Loading Bible Translation
First-time download in progress. This may take a few seconds…
Punjabi Bible Wordproject Bible
20 verses
1ਜਦ ਤੁਸੀਂ ਆਪਣੇ ਵੈਰੀਆਂ ਨਾਲ ਜੁੱਧ ਕਰਨ ਲਈ ਨਿੱਕਲੋ ਤਾਂ ਘੋੜੇ, ਰਥ ਅਤੇ ਆਪਣੇ ਤੋਂ ਬਹੁਤ ਸਾਰੇ ਲੋਕਾਂ ਨੂੰ ਵੇਖ ਕੇ ਉਨ੍ਹਾਂ ਤੋਂ ਡਰ ਨਾ ਜਾਓ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਸੰਗ ਹੈ ਜਿਹੜਾ ਤੁਹਾਨੂੰ ਮਿਸਰ ਦੇਸ ਤੋਂ ਉਤਾਹਾਂ ਲਿਆਇਆ।
2ਤਾਂ ਐਉਂ ਹੋਵੇਗਾ ਕਿ ਜਦ ਤੁਸੀਂ ਜੁੱਧ ਦੇ ਨੇੜੇ ਜਾਓ ਤਾਂ ਜਾਜਕ ਲੋਕਾਂ ਦੇ ਕੋਲ ਜਾ ਕੇ ਉਨ੍ਹਾਂ ਨਾਲ ਗੱਲ ਕਰੇ।
3ਅਤੇ ਉਹ ਉਨ੍ਹਾਂ ਨੂੰ ਆਖੇ ਕਿ ਸੁਣੋ ਹੇ ਇਸਰਾਏਲ, ਤੁਸੀਂ ਅੱਜ ਦੇ ਦਿਨ ਆਪਣੇ ਵੈਰੀਆਂ ਨਾਲ ਜੁੱਧ ਕਰਨ ਲਈ ਨੇੜੇ ਆਏ ਹੋ। ਤੁਹਾਡਾ ਮਨ ਢਿੱਲਾ ਨਾ ਪੈ ਜਾਵੇ, ਨਾ ਤੁਸੀਂ ਡਰੋ ਨਾ ਓਦਰੋ ਅਤੇ ਨਾ ਉਨ੍ਹਾਂ ਦੇ ਅੱਗੋਂ ਕੰਬੋ।
4ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਨਾਲ ਜਾਂਦਾ ਹੈ ਕਿ ਉਹ ਤੁਹਾਡੇ ਲਈ ਤੁਹਾਡੇ ਵੈਰੀਆਂ ਨਾਲ ਤੁਹਾਨੂੰ ਬਚਾਉਣ ਲਈ ਜੁੱਧ ਕਰੇ।
5ਫੇਰ ਹੁੱਦੇਦਾਰ ਲੋਕਾਂ ਨੂੰ ਬੋਲਣ, ਕਿਹੜਾ ਉਹ ਮਨੁੱਖ ਹੈ ਜਿਸ ਨੇ ਨਵਾਂ ਘੱਰ ਬਣਾਇਆ ਹੋਵੇ ਪਰ ਉਸ ਦੀ ਚੱਠ ਨਾ ਕੀਤੀ ਹੋਵੇ? ਉਹ ਆਪਣੇ ਘਰ ਨੂੰ ਮੁੜ ਜਾਵੇ ਮਤੇ ਉਹ ਜੁੱਧ ਵਿੱਚ ਮਰ ਜਾਵੇ ਅਤੇ ਦੂਜਾ ਮਨੁੱਖ ਉਸ ਦੀ ਚੱਠ ਕਰੇ।
6ਅਤੇ ਕਿਹੜਾ ਮਨੁੱਖ ਹੈ ਜਿਸ ਨੇ ਅੰਗੂਰੀ ਬਾਗ ਲਾਇਆ ਹੋਵੇ ਪਰ ਉਸ ਦਾ ਫਲ ਨਾ ਵਰਤਿਆ ਹੋਵੇ? ਉਹ ਵੀ ਆਪਣੇ ਘਰ ਨੂੰ ਮੁੜ ਜਾਵੇ ਮਤੇ ਉਹ ਜੁੱਧ ਵਿੱਚ ਮਰ ਜਾਵੇ ਅਤੇ ਦੂਜਾ ਮਨੁੱਖ ਉਸ ਦਾ ਫਲ ਵਰਤੇ।
7ਅਤੇ ਕਿਹੜਾ ਮਨੁੱਖ ਹੈ ਜਿਸ ਨੇ ਕਿਸੇ ਤੀਵੀਂ ਨਾਲ ਕੁੜਮਾਈ ਕੀਤੀ ਹੋਵੇ ਪਰ ਉਸ ਨੂੰ ਲਿਆਂਦਾ ਨਾ ਹੋਵੇ? ਉਹ ਵੀ ਆਪਣੇ ਘਰ ਨੂੰ ਮੁੜ ਜਾਵੇ ਮਤੇ ਉਹ ਜੁੱਧ ਵਿੱਚ ਮਰ ਜਾਵੇ ਅਤੇ ਦੂਜਾ ਮਨੁੱਖ ਉਸ ਨੂੰ ਲੈ ਆਵੇ।
8ਫੇਰ ਹੁੱਦੇਦਾਰ ਲੋਕਾਂ ਨੂੰ ਹੋਰ ਬੋਲਣ, ਕਿਹੜਾ ਮਨੁੱਖ ਡਰਦਾ ਅਤੇ ਆਪਣੇ ਮਨ ਵਿੱਚ ਢਿੱਲਾ ਹੈ? ਉਹ ਵੀ ਆਪਣੇ ਘਰ ਨੂੰ ਮੁੜ ਜਾਵੇ ਮਤੇ ਉਸ ਦੇ ਭਰਾਵਾਂ ਦੇ ਦਿਲ ਉਸ ਦੇ ਦਿਲ ਵਾਂਙੁ ਢਲ ਜਾਣ।
9ਤਾਂ ਐਉਂ ਹੋਵੇਗਾ ਕਿ ਜਦ ਹੁੱਦੇਦਾਰ ਲੋਕਾਂ ਨਾਲ ਬੋਲ ਚੁੱਕਣ ਤਾਂ ਓਹ ਸੈਨਾ ਲਈ ਲੋਕਾਂ ਉੱਤੇ ਸਰਦਾਰ ਠਹਿਰਾਉਣ।
10ਜਦ ਤੁਸੀਂ ਕਿਸੇ ਸ਼ਹਿਰ ਉੱਤੇ ਜੁੱਧ ਕਰਨ ਲਈ ਨੇੜੇ ਜਾਓ ਤਾਂ ਤੁਸੀਂ ਉਸ ਨੂੰ ਸੁਲਾਹ ਲਈ ਹੋਕਾ ਦਿਓ।
11ਜੇ ਕਰ ਉਹ ਤੁਹਾਨੂੰ ਸੁਲਾਹ ਦਾ ਉੱਤਰ ਦੇਵੇ ਅਤੇ ਤੁਹਾਡੇ ਲਈ ਫਾਟਕ ਖੋਲ੍ਹ ਦੇਵੇ ਤਾਂ ਐਉਂ ਹੋਵੇਗਾ ਕਿ ਉੱਥੇ ਦੇ ਸਾਰੇ ਲੋਕ ਤੁਹਾਡੇ ਬੇਗਾਰੀ ਹੋ ਕੇ ਤੁਹਾਡੀ ਟਹਿਲ ਸੇਵਾ ਕਰਨ।
12ਜੇ ਉਹ ਤੁਹਾਡੇ ਨਾਲ ਸੁਲਾਹ ਨਾ ਕਰੇ ਪਰ ਤੁਹਾਡੇ ਨਾਲ ਜੁੱਧ ਕਰੇ ਤਾਂ ਤੁਸੀਂ ਉਸ ਦੇ ਦੁਆਲੇ ਘੇਰਾ ਪਾ ਲਓ।
13ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਉਸ ਨੂੰ ਤੁਹਾਡੇ ਹੱਥਾਂ ਵਿੱਚ ਦੇ ਦੇਵੇ ਤਾਂ ਤੁਸੀਂ ਉਸ ਦੇ ਸਾਰੇ ਨਰ ਤੇਗ ਦੀ ਧਾਰ ਨਾਲ ਵੱਢ ਸੁੱਟੋ।
14ਪਰ ਤੀਵੀਆਂ, ਨਿਆਣੇ, ਡੰਗਰ ਅਤੇ ਉਸ ਸ਼ਹਿਰ ਦਾ ਸਭ ਕੁਝ ਅਰਥਾਤ ਸਾਰਾ ਲੁੱਟ ਦਾ ਮਾਲ ਤੁਸੀਂ ਆਪਣੇ ਲਈ ਲੁੱਟ ਲਓ ਅਤੇ ਆਪਣੇ ਵੈਰੀਆਂ ਦੀ ਲੁੱਟ ਤੋਂ ਜਿਹੜੀ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਦਿੱਤੀ ਹੈ ਤੁਸੀਂ ਖਾਓ।
15ਏਦਾਂ ਹੀ ਤੁਸੀਂ ਸਾਰਿਆਂ ਸ਼ਹਿਰਾਂ ਨਾਲ ਕਰੋ ਜਿਹੜੇ ਤੁਹਾਥੋਂ ਬਹੁਤ ਦੁਰੇਡੇ ਹਨ ਪਰ ਓਹ ਇਨ੍ਹਾਂ ਕੌਮਾਂ ਦੇ ਸ਼ਹਿਰ ਨਹੀਂ ਹਨ।
16ਸਗੋਂ ਤੁਸੀਂ ਇਨ੍ਹਾਂ ਲੋਕਾਂ ਦੇ ਸ਼ਹਿਰਾਂ ਵਿੱਚੋਂ ਜਿਹੜੇ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਮਿਲਖ ਵਿੱਚ ਦਿੰਦਾ ਹੈ ਕੋਈ ਪ੍ਰਾਣੀ ਜੀਉਂਦਾ ਨਾ ਰਹਿਣ ਦਿਓ।
17ਪਰ ਜਿਵੇਂ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਹੁਕਮ ਦਿੱਤਾ ਸੀ ਹਿੱਤੀਆਂ, ਅਮੋਰੀਆਂ, ਕਨਾਨੀਆਂ, ਫ਼ਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਦਾ ਸੱਤਿਆ ਨਾਸ ਕਰ ਦਿਓ।
18ਤਾਂ ਜੋ ਓਹ ਤੁਹਾਨੂੰ ਆਪਣੇ ਜਿਹੇ ਘਿਣਾਉਣੇ ਕੰਮ ਕਰਨਾ ਨਾ ਸਿਖਾਉਣ ਜਿਹੜੇ ਉਨ੍ਹਾਂ ਨੇ ਆਪਣੇ ਦੇਵਤਿਆਂ ਲਈ ਕੀਤੇ ਹਨ ਅਤੇ ਇਉਂ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦਾ ਪਾਪ ਕਰੋ।
19ਜਦ ਤੁਸੀਂ ਕਿਸੇ ਸ਼ਹਿਰ ਨੂੰ ਢੇਰ ਚਿਰ ਤੀਕ ਉਸ ਦੇ ਫੜਨ ਨੂੰ ਜੁੱਧ ਕਰ ਕੇ ਘੇਰ ਛੱਡੋ ਤਾਂ ਤੁਸੀਂ ਉਸ ਦੇ ਬਿਰਛਾਂ ਨੂੰ ਕੁਹਾੜੀ ਦੇ ਟੱਕਾਂ ਨਾਲ ਨਾਸ ਨਾ ਕਰੋ ਕਿਉਂ ਜੋ ਤੁਸੀਂ ਉਨ੍ਹਾਂ ਤੋਂ ਖਾਓਗੇ, ਏਸ ਲਈ ਤੁਸੀਂ ਉਨ੍ਹਾਂ ਨੂੰ ਵੱਢ ਨਾ ਸੁੱਟੋ । ਭਲਾ, ਖੇਤ ਦਾ ਬਿਰਛ ਆਦਮੀ ਜਿਹਾ ਹੈ ਕਿ ਉਹ ਤੁਹਾਡੇ ਅੱਗੇ ਘੇਰਿਆ ਜਾਵੇ?
20ਕੇਵਲ ਓਹ ਬਿਰਛ ਜਿਹੜੇ ਤੁਸੀਂ ਜਾਣਦੇ ਹੋ ਕਿ ਫਲ ਦਾਰ ਨਹੀਂ ਓਹਨਾਂ ਨੂੰ ਤੁਸੀਂ ਨਾਸ ਕਰ ਦਿਓ ਅਤੇ ਵੱਢ ਸੁੱਟੋ, ਇਉਂ ਤੁਸੀਂ ਉਸ ਸ਼ਹਿਰ ਦੇ ਵਿਰੁੱਧ ਜਿਹੜਾ ਤੁਹਾਡੇ ਨਾਲ ਜੁੱਧ ਕਰਦਾ ਹੈ ਘੇਰੇ ਵਾਲੀ ਕੰਧ ਬਣਾਓ ਜਦ ਤੀਕ ਉਹ ਜਿੱਤਿਆ ਨਾ ਜਾਵੇ।