Loading Bible Translation
First-time download in progress. This may take a few seconds…
Punjabi Bible Wordproject Bible
31 verses
1ਉਨ੍ਹੀਂ ਦਿਨੀਂ ਇਸਰਾਏਲ ਦਾ ਪਾਤਸ਼ਾਹ ਕੋਈ ਨਹੀਂ ਸੀ ਅਤੇ ਉਨ੍ਹੀਂ ਦਿਨੀ ਦਾਨ ਦਾ ਗੋਤ ਆਪਣੇ ਵੱਸਣ ਨੂੰ ਕੋਈ ਪੱਤੀ ਢੂੰਡਦਾ ਸੀ ਇਸ ਲਈ ਜੋ ਉਨ੍ਹਾਂ ਨੂੰ ਉਸ ਦਿਨ ਤੋੜੀ ਇਸਰਾਏਲ ਦਿਆਂ ਗੋਤਾਂ ਵਿੱਚ ਪੂਰੀ ਪੱਤੀ ਨਹੀਂ ਮਿਲੀ ਸੀ।
2ਸੋ ਦਾਨੀਆਂ ਨੇ ਆਪਣੇ ਟੱਬਰ ਦੇ ਪੰਜ ਸੂਰਮੇ ਆਪਣੇ ਬੰਨਿਓਂ ਸਾਰਾਹ ਅਤੇ ਅਸ਼ਤਾਓਲ ਵਿੱਚੋਂ ਘੱਲੇ ਤਾਂ ਜੋ ਓਹ ਉਸ ਦੇਸ ਦਾ ਖੋਜ ਕੱਢਣ ਅਤੇ ਉਸ ਦੀ ਸੂਹ ਲੈਣ। ਉਨ੍ਹਾਂ ਨੂੰ ਆਖਿਆ ਭਈ ਜਾਓ ਅਤੇ ਦੇਸ ਦੀ ਸੂਹ ਲਓ। ਜਦ ਓਹ ਇਫ਼ਰਾਈਮ ਦੇ ਪਹਾੜ ਮੀਕਾਹ ਦੇ ਘਰ ਆਏ ਤਾਂ ਉੱਥੇ ਉਤਰ ਪਏ।
3ਜਦ ਮੀਕਾਹ ਦੇ ਘਰ ਕੋਲ ਅੱਪੜੇ ਤਾਂ ਉਨ੍ਹਾਂ ਨੇ ਉਸ ਲੇਵੀ ਜੁਆਨ ਦੀ ਅਵਾਜ਼ ਪਛਾਣੀ ਅਤੇ ਓਧਰ ਮੁੜ ਕੇ ਉਸ ਨੂੰ ਆਖਿਆ, ਇੱਥੇ ਤੈਨੂੰ ਕੌਣ ਲਿਆਇਆ? ਅਤੇ ਤੂੰ ਇੱਥੇ ਕੀ ਕਰਦਾ ਹੈਂ? ਅਤੇ ਇੱਥੇ ਤੇਰਾ ਕੀ ਵਿਉਹਾਰ ਹੈ?
4ਉਸ ਨੇ ਉਨ੍ਹਾਂ ਨੂੰ ਆਖਿਆ, ਮੀਕਾਹ ਨੇ ਮੇਰੇ ਨਾਲ ਇਸ ਤਰਾਂ ਦਾ ਵਿਉਹਾਰ ਕੀਤਾ ਹੈ ਅਤੇ ਮੈਨੂੰ ਤਲਬ ਉੱਤੇ ਰੱਖਿਆ ਅਤੇ ਮੈਂ ਉਹ ਦਾ ਪਰੋਹਤ ਬਣਿਆ ਹਾਂ।
5ਉਨ੍ਹਾਂ ਨੇ ਉਸ ਨੂੰ ਆਖਿਆ, ਪਰਮੇਸ਼ੁਰ ਕੋਲੋਂ ਸਲਾਹ ਲਓ ਜੋ ਅਸੀਂ ਜਾਣੀਏ ਭਈ ਇਸ ਰਾਹ ਜਿਸ ਦੇ ਵਿੱਚ ਅਸੀਂ ਤੁਰਦੇ ਹਾਂ ਸਾਡੇ ਲਈ ਸਫਲ ਹੋਵੇਗਾ ਕਿ ਨਹੀਂ।
6ਤਾਂ ਉਸ ਪਰੋਹਤ ਨੇ ਉਨ੍ਹਾਂ ਨੂੰ ਆਖਿਆ, ਸੁਖ ਸਾਂਦ ਨਾਲ ਜਾਓ ਕਿਉਂ ਜੋ ਜਿਹ ਦੇ ਵਿੱਚ ਤੁਸੀਂ ਤੁਰੇ ਹੋ ਤੁਹਾਡਾ ਇਹੋ ਪੈਂਡਾ ਯਹੋਵਾਹ ਦੇ ਸਾਹਮਣੇ ਹੈ।
7ਸੋ ਪੰਜੇ ਜਣੇ ਜਾ ਨਿੱਕਲੇ ਅਤੇ ਲਾਇਸ਼ ਵਿੱਚ ਆਏ। ਉੱਥੋਂ ਦਿਆਂ ਲੋਕਾਂ ਨੂੰ ਉਨ੍ਹਾਂ ਨੇ ਡਿੱਠਾ ਜੋ ਨਿੰਚਿਤ ਸੈਦੋਨੀਆਂ ਵਾਂਙੁ ਸੁਖ ਸਾਂਦ ਨਾਲ ਰਹਿੰਦੇ ਹਨ ਅਤੇ ਉਸ ਦੇਸ ਵਿੱਚ ਹਾਕਮ ਕੋਈ ਨਹੀਂ ਸੀ ਜੋ ਉਨ੍ਹਾਂ ਨੂੰ ਕਿਸੇ ਗੱਲ ਵਿੱਚ ਔਖ ਦੇਵੇ ਅਤੇ ਸੈਦੋਨੀਆਂ ਤੋਂ ਓਹ ਦੂਰ ਸਨ ਅਤੇ ਕਿਸੇ ਆਦਮੀ ਨਾਲ ਉਨ੍ਹਾਂ ਦਾ ਕੁਝ ਕੰਮ ਨਹੀਂ ਸੀ।
8ਸੋ ਓਹ ਸਾਰਾਹ ਤੇ ਅਸ਼ਤਾਓਲ ਵਿੱਚ ਆਪਣੇ ਭਰਾਵਾਂ ਕੋਲ ਮੁੜ ਆਏ ਅਤੇ ਉਨ੍ਹਾਂ ਦੇ ਭਰਾਵਾਂ ਨੇ ਉਨ੍ਹਾਂ ਨੂੰ ਪੁਛਿਆ ਜੋ ਤੁਸੀਂ ਕੀ ਆਖਦੇ ਹੋ?
9ਓਹ ਬੋਲੋ, ਉੱਠੋ ਜੋ ਅਸੀਂ ਉਨ੍ਹਾਂ ਉੱਤੇ ਚੜ੍ਹਾਈ ਕਰੀਏ ਕਿਉਂ ਜੋ ਅਸੀਂ ਉਹ ਦੇਸ ਡਿੱਠਾ ਹੈ ਅਤੇ ਵੇਖੋ, ਉਹ ਡਾਢਾ ਚੰਗਾ ਹੈ ਅਤੇ ਤੁਸੀਂ ਐਵੇਂ ਬੈਠੇ ਹੋ? ਹੁਣ ਤੁਸੀਂ ਤੁਰਨ ਵਿੱਚ ਅਤੇ ਉਸ ਦੇਸ ਦੇ ਜਿੱਤਣ ਵਿੱਚ ਢਿੱਲ ਨਾ ਲਾਓ।
10ਜਿਸ ਵੇਲੇ ਤੁਰੋਗੇ ਤਾਂ ਇੱਕ ਨਿਚਿੰਤ ਲੋਕਾਂ ਵਿੱਚ ਅਤੇ ਮੋਕਲੇ ਦੇਸ ਵਿੱਚ ਵੜੋਗੇ ਕਿਉਂ ਜੋ ਪਰਮੇਸ਼ੁਰ ਨੇ ਉਹ ਨੂੰ ਤੁਹਾਡੇ ਹੱਥ ਸੌਂਪ ਦਿੱਤਾ ਹੈ। ਉਹ ਇੱਕ ਅਜਿਹਾ ਦੇਸ ਹੈ ਜਿਸ ਦੇ ਵਿੱਚ ਸੰਸਾਰ ਦੀਆਂ ਸਾਰੀਆਂ ਵਸਤਾਂ ਵਿੱਚੋਂ ਕਿਸੇ ਦਾ ਘਾਟਾ ਨਹੀਂ।
11ਤਦ ਦਾਨੀਆਂ ਦੇ ਟੱਬਰ ਵਿੱਚੋਂ ਸਾਰਾਹ ਅਤੇ ਅਸ਼ਤਾਓਲ ਦੇ ਛੇ ਸੌ ਮਨੁੱਖ ਸ਼ਸਤ੍ਰ ਬੰਨ੍ਹੇ ਉੱਥੋਂ ਤੁਰ ਪਏ।
12ਓਹ ਚੜ੍ਹੇ ਅਤੇ ਯਹੂਸਾਹ ਦੇ ਦੇਸ ਦੇ ਕਿਰਯਥ-ਯਾਰੀਮ ਵਿੱਚ ਅੱਪੜ ਕੇ ਤਾਂਬੂ ਲਾਏ। ਇਸ ਲਈ ਅੱਜ ਦੇ ਦਿਨ ਤੀਕਰ ਉਸ ਥਾਂ ਨੂੰ ਓਹ ਮਹਾਨੇਹ-ਦਾਨ ਆਖਦੇ ਹਨ। ਵੇਖੋ, ਇਹ ਕਿਰਯਥ-ਯਾਰੀਮ ਦੇ ਮਗਰ ਹੈ।
13ਉੱਥੋਂ ਲੰਘ ਕੇ ਇਫ਼ਰਾਈਮ ਦੇ ਪਹਾੜ ਵਿੱਚ ਅੱਪੜ ਪਏ ਅਤੇ ਮੀਕਾਹ ਦੇ ਘਰ ਵਿੱਚ ਆਏ।
14ਤਦ ਉਨ੍ਹਾਂ ਪੰਜਾਂ ਮਨੁੱਖਾ ਨੇ ਜਿਹੜੇ ਲਾਇਸ਼ ਦੇ ਦੇਸ ਵਿੱਚ ਖੋਜ ਕੱਢਣ ਲਈ ਗਏ ਸਨ ਆਪਣਿਆਂ ਭਰਾਵਾਂ ਨੂੰ ਆਖਿਆ, ਤੁਹਾਨੂੰ ਖਬਰ ਹੈ ਜੋ ਇਨ੍ਹਾਂ ਘਰਾਂ ਵਿੱਚ ਇੱਕ ਏਫ਼ੋਦ ਅਤੇ ��ਰਾਫ਼ੀਮ ਅਤੇ ਉੱਕਰੀ ਹੋਈ ਅਤੇ ਢਲੀ ਹੋਈ ਮੂਰਤ ਹੈ? ਸੋ ਹੁਣ ਵਿਚਾਰੋ ਜੋ ਤੁਹਾਨੂੰ ਕੀ ਕਰਨਾ ਚਾਹੀਦਾ ਹੈ।
15ਤਦ ਓਹ ਉਸ ਦੀ ਵੱਲ ਗਏ ਅਤੇ ਉਸ ਲੇਵੀ ਜੁਆਨ ਦੀ ਸੁਖ ਸਾਂਦ ਪੁੱਛੀ।
16ਸੋ ਉਹ ਛੇ ਸੌ ਦਾਨੀ ਸ਼ਸਤ੍ਰ ਬੰਨ੍ਹ ਜੁਆਨ ਲਾਂਘੇ ਦੇ ਫਾਟਕ ਪੁਰ ਖਲੋਤੇ ਰਹੇ।
17ਅਤੇ ਉਨ੍ਹਾਂ ਪੰਜਾਂ ਨੇ ਜੋ ਦੇਸ ਦੇ ਖੋਜ ਕੱਢਣ ਲਈ ਨਿੱਕਲੇ ਸਨ ਘਰ ਦੇ ਵਿੱਚ ਵੜ ਕੇ ਉੱਕਰੀ ਹੋਈ ਅਤੇ ਢਾਲੀ ਹੋਈ ਮੂਰਤ ਅਤੇ ਏਫ਼ੋਦ ਅਤੇ ਤਰਾਫ਼ੀਮ ਲੈ ਲਿਆ ਅਤੇ ਪਰੋਹਤ ਉਸ ਛੇ ਸੌ ਮਨੁੱਖਾਂ ਨਾਲ ਸ਼ਸਤ੍ਰ ਬੰਨ੍ਹ ਸਨ ਲਾਂਘੇ ਦੇ ਫਾਟਕ ਉੱਤੇ ਖਲੋਤਾ ਸੀ।
18ਸੋ ਜਾਂ ਉਨ੍ਹਾਂ ਨੇ ਮੀਕਾਹ ਦੇ ਘਰ ਵਿੱਚ ਵੜ ਕੇ ਉੱਕਰੀ ਹੋਈ ਮੂਰਤ, ਏਫੋਦ, ਤਰਾਫ਼ੀਮ ਅਤੇ ਢਾਲੀ ਹੋਈ ਮੂਰਤ ਚੁੱਕ ਲਈ ਤਾਂ ਪਰੋਹਤ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਕੀ ਕਰਦੇ ਹੋ?
19ਤਦ ਉਨ੍ਹਾਂ ਨੇ ਉਸ ਨੂੰ ਆਖਿਆ, ਚੁੱਪ ਕਰ! ਆਪਣੇ ਮੂੰਹ ਅੱਗੇ ਹੱਥ ਦੇਹ ਅਤੇ ਸਾਡੇ ਨਾਲ ਤੁਰ ਕੇ ਸਾਡਾ ਪਿਓ ਅਤੇ ਪਰੋਹਤ ਬਣ। ਭਲਾ, ਤੈਨੂੰ ਇੱਕ ਮਨੁੱਖ ਦੇ ਘਰ ਪਰੋਹਤ ਹੋਣਾ ਚੰਗਾ ਹੈ ਯਾ ਇੱਕ ਗੋਤ ਇਸਰਾਏਲੀਆਂ ਦੇ ਇੱਕ ਟੱਬਰ ਦਾ ਪਰੋਹਤ ਹੋਣਾ?
20ਤਾਂ ਪਰੋਹਤ ਦਾ ਮਨ ਅਨੰਦ ਹੋ ਗਿਆ ਅਤੇ ਉਹ ਏਫ਼ੋਦ, ਤਰਾਫ਼ੀਮ ਅਤੇ ਉੱਕਰੀ ਹੋਈ ਮੂਰਤ ਨੂੰ ਲੈ ਕੇ ਲੋਕਾਂ ਦੇ ਵਿੱਚਕਾਰ ਆਇਆ।
21ਉਪਰੰਤ ਓਹ ਮੁੜੇ ਅਤੇ ਤੁਰ ਪਏ ਅਤੇ ਬਾਲਕਾਂ, ਡੰਗਰਾਂ ਅਤੇ ਸਾਰੇ ਨਿੱਕ ਸੁੱਕ ਨੂੰ ਅੱਗੇ ਕਰਕੇ ਲੰਘ ਨਿੱਕਲੇ।
22ਜਦ ਓਹ ਮੀਕਾਹ ਦੇ ਘਰ ਤੋਂ ਕੁਝ ਹੀ ਦੂਰ ਗਏ ਤਾਂ ਮੀਕਾਹ ਦੇ ਘਰ ਦੇ ਆਲੇ ਦੁਆਲੇ ਦੇ ਵਾਸੀ ਇੱਕਠੇ ਹੋ ਕੇ ਦਾਨੀਆਂ ਕੋਲ ਜਾ ਅੱਪੜੇ।
23ਅਤੇ ਦਾਨੀਆਂ ਨੂੰ ਉਨ੍ਹਾਂ ਨੇ ਜਾ ਵੰਗਾਰਿਆ ਤਾਂ ਉਨ੍ਹਾਂ ਨੇ ਆਪਣੇ ਮੂੰਹ ਮੋੜੇ ਅਰ ਮੀਕਾਹ ਨੂੰ ਆਖਿਆ, ਤੈਨੂੰ ਕੀ ਹੋਇਆ ਜੋ ਇੱਡੀ ਟੋਲੀ ਨਾਲ ਆਉਂਦਾ ਹੈ?
24ਉਹ ਨੇ ਆਖਿਆ ਕਿ ਤੁਸੀਂ ਮੇਰੇ ਦਿਓਤਿਆਂ ਨੂੰ ਜਿਨ੍ਹਾਂ ਨੂੰ ਮੈਂ ਬਣਾਇਆ ਸੀ ਅਤੇ ਮੇਰੇ ਪਰੋਹਤ ਨੁੰ ਲੈ ਕੇ ਤੁਰ ਪਏ ਤਾਂ ਹੁਣ ਪਿੱਛੇ ਮੇਰਾ ਕੀ ਰਹਿ ਗਿਆ? ਅਤੇ ਫੇਰ ਤੁਸੀਂ ਆਖਦੇ ਹੋ ਜੋ ਤੈਨੂੰ ਕੀ ਹੋਇਆ?
25ਤਦ ਦਾਨੀਆਂ ਨੇ ਉਹ ਨੂੰ ਆਖਿਆ, ਤੇਰੀ ਅਵਾਜ਼ ਸਾਡੇ ਵਿੱਚ ਨਾ ਸੁਣਾਈ ਦੇਵੇ ਮਤੇ ਕੌੜੇ ਮਨੁੱਖ ਤੇਰੇ ਉੱਤੇ ਉੱਠ ਪੈਣ ਸੋ ਤੂੰ ਆਪਣੀ ਅਤੇ ਆਪਣੇ ਟੱਬਰ ਦੀ ਜਿੰਦ ਦੇ ਨਾਸ ਦਾ ਕਾਰਨ ਬਣ ਜਾਵੇਂ!
26ਤਾਂ ਦਾਨੀ ਆਪਣੇ ਰਾਹ ਤੁਰ ਪਏ ਅਤੇ ਜਦ ਮੀਕਾਹ ਨੇ ਡਿੱਠਾ ਭਈ ਓਹ ਮੇਰੇ ਨਾਲੋਂ ਤਕੜੇ ਹਨ ਤਾਂ ਮੂੰਹ ਭੁਆ ਕੇ ਘਰ ਨੂੰ ਮੁੜ ਆਇਆ।
27ਅਤੇ ਓਹਨਾਂ ਨੇ ਮੀਕਾਹ ਦੀਆਂ ਬਣਾਈਆ ਹੋਈਆਂ ਵਸਤਾਂ ਪਰੋਹਤ ਸਣੇ ਲੈ ਲਈਆਂ ਅਤੇ ਲਾਇਸ਼ ਵਿੱਚ ਉਨ੍ਹਾਂ ਲੋਕਾਂ ਕੋਲ ਅੱਪੜ ਪਏ ਜੋ ਸੁਖੀ ਅਤੇ ਨਿੰਚਿਤ ਸਨ ਅਤੇ ਉਨ੍ਹਾਂ ਨੂੰ ਤਲਵਾਰ ਦੀ ਧਾਰ ਨਾਲ ਵੱਢਿਆ ਅਤੇ ਸ਼ਹਿਰ ਨੂੰ ਸਾੜ ਸੁੱਟਿਆ।
28ਅਤੇ ਉਨ੍ਹਾਂ ਦਾ ਸਹਾਇਕ ਕੋਈ ਨਹੀਂ ਸੀ ਕਿਉਂ ਜੋ ਉਹ ਸੈਦੋਨ ਤੋਂ ਦੂਰ ਸੀ ਅਤੇ ਕਿਸੇ ਨਾਲ ਵਿਉਹਾਰ ਨਹੀਂ ਕਰਦੇ ਸਨ ਅਤੇ ਉਹ ਬੈਤਰਹੋਬ ਦੀ ਦੂਣ ਵਿੱਚ ਸੀ ਅਤੇ ਉਨ੍ਹਾਂ ਨੇ ਉਹ ਸ਼ਹਿਰ ਫੇਰ ਬਣਾਇਆ ਅਤੇ ਉਸ ਵਿੱਚ ਵੱਸੇ।
29ਅਤੇ ਉਸ ਸ਼ਹਿਰ ਦਾ ਨਾਉਂ ਦਾਨ ਰੱਖਿਆ ਆਪਣੇ ਪਿਉ ਦਾਨ ਦੇ ਨਾਉਂ ਉੱਤੇ ਜੋ ਇਸਰਾਏਲ ਲਈ ਜੰਮਿਆ ਸੀ ਪਰ ਪਹਿਲਾਂ ਉਸ ਸ਼ਹਿਰ ਦਾ ਨਾਉਂ ਲਾਇਸ਼ ਸੀ।
30ਦਾਨੀਆਂ ਨੇ ਉਸ ਉੱਕਰੀ ਹੋਈ ਮੂਰਤ ਨੂੰ ਟਿਕਾਇਆ ਅਤੇ ਮਨੱਸ਼ਹ ਦੇ ਪੁੱਤ੍ਰ ਗੇਰਸ਼ੋਮ ਅਤੇ ਉਹ ਦੇ ਪ੍ਰੋਤੇ ਯੋਨਾਥਾਨ ਅਤੇ ਉਹ ਦੇ ਪੁੱਤ੍ਰ ਉਸ ਦੇਸ ਦੀ ਅਸੀਰੀ ਦੇ ਦਿਹਾੜੇ ਤੋੜੀ ਦਾਨੀਆਂ ਦੇ ਪਰੋਹਤ ਬਣੇ ਰਹੇ।
31ਉਨ੍ਹਾਂ ਸਭਨਾਂ ਦਿਨਾਂ ਵਿੱਚ ਜਿਨ੍ਹਾਂ ਵਿੱਚ ਪਰਮੇਸ਼ੁਰ ਦਾ ਘਰ ਸ਼ੀਲੋਹ ਵਿੱਚ ਰਿਹਾ ਉਨ੍ਹਾਂ ਮੀਕਾਹ ਦੀ ਉੱਕਰੀ ਹੋਈ ਮੂਰਤ ਆਪਣੇ ਲਈ ਖੜੀ ਕਰ ਰੱਖੀ।