Loading Bible Translation
First-time download in progress. This may take a few seconds…
Punjabi Bible Wordproject Bible
22 verses
1ਹਾਲੇ ਜਦੋਂ ਉਹ ਗੇਰੁਬ ਕਿਮਹਾਮ ਵਿੱਚ ਹੀ ਸਨ ਤਾਂ ਯੋਹਾਨਾਨ ਅਤੇ ਹੋਸ਼ਅਯਾਹ ਦਾ ਇੱਕ ਪੁੱਤਰ ਜਿਸਦਾ ਨਾਂ ਯਜ਼ਨਯਾਹ ਸੀ, ਨਬੀ ਯਿਰਮਿਯਾਹ ਵੱਲ ਗਏ। ਸਾਰੇ ਫ਼ੌਜੀ ਅਧਿਕਾਰੀ ਯੋਹਾਨਾਨ ਅਤੇ ਯਜ਼ਨਯਾਹ ਦੇ ਨਾਲ ਗਏ। ਸਾਰੇ ਬੰਦੇ ਛੋਟੇ ਤੋਂ ਲੈਕੇ ਵੱਡੇ ਤੱਕ, ਯਿਰਮਿਯਾਹ ਵੱਲ ਗਏ।
2ਉਨ੍ਹਾਂ ਸਾਰੇ ਲੋਕਾਂ ਨੇ ਉਸਨੂੰ ਆਖਿਆ, "ਯਿਰਮਿਯਾਹ ਮਿਹਰਬਾਨੀ ਕਰਕੇ ਜੋ ਅਸੀਂ ਆਖਦੇ ਹਾਂ ਉਸਨੂੰ ਧਿਆਨ ਨਾਲ ਸੁਣੋ। ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਉਨ੍ਹਾਂ ਸਾਰੇ ਲੋਕਾਂ ਲਈ, ਜਿਹੜੇ ਯਹੂਦਾਹ ਦੇ ਪਰਿਵਾਰ ਵਿੱਚੋਂ ਬਚੇ ਰਹਿ ਗਏ ਹਨ, ਪ੍ਰਾਰਥਨਾ ਕਰੋ। ਯਿਰਮਿਯਾਹ, ਇਹ ਤਾਂ ਤੁਸੀਂ ਦੇਖਦੇ ਹੀ ਹੋ ਕਿ ਸਾਡੇ ਵਿੱਚੋਂ ਬਹੁਤੇ ਲੋਕ ਨਹੀਂ ਬਚੇ ਹੋਏ। ਇੱਕ ਵੇਲੇ ਅਸੀਂ ਬਹੁਤ ਸਾਂ।
3ਯਿਰਮਿਯਾਹ ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰ ਕਿ ਉਹ ਸਾਨੂੰ ਦੱਸੇ ਕਿ ਅਸੀਂ ਕਿੱਧਰ ਜਾਈਏ ਅਤੇ ਕੀ ਕਰੀਏ।"
4ਤਦੋ ਨਬੀ ਯਿਰਮਿਯਾਹ ਨੇ ਜਵਾਬ ਦਿੱਤਾ, "ਮੈਂ ਉਨ੍ਹਾਂ ਗੱਲਾਂ ਨੂੰ ਸਮਝਦਾ ਹਾਂ ਜੋ ਤੁਸੀਂ ਮੇਰੇ ਪਾਸੋਂ ਕਰਵਾਉਣਾ ਚਾਹੁੰਦੇ ਹੋ। ਮੈਂ ਯਹੋਵਾਹ ਤੁਹਾਡੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਾਂਗਾ ਜਿਹੀ ਕਿ ਤੁਸੀਂ ਮੈਂ ਕਰਨ ਲਈ ਆਖਿਆ ਹੈ। ਮੈਂ ਤੁਹਾਨੂੰ ਉਹ ਹਰ ਗੱਲ ਦੱਸ ਦਿਆਂਗਾ ਜੋ ਯਹੋਵਾਹ ਆਖੇਗਾ। ਮੈਂ ਤੁਹਾਡੇ ਪਾਸੋਂ ਕੁਝ ਵੀ ਨਹੀਂ ਛੁਪਾਵਾਂਗਾ।"
5ਫ਼ੇਰ ਉਨ੍ਹਾਂ ਲੋਕਾਂ ਨੇ ਯਿਰਮਿਯਾਹ ਨੂੰ ਆਖਿਆ, "ਅਸੀਂ ਹਰ ਉਹ ਗੱਲ ਕਰਨ ਦਾ ਇਕਰਾਰ ਕਰਦੇ ਹਾਂ ਜਿਹੜੀ ਤੁਹਾਨੂੰ ਯਹੋਵਾਹ ਤੁਹਾਡਾ ਪਰਮੇਸ਼ੁਰ ਸਾਨੂੰ ਦੱਸਣ ਲਈ ਭੇਜਦਾ ਹੈ, ਜੇਕਰ ਅਸੀਂ ਨਹੀਂ ਕਰਾਂਗੇ, ਯਹੋਵਾਹ ਸਾਡੇ ਵਿਰੁੱਧ ਸੱਚਾ ਅਤੇ ਵਫ਼ਾਦਾਰ ਗਵਾਹ ਹੋਵੇ।
6ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਅਸੀਂ ਸੰਦੇਸ਼ ਨੂੰ ਪਸੰਦ ਕਰਦੇ ਹਾਂ ਜਾਂ ਨਹੀਂ ਕਰਦੇ। ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਦਾ ਹੁਕਮ ਮੰਨਾਂਗੇ। ਅਸੀਂ ਤੁਹਾਨੂੰ ਯਹੋਵਾਹ ਵੱਲ ਉਸਦੇ ਸੰਦੇਸ਼ ਲਈ ਭੇਜ ਰਹੇ ਹਾਂ। ਜੋ ਵੀ ਉਹ ਆਖੇਗਾ ਅਸੀਂ ਮੰਨਾਂਗੇ। ਫ਼ੇਰ ਸਾਡੇ ਨਾਲ ਚੰਗੀਆਂ ਗੱਲਾਂ ਵਾਪਰਨਗੀਆਂ। ਹਾਂ, ਅਸੀਂ ਆਪਣੇ ਯਹੋਵਾਹ ਪਰਮੇਸ਼ੁਰ ਦਾ ਹੁਕਮ ਮੰਨਾਂਗੇ।"
7ਦਸਾਂ ਦਿਨਾਂ ਦੇ ਅੰਤ ਉੱਤੇ, ਯਿਰਮਿਯਾਹ ਨੂੰ
8ਯਹੋਵਾਹ ਦਾ ਸੰਦੇਸ਼ ਮਿਲਿਆ। ਫ਼ੇਰ ਯਿਰਮਿਯਾਹ ਨੇ ਕਾਰੇਆਹ ਦੇ ਪੁੱਤਰ ਯੋਹਾਨਾਨ ਅਤੇ ਉਸਦੇ ਨਾਲ ਦੇ ਫ਼ੌਜੀ ਅਧਿਕਾਰੀਆਂ ਨੂੰ ਇਕਠਿਆਂ ਬ੍ਬੁਲਾਇਆ। ਯਿਰਮਿਯਾਹ ਨੇ ਛੋਟੇ ਤੋਂ ਲੈਕੇ ਵੱਡੇ ਤੀਕ ਹੋਰਨਾਂ ਸਭ ਲੋਕਾਂ ਨੂੰ ਇਕੱਠੇ ਹੋਕੇ ਆਉਣ ਲਈ ਆਖਿਆ।
9ਫ਼ੇਰ ਯਿਰਮਿਯਾਹ ਨੇ ਉਨ੍ਹਾਂ ਨੂੰ ਆਖਿਆ, "ਯਹੋਵਾਹ, ਇਸਰਾਏਲ ਦੇ ਲੋਕਾਂ ਦਾ ਪਰਮੇਸ਼ੁਰ ਇਹ ਆਖਦਾ ਹੈ। ਤੁਸੀਂ ਮ��ਨੂੰ ਉਸਦੇ ਕੋਲ ਭੇਜਿਆ। ਮੈਂ ਯਹੋਵਾਹ ਓਹ ਗੱਲ ਪੁੱਛੀ ਜੋ ਤੁਸੀਂ ਮੈਨੂੰ ਪੁੱਛਣ ਲਈ ਆਖਿਆ ਸੀ। ਇਹੀ ਹੈ ਜੋ ਯਹੋਵਾਹ ਆਖਦਾ ਹੈ:
10'ਜੇ ਤੁਸੀਂ ਲੋਕ ਯਹੂਦਾਹ ਵਿੱਚ ਠਹਿਰੋਗੇ ਤਾਂ ਮੈਂ ਤੁਹਾਨੂੰ ਤਾਕਤਵਰ ਬਣਾਵਾਂਗਾ - ਮੈਂ ਤੁਹਾਨੂੰ ਤਬਾਹ ਨਹੀਂ ਕਰਾਂਗਾ। ਮੈਂ ਤੁਹਾਨੂੰ ਬੀਜਾਂਗਾ, ਪੁਟ੍ਟਾਂਗਾ ਨਹੀਂ। ਅਜਿਹਾ ਮੈਂ ਇਸ ਲਈ ਕਰਾਂਗਾ ਕਿਉਂ ਕਿ ਮੈਂ ਉਨ੍ਹਾਂ ਭਿਆਨਕ ਗੱਲਾਂ ਕਰਕੇ ਬਹੁਤ ਉਦਾਸ ਹਾਂ ਜਿਹੜੀਆਂ ਮੈਂ ਤੁਹਾਡੇ ਉੱਤੇ ਵਾਪਰਨ ਦਿੱਤੀਆਂ।
11ਹੁਣ ਤੁਸੀਂ ਬਾਬਲ ਦੇ ਰਾਜੇ ਤੋਂ ਭੈਭੀਤ ਹੋ। ਪਰ ਉਸਤੋਂ ਭੈਭੀਤ ਨਾ ਹੋਵੋ। ਬਾਬਲ ਦੇ ਰਾਜੇ ਤੋਂ ਡਰੋ ਨਾ', ਯਹੋਵਾਹ ਦਾ ਇਹ ਸੰਦੇਸ਼ ਹੈ, 'ਕਿਉਂ ਕਿ ਮੈਂ ਤੁਹਾਡੇ ਨਾਲ ਹਾਂ। ਮੈਂ ਤੁਹਾਨੂੰ ਬਚਾਵਾਂਗਾ। ਮੈਂ ਤੁਹਾਨੂੰ ਮੁਸ਼ਕਿਲ ਵਿੱਚੋਂ ਕੱਢਾਂਗਾ। ਉਹ ਤੁਹਾਡੇ ਉੱਪਰ ਹੱਥ ਨਹੀਂ ਪਾ ਸਕੇਗਾ।
12ਮੈਂ ਤੁਹਾਡੇ ਉੱਪਰ ਮਿਹਰਬਾਨ ਹੋਵਾਂਗਾ। ਅਤੇ ਬਾਬਲ ਦਾ ਰਾਜਾ ਵੀ ਤੁਹਾਡੇ ਉੱਤੇ ਰਹਿਮ ਕਰੇਗਾ। ਅਤੇ ਉਹ ਤੁਹਾਨੂੰ ਤੁਹਾਡੀ ਧਰਤੀ ਉੱਤੇ ਵਾਪਸ ਲਿਆਵੇਗਾ।'
13ਪਰ ਤੁਸੀਂ ਸ਼ਾਇਦ ਇਹ ਆਖੋ, 'ਅਸੀਂ ਯਹੂਦਾਹ ਵਿੱਚ ਨਹੀਂ ਠਹਿਰਾਂਗੇ।' ਜੇ ਤੁਸੀਂ ਇਹ ਆਖੋਗੇ, ਤਾਂ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਹੁਕਮ ਅਦੂਲੀ ਕਰੋਗੇ।
14ਅਤੇ ਸ਼ਾਇਦ ਤੁਸੀਂ ਇਹ ਆਖੋ, 'ਨਹੀਂ, ਅਸੀਂ ਮਿਸਰ ਵਿੱਚ ਜਾਕੇ ਰਹਾਂਗੇ। ਸਾਨੂੰ ਉਸ ਥਾਂ ਉੱਤੇ ਲੜਾਈ ਦੀ ਚਿੰਤਾ ਨਹੀਂ ਹੋਵੇਗੀ। ਸਾਨੂੰ ਓਥੇ ਜੰਗ ਦੀਆਂ ਤੂਰ੍ਹੀਆਂ ਨਹੀਂ ਸੁਣਾਈ ਦੇਣਗੀਆਂ। ਅਤੇ ਮਿਸਰ ਵਿੱਚ ਅਸੀਂ ਭੁੱਖੇ ਵੀ ਨਹੀਂ ਮਰਾਂਗੇ।'
15ਜੇ ਤੁਸੀਂ ਇਹ ਗੱਲਾਂ ਆਖੋਗੇ, ਤਾਂ ਯਹੂਦਾਹ ਦੇ ਬਾਕੀ ਬਚੇ ਲੋਕੋ, ਤੁਸੀਂ ਯਹੋਵਾਹ ਦਾ ਸੰਦੇਸ਼ ਸੁਣ ਲਵੋ। ਇਹੀ ਹੈ ਜੋ ਯਹੋਵਾਹ ਸਰਬ ਸ਼ਕਤੀਮਾਨ, ਇਸਰਾਏਲ ਦੇ ਲੋਕਾਂ ਦਾ ਪਰਮੇਸ਼ੁਰ ਆਖਦਾ ਹੈ: 'ਜੇ ਤੁਸੀਂ ਮਿਸਰ ਵਿੱਚ ਜਾਕੇ ਰਹਿਣ ਦਾ ਫ਼ੈਸਲਾ ਕਰਦੇ ਹੋ ਤਾਂ ਇਹ ਗੱਲਾਂ ਵਾਪਰਨਗੀਆਂ।
16ਤੁਸੀਂ ਜੰਗ ਦੀ ਤਲਵਾਰ ਤੋਂ ਭੈਭੀਤ ਹੋ ਪਰ ਇਹ ਤੁਹਾਨੂੰ ਓਥੇ ਹਰਾਵੇਗੀ। ਅਤੇ ਤੁਸੀਂ ਭੁੱਖ ਦੀ ਚਿੰਤਾ ਕਰ ਰਹੇ ਹੋ ਪਰ ਮਿਸਰ ਵਿੱਚ ਤੁਸੀਂ ਭੁੱਖੇ ਰਹੋਗੇ। ਤੁਸੀਂ ਓਥੇ ਮਰੋਗੇ।
17ਹਰ ਉਹ ਬੰਦਾ ਜਿਹੜਾ ਮਿਸਰ ਵਿੱਚ ਜਾਕੇ ਰਹਿਣ ਦਾ ਫ਼ੈਸਲਾ ਕਰਦਾ ਹੈ, ਉਹ ਤਲਵਾਰ ਨਾਲ, ਜਾਂ ਭੁੱਖ ਨਾਲ ਜਾਂ ਭਿਆਨਕ ਬਿਮਾਰੀ ਨਾਲ ਮਰੇਗਾ। ਕੋਈ ਵੀ ਬੰਦਾ ਜਿਹੜਾ ਮਿਸਰ ਜਾਵੇਗਾ, ਬਚੇਗਾ ਨਹੀਂ। ਉਨ੍ਹਾਂ ਵਿੱਚੋਂ ਇੱਕ ਵੀ ਬੰਦਾ ਉਨ੍ਹਾਂ ਭਿਆਨਕ ਆਫ਼ਤਾਂ ਤੋਂ ਨਹੀਂ ਬਚ ਸਕੇਗਾ ਜਿਹੜੀਆਂ ਮੈਂ ਉਨ੍ਹਾਂ ਲਈ ਲੈਕੇ ਆਵਾਂਗਾ।'
18"ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦੇ ਲੋਕਾਂ ਦਾ ਪਰਮੇਸ਼ੁਰ ਆਖਦਾ ਹੈ: 'ਮੈਂ ਯਰੂਸ਼ਲਮ ਦੇ ਖਿਲਾਫ਼ ਆਪਣਾ ਗੁੱਸਾ ਦਿਖਾਇਆ। ਮੈਂ ਉਨ੍ਹਾਂ ਲੋਕਾਂ ਨੂੰ ਸਜ਼ਾ ਦਿੱਤੀ ਜਿਹੜੇ ਯਰੂਸ਼ਲਮ ਵਿੱਚ ਰਹਿੰਦੇ ਸਨ। ਇਸੇ ਤਰ੍ਹਾਂ, ਮੈਂ ਹਰ ਓਸ ਬੰਦੇ ਦੇ ਖਿਲਾਫ਼ ਆਪਣਾ ਗੁੱਸਾ ਦਿਖਾਵਾਂਗਾ ਜਿਹੜਾ ਮਿਸਰ ਜਾਵੇਗਾ। ਹੋਰਨਾਂ ਲੋਕਾਂ ਨੂੰ ਸਰਾਪ ਦੇਣ ਲਗਿਆ ਲੋਕ ਤੁਹਾਡੀ ਵਰਤੋਂ ਮਿਸਾਲ ਦੇਣ ਲਈ ਕਰਨਗੇ। ਤੁਸੀਂ ਸਰਾਪ ਦੇ ਸ਼ਬਦ ਵਰਗੇ ਬਣ ਜਾਵੋਗੇ। ਲੋਕ ਤੁਹਾਡੇ ਕੋਲੋਂ ਸ਼ਰਮਸਾਰ ਹੋਣਗੇ। ਲੋਕ ਤੁਹਾਡੀ ਬੇਇੱਜ਼ਤੀ ਕਰਨਗੇ। ਅਤੇ ਤੁਸੀਂ ਫ਼ੇਰ ਕਦੇ ਵੀ ਯਹੂਦਾਹ ਨਹੀਂ ਦੇਖ ਸਕੋਗੇ।'
19"ਯਹੂਦਾਹ ਦੇ ਬਚੇ ਹੋਏ ਲੋਕੋ, ਯਹੋਵਾਹ ਨੇ ਤੁਹਾਨੂੰ ਆਖਿਆ ਸੀ: 'ਮਿਸਰ ਨੂੰ ਨਾ ਜਾਓ।' ਮੈਂ ਤੁਹਾਨੂੰ ਹੁਣ, ਇਸੇ ਵੇਲੇ, ਚੇਤਾਵਨੀ ਦਿੰਦਾ ਹਾਂ,
20ਤੁਸੀਂ ਲੋਕ ਅਜਿਹੀ ਗ਼ਲਤੀ ਕਰ ਰਹੇ ਹੋ ਜਿਹੜੀ ਤੁਹਾਡੀ ਮੌਤ ਦਾ ਕਾਰਣ ਬਣੇਗੀ। ਤੁਸੀਂ ਲੋਕਾਂ ਨੂੰ ਮੈਨੂੰ ਯਹੋਵਾਹ ਆਪਣੇ ਪਰਮੇਸ਼ੁਰ ਕੋਲ ਭੇਜਿਆ ਸੀ। ਤੁਸੀਂ ਮੈਨੂੰ ਆਖਿਆ ਸੀ, 'ਸਾਡੇ ਲਈ ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰੋ। ਸਾਨੂੰ ਹਰ ਉਹ ਗੱਲ ਦੱਸੋ ਜੋ ਯਹੋਵਾਹ ਸਾਨੂੰ ਕਰਨ ਲਈ ਆਖਦਾ ਹੈ। ਅਸੀਂ ਯਹੋਵਾਹ ਦਾ ਹੁਕਮ ਮੰਨਾਂਗੇ।'
21ਇਸ ਲਈ ਅੱਜ, ਮੈਂ ਤੁਹਾਨੂੰ ਯਹੋਵਾਹ ਦਾ ਸੰਦੇਸ਼ ਦੇ ਦਿੱਤਾ ਹੈ। ਪਰ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦਾ ਹੁਕਮ ਨਹੀਂ ਮੰਨਿਆ। ਤੁਸੀਂ ਉਹ ਸਾਰੀਆਂ ਗੱਲਾਂ ਨਹੀਂ ਕੀਤੀਆਂ ਜਿਹੜੀਆਂ ਉਸਨੇ ਮੇਰੇ ਰਾਹੀਂ ਤੁਹਾਨੂੰ ਕਰਨ ਲਈ ਆਖੀਆਂ ਸਨ।
22ਇਸ ਲਈ ਹੁਣ, ਪੱਕਾ ਕਰੋ ਕਿ ਤੁਸੀਂ ਇਹ ਗੱਲ ਸਮਝਦੇ ਹੋ: ਤੁਸੀਂ ਲੋਕ ਮਿਸਰ ਵਿੱਚ ਜਾਕੇ ਰਹਿਣਾ ਚਾਹੁੰਦੇ ਹੋ। ਪਰ ਮਿਸਰ ਵਿੱਚ ਤੁਹਾਡੇ ਨਾਲ ਇਹ ਗੱਲਾਂ ਵਾਪਰਨਗੀਆਂ। ਤੁਸੀਂ ਤਲਵਾਰ ਨਾਲ, ਜਾਂ ਭੁੱਖ ਨਾਲ, ਜਾਂ ਭਿਆਨਕ ਬੀਮਾਰੀ ਨਾਲ ਮਰੋਗੇ।"