Loading Bible Translation
First-time download in progress. This may take a few seconds…
Punjabi Bible Wordproject Bible
68 verses
1ਤਾਂ ਐਉਂ ਹੋਵੇਗਾ ਕਿ ਜੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਮਨ ਲਾ ਕੇ ਸੁਣੋ ਅਤੇ ਉਸ ਦੇ ਸਾਰੇ ਹੁਕਮਾਂ ਦੀ ਪਾਲਨਾ ਕਰ ਕੇ ਪੂਰਾ ਕਰੋ ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ ਤਾਂ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਉੱਤੇ ਉੱਚਾ ਕਰੇਗਾ।
2ਜੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਸੁਣੋ ਤਾਂ ਏਹ ਸਾਰੀਆਂ ਅਸੀਸਾਂ ਤੁਹਾਡੇ ਉੱਤੇ ਆਉਣਗੀਆਂ ਸਗੋਂ ਤੁਹਾਡੇ ਪਿਛੇ ਪੈ ਕੇ ਤੁਹਾਨੂੰ ਮਿਲਣਗੀਆਂ।
3ਮੁਬਾਰਕ ਹੋਵੋਗੇ ਤੁਸੀਂ ਸ਼ਹਿਰ ਵਿੱਚ ਅਤੇ ਮੁਬਾਰਕ ਹੋਵੋਗੇ ਤੁਸੀਂ ਖੇਤ ਵਿੱਚ।
4ਮੁਬਾਰਕ ਹੋਵੇਗਾ ਤੁਹਾਡਾ ਸਰੀਰ ਦਾ ਫਲ, ਤੁਹਾਡੀ ਜ਼ਮੀਨ ਦਾ ਫਲ, ਤੁਹਾਡੇ ਡੰਗਰ ਦਾ ਫਲ, ਤੁਹਾਡੇ ਚੌਣੇ ਦਾ ਵਾਧਾ ਅਤੇ ਤੁਹਾਡੇ ਇੱਜੜ ਦੇ ਬੱਚੇ।
5ਮੁਬਾਰਕ ਹੋਵੇਗੀ ਤੁਹਾਡੀ ਖਾਰੀ ਅਤੇ ਤੁਹਾਡਾ ਪਰਾਤੜਾ।
6ਮੁਬਾਰਕ ਹੋਵੋਗੇ ਤੁਸੀਂ ਅੰਦਰ ਆਉਣ ਵਿੱਚ ਅਤੇ ਮੁਬਾਰਕ ਹੋਵੋਗੇ ਤੁਸੀਂ ਆਪਣੇ ਬਾਹਰ ਜਾਣ ਵਿੱਚ।
7ਯਹੋਵਾਹ ਤੁਹਾਡਿਆਂ ਵੈਰੀਆਂ ਨੂੰ ਜਿਹੜੇ ਤੁਹਾਡੇ ਵਿਰੁੱਧ ਉੱਠਦੇ ਹਨ ਤੁਹਾਡੇ ਅੱਗੋਂ ਮਰਵਾ ਸੁੱਟੇਗਾ। ਇੱਕ ਰਾਹ ਥਾਣੀ ਓਹ ਆਉਣਗੇ ਪਰ ਸੱਤੀਂ ਰਾਹੀਂ ਹੋ ਕੇ ਤੁਹਾਡੇ ਅੱਗੋਂ ਨੱਠਣਗੇ।
8ਯਹੋਵਾਹ ਤੁਹਾਡੇ ਲਈ ਅਸੀਸ ਦੀ ਆਗਿਆ ਤੁਹਾਡੇ ਮੋਦੀ ਖਾਨਿਆਂ ਵਿੱਚ ਅਤੇ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਵਿੱਚ ਦੇਵੇਗਾ ਅਤੇ ਉਹ ਤੁਹਾਨੂੰ ਉਸ ਦੇਸ ਵਿੱਚ ਅਸੀਸ ਦੇਵੇਗਾ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦਿੰਦਾ ਹੈ।
9ਤਾਂ ਜਿਵੇਂ ਉਸ ਨੇ ਤੁਹਾਡੇ ਨਾਲ ਸੌਂਹ ਖਾਧੀ ਯਹੋਵਾਹ ਤੁਹਾਨੂੰ ਆਪਣੇ ਲਈ ਇੱਕ ਪਵਿੱਤ੍ਰ ਪਰਜਾ ਕਰਕੇ ਕਾਇਮ ਕਰੇਗਾ ਜੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਨਾ ਕਰੋ ਅਤੇ ਉਸ ਦੇ ਮਾਰਗਾਂ ਉੱਤੇ ਚੱਲੋ।
10ਤਾਂ ਧਰਤੀ ਦੇ ਸਾਰੇ ਲੋਕ ਵੇਖਣਗੇ ਕਿ ਤੁਸੀਂ ਯਹੋਵਾਹ ਦੇ ਨਾਮ ਉੱਤੇ ਪੁਕਾਰੇ ਜਾਂਦੇ ਹੋ ਅਤੇ ਤੁਹਾਥੋਂ ਡਰਨਗੇ।
11ਯਹੋਵਾਹ ਤੁਹਾਡੇ ਪਦਾਰਥਾਂ ਨੂੰ ਵਧਾਵੇਗਾ ਅਰਥਾਤ ਤੁਹਾਡੇ ਸਰੀਰਾਂ ਦਾ ਫਲ, ਤੁਹਾਡੇ ਚੌਣੇ ਦਾ ਫਲ, ਤੁਹਾਡੀ ਜ਼ਮੀਨ ਦਾ ਫਲ ਉਸ ਭੂਮੀ ਉੱਤੇ ਜਿਹ ਦੇ ਤੁਹਾਨੁੰ ਦੇਣ ਦੀ ਸੌਂਹ ਯਹੋਵਾਹ ਨੇ ਤੁਹਾਡੇ ਪਿਉ ਦਾਦਿਆਂ ਨਾਲ ਖਾਧੀ ਸੀ।
12ਯਹੋਵਾਹ ਤੁਹਾਡੇ ਲਈ ਆਪਣਾ ਚੰਗਾ ਅਕਾਸ਼ ਰੂਪੀ ਭੰਡਾਰ ਖੋਲ੍ਹੇਗਾ ਕਿ ਵੇਲੇ ਸਿਰ ਤੁਹਾਡੀ ਧਰਤੀ ਉੱਤੇ ਮੀਂਹ ਪਾਵੇ ਅਤੇ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਉੱਤੇ ਬਰਕਤ ਦੇਵੇ। ਤੁਸੀਂ ਬਹੁਤੀਆਂ ਕੌਮਾਂ ਨੂੰ ਕਰਜ਼ ਦਿਓਗੇ ਪਰ ਤੁਸੀਂ ਆਪ ਕਰਜ਼ ਨਹੀਂ ਲਓਗੇ।
13ਯਹੋਵਾਹ ਤੁਹਾਨੂੰ ਸਿਰ ਠਹਿਰਾਵੇਗਾ ਪਰ ਪੂਛ ਨਹੀਂ ਅਤੇ ਤੁਸੀਂ ਉੱਤੇ ਹੀ ਰਹੋਗੇ ਪਰ ਹੇਠਾਂ ਨਹੀਂ ਜੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਨੂੰ ਸੁਣੋ ਜਿਹੜੇ ਅੱਜ ਮੈਂ ਤੁਹਾਨੂੰ ਪਾਲਨਾ ਕਰਨ ਲਈ ਦਿੰਦਾ ਹਾਂ।
14ਅਤੇ ਤੁਸੀਂ ਉਨ੍ਹਾਂ ਗੱਲਾਂ ਤੋਂ ਜਿਨ੍ਹਾਂ ਦਾ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ ਸੱਜੇ ਖੱਬੇ ਨਾ ਮ��ੜੋ ਭਈ ਦੂਜੇ ਦੇਵਤਿਆਂ ਦੇ ਪਿੱਛੇ ਜਾ ਕੇ ਓਹਨਾਂ ਦੀ ਪੂਜਾ ਕਰੋ।
15ਪਰ ਐਉਂ ਹੋਵੇਗਾ ਕਿ ਜੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨਾ ਸੁਣੋ ਭਈ ਉਸ ਦੇ ਸਾਰੇ ਹੁਕਮਾਂ ਅਤੇ ਬਿਧੀਆਂ ਦੀ ਪਾਲਨਾਂ ਕਰੋ ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ ਤਾਂ ਏਹ ਸਾਰੇ ਸਰਾਪ ਤੁਹਾਡੇ ਉੱਤੇ ਆਉਣਗੇ ਅਤੇ ਤੁਹਾਨੂੰ ਜਾ ਫੜਨਗੇ।
16ਸਰਾਪੀ ਹੋਵੋਗੇ ਤੁਸੀਂ ਸ਼ਹਿਰ ਵਿੱਚ ਅਤੇ ਸਰਾਪੀ ਹੋਵੋਗੇ ਤੁਸੀਂ ਖੇਤ ਵਿੱਚ।
17ਸਰਾਪੀ ਹੋਵੋਗੀ ਤੁਹਾਡੀ ਖਾਰੀ ਅਤੇ ਤੁਹਾਡਾ ਪਰਾਤੜਾ।
18ਸਰਾਪੀ ਹੋਵੇਗਾ ਤੁਹਾਡੇ ਸਰੀਰ ਦਾ ਫਲ, ਤੁਹਾਡੀ ਜ਼ਮੀਨ ਦਾ ਫਲ, ਤੁਹਾਡੇ ਚੌਣੇ ਦਾ ਵਾਧਾ ਅਤੇ ਤੁਹਾਡੇ ਇੱਜੜ ਦੇ ਬੱਚੇ।
19ਸਰਾਪੀ ਹੋਵੋਗੇ ਤੁਸੀਂ ਆਪਣੇ ਅੰਦਰ ਆਉਣ ਵਿਚ ਅਤੇ ਸਰਾਪੀ ਹੋਵੋਗੇ ਤੁਸੀਂ ਆਪਣੇ ਬਾਹਰ ਜਾਣ ਵਿਚ।
20ਯਹੋਵਾਹ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਉੱਤੇ ਤੁਹਾਡੀਆਂ ਕਰਤੂਤਾਂ ਦੀ ਬੁਰਿਆਈ ਦੇ ਕਾਰਨ ਜਿਨ੍ਹਾਂ ਨਾਲ ਤੁਸਾਂ ਮੈਨੂੰ ਤਿਆਗ ਦਿੱਤਾ ਤੁਹਾਡੇ ਉੱਤੇ ਸਰਾਪ, ਘਬਰਾਹਟ ਅਤੇ ਝਿੜਕ ਪਾਵੇਗਾ ਜਦ ਤੀਕ ਤੁਸੀਂ ਬਰਬਾਦ ਹੋ ਕੇ ਛੇਤੀ ਨਾਸ ਹੋ ਜਾਓ।
21ਯਹੋਵਾਹ ਤੁਹਾਡੇ ਉੱਤੇ ਬਵਾ ਪਾਵੇਗਾ ਜਦ ਤੀਕ ਉਹ ਤੁਹਾਨੂੰ ਉਸ ਜ਼ਮੀਨ ਉੱਤੋਂ ਮਿਟਾ ਨਾ ਦੇਵੇ ਜਿੱਥੇ ਤੁਸੀਂ ਕਬਜ਼ਾ ਕਰਨ ਲਈ ਜਾਂਦੇ ਹੋ।
22ਯਹੋਵਾਹ ਤੁਹਾਨੂੰ ਤਪਦਿਕ, ਤਾਪ, ਸੋਜ, ਮੋਹਰਕਾਤਪ, ਤੇਗ, ਸੋਕੜੇ ਅਤੇ ਉੱਲੀ ਨਾਲ ਮਾਰੇਗਾ। ਓਹ ਤੁਹਾਡੇ ਪਿੱਛੇ ਲੱਗੀਆਂ ਰਹਿਣਗੀਆਂ ਜਦ ਤੀਕ ਤੁਸੀਂ ਨਾਸ ਨਾ ਹੋ ਜਾਓ।
23ਅਤੇ ਤੁਹਾਡਾ ਅਕਾਸ਼ ਜਿਹੜਾ ਸਿਰ ਉੱਤੇ ਹੈ ਪਿੱਤਲ ਦਾ ਹੋ ਜਾਵੇਗਾ ਅਤੇ ਧਰਤੀ ਜਿਹੜੀ ਤੁਹਾਡੇ ਹੇਠ ਹੈ ਲੋਹੇ ਦੀ ਹੋ ਜਾਵੇਗੀ।
24ਯਹੋਵਾਹ ਤੁਹਾਡੀ ਧਰਤੀ ਦੀ ਵਰਖਾ ਨੂੰ ਘੱਟਾ ਅਤੇ ਧੂੜ ਬਣਾ ਦੇਵੇਗਾ। ਉਹ ਅਕਾਸ਼ ਤੋਂ ਏਹ ਤੁਹਾਡੇ ਉੱਤੇ ਪਾਵੇਗਾ ਜਦ ਤੀਕ ਤੁਸੀਂ ਮਿਟ ਨਾ ਜਾਓ।
25ਯਹੋਵਾਹ ਤੁਹਾਨੂੰ ਤੁਹਾਡੇ ਵੈਰੀਆਂ ਦੇ ਅੱਗੋਂ ਮਰਵਾ ਸੁੱਟੇਗਾ। ਤੁਸੀਂ ਇੱਕ ਰਾਹ ਥਾਣੀ ਉਨ੍ਹਾਂ ਦੇ ਵਿਰੁਧ ਜਾਓਗੇ ਅਤੇ ਸੱਤੀਂ ਰਾਹੀਂ ਹੋ ਕੇ ਉਨ੍ਹਾਂ ਦੇ ਅੱਗੋਂ ਨੱਠੋਗੇ ਅਤੇ ਤੁਸੀਂ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਲਈ ਇੱਕ ਡਰਾਉਣਾ ਨਮੂਨਾ ਹੋਵੇਗਾ।
26ਤੁਹਾਡੀਆਂ ਲੋਥਾਂ ਆਕਸ਼ ਦੇ ਸਾਰੇ ਪੰਛੀਆਂ ਅਤੇ ਧਰਤੀ ਦੇ ਸਾਰੇ ਦਰਿੰਦਿਆਂ ਦਾ ਖਾਜਾ ਹੋਣਗੀਆਂ ਅਤੇ ਉਨ੍ਹਾਂ ਨੂੰ ਕੋਈ ਹਟਾਉਣ ਵਾਲਾ ਵੀ ਨਾ ਹੋਵੇਗਾ।
27ਯਹੋਵਾਹ ਤੁਹਾਨੂੰ ਮਿਸਰੀ ਫੋੜਿਆਂ, ਬਵਾਸੀਰ, ਦੱਦਰੀ ਅਤੇ ਖੁਰਕ ਨਾਲ ਮਾਰੇਗਾ ਜਿਨ੍ਹਾਂ ਤੋਂ ਤੁਸੀਂ ਚੰਗੇ ਨਹੀਂ ਹੋ ਸਕੋਗੇ।
28ਯਹੋਵਾਹ ਤੁਹਾਨੂੰ ਸ਼ੁਦਾ, ਅੰਨ੍ਹਪੁਣੇ ਅਤੇ ਮਨ ਦੀ ਘਬਰਾਹਟ ਨਾਲ ਮਾਰੇਗਾ।
29ਜਿਵੇ ਅੰਨ੍ਹਾ ਅਨ੍ਹੇਰ ਵਿੱਚ ਟੋਹੰਦਾ ਫਿਰਦਾ ਹੈ ਤੁਸੀਂ ਦੁਪਿਹਰ ਨੂੰ ਟੋਹੰਦੇ ਫਿਰੋਗੇ। ਤੁਸੀਂ ਆਪਣਿਆਂ ਰਾਹਾਂ ਵਿੱਚ ਸੁਫਲ ਨਹੀਂ ਹੋਵੋਗੇ। ਤੁਸੀਂ ਸਦਾ ਲਈ ਦੱਬੇ ਅਤੇ ਲੁੱਟ ਹੁੰਦੇ ਰਹੋਗੇ ਪਰ ਤੁਹਾਨੂੰ ਕੋਈ ਬਚਾਉਣ ਵਾਲਾ ਨਾ ਹੋਵੇਗਾ।
30ਤੁਸੀਂ ਕਿਸੇ ਤੀਵੀਂ ਨਾਲ ਕੁੜਮਾਈ ਕਰੋਗੇ ਪਰ ਦੂਜਾ ਮਨੁੱਖ ਉਹ ਦੇ ਨਾਲ ਲੇਟੇਗਾ। ਘਰ ਤੁਸੀਂ ਬਣਾਓਗੇ ਪਰ ਉਹ ਦੇ ਵਿੱਚ ਵਸੋਗੇ ਨਾ। ਅੰਗੂਰੀ ਬਾਗ ਤੁਸੀਂ ਲਾਓਗੇ ਪਰ ਉਸ ਤੁਸੀਂ ਉਸ ਦਾ ਫਲ ਨਾ ਖਾਉਗੇ।
31ਤੁਹਾਡਾ ਬਲਦ ਤੁਹਾਡੀਆਂ ਅੱਖਾਂ ਦੇ ਸਾਹਮਣੇ ਮਾਰਿਆ ਜਵੇਗਾ ਪਰ ਤੁਸੀਂ ਉਸ ਦਾ ਮਾਸ ਨਾ ਖਾਓਗੇ। ਤੁਹਾਡਾ ਗਧਾ ਤੁਹਾਡੇ ਅੱਗੋਂ ਚੁਰਾਇਆ ਜਾਵੇਗਾ ਪਰ ਫੇਰ ਮੁੜ ਤੁਹਾਨੂੰ ਲੱਭੇਗਾ ਨਾ। ਤੁਹਾਡਾ ਇੱਜੜ ਤੁਹਾਡੇ ਵੈਰੀਆਂ ਨੂੰ ਦਿੱਤਾ ਜਾਵੇਗਾ ਪਰ ਤੁਹਾਡਾ ਕੋਈ ਬਚਾਉਣ ਵਾਲਾ ਕੋਈ ਨਾ ਹੋਵੇਗਾ।
32ਤੁਹਾਡੇ ਪੁੱਤ੍ਰ ਧੀਆਂ ਦੂਜੇ ਲੋਕਾਂ ਨੂੰ ਦਿੱਤੇ ਜਾਣਗੇ ਅਤੇ ਤੁਹਾਡੀਆਂ ਅੱਖਾਂ ਓਹਨਾਂ ਉੱਤੇ ਸਾਰਾ ਦਿਨ ਵੇਖ ਵੇਖ ਅਤੇ ਲੋਚ ਲੋਚ ਤਰਸ ਜਾਣਗੀਆਂ ਪਰ ਤੁਹਾਡੇ ਹੱਥਾਂ ਵਿੱਚ ਕੋਈ ਜ਼ੋਰ ਨਹੀਂ ਹੋਵੇਗਾ।
33ਤੁਹਾਡੀ ਜ਼ਮੀਨ ਦਾ ਫਲ ਅਤੇ ਤੁਹਾਡੀ ਸਾਰੀ ਕਮਾਈ ਓਹ ਲੋਕ ਜਿਨ੍ਹਾਂ ਨੂੰ ਤੁਸੀਂ ਜਾਣਦੇ ਨਹੀ ਖਾਣਗੇ। ਤੁਸੀਂ ਸਦਾ ਲਈ ਦੱਬੇ ਅਤੇ ਪੀਹ ਹੁੰਦੇ ਰਹੋਗੇ।
34ਤੁਸੀਂ ਆਪਣੀਆਂ ਅੱਖਾਂ ਨਾਲ ਵੇਖ ਵੇਖ ਕੇ ਸ਼ੁਦਾਈ ਹੋ ਜਾਓਗੇ।
35ਯਹੋਵਾਹ ਤੁਹਾਨੂੰ ਬਹੁਤ ਬੁਰੇ ਫੋੜਿਆਂ ਨਾਲ ਜਿਨ੍ਹਾਂ ਤੋਂ ਤੁਸੀਂ ਚੰਗੇ ਨਾ ਹੋ ਸਕੋਗੇ ਤੁਹਾਡੇ ਗੋਡਿਆਂ ਅਤੇ ਲੱਤਾਂ ਉੱਤੇ ਤੁਹਾਡੇ ਪੈਰ ਦੇ ਤਲੇ ਤੋਂ ਸਿਰ ਦੀ ਚੋਟੀ ਤੀਕ ਮਾਰੇਗਾ।
36ਯਹੋਵਾਹ ਤੁਹਾਨੂੰ ਅਤੇ ਤੁਹਾਡੇ ਰਾਜੇ ਨੂੰ ਜਿਹ ਨੂੰ ਤੁਸੀਂ ਆਪਣੇ ਉੱਤੇ ਠਹਿਰਾਉਗੇ ਇੱਕ ਕੌਮ ਕੋਲ ਪੁਚਾਵੇਗਾ ਜਿਹ ਨੂੰ ਨਾ ਤੁਸੀਂ, ਨਾ ਤੁਹਾਡੇ ਪਿਉ ਦਾਦੇ ਜਾਣਦੇ ਸਾਓ। ਉੱਥੇ ਤੁਸੀਂ ਦੂਜੇ ਦੇਵਤਿਆਂ ਦੀ ਪੂਜਾ ਕਰੋਗੇ ਅਰਥਾਤ ਲੱਕੜੀ ਅਤੇ ਪੱਥਰ ਦੇ।
37ਅਤੇ ਤੁਸੀਂ ਉਨ੍ਹਾਂ ਸਾਰੀਆਂ ਕੌਮਾਂ ਵਿੱਚ ਜਿੱਥੇ ਜਿੱਥੇ ਯਹੋਵਾਹ ਤੁਹਾਨੂੰ ਧੱਕ ਦੇਵੇਗਾ ਇੱਕ ਭਿਆਣਕ ਨਮੂਨਾ, ਕਹਾਉਤ ਅਤੇ ਮਖੌਲ ਹੋਵੇਗਾ।
38ਤੁਸੀਂ ਖੇਤ ਵਿੱਚ ਬੀ ਤਾਂ ਬਹੁਤ ਲੈ ਜਾਵੋਗੇ ਪਰ ਇਕੱਠਾ ਥੋੜਾ ਕਰੋਗੇ ਕਿਉਂ ਜੋ ਸਲ੍ਹਾ ਉਹ ਨੂੰ ਭੱਖ ਲਵੇਗੀ।
39ਤੁਸੀਂ ਅੰਗੂਰੀ ਬਾਗ ਲਾ ਕੇ ਉਹ ਨੂੰ ਪਾਲੋਗੇ ਪਰ ਨਾ ਤਾਂ ਤੁਸੀਂ ਮਧ ਪੀਓਗੇ, ਨਾ ਗੁੱਛੇ ਇਕੱਠੇ ਕਰੋਗੇ ਕਿਉਂ ਜੋ ਕੀੜਾ ਉਨ੍ਹਾਂ ਨੂੰ ਖਾ ਜਾਵੇਗਾ।
40ਤੁਹਾਡੀਆਂ ਸਾਰੀਆਂ ਹੱਦਾਂ ਵਿੱਚ ਜ਼ੈਤੂਨ ਦੇ ਬਿਰਛ ਹੋਣਗੇ ਪਰ ਤੁਸੀਂ ਆਪ ਨੂੰ ਤੇਲ ਨਾ ਮਲੋਗੇ ਕਿਉਂ ਜੋ ਉਹ ਦਾ ਫਲ ਝੜ ਜਾਵੇਗਾ।
41ਪੁੱਤ੍ਰ ਧੀਆਂ ਤੁਸੀਂ ਜਣੋਗੇ ਪਰ ਓਹ ਤੁਹਾਡੇ ਨਾ ਹੋਣਗੇ ਕਿਉਂ ਜੋ ਓਹ ਅਸੀਰੀ ਵਿੱਚ ਜਾਣਗੇ।
42ਤੁਹਾਡੇ ਸਾਰੇ ਬਿਰਛਾਂ ਦਾ ਅਤੇ ਤੁਹਾਡੀ ਜ਼ਮੀਨ ਦਾ ਫਲ ਟਿੱਡਾ ਖਾ ਜਾਵੇਗਾ।
43ਉਹ ਪਰਦੇਸੀ ਜਿਹੜਾ ਤੁਹਾਡੇ ਵਿੱਚ ਹੈ ਤੁਹਾਥੋਂ ਉੱਚਾ ਹੀ ਉੱਚਾ ਹੁੰਦਾ ਜਾਵੇਗਾ ਪਰ ਤੁਸੀਂ ਹੇਠਾਂ ਹੇਠਾਂ ਹੀ ਜਾਓਗੇ।
44ਉਹ ਤੁਹਾਨੂੰ ਕਰਜ਼ ਦੇਵੇਗਾ ਪਰ ਤੁਸੀਂ ਉਹ ਨੂੰ ਕਰਜ਼ ਨਾ ਦੇਓਗੇ। ਉਹ ਸਿਰ ਹੋਵੇਗਾ ਅਤੇ ਤੁਸੀਂ ਪੂਛ ਹੋਵੋਗੇ।
45ਤੁਹਾਡੇ ਉੱਤੇ ਏਹ ਸਾਰੇ ਸਰਾਪ ਆਉਣਗੇ ਸਗੋਂ ਓਹ ਤੁਹਾਡੇ ਪਿਛੇ ਪੈ ਕੇ ਤੁਹਾਨੂੰ ਆ ਪੈਣਗੇ ਜਦ ਤੀਕ ਤੁਸੀਂ ਮਿਟ ਨਾ ਜਾਓ ਕਿਉਂ ਜੋ ਤੁਸਾਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨਾ ਸੁਣੀ ਕਿ ਤੁਸੀਂ ਉਸ ਦੇ ਦਿੱਤੇ ਹੋਏ ਹੁਕਮਾਂ ਅਤੇ ਬਿਧੀਆਂ ਦੀ ਪਾਲਨਾ ਕਰੋ।
46ਅਤੇ ਓਹ ਤੁਹਾਡੇ ਉੱਤੇ ਨਾਲੇ ਤੁਹਾਡੀ ਅੰਸ ਉੱਤੇ ਸਦਾ ਤੀਕ ਨਿਸ਼ਾਨ ਅਤੇ ਅਚਰਜ ਲਈ ਹੋਣਗੇ।
47ਏਸ ਲਈ ਭਈ ਤੁਸਾਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਪਾਸਨਾ ਅਨੰਦਤਾਈ ਅਤੇ ਮਨ ਦੀ ਖੁਸ਼ੀ ਨਾਲ ਸਾਰੀਆਂ ਚੀਜ਼ਾ ਦੇ ਵਾਫ਼ਰ ਹੁੰਦਿਆਂ ਵੀ ਨਹੀਂ ਕੀਤੀ।
48ਤੁਸੀਂ ਆਪਣੇ ਵੈਰੀਆਂ ਦੀ ਜਿਨ੍ਹਾਂ ਨੂੰ ਯਹੋਵਾਹ ਤੁਹਾਡੇ ਵਿਰੁੱਧ ਘੱਲੇਗਾ ਭੁੱਖ, ਤਿਹ, ਨੰਗੇਪਣ ਅਤੇ ਇਨ੍ਹਾਂ ਸਾਰੀਆਂ ਚੀਜ਼ਾਂ ਦੀ ਥੁੜ ਵਿੱਚ ਟਹਿਲ ਸੇਵਾ ਕਰੋਗੇ ਅਤੇ ਉਹ ਲੋਹੇ ਦਾ ਜੂਲਾ ਤੁਹਾਡੀ ਧੌਣ ਉੱਤੇ ਰੱਖਣਗੇ ਜਦ ਤੀਕ ਤੂਹਾਨੂੰ ਮਿਟਾ ਨਾ ਦੇਣ।
49ਯਹੋਵਾਹ ਤੁਹਾਡੇ ਵਿਰੁੱਧ ਦੂਰੋਂ ਅਰਥਾਤ ਧਰਤੀ ਦੇ ਕੰਢੇ ਤੋਂ ਜਿਵੇਂ ਉਕਾਬ ਉੱਡਦਾ ਹੈ ਇੱਕ ਕੌਮ ਨੂੰ ਲੈ ਆਵੇਗਾ, ਉਹ ਕੌਮ ਜਿਹ ਦੀ ਬੋਲੀ ਤੁਸੀਂ ਨਹੀਂ ਸਮਝੋਗੇ॥
50ਇੱਕ ਕੌਮ ਜਿਹ ਦਾ ਮੂੰਹ ਗੁੱਸੇ ਵਾਲਾ ਹੋਵੇਗਾ ਜਿਹੜੀ ਨਾ ਬੁੱਢਿਆਂ ਦਾ ਆਦਰ ਕਰੇਗੀ ਨਾ ਜੁਆਨਾਂ ਉੱਤੇ ਦਯਾ ਕਰੇਗੀ।
51ਜਦ ਤੀਕ ਉਹ ਤੁਹਾਨੂੰ ਮਿਟਾ ਨਾ ਦੇਵੇ ਉਹ ਤੁਹਾਡੇ ਡੰਗਰਾਂ ਦਾ ਫਲ ਅਤੇ ਤੁਹਾਡੀ ਜ਼ਮੀਨ ਦਾ ਫਲ ਖਾਵੇਗੀ। ਉਹ ਤੁਹਾਡੇ ਲਈ ਅੰਨ ਨਵੀਂ ਮੈਂ, ਤੇਲ ਅਤੇ ਤੁਹਾਡੇ ਚੌਣੇ ਦਾ ਵਾਧਾ, ਤੁਹਾਡੇ ਇੱਜੜ ਦੇ ਬੱਚੇ ਨਾ ਛੱਡੇਗੀ ਜਦ ਤੀਕ ਤੁਹਾਨੂੰ ਨਾਸ ਨਾ ਕਰ ਦੇਵੇ।
52ਅਤੇ ਉਹ ਤੁਹਾਨੂੰ ਤੁਹਾਡੇ ਸਾਰੇ ਫਾਟਕਾਂ ਵਿੱਚ ਘੇਰ ਲਵੇਗੀ ਜਦ ਤੀਕ ਤੁਹਾਡੀਆਂ ਉੱਚੀਆਂ ਅਤੇ ਗੜਾਂ ਵਾਲੀਆਂ ਕੰਧਾਂ ਜਿਨ੍ਹਾਂ ਉੱਤੇ ਤੁਸੀਂ ਆਪਣੇ ਦੇਸ ਵਿੱਚ ਨਿਹਚਾ ਕੀਤੀ ਬੈਠੇ ਸਾਓ ਨਾ ਢਾਹੀਆਂ ਜਾਣ। ਇਉਂ ਉਹ ਤੁਹਾਨੂੰ ਤੁਹਾਡੇ ਸਾਰੇ ਫਾਟਕਾਂ ਵਿੱਚ ਤੁਹਾਡੇ ਸਾਰੇ ਦੇਸ ਦੇ ਅੰਦਰ ਜਿਹੜਾ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਦਿੱਤਾ ਹੈ ਘੇਰ ਲਵੇਗੀ।
53ਉਸ ਘੇਰੇ ਅਤੇ ਉਸ ਬਿਪਤਾ ਵਿੱਚ ਜਿਹ ਦੇ ਨਾਲ ਤੁਹਾਡੇ ਵੈਰੀ ਤੁਹਾਨੂੰ ਤੰਗ ਕਰਨਗੇ ਤੁਸੀਂ ਆਪਣੇ ਸਰੀਰ ਦਾ ਫਲ ਅਰਥਾਤ ਆਪਣੇ ਪੁੱਤ੍ਰ ਧੀਆਂ ਦਾ ਮਾਸ ਜਿਹੜੇ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਦਿੱਤੇ ਖਾਓਗੇ।
54ਤੁਹਾਡੇ ਵਿੱਚ ਜਿਹੜਾ ਮਨੁੱਖ ਬਹੁਤ ਲਾਡਲਾ ਅਤੇ ਨਾਜ਼ੁਕ ਹੋਵੇਗਾ ਉਸ ਦੀ ਅੱਖ ਆਪਣੇ ਭਰਾ ਅਤੇ ਆਪਣੀ ਪਰੀਤਮਾ ਅਤੇ ਆਪਣੇ ਪੁੱਤ੍ਰਾਂ ਦੇ ਬਕੀਏ ਵੱਲ ਜਿਹੜੇ ਬਾਕੀ ਹੋਣਗੇ ਭੈੜੀ ਹੋਵੇਗੀ।
55ਸੋ ਉਹ ਉਨ੍ਹਾਂ ਵਿੱਚੋਂ ਕਿਸੇ ਨੂੰ ਆਪਣੇ ਪੁੱਤ੍ਰਾਂ ਦੇ ਮਾਸ ਵਿੱਚੋਂ ਜਿਹੜਾ ਉਹ ਖਾਂਦਾ ਹੋਵੇਗਾ ਕੁਝ ਨਹੀਂ ਦੇਵੇਗਾ ਕਿਉਂ ਜੋ ਉਸ ਘੇਰੇ ਅਤੇ ਉਸ ਬਿਪਤਾ ਵਿੱਚ ਜਿਹ ਦੇ ਵਿੱਚ ਤੁਹਾਡੇ ਵੈਰੀ ਤੁਹਾਡੇ ਸਾਰੇ ਫਾਟਕਾਂ ਦੇ ਅੰਦਰ ਤੁਹਾਨੂੰ ਤੰਗ ਕਰਨਗੇ ਉਸ ਦੇ ਲਈ ਹੋਰ ਕੁਝ ਬਾਕੀ ਨਹੀਂ ਰਿਹਾ।
56ਤੁਹਾਡੇ ਵਿੱਚੋਂ ਉਹ ਲਾਡਲੀ ਅਤੇ ਨਾਜ਼ੁਕ ਤੀਵੀਂ ਜਿਸ ਨੇ ਕਦੀ ਆਪਣਾ ਪੱਬ ਧਰਤੀ ਉੱਤੇ ਨਜ਼ਾਕਤ ਅਤੇ ਲਾਡਪੁਣੇ ਦੇ ਕਾਰਨ ਰੱਖਣ ਦਾ ਹੌਸਲਾ ਨਹੀਂ ਕੀਤਾ ਉਸ ਦੀ ਅੱਖ ਆਪਣੇ ਬਾਲਮ ਅਤੇ ਆਪਣੇ ਪੁੱਤ੍ਰ ਧੀ ਵੱਲ ਭੈੜੀ ਹੋਵੇਗੀ।
57ਨਾਲੇ ਆਪਣੀ ਆਓਲ ਵੱਲ ਜਿਹੜੀ ਉਹ ਦੀਆਂ ਲੱਤਾਂ ਦੇ ਵਿੱਚੋਂ ਦੀ ਨਿੱਕਲੀ ਹੈ ਅਤੇ ਓਹਨਾਂ ਬੱਚਿਆਂ ਵੱਲ ਜਿਹੜੇ ਉਹ ਜਣੇਗੀ ਕਿਉਂ ਜੋ ਉਸ ਘੇਰੇ ਅਤੇ ਬਿਪਤਾ ਵਿੱਚ ਜਿਹ ਦੇ ਨਾਲ ਤੁਹਾਡੇ ਵੈਰੀ ਤੁਹਾਡੇ ਫਾਟਕਾਂ ਦੇ ਅੰਦਰ ਤੁਹਾਨੂੰ ਤੰਗ ਕਰਨਗੇ ਉਹ ਸਾਰੀਆਂ ਚੀਜ਼ਾਂ ਦੀ ਥੁੜੋਂ ਦੇ ਕਾਰਨ ਚੁੱਪ ਕੀਤੇ ਓਹਨਾਂ ਨੂੰ ਖਾ ਜਾਵੇਗੀ।
58ਜੇ ਤੁਸੀਂ ਏਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਨੂੰ ਜਿਹੜੀਆਂ ਏਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ ਪੂਰੇ ਕਰਨ ਦੀ ਪਾਲਨਾ ਨਾ ਕਰੋ ਭਈ ਤੁਸੀਂ ਏਸ ਪਰਤਾਪ ਵਾਲੇ ਅਤੇ ਭੈ ਦਾਇਕ ਨਾਮ ਤੋਂ ਅਰਥਾਤ ਯਹੋਵਾਹ ਆਪਣੇ ਪਰਮੇਸ਼ੁਰ ਤੋਂ ਡਰੋ।
59ਤਾਂ ਯਹੋਵਾਹ ਤੁਹਾਡੀਆਂ ਬਵਾਂ ਅਤੇ ਤੁਹਾਡੀ ਅੰਸ ਦੀਆਂ ਬਵਾਂ ਅਣੋਖੀਆਂ ਬਣਾਵੇਗਾ। ਓਹ ਬਵਾ ਵੱਡੀਆਂ ਅਤੇ ਬਹੁਤੇ ਚਿਰ ਤੀਕ ਰਹਿਣਗੀਆਂ ਅਤੇ ਰੋਗ ਬੁਰੇ ਅਤੇ ਬਹੁਤੇ ਚਿਰ ਤੀਕ ਰਹਿਣ ਵਾਲੇ ਹੋਣਗੇ।
60ਉਹ ਤੁਹਾਡੇ ਉੱਤੇ ਸਾਰੇ ਮਿਸਰੀ ਰੋਗ ਜਿਨ੍ਹਾਂ ਤੋਂ ਤੁਸੀਂ ਡਰਦੇ ਸਾਓ ਮੁੜ ਲਿਆਵੇਗਾ। ਓਹ ਤੁਹਾਨੂੰ ਲੱਗੇ ਰਹਿਣਗੇ।
61ਨਾਲੇ ਹਰ ਇੱਕ ਬਿਮਾਰੀ ਅਤੇ ਹਰ ਇੱਕ ਬਿਪਤਾ ਜਿਹੜੀ ਏਸ ਬਿਵਸਥਾ ਦੀ ਪੋਥੀ ਵਿੱਚ ਲਿਖੀ ਨਹੀਂ ਗਈ ਯਹੋਵਾਹ ਤੁਹਾਡੇ ਉੱਤੇ ਲਿਆਵੇਗਾ ਜਦ ਤੀਕ ਤੁਸੀਂ ਮਿਟ ਨਾ ਜਾਓ।
62ਅਤੇ ਤੁਸੀਂ ਗਿਣਤੀ ਵਿੱਚ ਥੋੜੇ ਜੇਹੇ ਬਾਕੀ ਰਹਿ ਜਾਓਗੇ ਭਾਵੇਂ ਤੁਸੀਂ ਅਕਾਸ਼ ਦੇ ਤਾਰਿਆਂ ਜਿੰਨ੍ਹੇ ਸਾਓ ਕਿਉਂ ਜੋ ਤੁਸਾਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨਾ ਸੁਣੀ।
63ਐਉਂ ਹੋਵੇਗਾ ਕਿ ਜਿਵੇਂ ਯਹੋਵਾਹ ਤੁਹਾਡੇ ਉੱਤੇ ਤੁਹਾਡੀ ਭਲਿਆਈ ਅਤੇ ਤੁਹਾਡੇ ਵਾਧੇ ਲਈ ਖੁਸ਼ ਹੁੰਦਾ ਸੀ ਹੁਣ ਤਿਵੇਂ ਹੀ ਯਹੋਵਾਹ ਤੁਹਾਡੇ ਉੱਤੇ ਤੁਹਾਡੇ ਨਾਸ ਕਰਨ ਅਤੇ ਤੁਹਾਡੇ ਮਿਟਾਉਣ ਲਈ ਖੁਸ਼ ਹੋਵੇਗਾ ਅਤੇ ਤੁਸੀਂ ਉਸ ਧਰਤੀ ਉੱਤੋਂ ਜਿੱਥੇ ਤੁਸੀਂ ਕਬਜ਼ਾ ਕਰਨ ਨੂੰ ਜਾਂਦੇ ਹੋ ਉਖੇੜੇ ਜਾਓਗੇ।
64ਯਹੋਵਾਹ ਤੁਹਾਨੂੰ ਸਾਰਿਆਂ ਲੋਕਾਂ ਵਿੱਚ ਧਰਤੀ ਦੇ ਇੱਕ ਪਾਸੇ ਤੋਂ ਧਰਤੀ ਦੇ ਦੂਜੇ ਪਾਸੇ ਤੀਕ ਖਿਲਾਰ ਦੇਵੇਗਾ ਅਤੇ ਉੱਥੇ ਤੁਸੀਂ ਹੋਰਨਾਂ ਦੇਵਤਿਆਂ ਦੀ ਪੂਜਾ ਕਰੋਗੇ ਜਿਨ੍ਹਾਂ ਨੂੰ ਨਾ ਤੁਸਾਂ ਨਾ ਤੁਹਾਡੇ ਪਿਉ ਦਾਦਿਆਂ ਨੇ ਜਾਤਾ ਸੀ ਅਰਥਾਤ ਲੱਕੜੀ ਅਤੇ ਪੱਥਰ ਦੇ।
65ਇਨ੍ਹਾਂ ਕੌਮਾਂ ਵਿੱਚ ਤੁਸੀਂ ਸੁਖ ਨਾ ਪਾਵੋਗੇ ਨਾ ਤੁਹਾਡੇ ਪੈਰ ਦੇ ਤਲੇ ਨੂੰ ਅਰਾਮ ਹੋਵੇਗਾ ਸਗੋਂ ਯਹੋਵਾਹ ਉੱਥੇ ਕੰਬਣ ਵਾਲੇ ਦਿਲ ਅਤੇ ਅੱਖਾਂ ਦੀ ਧੁੰਦ ਅਤੇ ਮਨ ਦੀ ਕਲਪਣਾ ਤੁਹਾਨੂੰ ਦੇਵੇਗਾ।
66ਤੁਹਾਡਾ ਜੀਉਣ ਤੁਹਾਡੇ ਅੱਗੇ ਦੁਬਧਾ ਵਿੱਚ ਅਟਕਿਆ ਰਹੇਗਾ ਅਤੇ ਤੁਸੀਂ ਦਿਨ ਰਾਤ ਡਰਦੇ ਰਹੋਗੇ। ਤੁਸੀਂ ਆਪਣੇ ਜੀਉਣ ਦੀ ਆਸ ਲਾਹ ਬੈਠੋਗੇ।
67ਤੁਹਾਡੇ ਦਿਲ ਦੇ ਡਰ ਦੇ ਕਾਰਨ ਜਿਹੜਾ ਤੁਸੀਂ ਡਰਦੇ ਰਹੋਗੇ ਅਤੇ ਤੁਹਾਡੀਆਂ ਅੱਖਾਂ ਦੇ ਵੇਖਣ ਦੇ ਕਾਰਨ ਜਿਹੜਾ ਤੁਸੀਂ ਵੇਖੋਗੇ ਤੁਸੀਂ ਸਵੇਰ ਨੂੰ ਆਖੋਗੇ ਕਦੋਂ ਸੰਝ ਹੋਵੇਗੀ? ਅਤੇ ਸੰਝ ਨੂੰ ਤੁਸੀਂ ਆਖੋਗੇ, ਕਦੋਂ ਸਵੇਰ ਹੋਵੇਗੀ?
68ਫੇਰ ਯਹੋਵਾਹ ਤੂਹਾਨੂੰ ਬੇੜਿਆਂ ਨਾਲ ਮਿਸਰ ਨੂੰ ਲੈ ਜਾਵੇਗਾ ਉਸੇ ਰਾਹ ਥਾਣੀ ਜਿੱਥੋਂ ਮੈਂ ਤੁਹਾਨੂੰ ਆਖਿਆ ਸੀ ਭਈ ਤੁਸੀਂ ਉਹ ਨੂੰ ਫੇਰ ਕਦੀ ਨਹੀਂ ਵੇਖੋਗੇ ਅਤੇ ਉੱਥੇ ਤੁਸੀਂ ਆਪਣੇ ਆਪ ਨੂੰ ਆਪਣੇ ਵੈਰੀਆਂ ਦੇ ਕੋਲ ਗੋੱਲੇ ਗੋੱਲੀਆਂ ਕਰਕੇ ਵੇਚੋਗੇ ਪਰ ਕੋਈ ਗਾਹਕ ਨਹੀਂ ਹੋਵੇਗਾ।