Loading Bible Translation
First-time download in progress. This may take a few seconds…
Punjabi Bible Wordproject Bible
25 verses
1ਇਸਰਾਏਲੀਆਂ ਨੇ ਯਹੋਵਾਹ ਦੀ ਨਿਗਾਹ ਵਿੱਚ ਫੇਰ ਬਦੀ ਕੀਤੀ ਅਤੇ ਯਹੋਵਾਹ ਨੇ ਉਨ੍ਹਾਂ ਚਾਲੀਹਾਂ ਵਰਿਹਾਂ ਤੋੜੀ ਫਲਿਸਤੀਆਂ ਦੇ ਹੱਥ ਸੌਂਪ ਦਿੱਤਾ।
2ਦਾਨ ਦੇ ਟੱਬਰ ਵਿੱਚੋਂ ਇੱਕ ਜਣਾ ਮਾਨੋਆਹ ਨਾਮੇ ਸਾਰਾਹ ਦਾ ਸੀ। ਉਹ ਦੀ ਪਤਨੀ ਬਾਂਝ ਸੀ ਅਤੇ ਉਹ ਕੋਈ ਬਾਲ ਨਾ ਜਣੀ।
3ਯਹੋਵਾਹ ਦੇ ਦੂਤ ਨੇ ਉਸ ਤੀਵੀਂ ਨੂੰ ਦਰਸ਼ਨ ਦੇ ਕੇ ਆਖਿਆ, ਵੇਖ, ਤੂੰ ਬਾਂਝ ਹੈਂ ਅਤੇ ਜਣਦੀ ਨਹੀਂ ਪਰ ਤੂੰ ਗਰਭਣੀ ਹੋਵੇਂਗੀ ਅਤੇ ਪੁੱਤ੍ਰ ਜਣੇਗੀ।
4ਸੋ ਹੁਣ ਧਿਆਨ ਰੱਖੀਂ ਅਤੇ ਦਾਖ ਰਸ ਯਾ ਕੋਈ ਅਮਲ ਵਾਲੀ ਚੀਜ਼ ਨਾ ਪੀਵੀਂ ਅਤੇ ਅਸ਼ੁੱਧ ਵਸਤਾਂ ਨਾ ਖਾਵੀਂ।
5ਕਿਉਂ ਜੋ ਵੇਖ, ਤੂੰ ਗਰਭਣੀ ਹੋਵੇਂਗੀ ਅਤੇ ਪੁੱਤ੍ਰ ਜਣੇਗੀ। ਉਹ ਦੇ ਸਿਰ ਉੱਤੇ ਉਸਤਰਾ ਕਦੇ ਨਾ ਲੱਗੇ ਇਸ ਲਈ ਜੋ ਉਹ ਮੁੰਡਾ ਗਰਭ ਤੋਂ ਹੀ ਪਰਮੇਸ਼ੁਰ ਦਾ ਨਜ਼ੀਰ ਹੋਵੇਗਾ ਅਤੇ ਉਹ ਫ਼ਲਿਸਤੀਆਂ ਦੇ ਹੱਥੋਂ ਇਸਰਾਏਲੀਆਂ ਦਾ ਬਚਾਓ ਕਰਨ ਲੱਗੇਗਾ।
6ਤਦ ਉਸ ਤੀਵੀਂ ਨੇ ਆਪਣੇ ਪਤੀ ਨੂੰ ਆਣ ਆਖਿਆ ਜੋ ਇੱਕ ਪਰਮੇਸ਼ੁਰ ਦਾ ਬੰਦਾ ਮੇਰੇ ਕੋਲ ਆਇਆ। ਉਹ ਦੀ ਡੌਲ ਪਰਮੇਸ਼ੁਰ ਦੇ ਦੂਤ ਵਰਗੀ ਡਾਢੀ ਡਰਾਉਣੀ ਸੀ ਅਤੇ ਮੈਂ ਉਸ ਨੂੰ ਨਹੀਂ ਪੁੱਛਿਆ ਜੋ ਤੂੰ ਕਿੱਥੋਂ ਦਾ ਹੈਂ ਅਤੇ ਉਸ ਨੇ ਭੀ ਮੈਨੂੰ ਆਪਣਾ ਨਾਉਂ ਨਹੀਂ ਦੱਸਿਆ।
7ਪਰ ਉਸ ਨੇ ਮੈਨੂੰ ਆਖਿਆ, ਵੇਖ, ਤੂੰ ਗਰਭਣੀ ਹੋਵੇਂਗੀ ਅਤੇ ਪੁੱਤ੍ਰ ਜਣੇਗੀ ਸੋ ਹੁਣ ਤੂੰ ਦਾਖ ਰਸ ਯਾ ਕੋਈ ਅਮਲ ਵਾਲੀ ਚੀਜ਼ ਨਾ ਪੀਵੀਂ ਅਤੇ ਨਾ ਕੋਈ ਅਸ਼ੁੱਧ ਵਸਤ ਖਾਂਵੀ ਕਿਉਂ ਜੋ ਉਹ ਮੁੰਡਾ ਢਿੱਡ ਤੋਂ ਹੀ ਮਰਨ ਦੇ ਦਿਨ ਤੋੜੀ ਪਰਮੇਸ਼ੁਰ ਦਾ ਨਜ਼ੀਰ ਹੋਵੇਗਾ।
8ਤਦ ਮਾਨੋਆਹ ਨੇ ਯਹੋਵਾਹ ਅੱਗੇ ਬੇਨਤੀ ਕਰ ਕੇ ਆਖਿਆ, ਹੇ ਪ੍ਰਭੂ, ਅਜਿਹਾ ਕਰ ਜੋ ਉਹ ਪਰਮੇਸ਼ੁਰ ਦਾ ਬੰਦਾ ਜਿਹ ਨੂੰ ਤੈਂ ਘੱਲਿਆ ਸੀ ਅਸਾਂ ਲੋਕਾਂ ਕੋਲ ਫੇਰ ਆਵੇ ਅਤੇ ਸਾਨੂੰ ਸਿਖਾਵੇ ਕਿ ਜਿਹੜਾ ਮੁੰਡਾ ਜੰਮੇਗਾ ਉਸ ਨਾਲ ਅਸੀਂ ਕਿੱਕਰ ਕਰੀਏ।
9ਪਰਮੇਸ਼ੁਰ ਨੇ ਮਾਨੋਆਹ ਦੀ ਅਵਾਜ਼ ਸੁਣੀ ਅਤੇ ਪਰਮੇਸ਼ਰ ਦਾ ਦੂਤ ਉਸ ਤੀਵੀਂ ਕੋਲ ਪੈਲੀ ਵਿੱਚ ਬੈਠਿਆਂ ਹੋਇਆਂ ਫੇਰ ਆਇਆ ਪਰ ਉਸ ਵੇਲੇ ਉਸ ਦਾ ਪਤੀ ਮਾਨੋਆਹ ਉਸ ਦੇ ਕੋਲ ਨਹੀਂ ਸੀ।
10ਸੋ ਉਸ ਤੀਵੀਂ ਨੇ ਛੇਤੀ ਨਾਲ ਭੱਜ ਕੇ ਆਪਣੇ ਪਤੀ ਮਾਨੋਆਹ ਨੂੰ ਜਾ ਦੱਸਿਆ ਅਤੇ ਉਹ ਨੂੰ ਆਖਿਆ, ਵੇਖ, ਓਹੋ ਮਨੁੱਖ ਜੋ ਉਸ ਦਿਨ ਮੇਰੇ ਕੋਲ ਆਇਆ ਸੀ ਸੋ ਹੁਣ ਫੇਰ ਮੈਨੂੰ ਦਿਸ ਪਿਆ।
11ਤਾਂ ਮਾਨੋਆਹ ਉੱਠ ਕੇ ਆਪਣੀ ਪਤਨੀ ਦੇ ਮਗਰ ਤੁਰਿਆ ਅਤੇ ਉਸ ਮਨੁੱਖ ਕੋਲ ਆਇਆ ਅਤੇ ਉਸ ਨੂੰ ਆਖਣ ਲੱਗਾ, ਕੀ ਤੂੰ ਓਹੋ ਮਨੁੱਖ ਹੈਂ ਜਿਸ ਨੇ ਏਸ ਤੀਵੀਂ ਨਾਲ ਗੱਲਾਂ ਕੀਤੀਆਂ? ਉਸ ਨੇ ਆਖਿਆ, ਮੈਂ ਓਹੋ ਹਾਂ।
12ਤਦ ਮਾਨੋਆਹ ਨੇ ਆਖਿਆ, ਜਿੱਕਰ ਤੈਂ ਆਖਿਆ ਹੈ ਉੱਕਰ ਹੀ ਹੋਵੇ ਪਰ ਉਹ ਮੁੰਡਾ ਕਿਹਾ ਹੋਵੇਗਾ ਅਤੇ ਕੀ ਕੰਮ ਕਰੇਗਾ?
13ਯਹੋਵਾਹ ਦੇ ਦੂਤ ਨੇ ਮਾਨੋਆਹ ਨੂੰ ਆਖਿਆ, ਉਨ੍ਹਾਂ ਸਭਨਾਂ ਵਸਤਾਂ ਤੋਂ ਜੋ ਮੈਂ ਆਖੀਆਂ ਹਨ ਇਹ ਤੀਵੀਂ ਸੰਗ ਕੇ ਰਹੇ।
14ਕੋਈ ਅਜਿਹੀ ਵਸਤ ਜੋ ਦਾਖ ਦੀ ਹੋਵੇ ਸੋ ਇਹ ਨਾ ਖਾਵੇ ਅਤੇ ਦਾਖ ਦਾ ਰਸ ਯਾ ਕੋਈ ਅਮਲ ਨਾ ਪੀਵੇ ਅਤੇ ਅਸ਼ੁੱਧ ਵਸਤ ਨਾ ਖਾਵੇ, ਇਨ੍ਹਾਂ ਸਭਨਾਂ ਆਗਿਆਂ ਦਾ ਚੇਤਾ ਰੱਖੇ ਜੋ ਮੈਂ ਉਸ ਨੂੰ ਆਖੀਆਂ ਹਨ।
15ਤਾਂ ਮਾਨੋਆਹ ਨੇ ਯਹੋਵਾਹ ਦੇ ਦੂਤ ਨੂੰ ਆਖਿਆ, ਅਸੀਂ ਤੈਨੂੰ ਅਟਕਾ ਛੱਡੀਏ ਭਈ ਅਸੀਂ ਤੇਰੇ ਲਈ ਇੱਕ ਪਠੋਰਾ ਤਿਆਰ ਕਰੀਏ।
16ਤਾਂ ਯਹੋਵਾਹ ਦੇ ਦੂਤ ਨੇ ਮਾਨੋਆਹ ਨੂੰ ਉੱਤਰ ਦਿੱਤਾ, ਭਾਵੇਂ ਤੂੰ ਮੈਨੂੰ ਅਟਕਾ ਭੀ ਛੱਡੇਂ ਤਾਂ ਭੀ ਮੈਂ ਰੋਟੀ ਨਹੀਂ ਖਾਣੀ ਪਰ ਜੇ ਤੂੰ ਹੋਮ ਦੀ ਬਲੀ ਚੜ੍ਹਾਉਣੀ ਚਾਹੁੰਦਾ ਹੈਂ ਤਾਂ ਤੈਨੂੰ ਯਹੋਵਾਹ ਦੇ ਅੱਗੇ ਚੜ੍ਹਾਉਣੀ ਲੋੜੀਦੀ ਹੈ, ਕਿਉਂ ਜੋ ਮਾਨੋਆਹ ਨੂੰ ਇਹ ਖਬਰ ਨਹੀਂ ਸੀ ਜੋ ਉਹ ਯਹੋਵਾਹ ਦਾ ਦੂਤ ਹੈ।
17ਫੇਰ ਮਾਨੋਆਹ ਨੇ ਯਹੋਵਾਹ ਦੇ ਦੂਤ ਨੂੰ ਆਖਿਆ, ਆਪਣਾ ਨਾਉਂ ਦੱਸ ਭਈ ਜਿਸ ਵੇਲੇ ਤੇਰਾ ਆਖਿਆ ਪੂਰਾ ਹੋਵੇ ਤਾਂ ਅਸੀਂ ਤੇਰਾ ਆਦਰ ਭਾਉ ਕਰੀਏ।
18ਤਾਂ ਯਹੋਵਾਹ ਦੇ ਦੂਤ ਨੇ ਉਸ ਨੂੰ ਕਿਹਾ, ਤੂੰ ਮੇਰਾ ਨਾਉਂ ਕਿਉਂ ਪੁੱਛਣਾ ਹੈਂ? ਮੇਰਾ ਨਾਉਂ ਤਾਂ ਅਚਰਜ ਹੈ।
19ਤਦ ਮਾਨੋਆਹ ਨੇ ਇੱਕ ਪਠੋਰਾ ਮੈਦੇ ਦੀ ਭੇਟ ਸਣੇ ਲੈ ਕੇ ਪੱਥਰ ਉੱਤੇ ਯਹੋਵਾਹ ਦੇ ਅੱਗੇ ਚੜ੍ਹਾਇਆ ਅਤੇ ਦੂਤ ਨੇ ਅਚਰਜ ਕੰਮ ਕੀਤੇ ਅਰ ਮਾਨੋਆਹ ਅਰ ਉਸ ਦੀ ਪਤਨੀ ਦੋਵੋਂ ਪਏ ਵੇਖਦੇ ਸਨ।
20ਅਤੇ ਅਜੇਹਾ ਹੋਇਆ ਭਈ ਜਾਂ ਜਗਵੇਦੀ ਉੱਤੋਂ ਅਕਾਸ਼ ਦੀ ਵੱਲ ਲਾਟ ਉੱਠੀ ਤਾਂ ਯਹੋਵਾਹ ਦਾ ਦੂਤ ਜਗਵੇਦੀ ਦੀ ਲਾਟ ਦੇ ਵਿੱਚਕਾਰ ਅਕਾਸ਼ ਨੂੰ ਚਲਿਆ ਗਿਆ ਅਤੇ ਮਾਨੋਆਹ ਅਰ ਉਸ ਦੀ ਪਤਨੀ ਨੇ ਉਸ ਗੱਲ ਨੂੰ ਡਿੱਠਾ ਅਤੇ ਮੂੰਹ ਪਰਨੇ ਭੁੰਞੇ ਡਿੱਗ ਪਏ।
21ਅਤੇ ਯਹੋਵਾਹ ਦਾ ਦੂਤ ਮਾਨੋਆਹ ਅਰ ਉਸ ਦੀ ਪਤਨੀ ਨੂੰ ਫੇਰ ਵਿਖਾਈ ਨਾ ਦਿੱਤਾ। ਤਦ ਮਾਨੋਆਹ ਨੇ ਜਾਤਾ ਜੋ ਉਹ ਯਹੋਵਾਹ ਦਾ ਦੂਤ ਸੀ।
22ਤਦ ਮਾਨੋਆਹ ਨੇ ਆਪਣੀ ਪਤਨੀ ਨੂੰ ਆਖਿਆ, ਹੁਣ ਅਸੀਂ ਜ਼ਰੂਰ ਮਰ ਜਾਵਾਂਗੇ ਕਿਉਂ ਜੋ ਅਸਾਂ ਪਰਮੇਸ਼ੁਰ ਨੂੰ ਡਿੱਠਾ ਹੈ।
23ਉਹ ਦੀ ਪਤਨੀ ਨੇ ਉਹ ਨੂੰ ਆਖਿਆ, ਜੇ ਯਹੋਵਾਹ ਨੇ ਸਾਨੂੰ ਮਾਰਨਾ ਹੁੰਦਾ ਤਾਂ ਹੋਮ ਦੀ ਬਲੀ ਅਤੇ ਮੈਦੇ ਦੀ ਭੇਟ ਸਾਡੇ ਹੱਥੋਂ ਨਾ ਲੈਂਦਾ, ਨਾ ਹੀ ਸਾਨੂੰ ਇਹ ਸਭ ਕੁਝ ਦੱਸਦਾ ਅਤੇ ਨਾ ਸਾਨੂੰ ਇਸ ਵੇਲੇ ਇਹੋ ਜੇਹੀਆਂ ਗੱਲਾਂ ਆਖਦਾ।
24ਉਹ ਤੀਵੀਂ ਪੁੱਤ੍ਰ ਜਣੀ ਅਤੇ ਉਹ ਦਾ ਨਾਉਂ ਸਮਸੂਨ ਰੱਖਿਆ ਅਰ ਉਹ ਮੁੰਡਾ ਵਧਿਆ ਅਤੇ ਯਹੋਵਾਹ ਨੇ ਉਹ ਨੂੰ ਅਸੀਸ ਦਿੱਤੀ।
25ਅਤੇ ਯਹੋਵਾਹ ਦਾ ਆਤਮਾ ਮਹਨੇਹ—ਦਾਨ ਵਿੱਚ ਸਾਰਾਹ ਅਤੇ ਅਸ਼ਤਾਓਲ ਦੇ ਵਿੱਚਕਾਰ ਉਹ ਨੂੰ ਉਕਸਾਉਣ ਲੱਗਾ।