Loading Bible Translation
First-time download in progress. This may take a few seconds…
Punjabi Bible Wordproject Bible
13 verses
1"ਤੁਸੀਂ ਸਾਰੇ, ਪਿਆਸੇ ਲੋਕੋ, ਆਓ ਪਾਣੀ ਪੀਵੋ! ਫ਼ਿਕਰ ਨਾ ਕਰੋ ਜੇ ਪੈਸਾ ਨਹੀਂ ਹੈ ਤੁਹਾਡੇ ਕੋਲ। ਆਓ, ਖਾਵੋ ਪੀਵੋ ਜਦੋਂ ਤੱਕ ਤੁਸੀਂ ਰਜ੍ਜ ਨਹੀਂ ਜਾਂਦੇ! ਤੁਹਾਨੂੰ ਪੈਸੇ ਦੀ ਲੋੜ ਨਹੀਂ, ਰਜ੍ਜ ਕੇ ਖਾਵੋ ਪੀਵੋ। ਭੋਜਨ ਤੇ ਮੈਅ ਦਾ ਕੋਈ ਮੁੱਲ ਨਹੀਂ!
2ਪੈਸੇ ਨੂੰ ਓਸ ਚੀਜ਼ ਉੱਤੇ ਕਿਉਂ ਜ਼ਾਇਆ ਕਰਦੇ ਹੋ ਜਿਹੜੀ ਅਸਲੀ ਭੋਜਨ ਨਹੀਂ ਹੈ। ਉਸ ਸ਼ੈਅ ਲਈ ਕਿਉਂ ਮਿਹਨਤ ਕਰਦੇ ਹੋ ਜਿਹੜੀ ਸੱਚਮੁੱਚ ਤੁਹਾਨੂੰ ਸੰਤੁਸ਼ਟ ਨਹੀਂ ਕਰਦੀ? ਮੇਰੀ ਗੱਲ ਨੂੰ ਧਿਆਨ ਨਾਲ ਸੁਣੋ, ਤੇ ਤੁਸੀਂ ਚੰਗਾ ਭੋਜਨ ਖਾਵੋਁਗੇ। ਤੁਸੀਂ ਉਸ ਭੋਜਨ ਦਾ ਆਨੰਦ ਮਾਣੋਗੇ ਜਿਹੜਾ ਤੁਹਾਡੀ ਰੂਹ ਨੂੰ ਸੰਤੁਸ਼ਟ ਕਰੇਗਾ।
3ਉਨ੍ਹਾਂ ਗੱਲਾਂ ਨੂੰ ਗੌਰ ਨਾਲ ਸੁਣੋ ਜੋ ਮੈਂ ਆਖਦਾ ਹਾਂ। ਮੇਰੀ ਗੱਲ ਸੁਣੋ ਤਾਂ ਜੋ ਤੁਹਾਡੀਆਂ ਰੂਹਾਂ ਜਿਉਂ ਸਕਣ। ਮੇਰੇ ਕੋਲ ਆਓ ਤੇ ਮੈਂ ਤੁਹਾਡੇ ਨਾਲ ਇੱਕ ਇਕਰਾਰਨਾਮਾ ਕਰਾਂਗਾ, ਜਿਹੜਾ ਸਦਾ-ਸਦਾ ਰਹੇਗਾ। ਇਹ ਉਹੋ ਜਿਹਾ ਇਕਰਾਰਨਾਮਾ ਹੋਵੇਗਾ ਜਿਹੜਾ ਮੈਂ ਦਾਊਦ ਨਾਲ ਕੀਤਾ ਸੀ। ਮੈਂ ਦਾਊਦ ਨਾਲ ਇਕਰਾਰ ਕੀਤਾ ਸੀ ਕਿ ਮੈਂ ਉਸ ਨੂੰ ਪਿਆਰ ਕਰਾਂਗਾ ਅਤੇ ਸਦਾ ਲਈ ਉਸਦਾ ਵਫ਼ਾਦਾਰ ਹੋਵਾਂਗਾ। ਤੇ ਤੁਸੀਂ ਉਸ ਇਕਰਾਰ ਉੱਤੇ ਯਕੀਨ ਕਰ ਸਕਦੇ ਹੋ।
4ਮੈਂ ਸਾਰੀਆਂ ਕੌਮਾਂ ਵਾਸਤੇ ਦਾਊਦ ਨੂੰ ਆਪਣੀ ਸ਼ਕਤੀ ਦਾ ਗਵਾਹ ਬਣਾਇਆ ਸੀ। ਮੈਂ ਦਾਊਦ ਨਾਲ ਇਕਰਾਰ ਕੀਤਾ ਸੀ ਕਿ ਉਹ ਹਾਕਮ ਅਤੇ ਬਹੁਤ ਸਾਰੀਆਂ ਕੌਮਾਂ ਦਾ ਨੇਤਾ ਬਣ ਜਾਵੇਗਾ।"
5ਇਹ ਕੌਮਾਂ ਉਨ੍ਹਾਂ ਥਾਵਾਂ ਦੀਆਂ ਹਨ, ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ ਪਰ ਤੁਸੀਂ ਉਨ੍ਹਾਂ ਕੌਮਾਂ ਨੂੰ ਸੱਦਾ ਦਿਓਗੇ। ਉਹ ਕੌਮਾਂ ਤੁਹਾਨੂੰ ਨਹੀਂ ਜਾਣਦੀਆਂ ਪਰ ਉਹ ਤੁਹਾਡੇ ਵੱਲ ਭੱਜਦੀਆਂ ਆਉਣਗੀਆਂ। ਅਜਿਹਾ ਵਾਪਰੇਗਾ ਕਿਉਂ ਕਿ ਇਹ ਯਹੋਵਾਹ ਤੁਹਾਡੇ ਪਰਮੇਸ਼ੁਰ ਦੀ ਰਜ਼ਾ ਹੈ। ਇਹ ਇਸ ਲਈ ਵਾਪਰੇਗਾ ਕਿਉਂ ਕਿ ਇਸਰਾਏਲ ਦੇ ਪਵਿੱਤਰ ਪੁਰਖ ਨੇ ਤੁਹਾਨੂੰ ਆਦਰ ਅਤੇ ਪਰਤਾਪ ਦਿੱਤਾ ਹੈ।
6ਇਸ ਲਈ ਤੁਹਾਨੂੰ ਯਹੋਵਾਹ ਵੱਲ ਤੱਕਣਾ ਚਾਹੀਦਾ ਹੈ ਇਸਤੋਂ ਪਹਿਲਾਂ ਕਿ ਇਸ ਲਈ ਬਹੁਤ ਦੇਰ ਹੋ ਜਾਵੇ। ਤੁਹਾਨੂੰ ਹੁਣੇ ਹੀ, ਉਸਨੂੰ ਸੱਦਾ ਦੇਣਾ ਚਾਹੀਦਾ ਜਦੋਂ ਕਿ ਉਹ ਨੇੜੇ ਹੈ।
7ਮੰਦੇ ਲੋਕਾਂ ਨੂੰ ਬਦੀ ਦੇ ਜੀਵਨ ਛੱਡ ਦੇਣੇ ਚਾਹੀਦੇ ਹਨ। ਉਨ੍ਹਾਂ ਨੂੰ ਮੰਦੇ ਵਿਚਾਰ ਸੋਚਣੇ ਛੱਡ ਦੇਣੇ ਚਾਹੀਦੇ ਨੇ। ਉਨ੍ਹਾਂ ਨੂੰ ਯਹੋਵਾਹ ਵੱਲ ਇੱਕ ਵਾਰੀ ਫ਼ੇਰ ਪਰਤ ਆਉਣਾ ਚਾਹੀਦਾ ਹੈ ਤਦ ਹ��� ਯਹੋਵਾਹ ਉਨ੍ਹਾਂ ਨੂੰ ਸਕੂਨ ਪਹੁੰਚਾਵੇਗਾ। ਉਨ੍ਹਾਂ ਲੋਕਾਂ ਨੂੰ ਯਹੋਵਾਹ ਵੱਲ ਆਉਣਾ ਚਾਹੀਦਾ ਹੈ ਕਿਉਂ ਕਿ ਅਸਾਡਾ ਯਹੋਵਾਹ ਬਖਸ਼ਣਹਾਰ ਹੈ।
8ਯਹੋਵਾਹ ਆਖਦਾ ਹੈ, "ਤੁਹਾਡੇ ਵਿਚਾਰ ਮੇਰੇ ਵਿਚਾਰਾਂ ਵਰਗੇ ਨਹੀਂ ਹਨ। ਤੁਹਾਡੇ ਰਸਤੇ ਮੇਰੇ ਰਸਤਿਆਂ ਵਰਗੇ ਨਹੀਂ ਹਨ।
9ਅਕਾਸ਼ ਧਰਤੀ ਨਾਲੋਂ ਉਚੇਰੇ ਹਨ। ਇਸੇ ਤਰ੍ਹਾਂ ਹੀ ਮੇਰੇ ਰਾਹ ਤੁਹਾਡੇ ਰਾਹਾਂ ਨਾਲੋਂ ਉਚੇਰੇ ਹਨ। ਅਤੇ ਮੇਰੇ ਵਿਚਾਰ ਤੁਹਾਡੇ ਵਿਚਾਰਾਂ ਨਾਲੋਂ ਉਚੇਰੇ ਹਨ।" ਯਹੋਵਾਹ ਨੇ ਖੁਦ ਇਹ ਗੱਲਾਂ ਆਖੀਆਂ।
10"ਅਕਾਸ਼ਾਂ ਉੱਤੋਂ ਮੀਂਹ ਅਤੇ ਬਰਫ਼ ਵਰ੍ਹਦੀ ਹੈ। ਅਤੇ ਉਹ ਵਾਪਸ ਅਕਾਸ਼ਾਂ ਵਂਨੀ ਨਹੀਂ ਜਾਂਦੀ, ਉਦੋਂ ਤੱਕ ਜਦੋਂ ਤੱਕ ਕਿ ਉਹ ਧਰਤੀ ਨੂੰ ਨਹੀਂ ਛੂਂਹਦੀ ਅਤੇ ਧਰਤੀ ਨੂੰ ਭਿਉਂ ਨਹੀਂ ਦਿੰਦੀ। ਫ਼ੇਰ ਧਰਤੀ ਪੌਦਿਆਂ ਨੂੰ ਉਗਾਉਂਦੀ ਹੈ ਤੇ ਵਧਾਉਂਦੀ ਹੈ। ਇਹ ਪੌਦੇ ਕਿਸਾਨਾਂ ਲਈ ਬੀਜ ਤਿਆਰ ਕਰਦੇ ਨੇ। ਅਤੇ ਲੋਕ ਇਨ੍ਹਾਂ ਬੀਜ਼ਾਂ ਨੂੰ ਰੋਟੀ ਖਾਣ ਲਈ ਵਰਤਦੇ ਨੇ।
11ਇਸੇ ਤਰ੍ਹਾਂ ਹੀ, ਮੇਰੇ ਮੁਖ ਵਿੱਚੋਂ ਸ਼ਬਦ ਨਿਕਲਦੇ ਨੇ, ਅਤੇ ਉਹ ਉਦੋਂ ਤੱਕ ਵਾਪਸ ਨਹੀਂ ਪਰਤਦੇ ਜਦੋਂ ਤੱਕ ਕਿ ਉਹ ਗੱਲਾਂ ਦੇ ਵਾਪਰਨ ਦਾ ਕਾਰਣ ਨਹੀਂ ਬਣਦੇ। ਮੇਰੇ ਸ਼ਬਦ ਉਨ੍ਹਾਂ ਗੱਲਾਂ ਦੇ ਵਾਪਰਨ ਦਾ ਕਾਰਣ ਬਣਦੇ ਨੇ ਜੋ ਵੀ ਮੈਂ ਚਾਹੁੰਦਾ ਹਾਂ। ਮੇਰੇ ਸ਼ਬਦ ਉਹੀ ਕੁਝ ਕਰਨ ਵਿੱਚ ਸਫ਼ਲ ਹੁੰਦੇ ਨੇ ਜਿਸ ਲਈ ਮੈਂ ਉਨ੍ਹਾਂ ਨੂੰ ਭੇਜਿਆ ਸੀ।
12ਤੁਸੀਂ ਖੁਸ਼ੀ ਨਾਲ ਬਾਹਰ ਜਾਵੋਂਗੇ ਅਤੇ ਸਾਂਤੀ ਨਾਲ ਪਰਤੋਂਗੇ। ਪਹਾੜੀਆਂ ਅਤੇ ਪਰਬਤ ਤੁਹਾਡੇ ਅੱਗੇ ਗਾਉਣ ਲੱਗ ਪੈਣਗੇ ਅਤੇ ਖੇਤਾਂ ਵਿਚਲੇ ਰੁੱਖ ਤਾਲੀਆਂ ਵਜਾਉਣਗੇ।
13ਸਰੂ ਦੇ ਵੱਡੇ ਰੁੱਖ ਵਧਣ ਫ਼ੁਲ੍ਲਣਗੇ ਜਿੱਥੇ ਝਾੜੀਆਂ ਹੁੰਦੀਆਂ ਸਨ। ਓਥੇ ਮਹਿਂਦੀ ਦੇ ਰੁੱਖ ਉੱਗਣਗੇ, ਜਿੱਥੇ ਜੰਗਲੀ ਬੂਟੀਆਂ ਹੁੰਦੀਆਂ ਸਨ। ਇਹ ਗੱਲਾਂ ਯਹੋਵਾਹ ਨੂੰ ਮਸ਼ਹੂਰ ਕਰ ਦੇਣਗੀਆਂ। ਇਹ ਗੱਲਾਂ ਪ੍ਰਮਾਣ ਹੋਣਗੀਆਂ ਕਿ ਯਹੋਵਾਹ ਸ਼ਕਤੀਸ਼ਾਲੀ ਹੈ ਇਹ ਪ੍ਰਮਾਣ ਕਦੇ ਵੀ ਖਤਮ ਨਹੀਂ ਹੋਵੇਗਾ।