Loading Bible Translation
First-time download in progress. This may take a few seconds…
Punjabi Bible Wordproject Bible
29 verses
1ਏਹ ਉਸ ਨੇਮ ਦੀਆਂ ਗੱਲਾਂ ਹਨ ਜਿਹੜਾ ਯਹੋਵਾਹ ਨੇ ਮੂਸਾ ਨੂੰ ਇਸਰਾਏਲੀਆਂ ਨਾਲ ਮੋਆਬ ਦੇਸ ਵਿੱਚ ਬੰਨ੍ਹਣ ਦਾ ਹੁਕਮ ਦਿੱਤਾ ਸੀ। ਏਹ ਉਸ ਤੋਂ ਜਿਹੜਾ ਉਹ ਨੇ ਹੋਰੇਬ ਵਿੱਚ ਉਨ੍ਹਾਂ ਨਾਲ ਬੰਨ੍ਹਿਆ ਸੀ ਵੱਖਰਾ ਹੈ।
2ਮੂਸਾ ਨੇ ਸਾਰੇ ਇਸਰਾਏਲੀਆਂ ਨੂੰ ਸੱਦ ਕੇ ਆਖਿਆ, ਜੋ ਕੁਝ ਯਹੋਵਾਹ ਨੇ ਮਿਸਰ ਵਿੱਚ ਤੁਹਾਡੇ ਵੇਖਦਿਆਂ ਤੇ ਫ਼ਿਰਊਨ, ਉਸ ਦੇ ਸਾਰੇ ਟਹਿਲੂਆਂ ਅਤੇ ਉਸ ਦੇ ਦੇਸ ਨਾਲ ਕੀਤਾ ਸੀ ਉਹ ਤੁਸਾਂ ਵੇਖਿਆ ਸੀ।
3ਅਰਥਾਤ ਓਹ ਵੱਡੇ ਪਰਤਾਵੇ ਜਿਹੜੇ ਤੁਹਾਡੀਆਂ ਅੱਖਾਂ ਨੇ ਵੇਖੇ, ਨਿਸ਼ਾਨ ਅਤੇ ਓਹ ਵੱਡੇ ਵੱਡੇ ਅਚਰਜ ਕੰਮ।
4ਪਰ ਯਹੋਵਾਹ ਨੇ ਅੱਜ ਤੀਕ ਨਾ ਤਾਂ ਸਮਝਣ ਵਾਲਾ ਦਿਲ, ਨਾ ਵੇਖਣ ਵਾਲੀਆਂ ਅੱਖਾਂ, ਨਾ ਸੁਨਣ ਵਾਲੇ ਕੰਨ ਤੁਹਾਨੂੰ ਦਿੱਤੇ।
5ਮੈਂ ਤੁਹਾਨੂੰ ਚਾਲੀ ਵਰਹੇ ਉਜਾੜ ਵਿੱਚ ਲਈ ਫਿਰਦਾ ਰਿਹਾ, ਨਾ ਤੁਹਾਡੇ ਉੱਤੋਂ ਤੁਹਾਡੇ ਕਪੜੇ ਹੰਢੇ, ਨਾ ਤੁਹਾਡੇ ਪੈਰਾਂ ਵਿੱਚ ਤੁਹਾਡੀਆਂ ਜੁਤੀਆਂ ਹੀ ਹੰਢੀਆਂ।
6ਰੋਟੀ ਤੁਸਾਂ ਨਾ ਖਾਧੀ, ਨਾ ਮੈਂ, ਨਾ ਸ਼ਰਾਬ ਤੁਸਾਂ ਪੀਤੀ ਤਾਂ ਜੋ ਤੁਸੀਂ ਜਾਣੋ ਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
7ਜਦ ਤੁਸੀਂ ਏਸ ਥਾਂ ਉੱਤੇ ਆਏ ਤਦ ਹਸ਼ਬੋਨ ਰਾਜਾ ਸੀਹੋਨ ਅਤੇ ਬਾਸ਼ਾਨ ਦਾ ਰਾਜਾ ਓਗ ਸਾਡੇ ਨਾਲ ਜੁੱਧ ਕਰਨ ਨੂੰ ਨਿੱਕਲੇ ਤਾਂ ਅਸਾਂ ਉਨ੍ਹਾਂ ਨੂੰ ਮਾਰਿਆ।
8ਅਤੇ ਉਨ੍ਹਾਂ ਦਾ ਦੇਸ ਲੈ ਕੇ ਅਸਾਂ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਮਿਲਖ ਵਿੱਚ ਦੇ ਦਿੱਤਾ।
9ਏਸ ਨੇਮ ਦੀਆਂ ਗੱਲਾਂ ਨੂੰ ਪੂਰਾ ਕਰ ਕੇ ਪਾਲਨਾ ਕਰੋ ਤਾਂ ਜੋ ਤੁਸੀਂ ਆਪਣੇ ਸਭ ਕੰਮਾਂ ਵਿੱਚ ਸੁਫਲ ਹੋਵੇ।
10ਅੱਜ ਤੁਸੀਂ ਸਾਰੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਨਮੁਖ ਖੜੇ ਹੋ, ਤੁਹਾਡੇ ਮੁਖੀਏ, ਤੁਹਾਡੇ ਗੋਤ, ਤੁਹਾਡੇ ਬਜ਼ੁਰਗ, ਤੁਹਾਡੇ ਹੁੱਦੇਦਾਰ, ਸਗੋਂ ਇਸਰਾਏਲ ਦੇ ਸਾਰੇ ਮਨੁੱਖ।
11ਤੁਹਾਡੇ ਨਿਆਣੇ, ਤੁਹਾਡੀਆਂ ਤੀਵੀਆਂ, ਤੁਹਾਡੇ ਪਰਦੇਸੀ ਜਿਹੜੇ ਤੁਹਾਡੇ ਡੇਰਿਆਂ ਵਿੱਚ ਹਨ ਲੱਕੜ ਹਾਰੇ ਤੋਂ ਲੈ ਕੇ ਪਾਣੀ ਭਰਨ ਵਾਲੇ ਤੀਕ।
12ਤਾਂ ਜੋ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਸੌਂਹ ਵਾਲੇ ਨੇਮ ਵਿੱਚ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਅੱਜ ਦੇ ਦਿਨ ਤੁਹਾਡੇ ਨਾਲ ਬੰਨ੍ਹਦਾ ਹੈ ਮਿਲ ਜਾਓ।
13ਭਈ ਉਹ ਤੁਹਾਨੂੰ ਅੱਜ ਦੇ ਦਿਨ ਆਪਣੀ ਪਰਜਾ ਕਰਕੇ ਕਾਇਮ ਕਰੇ ਅਤੇ ਉਹ ਤੁਹਾਡੇ ਲਈ ਪਰਮੇਸ਼ੁਰ ਹੋਵੇ ਜਿਵੇਂ ਉਸ ਤੁਹਾਡੇ ਨਾਲ ਬਚਨ ਕੀਤਾ ਸੀ ਅਤੇ ਜਿਵੇਂ ਉਸ ਤੁਹਾਡੇ ਪਿਉ ਦਾਦਿਆਂ ਅਰਥਾਤ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਸੌਂਹ ਖਾਧੀ ਸੀ।
14ਨਾ ਕੇਵਲ ਤੁਹਾਡੇ ਨਾਲ ਮੈਂ ਇਹ ਸੌਂਹ ਅਤੇ ਨੇਮ ਬੰਨ੍ਹ ਰਿਹਾ ਹਾਂ।
15ਸਗੋਂ ਉਸ ਨਾਲ ਵੀ ਜਿਹੜਾ ਏਥੇ ਸਾਡੇ ਨਾਲ ਯਹੋਵਾਹ ਸਾਡੇ ਪਰਮੇਸ਼ੁਰ ਦੇ ਸਨਮੁਖ ਖਲੋਤਾ ਹੈ ਉਸ ਨਾਲ ਵੀ ਜਿਹੜਾ ਅੱਜ ਏਥੇ ਸਾਡੇ ਨਾਲ ਨਹੀਂ ਹੈ।
16ਕਿਓਂ ਜੋ ਤੁਸੀਂ ਜਾਣਦੇ ਹੋ ਕਿ ਕਿਵੇਂ ਅਸੀਂ ਮਿਸਰ ਦੇਸ ਵਿੱਚ ਵੱਸੇ ਅਤੇ ਕਿਵੇਂ ਅਸੀਂ ਉਨ੍ਹਾਂ ਕੌਮਾਂ ਦੇ ਵਿੱਚ ਦੀ ਹੋ ਕੇ ਆਏ ਜਿਨ੍ਹਾਂ ਦੇ ਵਿੱਚੋਂ ਦੀ ਤੁਸੀਂ ਲੰਘੋ।
17ਤੁਸਾਂ ਓਹਨਾਂ ਦੀਆਂ ਘਿਣਾਉਣੀਆਂ ਚੀਜ਼ਾਂ ਅਤੇ ਓਹਨਾਂ ਦੀਆਂ ਮੂਰਤਾਂ ਵੇਖੀਆਂ ਅਰਥਾਤ ਲੱਕੜੀ, ਪੱਥਰ, ਚਾਂਦੀ ਅਤੇ ਸੋਨੇ ਦੀਆਂ ਚੀਜ਼ਾ ਜਿਹੜੀਆਂ ਓਹਨਾਂ ਦੇ ਕੋਲ ਸਨ।
18ਕਿਤੇ ਐਉਂ ਨਾ ਹੋਵੇ ਕਿ ਤੁਹਾਡੇ ਵਿੱਚ ਕੋਈ ਮਨੁੱਖ ਯਾ ਤੀਵੀਂ ਯਾ ਟੱਬਰ ਯਾ ਕੋਈ ਗੋਤ ਜਿਹ ਦਾ ਮਨ ਅੱਜ ਯਹੋਵਾਹ ਤੁਹਾਡੇ ਪਰਮੇਸ਼ੁਰ ਤੋਂ ਫਿਰ ਜਾਵੇ ਅਤੇ ਉਹ ਜਾ ਕੇ ਉਨ੍ਹਾਂ ਕੌਮਾਂ ਦੇ ਦੇਵਤਿਆਂ ਦੀ ਪੂਜਾ ਕਰੇ ਅਤੇ ਕਿਤੇ ਐਉਂ ਵੀ ਨਾ ਹੋਵੇ ਕਿ ਤੁਹਾਡੇ ਵਿੱਚ ਕੋਈ ਕੁੜਤਣ ਅਤੇ ਅੱਕ ਦੀ ਜੜ੍ਹ ਫੁੱਟ ਨਿੱਕਲੇ।
19ਤਾਂ ਐਉਂ ਹੋਵੇਗਾ ਕਿ ਜਦ ਕੋਈ ਮਨੁੱਖ ਏਸ ਸਰਾਪ ਦੀਆਂ ਗੱਲਾਂ ਸੁਣ ਕੇ ਆਪਣੇ ਮਨ ਵਿੱਚ ਆਪਣੇ ਆਪ ਨੂੰ ਏਹ ਆਖ ਕੇ ਅਸੀਸ ਦੇਵੇ ਕਿ ਮੈਂ ਸ਼ਾਂਤੀ ਪਾਵਾਂਗਾ ਭਾਵੇਂ ਮੈਂ ਆਪਣੇ ਮਨ ਦੀ ਜ਼ਿੱਦ ਵਿੱਚ ਚੱਲਾਂ ਤਾਂ ਜੋ ਖੁਸ਼ਕੀ ਤਰੀ ਨਾਲ ਮਿਟ ਜਾਵੇ।
20ਯਹੋਵਾਹ ਉਸ ਨੂੰ ਮਾਫ਼ ਕਰਨਾ ਨਾ ਚਾਹੇਗਾ ਪਰ ਯਹੋਵਾਹ ਦਾ ਕ੍ਰੋਧ ਅਤੇ ਉਸ ਦੀ ਅਣਖ ਉਸ ਮਨੁੱਖ ਉੱਤੇ ਸੁਲਗੇਗੀ ਅਤੇ ਸਾਰਾ ਸਰਾਪ ਜਿਹੜਾ ਏਸ ਪੋਥੀ ਵਿੱਚ ਲਿਖਿਆ ਹੈ ਉਸ ਉੱਤੇ ਆ ਪਵੇਗਾ ਅਤੇ ਯਹੋਵਾਹ ਉਸ ਦਾ ਨਾਉਂ ਅਕਾਸ਼ ਦੇ ਹੇਠੋਂ ਮਿਟਾ ਦੇਵੇਗਾ।
21ਯਹੋਵਾਹ ਉਹ ਨੂੰ ਇਸਰਾਏਲ ਦਿਆਂ ਸਾਰਿਆਂ ਗੋਤਾਂ ਵਿੱਚੋਂ ਏਸ ਨੇਮ ਦੇ ਸਾਰੇ ਸਰਾਪਾਂ ਅਨੁਸਾਰ ਜਿਹੜੇ ਏਸ ਬਿਵਸਥਾ ਦੀ ਪੋਥੀ ਵਿੱਚ ਲਿਖੇ ਹੋਏ ਹਨ ਬੁਰਿਆਈ ਲਈ ਵੱਖਰਾ ਕਰੇਗਾ।
22ਜਦ ਓਹ ਉਸ ਦੇਸ ਦੀਆਂ ਬਵਾਂ ਅਤੇ ਓਹ ਬਿਮਾਰੀਆਂ ਜਿਨ੍ਹਾਂ ਨਾਲ ਯਹੋਵਾਹ ਨੇ ਉਸ ਨੂੰ ਬਿਮਾਰ ਕੀਤਾ ਵੇਖਣਗੇ ਤਦ ਆਉਣ ਵਾਲੀ ਪੀੜ੍ਹੀ ਅਰਥਾਤ ਤੁਹਾਡੇ ਬੱਚੇ ਜਿਹੜੇ ਤੁਹਾਡੇ ਪਿੱਛੋਂ ਉੱਠਣਗੇ ਅਤੇ ਓਪਰਾ ਜਿਹੜਾ ਦੂਰ ਦੇਸ ਤੋਂ ਆਵੇਗਾ ਆਖਣਗੇ।
23ਕਿ ਕਿਵੇਂ ਉਹ ਸਾਰੀ ਧਰਤੀ ਗੰਧਕ ਤੇ ਲੂਣ ਹੋ ਗਈ ਅਤੇ ਸੜ ਗਈ ਹੈ! ਨਾ ਤਾਂ ਉਸ ਵਿੱਚ ਕੁਝ ਬੀਜਿਆ ਜਾਂਦਾ ਹੈ, ਨਾ ਹੀ ਕੁਝ ਉੱਗਦਾ ਹੈ, ਨਾ ਹੀ ਉਸ ਵਿੱਚੋਂ ਕੁਝ ਘਾਹ ਨਿਕਲਦਾ ਹੈ। ਉਹ ਸਦੂਮ, ਅਮੂਰਹ, ਅਦਮਾਹ ਅਤੇ ਸਬੋਈਮ ਦੇ ਪਲਟਾਓ ਵਾਂਙ ਹਨ ਜਿਨ੍ਹਾਂ ਨੂੰ ਯਹੋਵਾਹ ਨੇ ਆਪਣੇ ਕ੍ਰੋਧ ਅਤੇ ਗੁੱਸੇ ਨਾਲ ਪਲਟਾ ਦਿੱਤਾ ਸੀ।
24ਤਾਂ ਸਾਰੀਆਂ ਕੌਮਾਂ ਵੀ ਆਖਣਗੀਆਂ ਕਿ ਯਹੋਵਾਹ ਨੇ ਏਸ ਧਰਤੀ ਨਾਲ ਇਉਂ ਕਿਉਂ ਕੀਤਾ ਅਤੇ ਐੱਨਾ ਵੱਡਾ ਕ੍ਰੋਧ ਦਾ ਤੱਤ ਕਿਉਂ ਹੈ?
25ਤਾਂ ਓਹ ਆਖਣਗੇ, ਏਸ ਲਈ ਕਿ ਉਨ੍ਹਾਂ ਨੇ ਆਪਣੇ ਪਿਉ ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਦੇ ਨੇਮ ਨੂੰ ਤਿਆਗ ਦਿੱਤਾ ਜਿਹੜਾ ਉਸ ਉਨ੍ਹਾਂ ਨਾਲ ਬੰਨ੍ਹਿਆ ਸੀ ਜਦ ਉਹ ਉਨ੍ਹਾਂ ਨੁੰ ਮਿਸਰ ਦੇਸ ਤੋਂ ਬਾਹਰ ਲਿਆਇਆ।
26ਉਨ੍ਹਾਂ ਨੇ ਜਾ ਕੇ ਦੂਜੇ ਦੇਵਤਿਆਂ ਦੀ ਪੂਜਾ ਕੀਤੀ ਅਤੇ ਓਹਨਾਂ ਦੇ ਅੱਗੇ ਮੱਥਾ ਟੇਕਿਆ, ਓਹ ਦੇਵਤੇ ਜਿਨ੍ਹਾਂ ਨੂੰ ਓਹ ਜਾਣਦੇ ਵੀ ਨਹੀਂ ਸਨ, ਨਾ ਉਸ ਨੇ ਉਨ੍ਹਾਂ ਲਈ ਠਹਿਰਾਏ।
27ਏਸ ਕਾਰਨ ਯਹੋਵਾਹ ਦਾ ਕ੍ਰੋਧ ਏਸ ਦੇਸ ਦੇ ਉੱਤੇ ਭੜਕਿਆ ਕਿ ਉਹ ਸਾਰੇ ਸਰਾਪ ਜਿਹੜੇ ਏਸ ਪੋਥੀ ਵਿੱਚ ਲਿਖੇ ਹੋਏ ਹਨ ਏਸ ਉੱਤੇ ਪਾਵੇ।
28ਯਹੋਵਾਹ ਨੇ ਕ੍ਰੋਧ, ਗੁੱਸੇ ਅਤੇ ਵੱਡੇ ਤੈਸ਼ ਵਿੱਚ ਉਨ੍ਹਾਂ ਨੂੰ ਉਨ੍ਹਾਂ ਦੀ ਭੂਮੀ ਵਿੱਚੋਂ ਉਖਾੜ ਕੇ ਦੂਜੇ ਦੇਸ ਵਿੱਚ ਸੁੱਟ ਦਿੱਤਾ ਜਿਵੇਂ ਅੱਜ ਦੇ ਦਿਨ ਹੈ।
29ਗੁਪਤ ਗੱਲਾਂ ਤਾਂ ਯਹੋਵਾਹ ਸਾਡੇ ਪਰਮੇਸ਼ੁਰ ਦੀਆਂ ਹਨ ਪਰ ਜਿਹੜੀਆਂ ਪਰਗਟ ਹਨ ਓਹ ਸਦਾ ਤੀਕ ਸਾਡੇ ਲਈ ਅਤੇ ਸਾਡੇ ਪੱਤ੍ਰਾਂ ਲਈ ਹਨ ਤਾਂ ਜੋ ਏਸ ਬਿਵਸਥਾ ਦੀਆਂ ਗੱਲਾਂ ਪੂਰੀਆਂ ਕਰਦੇ ਰਹੀਏ।