣ ਪੂਰਨਤਾਈ ਲਈ ਉਸ ਦੀ ਪਾਲਨਾ ਕਰੋ।
11ਉਸ ਬਿਵਸਥਾ ਦੇ ਅਨੁਸਾਰ ਜਿਹੜਾ ਓਹ ਤੁਹਾਨੂੰ ਦੱਸਣ, ਉਸ ਨਿਆਉਂ ਦੇ ਅਨੁਸਾਰ ਜਿਹੜਾ ਓਹ ਤੁਹਾਨੂੰ ਆਖਣ ਤੁਸੀਂ ਕਰੋ। ਉਸ ਫ਼ੈਸਲੇ ਤੋਂ ਜਿਹੜਾ ਓਹ ਤੁਹਾਨੂੰ ਦੱਸਣ ਸੱਜੇ ਖੱਬੇ ਨਾ ਮੁੜੋ।
12ਜਿਹੜਾ ਮਨੁੱਖ ਹਿੱਕ ਧੱਕਾ ਕਰ ਕੇ ਜਾਜਕ ਦੀ ਜਿਹੜਾ ਯਹੋਵਾਹ ਤੁਹਾਡੇ ਪਰਮੇਸ਼ੁਰ ਦੀ ਉਪਾਸਨਾ ਲਈ ਖੜਾ ਹੈ ਅਥਵਾ ਨਿਆਉਂਕਾਰ ਦੀ ਨਾ ਸੁਣੇ ਉਹ ਮਨੁੱਖ ਮਾਰ ਦਿੱਤਾ ਜਾਵੇ ਇਉਂ ਤੁਸੀਂ ਏਸ ਬੁਰਿਆਈ ਨੂੰ ਇਸਰਾਏਲ ਵਿੱਚੋਂ ਉੱਕਾ ਹੀ ਮਿਟਾ ਦਿਓ।
13ਸਾਰੀ ਪਰਜਾ ਸੁਣੇਗੀ ਅਤੇ ਡਰੇਗੀ ਤਾਂ ਫੇਰ ਹਿੱਕ ਧੱਕਾ ਨਾ ਕਰੇਗ��।
14ਜਦ ਤੁਸੀਂ ਉਸ ਦੇਸ ਵਿੱਚ ਆਓ ਅਤੇ ਕਬਜ਼ਾ ਕਰ ਕੇ ਉਸ ਵਿੱਚ ਵੱਸ ਜਾਓ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇਣ ਵਾਲਾ ਹੈ ਅਤੇ ਆਖਣ ਲੱਗ ਪਓ ਭਈ ਅਸੀਂ ਆਪਣੇ ਉੱਤੇ ਇੱਕ ਰਾਜਾ ਆਲੇ ਦੁਆਲੇ ਦੀਆਂ ਕੌਮਾਂ ਵਾਂਙੁ ਟਿੱਕ ਲਈਏ।
15ਤਾਂ ਤੁਸੀਂ ਜ਼ਰੂਰ ਉਸ ਰਾਜੇ ਨੂੰ ਜਿਸ ਨੂੰ ਯਹੋਵਾਹ ਤੁਹਾਡਾ ਪਰਮੇਸ਼ੁਰ ਚੁਣੇਗਾ ਆਪਣੇ ਉੱਤੇ ਟਿੱਕ ਲਓ। ਆਪਣੇ ਭਰਾਵਾਂ ਵਿੱਚੋਂ ਆਪਣੇ ਉੱਤੇ ਰਾਜਾ ਟਿੱਕ ਲਓ। ਤੁਸੀਂ ਆਪਣੇ ਉੱਤੇ ਕੋਈ ਓਪਰਾ ਜਿਹੜਾ ਤੁਹਾਡਾ ਭਰਾ ਨਹੀਂ ਟਿੱਕ ਨਹੀਂ ਸੱਕਦੇ।
16ਪਰ ਉਹ ਆਪਣੇ ਲਈ ਬਹੁਤੇ ਘੋੜੇ ਨਾ ਵਧਾਵੇ, ਨਾ ਹੀ ਉਹ ਪਰਜਾ ਨੂੰ ਘੋੜੇ ਵਧਾਉਣ ਲਈ ਮਿਸਰ ਵਿੱਚ ਮੋੜੇ ਕਿਉਂ ਜੋ ਯਹੋਵਾਹ ਨੇ ਤੁਹਾਨੂੰ ਆਖਿਆ ਹੈ ਕਿ ਤੁਸੀਂ ਉਸ ਰਾਹ ਨੁੰ ਫੇਰ ਨਾ ਮੁੜਿਓ।
17ਨਾ ਉਹ ਆਪਣੇ ਲਈ ਤੀਵੀਆਂ ਵਧਾਵੇ ਮਤੇ ਉਸ ਦਾ ਮਨ ਫਿਰ ਜਾਵੇ, ਨਾ ਉਹ ਆਪਣੇ ਲਈ ਚਾਂਦੀ ਸੋਨਾ ਬਹੁਤ ਵਧਾਵੇ।
18ਐਉਂ ਹੋਵੇ ਕਿ ਜਦ ਉਹ ਆਪਣੀ ਰਾਜ ਗੱਦੀ ਉੱਤੇ ਬੈਠੇ ਤਾਂ ਉਹ ਆਪਣੇ ਲਈ ਏਸ ਬਿਵਸਥਾ ਦੀ ਨਕਲ ਉਸ ਪੋਥੀ ਵਿੱਚੋਂ ਜਿਹੜੀ ਲੇਵੀ ਜਾਜਕਾਂ ਦੇ ਕੋਲ ਹੈ ਲਿਖ ਲਵੇ।
19ਉਹ ਉਸ ਦੇ ਕੋਲ ਰਹੇਗੀ। ਉਹ ਜੀਵਨ ਦੇ ਸਾਰੇ ਦਿਨ ਉਸ ਨੂੰ ਪੜ੍ਹੇ ਤਾਂ ਜੋ ਯਹੋਵਾਹ ਆਪਣੇ ਪਰਮੇਸ਼ੁਰ ਦਾ ਡਰ ਰੱਖਣਾ ਸਿੱਖੇ ਅਤੇ ਏਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਦੀ ਪਾਲਨਾ ਕਰੇ ਅਤੇ ਇਨ੍ਹਾਂ ਬਿਧੀਆਂ ਨੂੰ ਪੂਰਾ ਕਰੇ।
20ਤਾਂ ਜੋ ਉਸ ਦਾ ਮਨ ਉਸ ਦੇ ਭਰਾਵਾਂ ਉੱਤੇ ਹੰਕਾਰ ਵਿੱਚ ਨਾ ਆ ਜਾਵੇ, ਨਾਲੇ ਉਹ ਏਸ ਹੁਕਮਨਾਮੇ ਤੋਂ ਸੱਜੇ ਖੱਬੇ ਨਾ ਮੁੜੇ ਏਸ ਲਈ ਕਿ ਉਹ ਅਤੇ ਉਸ ਦੇ ਪੁੱਤ੍ਰ ਇਸਰਾਏਲ ਦੇ ਵਿਚਕਾਰ ਆਪਣੇ ਰਾਜ ਵਿੱਚ ਆਪਣੇ ਦਿਨ ਲੰਮੇ ਕਰਨ।