Loading Bible Translation
First-time download in progress. This may take a few seconds…
Punjabi Bible Wordproject Bible
21 verses
1ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਉਨ੍ਹਾਂ ਕੌਮਾਂ ਨੂੰ ਵੱਢ ਸੁੱਟੇ ਜਿਨ੍ਹਾਂ ਦਾ ਦੇਸ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇਣ ਵਾਲਾ ਹੈ ਅਤੇ ਉਨਾਂ ਉੱਤੇ ਤੁਸੀਂ ਕਬਜ਼ਾ ਕਰ ਕੇ ਓਹਨਾਂ ਦੇ ਸ਼ਹਿਰਾਂ ਅਤੇ ਘਰਾਂ ਵਿੱਚ ਵੱਸਣ ਲੱਗ ਪਵੋ।
2ਤਾਂ ਤੁਸੀਂ ਤਿੰਨ ਸ਼ਹਿਰ ਆਪਣੇ ਲਈ ਉਸ ਦੇਸ ਵਿੱਚੋਂ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਕਬਜ਼ਾ ਕਰਨ ਲਈ ਦੇਣ ਵਾਲਾ ਹੈ ਵੱਖਰੇ ਰੱਖਿਓ।
3ਤੁਸੀਂ ਆਪਣੇ ਰਾਹ ਠੀਕ ਕਰ ਲਿਓ ਅਤੇ ਆਪਣੇ ਦੇਸ ਦੀਆਂ ਹੱਦਾਂ ਨੂੰ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਮਿਲਖ ਵਿੱਚ ਦਿੰਦਾ ਹੈ ਤਿੰਨੀਂ ਥਾਂਈਂ ਵੰਡ ਲਿਓ ਤਾਂ ਜੋ ਹਰ ਖ਼ੂਨੀ ਉੱਥੇ ਨੱਠ ਜਾਵੇ।
4ਏਹ ਉਸ ਖ਼ੂਨੀ ਦੀ ਗੱਲ ਹੈ ਜੋ ਉੱਥੇ ਨੱਠ ਕੇ ਜੀਵੇ ਜਿਹੜਾ ਆਪਣੇ ਗੁਆਂਢੀ ਨੂੰ ਵਿੱਸਰ ਭੋਲੇ ਮਾਰ ਸੁੱਟੇ ਅਤੇ ਉਸ ਦਾ ਉਹ ਦੇ ਨਾਲ ਪਹਿਲਾਂ ਕੋਈ ਵੈਰ ਨਹੀਂ ਸੀ।
5ਜਿਵੇਂ ਕੋਈ ਮਨੁੱਖ ਆਪਣੇ ਗੁਆਂਢੀ ਨਾਲ ਬਣ ਵਿੱਚੋਂ ਲੱਕੜੀ ਵੱਢਣ ਜਾਵੇ ਅਤੇ ਜਦ ਉਸ ਦਾ ਹੱਥ ਰੁੱਖ ਦੇ ਵੱਢਣ ਲਈ ਕੁਹਾੜੀ ਦਾ ਇੱਕ ਟੱਕ ਮਾਰੇ ਅਤੇ ਫਲ ਦਸਤੇ ਤੋਂ ਘਸ ਕੇ ਨਿੱਕਲ ਜਾਵੇ ਅਤੇ ਉਸ ਦੇ ਗੁਆਂਢੀ ਉੱਤੇ ਇਉਂ ਪਵੇ ਕਿ ਉਹ ਮਰ ਜਾਵੇ ਤਾਂ ਉਹ ਇਨ੍ਹਾਂ ਸ਼ਹਿਰਾਂ ਵਿੱਚੋਂ ਇੱਕ ਨੂੰ ਨੱਠ ਜਾਵੇ ਅਤੇ ਜੀਉਂਦਾ ਰਹੇ।
6ਐਉਂ ਨਾ ਹੋਵੇ ਭਈ ਖ਼ੂਨ ਦਾ ਬਦਲਾ ਲੈਣ ਵਾਲਾ ਜਦ ਉਸ ਦਾ ਮਨ ਜਲ ਰਿਹਾ ਹੈ ਖ਼ੂਨੀ ਦੇ ਮਗਰ ਪੈ ਕੇ ਏਸ ਲਈ ਕਿ ਉਹ ਰਾਹ ਬਹੁਤ ਲੰਮਾ ਹੈ ਉਸ ਨੂੰ ਫੜ ਲਵੇ ਅਤੇ ਜਾਨ ਤੋਂ ਮਾਰ ਦੇਵੇ ਪਰ ਉਹ ਮਰਨ ਜੋਗ ਨਹੀਂ ਸੀ ਕਿਉਂ ਜੋ ਉਸ ਦਾ ਉਹ ਦੇ ਨਾਲ ਪਹਿਲਾਂ ਕੋਈ ਵੈਰ ਨਹੀਂ ਸੀ।
7ਏਸ ਲਈ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਕਿ ਆਪਣੇ ਲਈ ਤਿੰਨ ਸ਼ਹਿਰ ਵੱਖਰੇ ਰੱਖ ਲਓ।
8ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੀਆਂ ਹੱਦਾਂ ਨੂੰ ਵਧਾ ਦੇਵੇ ਜਿਵੇਂ ਉਸ ਤੁਹਾਡੇ ਪਿਉ ਦਾਦਿਆਂ ਨਾਲ ਸੌਂਹ ਖਾਧੀ ਅਤੇ ਉਹ ਤੁਹਾਨੂੰ ਉਹ ਸਾਰਾ ਦੇਸ ਦੇ ਦੇਵੇ ਜਿਹ ਦੇ ਦੇਣ ਦਾ ਬਚਨ ਉਸ ਤੁਹਾਡੇ ਪਿਉ ਦਾਦਿਆਂ ਨਾਲ ਕੀਤਾ ਸੀ।
9ਤਦ ਤੁਸੀਂ ਏਹ ਸਾਰਾ ਹੁਕਮਨਾਮਾ ਜਿਹੜਾ ਮੈਂ ਅੱਜ ਤੁਹਾਨੂੰ ਦਿੰਦਾ ਹਾਂ ਪੂਰਾ ਕਰਨ ਲਈ ਏਸ ਦੀ ਪਾਲਨਾ ਕਰੋ ਅਰਥਾਤ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਪ੍ਰੇਮ ਰੱਖੋ ਅਤੇ ਉਸ ਦਿਆਂ ਰਾਹਾਂ ਉੱਤੇ ਸਦਾ ਤੀਕ ਚੱਲੋ ਤਾਂ ਮੈਂ ਤੁਹਾਨੂੰ ਤਿੰਨ ਸ਼ਹਿਰ ਹੋਰ ਇਨ੍ਹਾਂ ਤਿੱਨਾਂ ਦੇ ਨਾਲ ਦਿਆਂਗਾ।
10ਤਾਂ ਜੋ ਬੇਦੋਸ਼ੇ ਦਾ ਖ਼ੂਨ ਤੁਹਾਡੇ ਦੇਸ ਵਿੱਚ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਮਿਲਖ ਲਈ ਦਿੰਦਾ ਹੈ ਵਹਾਇਆ ਨਾ ਜਾਵੇ ਅਤੇ ਇਉਂ ਤੁਹਾਡੇ ਉੱਤੇ ਖ਼ੂਨ ਆਵੇ।
11ਪਰ ਜੇ ਕੋਈ ਮਨੁੱਖ ਆਪਣੇ ਗੁਆਂਢੀ ਨਾਲ ਵੈਰ ਰੱਖਦਾ ਹੋਇਆ ਉਸ ਦੀ ਘਾਤ ਵਿੱਚ ਲੱਗੇ ਅਤੇ ਉਸ ਉੱਤੇ ਉੱਠ ਕੇ ਉਸ ਦੀ ਜਾਨ ਨੂੰ ਇਉਂ ਮਾਰੇ ਕਿ ਉਹ ਮਰ ਜਾਵੇ ਅਤੇ ਉਹ ਇਨ੍ਹਾਂ ਸ਼ਹਿਰਾਂ ਵਿੱਚੋਂ ਇੱਕ ਨੂੰ ਨੱਠ ਜਾਵੇ।
12ਤਾਂ ਉਸ ਦੇ ਸ਼ਹਿਰ ਦੇ ਬਜ਼ੁਰਗ ਉਹ ਨੂੰ ਫੜ ਕੇ ਉੱਥੋਂ ਮੋੜ ਲੈ ਆਉਣ ਅਤੇ ਉਹ ਨੂੰ ਲਹੂ ਦਾ ਬਦਲਾ ਲੈਣ ਵਾਲੇ ਦੇ ਹੱਥ ਵਿੱਚ ਦੇਣ ਭਈ ਉਹ ਮਾਰਿਆ ਜਾਵੇ��
13ਤੁਹਾਡੀ ਅੱਖ ਉਹ ਦੇ ਉੱਤੇ ਤਰਸ ਨਾ ਖਾਵੇ ਪਰ ਤੁਸੀਂ ਉਸ ਨਿਰਦੋਸ਼ ਦੇ ਖ਼ੂਨ ਨੂੰ ਇਸਰਾਏਲ ਵਿੱਚੋਂ ਮਿਟਾ ਦਿਓ ਤਾਂ ਜੋ ਤੁਹਾਡਾ ਭਲਾ ਹੋਵੇ।
14ਤੁਸੀਂ ਆਪਣੇ ਗੁਆਂਢੀ ਦੀਆਂ ਹੱਦਾਂ ਨਾ ਸਰਕਾਓ ਜਿਹੜੀਆਂ ਉਨ੍ਹਾਂ ਨੇ ਪਹਿਲਾਂ ਤੇਰੀ ਮਿਲਖ ਵਿੱਚ ਬੰਨ੍ਹੀਆਂ ਹੋਈਆਂ ਹਨ ਜਿਹੜੀ ਤੁਸੀਂ ਉਸ ਧਰਤੀ ਵਿੱਚ ਲਓਗੇ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਕਬਜ਼ਾ ਕਰਨ ਲਈ ਦੇਣ ਵਾਲਾ ਹੈ।
15ਇੱਕੋ ਹੀ ਗਵਾਹ ਕਿਸੇ ਮਨੁੱਖ ਉੱਤੇ ਉਸ ਦੀ ਕਿਸੇ ਬੁਰਿਆਈ ਅਥਵਾ ਉਸ ਦੇ ਕਿਸੇ ਵੀ ਪਾਪ ਦੇ ਕਾਰਨ ਜਿਹੜਾ ਉਸ ਨੇ ਕੀਤਾ ਹੋਵੇ ਨਾ ਉੱਠੇ। ਦੋ ਯਾ ਤਿੰਨ ਗਵਾਹਾਂ ਦੀ ਜ਼ਬਾਨੀ ਗੱਲ ਪੱਕੀ ਸਮਝੀ ਜਾਵੇ।
16ਜੇ ਕੋਈ ਜ਼ਾਲਮ ਗਵਾਹ ਕਿਸੇ ਮਨੁੱਖ ਉੱਤੇ ਉੱਠੇ ਤਾਂ ਜੋ ਉਸ ਦੇ ਵਿਰੁੱਧ ਬੇਈਮਾਨ ਹੋਣ ਦੀ ਗਵਾਹੀ ਦੇਵੇ।
17ਤਾਂ ਦੋਨੋਂ ਮਨੁੱਖ ਜਿਨ੍ਹਾਂ ਦੇ ਵਿੱਚ ਝਗੜਾ ਹੈ ਯਹੋਵਾਹ ਦੇ ਸਨਮੁਖ ਖੜੇ ਕੀਤੇ ਜਾਣ ਅਰਥਾਤ ਉਨ੍ਹਾਂ ਦਿਨਾਂ ਦੇ ਜਾਜਕਾਂ ਅਤੇ ਨਿਆਈਆਂ ਦੇ ਅੱਗੇ।
18ਤਾਂ ਓਹ ਨਿਆਈ ਚੰਗੀ ਤਰਾਂ ਪੁੱਛ ਗਿੱਛ ਕਰਨ ਅਤੇ ਵੇਖੋ, ਜੇ ਉਹ ਗਵਾਹ ਝੂਠਾ ਗਵਾਹ ਹੋਵੇ ਅਤੇ ਆਪਣੇ ਭਰਾ ਦੇ ਵਿਰੁੱਧ ਝੂਠੀ ਗਵਾਹੀ ਦਿੱਤੀ ਹੋਵੇ।
19ਤਾਂ ਤੁਸੀਂ ਉਸ ਨਾਲ ਓਵੇਂ ਹੀ ਕਰਨਾ ਜਿਵੇਂ ਉਸ ਆਪਣੇ ਭਰਾ ਨਾਲ ਕਰਨ ਦਾ ਪਰੋਜਨ ਕੀਤਾ ਸੀ, ਇਉਂ ਤੁਸੀਂ ਆਪਣੇ ਵਿੱਚੋਂ ਏਹ ਬੁਰਿਆਈ ਮਿਟਾ ਸੁੱਟਿਓ।
20ਤਾਂ ਬਾਕੀ ਦੇ ਲੋਕ ਸੁਣਨਗੇ ਅਤੇ ਡਰਨਗੇ ਅਤੇ ਫੇਰ ਅਜੇਹੀ ਬੁਰਿਆਈ ਤੁਹਾਡੇ ਵਿੱਚ ਨਾ ਕਰਨਗੇ।
21ਤੁਹਾਡੀਆਂ ਅੱਖਾਂ ਉਸ ਉੱਤੇ ਤਰਸ ਨਾ ਖਾਣ। ਜਾਨ ਦੇ ਵੱਟੇ ਜਾਨ, ਅੱਖ ਦੇ ਵੱਟੇ ਅੱਖ, ਦੰਦ ਦੇ ਵੱਟੇ ਦੰਦ, ਹੱਥ ਦੇ ਵੱਟੇ ਹੱਥ ਅਤੇ ਪੈਰ ਦੇ ਵੱਟੇ ਪੈਰ।