Loading Bible Translation
First-time download in progress. This may take a few seconds…
Punjabi Bible Wordproject Bible
20 verses
1ਸਮਸੂਨ ਤਿਮਨਾਥ ਵੱਲ ਉੱਤਰ ਗਿਆ ਅਤੇ ਤਿਮਨਾਥ ਵਿੱਚ ਫ਼ਲਿਸਤੀਆਂ ਦੀਆਂ ਧੀਆਂ ਵਿੱਚੋਂ ਉਹ ਨੇ ਇੱਕ ਤੀਵੀਂ ਡਿੱਠੀ।
2ਅਤੇ ਉਹ ਨੇ ਉਤਾਹਾਂ ਜਾ ਕੇ ਆਪਣੇ ਪਿਤਾ ਅਤੇ ਆਪਣੀ ਮਾਤਾ ਨੂੰ ਦੱਸਿਆ ਜੋ ਫਲਿਸਤੀਆਂ ਦੀਆਂ ਧੀਆਂ ਵਿੱਚੋਂ ਤਿਮਨਾਥ ਵਿੱਚ ਮੈਂ ਇੱਕ ਤੀਵੀਂ ਡਿੱਠੀ ਹੈ, ਸੋ ਉਹ ਨੂੰ ਲੈ ਆਓ ਜੋ ਮੇਰੀ ਵਹੁਟੀ ਬਣੇ।
3ਤਦ ਉਹ ਦੇ ਪਿਤਾ ਅਰ ਉਹ ਦੀ ਮਾਤਾ ਨੇ ਆਖਿਆ, ਭਲਾਂ, ਤੇਰੇ ਭਾਈ ਚਾਰੇ ਦੀਆਂ ਧੀਆਂ ਵਿੱਚ ਅਤੇ ਮੇਰੇ ਸਾਰੇ ਲੋਕਾਂ ਵਿੱਚੋਂ ਤੂੰ ਵਹੁਟੀ ਲੈਣ ਲਈ ਗਿਆ ਹੈਂ? ਸਮਸੂਨ ਨੇ ਆਪਣੇ ਪਿਤਾ ਨੂੰ ਆਖਿਆ, ਮੈਨੂੰ ਇਹੋ ਲੈ ਦਿਓ ਕਿਉਂ ਜੋ ਮੇਰੀਆਂ ਅੱਖਾਂ ਵਿੱਚ ਓਹੋ ਜਚਦੀ ਹੈ।
4ਪਰ ਉਹ ਦੇ ਮਾਪੇ ਨਾ ਸਮਝੇ ਜੋ ਇਹ ਯਹੋਵਾਹ ਦੀ ਵੱਲੋਂ ਹੈਸੀ ਜੋ ਫਲਿਸਤੀਆਂ ਨਾਲ ਲੜਾਈ ਕਰਨ ਦਾ ਇੱਕ ਪੱਜ ਲੱਭਦਾ ਸੀ। ਉਸ ਵੇਲੇ ਫਲਿਸਤੀ ਇਸਰਾਏਲ ਉੱਤੇ ਰਾਜ ਕਰਦੇ ਸਨ।
5ਤਦ ਸਮਸੂਨ ਅਤੇ ਉਹ ਦੇ ਮਾਪੇ ਤਿਮਨਾਥ ਵਲ ਉਤਰੇ ਅਤੇ ਤਿਮਨਾਥ ਦੇ ਦਾਖ ਦੇ ਬਾਗਾਂ ਵਿੱਚ ਅੱਪੜੇ ਤਾਂ ਵੇਖੋ, ਇੱਕ ਜੁਆਨ ਬਬਰ ਸ਼ੇਰ ਉਹ ਦੇ ਸਾਹਮਣੇ ਆ ਗੱਜਿਆ।
6ਤਾਂ ਯਹੋਵਾਹ ਦਾ ਆਤਮਾ ਸਮਸੂਨ ਉੱਤੇ ਜ਼ੋਰ ਨਾਲ ਆਇਆ ਅਤੇ ਭਾਵੇਂ ਉਹ ਦੇ ਹੱਥ ਵਿੱਚ ਕੁਝ ਭੀ ਨਹੀਂ ਸੀ ਪਰ ਉਹ ਨੇ ਉਸ ਨੂੰ ਇਉਂ ਪਾੜਿਆ ਜਿੱਕਰ ਪਠੋਰੇ ਨੂੰ ਪਾੜਦੇ ਹਨ ਅਤੇ ਇਹ ਗੱਲ ਜੋ ਉਹ ਨੇ ਕੀਤੀ ਆਪਣੇ ਪਿਤਾ ਯਾ ਆਪਣੀ ਮਾਤਾ ਨੂੰ ਨਾ ਦੱਸੀ।
7ਫੇਰ ਉਹ ਲਹਿ ਗਿਆ ਅਤੇ ਉਸ ਤੀਵੀਂ ਨਾਲ ਗੱਲਾਂ ਕੀਤੀਆਂ ਅਤੇ ਉਹ ਸਮਸੂਨ ਦੀਆਂ ਅੱਖਾਂ ਵਿੱਚ ਜਚ ਗਈ।
8ਕੁਝ ਚਿਰ ਪਿੱਛੋਂ ਉਹ ਮੁਕਲਾਵੇ ਲਈ ਗਿਆ ਅਤੇ ਰਾਹ ਤੋਂ ਲਾਂਭੇ ਹੋ ਕੇ ਬਬਰ ਸ਼ੇਰ ਦੀ ਲੋਥ ਵੇਖਣ ਗਿਆ ਅਤੇ ਵੇਖੋ, ਉੱਥੇ ਬਬਰ ਸ਼ੇਰ ਦੀ ਲੋਥ ਵਿੱਚ ਸ਼ਹਿਤ ਦੀਆਂ ਮੱਖੀਆਂ ਦਾ ਝੁੰਡ ਅਤੇ ਸ਼ਹਿਤ ਭੀ ਸੀ।
9ਅਤੇ ਉਹ ਨੂੰ ਹੱਥ ਵਿੱਚ ਫੜ ਕੇ ਖਾਂਦਾ ਖਾਂਦਾ ਤੁਰ ਪਿਆ ਅਤੇ ਆਪਣੇ ਮਾਪਿਆਂ ਕੋਲ ਆਇਆ ਅਰ ਉਨ੍ਹਾਂ ਨੂੰ ਭੀ ਕੁਝ ਦਿੱਤਾ ਅਤੇ ਉਨ੍ਹਾਂ ਨੇ ਭੀ ਖਾਧਾ ਪਰ ਉਨ੍ਹਾਂ ਨੂੰ ਇਹ ਨਾ ਦੱਸਿਆ ਜੋ ਮੈਂ ਇਹ ਸ਼ਹਿਤ ਬਬਰ ਸ਼ੇਰ ਦੀ ਲੋਥ ਵਿੱਚੋਂ ਕੱਢਿਆ ਹੈ।
10ਫੇਰ ਉਹ ਦਾ ਪਿਤਾ ਉਸ ਤੀਵੀਂ ਦੇ ਘਰ ਲਹਿ ਗਿਆ ਅਤੇ ਉੱਥੇ ਸਮਸੂਨ ਨੇ ਦਾਉਤ ਦਿੱਤੀ ਕਿਉਂ ਜੋ ਜੁਆਨਾਂ ਦੀ ਇਹੋ ਰੀਤ ਸੀ।
11ਅਤੇ ਅਜੇਹਾ ਹੋਇਆ ਕਿ ਜਦ ਉੱਥੋਂ ਦਿਆਂ ਲੋਕਾਂ ਨੇ ਉਹ ਨੂੰ ਡਿੱਠਾ ਤਾਂ ਤੀਹ ਜਾਂਞੀ ਲਿਆਏ ਜੋ ਉਹ ਦੇ ਨਾਲ ਰਹਿਣ।
12ਸਮਸੂਨ ਨੇ ਉਨ੍ਹਾਂ ਨੂੰ ਆਖਿਆ, ਮੈਂ ਤੁਹਾਡੇ ਅੱਗੇ ਇੱਕ ਬੁਝਾਰਤ ਪਾਉਣਾ ਸੋ ਜੇ ਕਦੀ ਤੁਸੀਂ ਦਾਉਤ ਦਿਆਂ ਸੱਤਾਂ ਦਿਨਾਂ ਵਿੱਚ ਉਹ ਨੂੰ ਬੁਝ ਲਓ ਅਤੇ ਮੈਨੂੰ ਦੱਸੋ ਤਾਂ ਮੈਂ ਤੀਹ ਝਗਲੇ ਅਰ ਤੀਹ ਜੋੜੇ ਬਸਤਰ ਤੁਹਾਨੂੰ ਦਿਆਂਗਾ।
13ਅਤੇ ਜੇ ਤੁਸੀਂ ਨਾ ਦੱਸ ਸੱਕੋ ਤਾਂ ਤੀਹ ਝਗਲੇ ਅਰ ਤੀਹ ਜੋੜੇ ਬਸਤਰ ਤੁਸਾਂ ਮੈਨੂੰ ਦੇ ਦੇਣੇ। ਓਹ ਬੋਲੇ, ਆਪਣੀ ਬੁਝਾਰਤ ਪਾ ਤਾਂ ਜੋ ਅਸੀਂ ਸੁਣੀਏ।
14ਤਾਂ ਉਹ ਨੇ ਆਖਿਆ, — ਖਾਣ ਵਾਲੇ ਵਿੱਚੋਂ ਭੋਜਨ ਨਿੱਕਲਿਆ, ਅਤੇ ਤਕੜੇ ਵਿੱਚੋਂ ਮਿਠਾਸ। ਅਤੇ ਉਹ ਤਿੰਨਾਂ ਦਿਨਾਂ ਵਿੱਚ ਇਸ ਬੁਝਾਰਤਾ ਨੂੰ ਨਾ ਬੁਝ ਸੱਕੇ।
15ਸੱਤਵੇਂ ਦਿਨ ਉਨ੍ਹਾਂ ਨੇ ਸਮਸੂਨ ਦੀ ਵਹੁਟੀ ਨੂੰ ਅਖਿਆ, ਸਾਡੇ ਲਈ ਆਪਣੇ ਭਰਤੇ ਨੂੰ ਫੁਲਾਹੁਣੀਆਂ ਦੇਹ ਜੋ ਉਹ ਸਾਥੋਂ ਬੁਝਾਰਤ ਬੁਝਾਵੇ, ਨਹੀਂ ਤਾਂ ਅਸੀਂ ਤੈਨੂੰ ਅਤੇ ਤੇਰੇ ਪਿਉ ਦੇ ਘਰ ਨੂੰ ਅੱਗ ਨਾਲ ਸਾੜ ਸੁੱਟਾਂਗੇ। ਭਲਾ, ਇਸੇ ਵਾਸਤੇ ਹੀ ਤੁਸਾਂ ਸਾਨੂੰ ਸੱਦਿਆ ਸੀ ਕਿ ਜੋ ਕੁਝ ਸਾਡਾ ਹੈ ਸੋ ਤੁਸੀਂ ਆਪਣਾ ਕਰ ਲਓ?
16ਤਦ ਸਮਸੂਨ ਦੀ ਵਹੁਟੀ ਉਹ ਦੇ ਅੱਗੇ ਰੋ ਕੇ ਬੋਲੀ, ਤੂੰ ਮੇਰੇ ਨਾਲ ਵੈਰ ਹੀ ਰੱਖਦਾ ਹੈਂ ਅਤੇ ਮੈਨੂੰ ਪਿਆਰ ਨਹੀਂ ਕਰਦਾ। ਤੈਂ ਮੇਰੇ ਲੋਕਾਂ ਦੇ ਪਰਵਾਰ ਅੱਗੇ ਇੱਕ ਬੁਝਾਰਤ ਪਾਈ ਅਰ ਮੈਨੂੰ ਨਾ ਦੱਸੀ। ਉਹ ਨੇ ਉਸ ਨੂੰ ਆਖਿਆ, ਵੇਖ, ਮੈਂ ਆਪਣੇ ਪਿਉ ਅਤੇ ਆਪਣੀ ਮਾਂ ਨੂੰ ਭੀ ਨਹੀਂ ਦੱਸੀ ਸੋ ਭਲਾ, ਮੈਂ ਤੈਨੂੰ ਦੱਸਾਂ?
17ਸੋ ਉਹ ਉਹ ਦੇ ਅੱਗੇ ਦਾਉਤ ਦਿਆਂ ਉਨ੍ਹਾਂ ਸੱਤਾਂ ਦਿਨਾਂ ਤੋੜੀ ਰੋਂਦੀ ਰਹੀ ਅਤੇ ਸੱਤਵੇਂ ਦਿਨ ਅਜੇਹਾ ਹੋਇਆ ਜੋ ਉਹ ਨੇ ਉਸ ਨੂੰ ਦੱਸ ਦਿੱਤੀ ਕਿਉਂ ਜੋ ਉਸ ਨੇ ਉਹ ਨੂੰ ਵੱਡਾ ਔਖਾ ਕੀਤਾ ਸੀ। ਸੋ ਉਸ ਨੇ ਆਪਣੇ ਪਰਵਾਰ ਦੇ ਲੋਕਾਂ ਨੂੰ ਦੱਸ ਦਿੱਤੀ।
18ਅਤੇ ਉਸ ਸ਼ਹਿਰ ਦਿਆਂ ਲੋਕਾਂ ਨੇ ਸੱਤਵੇਂ ਦਿਨ ਸੂਰਜ ਲਹਿਣ ਤੋਂ ਪਹਿਲਾਂ ਉਹ ਨੂੰ ਆਖਿਆ, —ਸ਼ਹਿਤ ਨਾਲੋਂ ਮਿੱਠਾ ਕੀ ਹੈ, ਅਤੇ ਬਬਰ ਸ਼ੇਰ ਨਾਲੋਂ ਤਕੜਾ ਕੌਣ? ਤਾਂ ਉਹ ਨੇ ਉਨ੍ਹਾਂ ਨੂੰ ਆਖਿਆ, —ਜੇ ਕਦੀ ਤੁਸੀਂ ਮੇਰੀ ਵੱਛੀ ਨੂੰ ਹਲ ਅੱਗੇ ਨਾ ਜੋਂਦੇ, ਤਾਂ ਮੇਰੀ ਬੁਝਾਰਤ ਕਦੀ ਨਾ ਬੁੱਝਦੇ।
19ਫੇਰ ਯਹੋਵਾਹ ਦਾ ਆਤਮਾ ਡਾਢੇ ਜ਼ੋਰ ਨਾਲ ਉਹ ਦੇ ਉੱਤੇ ਆਇਆ ਅਤੇ ਉਹ ਅਸ਼ਕਲੋਨ ਨੂੰ ਲਹਿ ਗਿਆ ਅਤੇ ਉਨ੍ਹਾਂ ਦੇ ਤੀਹ ਮਨੁੱਖ ਵੱਢੇ ਅਤੇ ਉਨ੍ਹਾਂ ਦੇ ਬਸਤਰ ਲਾਹ ਕੇ ਓਹੋ ਕੱਪੜੇ ਬੁਝਾਰਤ ਬੁੱਝਣ ਵਾਲਿਆਂ ਨੂੰ ਦਿੱਤੇ ਸੋ ਉਹ ਦਾ ਕ੍ਰੋਧ ਜਾਗਿਆ ਅਤੇ ਉਹ ਆਪਣੇ ਪਿਤਾ ਦੇ ਘਰ ਨੂੰ ਉਤਾਹਾਂ ਤੁਰ ਗਿਆ।
20ਪਰ ਸਮਸੂਨ ਦੀ ਵਹੁਟੀ ਉਹ ਦੇ ਇੱਕ ਮਿੱਤ੍ਰ ਨੂੰ ਦਿੱਤੀ ਗਈ ਜੋ ਉਹ ਦਾ ਸਾਥੀ ਸੀ।