Loading Bible Translation
First-time download in progress. This may take a few seconds…
Punjabi Bible Wordproject Bible
13 verses
1ਇਸ ਤਰ੍ਹਾਂ ਯਿਰਮਿਯਾਹ ਨੇ ਲੋਕਾਂ ਨੂੰ ਯਹੋਵਾਹ ਉਨ੍ਹਾਂ ਦੇ ਪਰਮੇਸ਼ੁਰ ਦਾ ਸੰਦੇਸ਼ ਦੱਸ ਕੇ ਗੱਲ ਮੁਕਾਈ। ਯਿਰਮਿਯਾਹ ਨੇ ਉਨ੍ਹਾਂ ਨੂੰ ਹਰ ਉਹ ਗੱਲ ਦੱਸ ਦਿੱਤੀ ਜਿਹੜੀ ਯਹੋਵਾਹ ਨੇ ਲੋਕਾਂ ਨੂੰ ਦੱਸਣ ਲਈ ਉਸਨੂੰ ਭੇਜਿਆ ਸੀ।
2ਹੋਸ਼ਅਯਾਹ ਦਾ ਪੁੱਤਰ ਅਜ਼ਰਯਾਹ, ਕਾਰੇਆਹ ਦਾ ਪੁੱਤਰ ਯੋਹਾਨਾਨ ਅਤੇ ਕੁਝ ਹੋਰ ਲੋਕ ਬੜੇ ਗੁਮਾਨੀ ਅਤੇ ਜ਼ਿੱਦੀ ਸਨ। ਉਹ ਲੋਕ ਯਿਰਮਿਯਾਹ ਨਾਲ ਬਹੁਤ ਗੁੱਸੇ ਹੋ ਗਏ। ਉਨ੍ਹਾਂ ਲੋਕਾਂ ਨੇ ਯਿਰਮਿਯਾਹ ਨੂੰ ਆਖਿਆ, "ਯਿਰਮਿਯਾਹ, ਤੂੰ ਝੂਠ ਬੋਲ ਰਿਹਾ ਹੈਂ। ਯਹੋਵਾਹ ਸਾਡੇ ਪਰਮੇਸ਼ੁਰ ਨੇ ਇਹ ਗੱਲਾਂ ਆਖਣ ਲਈ ਨਹੀਂ ਭੇਜਿਆ, 'ਤੁਹਾਨੂੰ ਲੋਕਾਂ ਨੂੰ ਮਿਸਰ ਵਿੱਚ ਜਾਕੇ ਬਿਲਕੁਲ ਨਹੀਂ ਰਹਿਣਾ ਚਾਹੀਦਾ।'
3ਯਿਰਮਿਯਾਹ ਸਾਡਾ ਖਿਆਲ ਹੈ ਕਿ ਨੇਰੀਯਾਹ ਦਾ ਪੁੱਤਰ ਬਾਰੂਕ ਤੈਨੂੰ ਸਾਡੇ ਖਿਲਾਫ਼ ਭੜਕਾ ਰਿਹਾ ਹੈ। ਉਹ ਚਾਹੁੰਦਾ ਹੈ ਕਿ ਤੂੰ ਸਾਨੂੰ ਬਾਬਲ ਦੇ ਲੋਕਾਂ ਦੇ ਹਵਾਲੇ ਕਰ ਦੇਵੇ। ਉਹ ਤੇਰੇ ਕੋਲੋਂ ਅਜਿਹਾ ਇਸ ਲਈ ਕਰਾਉਣਾ ਚਾਹੁੰਦਾ ਹੈ ਤਾਂ ਜੋ ਉਹ ਸਾਨੂੰ ਮਾਰ ਸਕਣ। ਜਾਂ ਉਹ ਤੇਰੇ ਕੋਲੋਂ ਅਜਿਹਾ ਇਸ ਲਈ ਕਰਾਉਣਾ ਚਾਹੁੰਦਾ ਹੈ ਤਾਂ ਜੋ ਉਹ ਸਾਨੂੰ ਬੰਦੀ ਬਣਾ ਸਕਣ ਅਤੇ ਸਾਨੂੰ ਬਾਬਲ ਲੈ ਜਾਣ।"
4ਇਸ ਤਰ੍ਹਾਂ ਯੋਹਾਨਾਨ, ਫ਼ੌਜੀ ਅਧਿਕਾਰੀਆਂ ਅਤੇ ਹੋਰ ਸਾਰੇ ਲੋਕਾਂ ਨੇ ਯਹੋਵਾਹ ਦੇ ਆਦੇਸ਼ ਨੂੰ ਅਪ੍ਰਵਾਨ ਕਰ ਦਿੱਤਾ। ਯਹੋਵਾਹ ਨੇ ਉਨ੍ਹਾਂ ਨੂੰ ਯਹੂਦਾਹ ਵਿੱਚ ਠਹਿਰਨ ਦਾ ਆਦੇਸ਼ ਦਿੱਤਾ ਸੀ।
5ਪਰ ਯਹੋਵਾਹ ਦਾ ਹੁਕਮ ਮੰਨਣ ਦੀ ਬਜਾਇ ਯੋਹਾਨਾਨ ਅਤੇ ਫ਼ੌਜੀ ਅਧਿਕਾਰੀ ਉਨ੍ਹਾਂ ਯਹੂਦਾਹ ਦੇ ਬਚੇ ਹੋਏ ਲੋਕਾਂ ਨੂੰ ਮਿਸਰ ਲੈ ਗਏ। ਅਤੀਤ ਵਿੱਚ ਉਨ੍ਹਾਂ ਬਚੇ ਹੋਏ ਲੋਕਾਂ ਨੂੰ ਦੁਸ਼ਮਣ ਹੋਰਨਾਂ ਦੇਸ਼ਾਂ ਵਿੱਚ ਲੈ ਗਿਆ ਸੀ। ਪਰ ਉਹ ਯਹੂਦਾਹ ਨੂੰ ਵਾਪਸ ਆ ਗਏ ਸਨ।
6ਹੁਣ ਯੋਹਾਨਾਨ ਅਤੇ ਸਾਰੇ ਫ਼ੌਜੀ ਅਧਿਕਾਰੀਆਂ ਨੇ ਸਾਰੇ ਆਦਮੀਆਂ, ਔਰਤਾਂ ਅਤੇ ਬੱਚਿਆਂ ਨੂੰ ਨਾਲ ਲਿਆ ਅਤੇ ਉਨ੍ਹਾਂ ਨੂੰ ਮਿਸਰ ਲੈ ਗਏ। ਉਨ੍ਹਾਂ ਲੋਕਾਂ ਵਿੱਚ ਰਾਜੇ ਦੀਆਂ ਧੀਆਂ ਵੀ ਸਨ। (ਨਬੂਜ਼ਰਦਾਨ ਨੇ ਗਦਲਯਾਹ ਨੂੰ ਉਨ੍ਹਾਂ ਲੋਕਾਂ ਦਾ ਨਿਗਰਾਨ ਬਾਪਿਆ ਸੀ। ਨਬੂਜ਼ਰਦਾਨ ਬਾਬਲ ਦੇ ਰਾਜੇ ਦੇ ਖਾਸ ਦਸਤੇ ਦਾ ਕਮਾਂਡਰ ਸੀ।) ਯੋਹਾਨਾਨ ਨੇ ਯਿਰਮਿਯਾਹ, ਨਬੀ ਅਤੇ ਨੇਰੀਯਾਹ ਦੇ ਪੁੱਤਰ ਬਾਰੂਕ ਨੂੰ ਵੀ ਨਾਲ ਲਿਆ।
7ਉਨ੍ਹਾਂ ਲੋਕਾਂ ਨੇ ਯਹੋਵਾਹ ਦੀ ਗੱਲ ਨਹੀਂ ਸੁਣੀ। ਇਸ ਲਈ ਉਹ ਸਾਰੇ ਲੋਕ ਮਿਸਰ ਚਲੇ ਗਏ। ਉਹ ਤਹਪਨਹੇਸ ਕਸਬੇ ਵਿੱਚ ਗਏ।
8ਤਹਪਨਹੇਸ ਦੇ ਕਸਬੇ ਵਿੱਚ, ਯਿਰਮਿਯਾਹ ਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ:
9"ਯਿਰਮਿਯਾਹ, ਕੁਝ ਵੱਡੇ ਪੱਥਰ ਲੈ। ਉਨ੍ਹਾਂ ਨੂੰ ਤਹਪਨਹੇਸ ਵਿੱਚ ਫ਼ਿਰਊਨ ਦੇ ਸਰਕਾਰੀ ਮਕਾਨ ਦੇ ਸਾਮ੍ਹਣੇ ਮਿੱਟੀ ਇੱਟਾਂ ਦੇ ਬਣੇ ਹੋਏ ਲਾਂਘੇ ਵਿੱਚ ਦੱਬ ਦੇ। ਇਹ ਗੱਲ ਉਦੋਂ ਕਰੀਂ ਜਦੋਂ ਯਹੂਦਾਹ ਦੇ ਲੋਕ ਤੇਰੇ ਵੱਲ ਦੇਖ ਰਹੇ ਹੋਣ।
10ਫ਼ੇਰ ਉਨ੍ਹਾਂ ਯਹੂਦਾਹ ਦੇ ਲੋਕਾਂ ਨੂੰ, ਜਿਹੜੇ ਤੇਰੇ ਵੱਲ ਦੇਖ ਰਹੇ ਹੋਣ, ਆਖੀਂ: 'ਇਹੀ ਹੈ ਜੋ ਸਰਬ ਸ਼ਕਤੀਮਾਨ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ: ਮੈਂ ਬਾਬਲ ਦੇ ਰਾਜੇ ਨਬੂਕਦਨੱਸਰ ਨੂੰ ਇੱਥੇ ਬੁਲਾਵਾਂਗਾ। ਉਹ ਮੇਰਾ ਸੇਵਕ ਹੈ। ਅਤੇ ਮੈਂ ਉਸਦਾ ਤਖਤ ਇਨ੍ਹਾਂ ਪੱਥਰ ਉੱਪਰ ਸਬਾਪਿਤ ਕਰਾਂਗਾ ਜਿਨ੍ਹਾਂ ਨੂੰ ਮੈਂ ਇੱਥੇ ਦਬਿਆ ਹੈ। ਨਬੂਕਦਨੱਸਰ ਇਨ੍ਹਾਂ ਪੱਥਰ ਉੱਪਰ ਆਪਣੀ ਛਤਰੀ ਤਾਣੇਗਾ।
11ਉਹ ਇੱਥੇ ਆਵੇਗਾ ਅਤੇ ਮਿਸਰ ਉੱਤੇ ਹਮਲਾ ਕਰੇਗਾ। ਉਹ ਉਨ੍ਹਾਂ ਲੋਕਾਂ ਨੂੰ ਮੌਤ ਦੇਵੇਗਾ ਜਿਨ੍ਹਾਂ ਨੇ ਮਰਨਾ ਹੈ। ਉਹ ਉਨ੍ਹਾਂ ਨੂੰ ਬੰਦੀਵਾਨ ਬਣਾਵੇਗਾ ਜਿਨ੍ਹਾਂ ਨੇ ਬੰਦੀ ਬਣਨਾ ਹੈ। ਅਤੇ ਉਹ ਉਨ੍ਹਾਂ ਲਈ ਤਲਵਾਰ ਲੈਕੇ ਆਵੇਗਾ ਜਿਨ੍ਹਾਂ ਨੇ ਤਲਵਾਰ ਨਾਲ ਮਰਨਾ ਹੈ।
12ਨਬੂਕਦਨੱਸਰ ਮਿਸਰ ਦੇ ਝੂਠੇ ਦੇਵਤਿਆਂ ਦੇ ਮੰਦਰਾਂ ਵਿੱਚ ਅੱਗ ਬਾਲੇਗਾ। ਉਹ ਉਨ੍ਹਾਂ ਮੰਦਰਾਂ ਨੂੰ ਸਾੜ ਦੇਵੇਗਾ ਅਤੇ ਉਹ ਉਨ੍ਹਾਂ ਬੁੱਤਾਂ ਨੂੰ ਚੁੱਕ ਕੇ ਲੈ ਜਾਵੇਗਾ। ਜਿਵੇਂ ਇੱਕ ਆਜੜੀ ਆਪਣੇ ਆਪ ਨੂੰ ਗਰਮ ਕਪੜਿਆਂ ਵਿੱਚ ਲਪੇਟਦਾ ਹੈ, ਨਬੂਕਦਨੱਸਰ ਆਪਣੇ-ਆਪ ਨੂੰ ਮਿਸਰ ਦੀ ਧਰਤੀ ਨਾਲ ਲਪੇਟੇਗਾ ਅਤੇ ਮਿਸਰ ਨੂੰ ਸੁਰਖਿਅਤ ਛੱਡ ਜਾਵੇਗਾ।
13ਨਬੂਕਦਨੱਸਰ ਉਨ੍ਹਾਂ ਯਾਦਗਾਰੀ ਪੱਥਰ ਨੂੰ ਤੋੜ ਦੇਵੇਗਾ ਜਿਹੜੇ ਮਿਸਰ ਵਿੱਚ ਸੂਰਜ ਦੇਵਤੇ ਦੇ ਮੰਦਰ ਵਿੱਚ ਹਨ। ਅਤੇ ਉਹ ਮਿਸਰ ਦੇ ਝੂਠੇ ਦੇਵਤਿਆਂ ਦੇ ਮੰਦਰਾਂ ਨੂੰ ਸਾੜ ਦੇਵੇਗਾ।"'