Loading Bible Translation
First-time download in progress. This may take a few seconds…
Punjabi Bible Wordproject Bible
24 verses
1ਇਨ੍ਹਾਂ ਗੱਲਾਂ ਦੇ ਪਿਛੋਂ ਐਉਂ ਹੋਇਆ ਕਿ ਪਰਮੇਸ਼ੁਰ ਨੇ ਅਬਰਾਹਾਮ ਨੂੰ ਪਰਤਾਇਆ ਅਤੇ ਉਸ ਨੂੰ ਆਖਿਆ, ਹੇ ਅਬਰਾਹਾਮ! ਅੱਗੋਂ ਉਸ ਨੇ ਆਖਿਆ ਮੈਂ ਹਾਜਰ ਹਾਂ।
2ਤਾਂ ਉਸ ਨੇ ਆਖਿਆ, ਹੁਣ ਤੂੰ ਆਪਣੇ ਪੁੱਤ੍ਰ ਨੂੰ, ਹਾਂ, ਆਪਣੇ ਇਕਲੌਤੇ ਨੂੰ ਜਿਸ ਨੂੰ ਤੂੰ ਪਿਆਰ ਕਰਦਾ ਹੈਂ ਅਰਥਾਤ ਇਸਹਾਕ ਨੂੰ ਲੈਕੇ ਮੋਰੀਆਹ ਦੀ ਧਰਤੀ ਨੂੰ ਜਾਹ ਅਤੇ ਪਹਾੜਾਂ ਵਿੱਚੋਂ ਇੱਕ ਉੱਤੇ ਜਿਹੜਾ ਮੈਂ ਤੈਨੂੰ ਦੱਸਾਂਗਾ ਉਸ ਨੂੰ ਹੋਮ ਦੀ ਬਲੀ ਕਰਕੇ ਚੜ੍ਹਾ।
3ਤਦ ਅਬਰਾਹਾਮ ਨੇ ਤੜਕੇ ਉੱਠ ਕੇ ਆਪਣੇ ਗਧੇ ਉੱਤੇ ਪਲਾਣਾ ਕੱਸਿਆ ਅਰ ਆਪਣੇ ਦੋ ਜੁਆਣ ਅਰ ਆਪਣੇ ਪੁੱਤ੍ਰ ਇਸਹਾਕ ਨੂੰ ਨਾਲ ਲਿਆ ਅਰ ਹੋਮ ਦੀ ਬਲੀ ਲਈ ਲੱਕੜੀਆਂ ਚੀਰੀਆਂ ਅਰ ਉੱਠ ਕੇ ਉਸ ਥਾਂ ਨੂੰ ਤੁਰ ਪਿਆ ਜਿਹੜੀ ਪਰਮੇਸ਼ੁਰ ਨੇ ਉਸ ਨੂੰ ਦੱਸੀ ਸੀ।
4ਤਾਂ ਤੀਜੇ ਦਿਨ ਅਬਰਾਹਾਮ ਨੇ ਆਪਣੀਆ ਅੱਖਾਂ ਚੁੱਕ ਕੇ ਉਸ ਥਾਂ ਨੂੰ ਦੂਰੋਂ ਡਿੱਠਾ।
5ਤਾਂ ਅਬਰਾਹਾਮ ਨੇ ਆਪਣੇ ਜੁਆਨਾਂ ਨੂੰ ਆਖਿਆ, ਤੁਸੀਂ ਏਥੇ ਗਧੇ ਦੇ ਕੋਲ ਬੈਠੇ ਰਹੋ। ਮੈਂ ਅਰ ਇਹ ਮੁੰਡਾ ਥੋੜੀ ਦੂਰ ਅੱਗੇ ਜਾਵਾਂਗੇ ਅਤੇ ਮੱਥਾ ਟੇਕ ਕੇ ਤੁਹਾਡੇ ਕੋਲ ਮੁੜ ਆਵਾਂਗੇ।
6ਅਬਰਾਹਾਮ ਨੇ ਹੋਮ ਦੀ ਬਲੀ ਦੀਆਂ ਲਕੜੀਆਂ ਲੈਕੇ ਆਪਣੇ ਪੁੱਤ੍ਰ ਇਸਹਾਕ ਨੂੰ ਚੁਕਾ ਦਿੱਤੀਆਂ ਅਤੇ ਆਪਣੇ ਹੱਥ ਵਿੱਚ ਅਗਨੀ ਅਰ ਛੁਰੀ ਫੜ ਲਈ ਅਰ ਦੋਵੇਂ ਇੱਕਠੇ ਤੁਰੇ ਗਏ।
7ਤਾਂ ਇਸਹਾਕ ਨੇ ਆਪਣੇ ਪਿਤਾ ਅਬਰਾਹਾਮ ਨੂੰ ਆਖਿਆ, ਪਿਤਾ ਜੀ, ਉਸ ਆਖਿਆ, ਪੁੱਤ੍ਰ ਕੀ ਗੱਲ ਹੈ? ਉਸ ਆਖਿਆ, ਵੇਖ ਅਗਨੀ ਅਰ ਲਕੜੀਆਂ ਤਾਂ ਹਨ ਪਰ ਹੋਮ ਬਲੀ ਲਈ ਲੇਲਾ ਕਿੱਥੇ ਹੈ?
8ਅਬਰਾਹਾਮ ਨੇ ਆਖਿਆ, ਹੇ ਮੇਰੇ ਪੁੱਤ੍ਰ ਪਰਮੇਸ਼ੁਰ ਹੋਮ ਬਲੀ ਲਈ ਲੇਲਾ ਆਪ ਹੀ ਦੇਊਗਾ ਤਾਂ ਓਹ ਦੋਵੇਂ ਇੱਕਠੇ ਤੁਰੇ ਗਏ।
9ਓਹ ਉਸ ਥਾਂ ਉੱਤੇ ਜਾ ਪੁੱਜੇ ਜਿਹੜੀ ਪਰਮੇਸ਼ੁਰ ਨੇ ਉਹ ਨੂੰ ਦੱਸੀ ਸੀ। ਉੱਥੇ ਅਬਰਾਹਾਮ ਨੇ ਇੱਕ ਜਗਵੇਦੀ ਬਣਾਈ ਅਰ ਉਸ ਉੱਤੇ ਲਕੜੀਆਂ ਚੁਣ ਦਿੱਤੀਆਂ ਅਰ ਆਪਣੇ ਪੁੱਤ੍ਰ ਇਸਹਾਕ ਨੂੰ ਬੰਨ੍ਹਕੇ ਜਗਵੇਦੀ ਪੁਰ ਲਕੜੀਆਂ ਦੇ ਉੱਤੇ ਰੱਖ ਦਿੱਤਾ।
10ਤਾਂ ਜਿਵੇਂ ਹੀ ਅਬਰਾਹਾਮ ਨੇ ਹੱਥ ਕੱਢਕੇ ਛੁਰੀ ਫੜੀ ਕਿ ਆਪਣੇ ਪੁੱਤ੍ਰ ਨੂੰ ਕੋਹੇ।
11ਤਾਂ ਯਹੋਵਾਹ ਦੇ ਦੂਤ ਨੇ ਉਹ ਨੂੰ ਅਕਾਸ਼ ਤੋਂ ਪੁਕਾਰਿਆ ,“ਅਬਰਾਹਾਮ ਅਬਰਾਹਾਮ!” ਉਸ ਉੱਤਰ ਦਿੱਤਾ, ਮੈਂ ਹਾਜਰ ਹਾਂ।
12ਉਸ ਆਖਿਆ, ਤੂੰ ਏਸ ਮੁੰਡੇ ਨੂੰ ਹੱਥ ਨਾ ਲਾ ਅਤੇ ਨਾ ਹੀ ਉਸ ਨਾਲ ਕੁਝ ਕਰ। ਹੁਣ ਮੈਂ ਜਾਣ ਗਿਆ ਹਾਂ ਕਿ ਤੂੰ ਪਰਮੇਸ਼ੁਰ ਤੋਂ ਭੈ ਖਾਂਦਾ ਹੈਂ ਕਿਉਂ ਜੋ ਤੈਂ ਆਪਣੇ ਪੁੱਤ੍ਰ, ਹਾਂ ਆਪਣੇ ਇਕਲੌਤੇ ਪੁੱਤ੍ਰ ਦਾ ਵੀ ਸਰਫਾ ਨਹੀਂ ਕੀਤਾ।
13ਜਦ ਅਬਰਾਹਾਮ ਨੇ ਆਪਣੀਆਂ ਅੱਖਾ��� ਚੁੱਕਕੇ ਡਿੱਠਾ ਤਾਂ ਵੇਖੋ ਉਹ ਦੇ ਪਿੱਛੇ ਇੱਕ ਛੱਤ੍ਰਾ ਸੀ ਜਿਹਦੇ ਸਿੰਙ ਇੱਕ ਝਾੜੀ ਵਿੱਚ ਫਸੇ ਹੋਏ ਸਨ ਤਾਂ ਅਬਰਾਹਾਮ ਗਿਆ ਅਰ ਛੱਤ੍ਰੇ ਨੂੰ ਫੜ ਕੇ ਲੈ ਆਂਦਾ ਅਰ ਉਸਨੂੰ ਆਪਣੇ ਪੁੱਤ੍ਰ ਦੀ ਥਾਂ ਹੋਮ ਦੀ ਬਲੀ ਚੜਾਇਆ।
14ਤਾਂ ਅਬਰਾਹਾਮ ਨੇ ਉਸ ਥਾਂ ਦਾ ਨਾਉਂ ਯਹੋਵਾਹ ਯਿਰਹ ਰੱਖਿਆ ਜਿਹੜਾ ਅੱਜ ਤੀਕ ਆਖੀਦਾ ਹੈ ਕਿ ਯਹੋਵਾਹ ਦੇ ਪਰਬਤ ਉੱਤੇ ਦਿੱਤਾ ਜਾਵੇਗਾ।
15ਫੇਰ ਯਹੋਵਾਹ ਦੇ ਦੂਤ ਨੇ ਅਕਾਸ਼ੋਂ ਅਬਰਾਹਾਮ ਨੂੰ ਦੂਜੀ ਵਾਰ ਸੱਦਿਆ।
16ਅਤੇ ਆਖਿਆ, ਮੈਂ ਆਪ ਆਪਣੀ ਸੌਂਹ ਖਾਧੀ ਹੈ ਯਹੋਵਾਹ ਦਾ ਵਾਕ ਹੈ ਕਿਉਂਜੋ ਤੈਂ ਇਹ ਕੰਮ ਕੀਤਾ ਅਤੇ ਆਪਣੇ ਪੁੱਤ੍ਰ ਸਗੋਂ ਆਪਣੇ ਇਕਲੌਤੇ ਦਾ ਵੀ ਸਰਫਾ ਨਹੀਂ ਕੀਤਾ।
17ਸੋ ਮੈਂ ਤੈਨੂੰ ਬਰਕਤਾਂ ਤੇ ਬਰਕਤਾਂ ਦਿਆਂਗਾ ਅਰ ਮੈਂ ਤੇਰੀ ਅੰਸ ਨੂੰ ਅਕਾਸ਼ ਦੇ ਤਾਰਿਆਂ ਜਿੰਨੀਂ ਅਰ ਸਮੁੰਦਰ ਦੇ ਕੰਢੇ ਦੀ ਰੇਤ ਵਾਂਙੁ ਅੱਤ ਵਧਾਵਾਂਗਾ ਅਰ ਤੇਰੀ ਅੰਸ ਆਪਣੇ ਵੈਰੀਆਂ ਦੇ ਫਾਟਕ ਉੱਤੇ ਕਬਜਾ ਕਰੇਗੀ।
18ਅਤੇ ਤੇਰੀ ਅੰਸ ਵਿੱਚ ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ ਕਿਉਂਜੋ ਤੈਂ ਮੇਰੇ ਬੋਲ ਨੂੰ ਸੁਣਿਆ ਹੈ।
19ਤਾਂ ਅਬਰਾਹਾਮ ਆਪਣੇ ਜੁਆਣਾਂ ਕੋਲ ਮੁੜ ਆਇਆ ਅਤੇ ਓਹ ਉੱਠਕੇ ਬਏਰਸਬਾ ਨੂੰ ਇੱਕਠੇ ਚਲੇ ਆਏ ਅਰ ਅਬਰਾਹਾਮ ਬਏਰਸਬਾ ਵਿੱਚ ਆ ਟਿਕਿਆ।
20ਏਹਨਾਂ ਗੱਲਾਂ ਦੇ ਪਿੱਛੋ ਐਉਂ ਹੋਇਆ ਕਿ ਅਬਰਾਹਾਮ ਨੂੰ ਦੱਸਿਆ ਗਿਆ ਕਿ ਵੇਖ ਮਿਲਕਾਹ ਵੀ ਤੇਰੇ ਭਰਾ ਨਾਹੋਰ ਲਈ ਪੁੱਤ੍ਰਾਂ ਨੂੰ ਜਣੀ ਹੈ।
21ਅਰਥਾਤ ਉਸ ਉਹ ਦਾ ਪਲੋਠੀ ਦਾ ਅਤੇ ਉਸਦਾ ਭਰਾ ਬੂਜ ਅਤੇ ਕਮੂਏਲ ਅਰਾਮ ਦਾ ਪਿਤਾ।
22ਅਤੇ ਕਸਦ ਅਰ ਹਜ਼ੋ ਅਰ ਪਿਲਦਾਸ ਅਰ ਯਿਦਲਾਫ ਅਰ ਬਥੂਏਲ।
23ਅਰ ਬਥੂਏਲ ਦੇ ਰਿਬਕਾਹ ਜੰਮੀ। ਏਹ ਅੱਠ ਮਿਲਕਾਹ ਅਬਰਾਹਾਮ ਦੇ ਭਰਾ ਨਾਹੋਰ ਤੋਂ ਜਣੀ।
24ਅਤੇ ਉਹ ਦੀ ਧਰੇਲ ਜਿਸਦੇ ਨਾਉਂ ਰੂਮਾਹ ਸੀ ਉਹ ਵੀ ਤਬਹ ਅਰ ਗਹਮ ਅਰ ਤਹਸ਼ ਅਰ ਮਾਕਾਹ ਨੂੰ ਜਣੀ।