Loading Bible Translation
First-time download in progress. This may take a few seconds…
Punjabi Bible Wordproject Bible
29 verses
1ਹੇ ਇਸਰਾਏਲ ਸੁਣੋ, ਤੁਸਾਂ ਅੱਜ ਯਰਦਨ ਤੋਂ ਪਾਰ ਲੰਘਣਾ ਹੈ ਤਾਂ ਜੋ ਤੁਸੀਂ ਅੰਦਰ ਜਾ ਕੇ ਉਨ੍ਹਾਂ ਕੌਮਾਂ ਉੱਤੇ ਕਬਜ਼ਾ ਕਰੋ ਜਿਹੜੀਆਂ ਤੁਹਾਥੋਂ ਵੱਡੀਆਂ ਅਤੇ ਬਲਵੰਤ ਹਨ ਅਤੇ ਸ਼ਹਿਰ ਜਿਹੜੇ ਵੱਡੇ ਅਤੇ ਉਨ੍ਹਾਂ ਦੀਆਂ ਕੰਧਾਂ ਅਕਾਸ਼ ਤੀਕ ਹਨ।
2ਉਹ ਉੱਮਤ ਵੱਡੀ ਅਤੇ ਉਚੇਰੀ ਹੈ, ਅਨਾਕੀ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਅਤੇ ਜਿਨ੍ਹਾਂ ਵਿਖੇ ਤੁਸਾਂ ਸੁਣਿਆ ਹੈ ਕਿ ਅਨਾਕੀਆਂ ਅੱਗੇ ਕੌਣ ਖੜੋ ਸੱਕਦਾ ਹੈ?
3ਤੁਸੀਂ ਅੱਜ ਜਾਣ ਲਓ ਭਈ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਅੱਗੇ ਅੱਗੇ ਭਸਮ ਕਰਨ ਵਾਲੀ ਅੱਗ ਵਾਂਙੁ ਲੰਘਣ ਵਾਲਾ ਹੈ। ਉਹ ਓਹਨਾਂ ਦਾ ਨਾਸ ਕਰੇਗਾ ਅਤੇ ਓਹਨਾਂ ਨੂੰ ਤੁਹਾਡੇ ਅੱਗੇ ਨੀਵਾਂ ਕਰੇਗਾ ਅਤੇ ਤੁਸੀਂ ਓਹਨਾਂ ਨੂੰ ਕੱਢ ਦਿਓਗੇ ਅਤੇ ਝੱਟ ਪੱਟ ਓਹਨਾਂ ਦਾ ਨਾਸ ਕਰ ਦਿਓਗੇ ਜਿਵੇਂ ਯਹੋਵਾਹ ਤੁਹਾਨੁੰ ਬੋਲਿਆ ਸੀ।
4ਤੁਸੀਂ ਆਪਣੇ ਮਨ ਵਿੱਚ ਨਾ ਆਖੋ ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਓਹਨਾਂ ਨੂੰ ਤੁਹਾਡੇ ਅੱਗੋਂ ਕੱਢ ਦੇਵੇ ਕਿ ਸਾਡੇ ਧਰਮ ਦੇ ਕਾਰਨ ਯਹੋਵਾਹ ਸਾਨੂੰ ਏਸ ਧਰਤੀ ਉੱਤੇ ਕਬਜ਼ਾ ਕਰਨ ਲਈ ਅੰਦਰ ਲਿਆਇਆ ਹੈ। ਨਹੀਂ, ਸਗੋਂ ਓਹਨਾਂ ਕੌਮਾਂ ਦੀ ਬੁਰਿਆਈ ਦੇ ਕਾਰਨ ਯਹੋਵਾਹ ਓਹਨਾਂ ਨੂੰ ਤੁਹਾਡੇ ਅੱਗੋਂ ਕੱਢ ਰਿਹਾ ਹੈ।
5ਨਾ ਤਾਂ ਤੁਸੀਂ ਆਪਣੇ ਧਰਮ ਦੇ ਕਾਰਨ, ਨਾ ਹੀ ਆਪਣੇ ਮਨ ਦੀ ਸਿਧਿਆਈ ਦੇ ਕਾਰਨ ਇਨ੍ਹਾਂ ਦੀ ਧਰਤੀ ਉੱਤੇ ਕਬਜ਼ਾ ਕਰਨ ਲਈ ਅੰਦਰ ਜਾਂਦੇ ਹੋ ਸਗੋਂ ਇਨ੍ਹਾਂ ਕੌਮਾਂ ਦੀ ਬੁਰਿਆਈ ਦੇ ਕਾਰਨ ਯਹੋਵਾਹ ਤੁਹਾਡਾ ਪਰਮੇਸ਼ੁਰ ਇਨ੍ਹਾਂ ਨੂੰ ਤੁਹਾਡੇ ਅੱਗੋਂ ਕੱਢਦਾ ਹੈ ਅਤੇ ਏਸ ਲਈ ਵੀ ਕਿ ਉਹ ਉਸ ਬਚਨ ਨੂੰ ਕਾਇਮ ਰੱਖੇ ਜਿਹੜਾ ਯਹੋਵਾਹ ਨੇ ਤੁਹਾਡੇ ਪਿਓ ਦਾਦਿਆਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਸੌਂਹ ਖਾ ਕੇ ਕੀਤਾ ਸੀ।
6ਤੁਸੀਂ ਜਾਣ ਲਓ ਭਈ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਧਰਮ ਦੇ ਕਾਰਨ ਏਹ ਚੰਗੀ ਧਰਤੀ ਤੁਹਾਨੂੰ ਕਬਜ਼ਾ ਕਰਨ ਲਈ ਨਹੀਂ ਦਿੰਦਾ ਕਿਉਂ ਜੋ ਤੁਸੀਂ ਹਾਠੇ ਲੋਕ ਹੋ।
7ਚੇਤੇ ਰੱਖੋ ਅਤੇ ਵਿਸਰ ਨਾ ਜਾਓ ਕਿ ਤੁਸਾਂ ਕਿਵੇਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਉਜਾੜ ਵਿੱਚ ਗੁੱਸੇ ਕੀਤਾ। ਜਿਸ ਦਿਨ ਤੋਂ ਤੁਸੀਂ ਮਿਸਰ ਦੇਸ ਤੋਂ ਨਿੱਕਲੇ ਉਸ ਦਿਨ ਤੀਕ ਕਿ ਤੁਸੀਂ ਏਸ ਅਸਥਾਨ ਤੀਕ ਆਏ ਤੁਸੀਂ ਯਹੋਵਾਹ ਦੇ ਵਿਰੁਧ ਆਕੀ ਰਹੇ ਹੋ।
8ਅਤੇ ਹੋਰੇਬ ਵਿੱਚ ਵੀ ਤੁਸਾਂ ਯਹੋਵਾਹ ਨੂੰ ਗੁੱਸੇ ਕੀਤਾ ਅਤੇ ਯਹੋਵਾਹ ਤੁਹਾਡਾ ਨਾਸ ਕਰਨ ਲਈ ਕ੍ਰੋਧਵਾਨ ਹੋਇਆ।
9ਜਦ ਮੈਂ ਪਹਾੜ ਉੱਤੇ ਪੱਥਰ ਦੀਆਂ ਪੱਟੀਆਂ ਲੈਣ ਨੂੰ ਚੜ੍ਹਿਆ ਅਰਥਾਤ ਉਸ ਨੇਮ ਦੀਆਂ ਪੱਟੀਆਂ ਜਿਹੜਾ ਯਹੋਵਾਹ ਨੇ ਤੁਹਾਡੇ ਨਾਲ ਬੰਨ੍ਹਿਆ ਸੀ ਤਦ ਮੈਂ ਪਹਾੜ ਉੱਤੇ ਚਾਲੀ ਦਿਨ ਅਤੇ ਚਾਲੀ ਰਾਤਾਂ ਰਿਹਾ। ਮੈਂ ਨਾ ਰੋਟੀ ਖਾਧੀ ਨਾ ਪਾਣੀ ਪੀਤਾ।
10ਤਾਂ ਯਹੋਵਾਹ ਨੇ ਮੈਨੂੰ ਦੋਨੋਂ ਪੱਥਰ ਦੀਆਂ ਪੱਟੀਆਂ ਦਿੱਤੀਆਂ ਜਿਹੜੀਆਂ ਪਰਮੇਸ਼ੁਰ ਦੇ ਹੱਥੀ ਲਿਖੀਆਂ ਹੋਈਆਂ ਸਨ ਅਤੇ ਓਹਨਾਂ ਉੱਤੇ ਸਾਰੀਆਂ ਬਾਣੀਆਂ ਅਨੁਸਾਰ ਲਿਖਿਆ ਹੋਇਆ ਸੀ ਜਿਹੜੀਆ ਯਹੋਵਾਹ ਨੇ ਤੁਹਾਡੇ ਨਾਲ ਪਹਾੜ ਉੱਤੇ ਅੱਗ ਦੇ ਵਿੱਚ ਦੀ ਸਭਾ ਦੇ ਦਿਨ ਕੀਤੀਆਂ।
11ਤਾਂ ਐਉਂ ਹ��ਇਆਂ ਕਿ ਚਾਲੀਆਂ ਦਿਨਾਂ ਅਤੇ ਚਾਲੀਆਂ ਰਾਤਾਂ ਦੇ ਅੰਤ ਵਿੱਚ ਯਹੋਵਾਹ ਨੇ ਓਹ ਦੋਵੇ ਪੱਥਰ ਦੀਆਂ ਪੱਟੀਆਂ ਅਰਥਾਤ ਨੇਮ ਦੀਆਂ ਪੱਟੀਆਂ ਮੈਨੂੰ ਦਿੱਤੀਆਂ।
12ਤਾਂ ਯਹੋਵਾਹ ਨੇ ਮੈਨੂੰ ਆਖਿਆ, ਉੱਠ ਅਤੇ ਛੇਤੀ ਨਾਲ ਏਥੋਂ ਉਤਰ ਜਾਹ ਕਿਉਂ ਜੋ ਤੇਰੇ ਲੋਕ ਜਿਨ੍ਹਾਂ ਨੂੰ ਮਿਸਰ ਤੋਂ ਕੱਢ ਲਿਅਇਆ ਹੈਂ ਆਪਣੇ ਆਪ ਨੂੰ ਭ੍ਰਿਸ਼ਟ ਕਰ ਬੈਠੇ ਹਨ। ਓਹ ਛੇਤੀ ਨਾਲ ਉਸ ਰਾਹ ਤੋਂ ਮੁੜ ਗਏ ਹਨ ਜਿਹ ਦਾ ਮੈਂ ਉਨ੍ਹਾਂ ਨੂੰ ਹੁਕਮ ਦਿੱਤਾ ਸੀ। ਉਨ੍ਹਾਂ ਨੇ ਇੱਕ ਢਾਲੀ ਹੋਈ ਮੂਰਤ ਆਪਣੇ ਲਈ ਬਣਾ ਲਈ ਹੈ।
13ਨਾਲੇ ਯਹੋਵਾਹ ਨੇ ਮੈਨੂੰ ਆਖਿਆ ਕਿ ਮੈਂ ਏਸ ਪਰਜਾ ਨੂੰ ਡਿੱਠਾ ਅਤੇ ਵੇਖ, ਉਹ ਇੱਕ ਹਾਠੀ ਪਰਜਾ ਹੈ।
14ਮੈਨੂੰ ਛੱਡ ਕਿ ਮੈਂ ਉਨ੍ਹਾਂ ਦਾ ਨਾਸ ਕਰਾਂ ਅਤੇ ਉਨ੍ਹਾਂ ਦਾ ਨਾਉਂ ਅਕਾਸ਼ ਦੇ ਹੋਠੋਂ ਮਿਟਾ ਦਿਆਂ ਅਤੇ ਮੈਂ ਤੈਥੋਂ ਇੱਕ ਕੌਮ ਉਨ੍ਹਾਂ ਤੋ ਬਲਵੰਤ ਅਤੇ ਵੱਡੀ ਬਣਾਵਾਂਗਾ।
15ਤਾਂ ਮੈਂ ਪਹਾੜ ਤੋਂ ਹੇਠਾਂ ਨੂੰ ਮੁੜ ਆਇਆ ਅਤੇ ਉਹ ਪਹਾੜ ਅੱਗ ਨਾਲ ਬਲ ਰਿਹਾ ਸੀ ਅਤੇ ਨੇਮ ਦੀਆਂ ਦੋਨੋਂ ਪੱਟੀਆਂ ਮੇਰੇ ਦੋਹਾਂ ਹੱਥਾਂ ਵਿੱਚ ਸਨ।
16ਤਾਂ ਮੈਂ ਡਿੱਠਾ ਅਤੇ ਵੇਖੋ, ਤੁਸਾਂ ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਪਾਪ ਕੀਤਾ ਜੋ ਤੁਸਾਂ ਆਪਣੇ ਲਈ ਇੱਕ ਵੱਛਾ ਢਾਲ ਕੇ ਬਣਾ ਲਿਆ। ਤੁਸੀਂ ਛੇਤੀ ਨਾਲ ਉਸ ਮਾਰਗ ਤੋਂ ਮੁੜ ਪਏ ਜਿਹ ਦਾ ਯਹੋਵਾਹ ਨੇ ਤੁਹਾਨੂੰ ਹੁਕਮ ਦਿੱਤਾ ਸੀ।
17ਮੈਂ ਓਹ ਦੋਨੋਂ ਪੱਟੀਆਂ ਫੜ ਕੇ ਆਪਣੇ ਦੋਹਾਂ ਹੱਥਾਂ ਤੋਂ ਸੁੱਟ ਦਿੱਤੀਆਂ ਅਤੇ ਮੈਂ ਤੁਹਾਡੇ ਵੇਖਦਿਆਂ ਤੇ ਓਹਨਾਂ ਨੂੰ ਭੰਨ ਸੁੱਟਿਆ।
18ਤਾਂ ਅੱਗੇ ਵਾਂਙੁ ਯਹੋਵਾਹ ਦੇ ਅੱਗੇ ਚਾਲੀ ਦਿਨ ਅਤੇ ਚਾਲੀ ਰਾਤਾਂ ਪਿਆ ਰਿਹਾ। ਨਾ ਮੈਂ ਰੋਟੀ ਖਾਧੀ ਨਾ ਮੈਂ ਪਾਣੀ ਪੀਤਾ ਤੁਹਾਡੇ ਸਾਰੇ ਪਾਪਾਂ ਦੇ ਕਾਰਨ ਜਿਹੜੇ ਤੁਸਾਂ ਕੀਤੇ ਜਦ ਤੁਸਾਂ ਯਹੋਵਾਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ ਅਤੇ ਸੋ ਉਸ ਨੂੰ ਗੁੱਸਾ ਚੜ੍ਹਾਇਆ।
19ਮੈਂ ਤਾਂ ਉਸ ਦੇ ਗੁੱਸੇ ਅਤੇ ਗਰਮ ਹੋਣ ਦੇ ਕਾਰਨ ਡਰਿਆ ਕਿਉਂ ਜੋ ਯਹੋਵਾਹ ਤੁਹਾਡੇ ਵਿਰੁੱਧ ਅਜੇਹਾ ਗੁੱਸੇ ਹੋਇਆ ਕਿ ਉਹ ਤੁਹਾਡਾ ਨਾਸ ਕਰਨ ਵਾਲਾ ਹੀ ਸੀ। ਤਾਂ ਯਹੋਵਾਹ ਨੇ ਉਸ ਵੇਲੇ ਵੀ ਮੇਰੀ ਸੁਣ ਲਈ।
20ਫੇਰ ਯਹੋਵਾਹ ਹਾਰੂਨ ਉੱਤੇ ਬਹੁਤ ਗੁੱਸੇ ਹੋਇਆ ਭਈ ਉਹ ਨੂੰ ਨਾਸ ਕਰ ਦੇਵੇ ਤਾਂ ਮੈਂ ਉਸ ਵੇਲੇ ਹਾਰੂਨ ਲਈ ਵੀ ਬੇਨਤੀ ਕੀਤੀ।
21ਮੈਂ ਤੁਹਾਡੇ ਪਾਪ ਨੂੰ ਅਰਥਾਤ ਉਸ ਵੱਛੇ ਨੂੰ ਜਿਹੜਾ ਤੁਸਾਂ ਬਣਾਇਆ ਸੀ ਲੈ ਕੇ ਅੱਗ ਵਿੱਚ ਸਾੜ ਸੁੱਟਿਆ ਅਤੇ ਮੈਂ ਉਸ ਨੂੰ ਕੁੱਟ ਕੇ ਅਤੇ ਪੀਹ ਕੇ ਐੱਨਾ ਮਹੀਨ ਕੀਤਾ ਕਿ ਉਹ ਗਰਦ ਜਿਹਾ ਹੋ ਗਿਆ ਤਾਂ ਮੈਂ ਉਸ ਗਰਦ ਨੂੰ ਚੁੱਕ ਕੇ ਉਸ ਨਾਲੇ ਵਿੱਚ ਸੁੱਟ ਦਿੱਤਾ ਜਿਹੜਾ ਪਹਾੜ ਤੋਂ ਹੇਠਾਂ ਨੂੰ ਆਉਂਦਾ ਸੀ।
22ਕਿਬਰੋਥ—ਹੱਤਆਵਾਹ ਵਿੱਚ ਤੁਸਾਂ ਯਹੋਵਾਹ ਨੂੰ ਗੁੱਸਾ ਚੜ੍ਹਾਇਆ।
23ਜਦ ਯਹੋਵਾਹ ਨੇ ਤੁਹਾਨੂੰ ਕਾਦੇਸ਼—ਬਰਨੇਆ ਤੋਂ ਘੱਲਿਆ ਅਤੇ ਆਖਿਆ, ਚੜ੍ਹ ਕੇ ਉਸ ਧਰਤੀ ਉੱਤੇ ਕਬਜ਼ਾ ਕਰ ਲਓ ਜਿਹੜੀ ਮੈਂ ਤੁਹਾਨੂੰ ਦਿੱਤੀ ਹੈ ਤਾਂ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਤੋਂ ਆਕੀ ਹੋ ਗਏ ਅਤੇ ਉਸ ਉੱਤੇ ਪਰਤੀਤ ਨਾ ਕੀਤੀ ਨਾ ਉਸ ਦੀ ਅਵਾਜ਼ ਨੂੰ ਸੁਣਿਆ।
24ਜਿਸ ਦਿਨ ਤੋਂ ਮੈਂ ਤੁਹਾਨੂੰ ਜਾਤਾ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਵਿਰੁੱਧ ਆਕੀ ਹੋ।
25ਤਾਂ ਮੈਂ ਚਾਲੀ ਦਿਨ ਤੇ ਚਾਲੀ ਰਾਤਾਂ ਯਹੋਵਾਹ ਦੇ ਅੱਗੇ ਮੂੰਹ ਪਰਨੇ ਡਿੱਗ ਕੇ ਪਿਆ ਰਿਹਾ ਜਿਵੇਂ ਅੱਗੇ ਪਿਆ ਰਿਹਾ ਸਾਂ ਕਿਉਂ ਜੋ ਯਹੋਵਾਹ ਨੇ ਤੁਹਾਨੂੰ ਨਾਸ ਕਰਨ ਲਈ ਆਖਿਆ ਸੀ।
26ਤਾਂ ਮੈਂ ਯਹੋਵਾਹ ਅੱਗੇ ਬੇਨਤੀ ਕੀਤੀ ਕਿ ਹੇ ਪ੍ਰਭੂ ਯਹੋਵਾਹ, ਆਪਣੀ ਪਰਜਾ ਨੂੰ ਅਤੇ ਆਪਣੀ ਮਿਲਖ ਨੂੰ ਨਾਸ ਨਾ ਕਰ ਜਿਹ ਦਾ ਤੈਂ ਆਪਣੀ ਮਹਾਨਤਾ ਨਾਲ ਨਿਸਤਾਰਾ ਕੀਤਾ ਹੈ ਅਤੇ ਜਿਸ ਨੂੰ ਤੂੰ ਬਲਵੰਤ ਹੱਥ ਨਾਲ ਮਿਸਰ ਤੋਂ ਬਾਹਰ ਲੈ ਆਇਆ ਹੈਂ।
27ਆਪਣੇ ਦਾਸਾਂ ਨੂੰ ਯਾਦ ਕਰ ਅਰਥਾਤ ਅਬਰਾਹਾਮ, ਇਸਹਾਕ ਅਤੇ ਯਾਕੂਬ ਨੂੰ ਏਸ ਪਰਜਾ ਦੀ ਘੇਸ ਅਤੇ ਦੁਸ਼ਟਪੁਣੇ ਅਤੇ ਪਾਪ ਨੂੰ ਨਾ ਵੇਖ।
28ਮਤੇ ਉਹ ਧਰਤੀ ਦੇ ਲੋਕ ਜਿੱਥੋਂ ਤੂੰ ਸਾਨੂੰ ਕੱਢ ਲਿਆਇਆ ਹੈਂ ਆਖਣ ਕਿ ਯਹੋਵਾਹ ਓਹਨਾਂ ਨੂੰ ਉਸ ਧਰਤੀ ਵਿੱਚ ਨਾ ਲਿਆ ਸੱਕਿਆ ਜਿਹ ਦਾ ਉਸ ਓਹਨਾਂ ਨਾਲ ਬਚਨ ਕੀਤਾ ਸੀ ਕਿਉਂ ਜੋ ਉਹ ਓਹਨਾਂ ਨਾਲ ਲਾਗ ਰੱਖਦਾ ਹੈ ਏਸ ਲਈ ਓਹਨਾਂ ਨੂੰ ਕੱਢ ਲਿਆਇਆ ਕਿ ਉਜਾੜ ਵਿੱਚ ਓਹਨਾਂ ਦਾ ਨਾਸ ਕਰੇ।
29ਓਹ ਤੇਰੀ ਪਰਜਾ ਅਤੇ ਤੇਰੀ ਮਿਲਖ ਹਨ ਜਿਨ੍ਹਾਂ ਨੂੰ ਤੂੰ ਵੱਡੀ ਸ਼ਕਤੀ ਅਤੇ ਲੰਮੀ ਬਾਂਹ ਨਾਲ ਕੱਢ ਲਿਆਇਆ।