Loading Bible Translation
First-time download in progress. This may take a few seconds…
Punjabi Bible Wordproject Bible
23 verses
1ਤਦ ਯਹੋਵਾਹ ਦਾ ਦੂਤ ਗਿਲਗਾਲ ਤੋਂ ਬੋਕੀਮ ਨੂੰ ਆਇਆ, ਅਤੇ ਉਸ ਨੇ ਆਖਿਆ, ਮੈਂ ਤੁਹਾਨੂੰ ਮਿਸਰੋਂ ਕੱਢ ਲਿਆਇਆ ਹਾਂ ਅਤੇ ਤੁਹਾਨੂੰ ਇਸ ਦੇਸ ਵਿੱਚ ਜਿਹ ਦੇ ਲਈ ਮੈਂ ਤੁਹਾਡੇ ਪਿਉ ਦਾਦਿਆਂ ਨਾਲ ਸੌਂਹ ਖਾਧੀ ਸੀ ਲੈ ਆਇਆ ਅਤੇ ਮੈਂ ਆਖਿਆ ਜੋ ਮੈਂ ਤੁਹਾਡੇ ਨਾਲ ਆਪਣਾ ਨੇਮ ਕਦੀ ਨਾ ਭੰਨਾਂਗਾ।
2ਸੋ ਤੁਸੀਂ ਇਸ ਦੇਸ ਦੇ ਵਾਸੀਆਂ ਨਾਲ ਨੇਮ ਨਾ ਬੰਨ੍ਹੋ ਸਗੋਂ ਤੁਸੀਂ ਓਹਨਾਂ ਦੀਆਂ ਜੱਗਵੇਦੀਆਂ ਨੂੰ ਢਾਹ ਸੁੱਟੋ, ਪਰ ਤੁਸਾਂ ਮੇਰੀ ਆਗਿਆ ਨਾ ਮੰਨੀ, ਤੁਸਾਂ ਇਉਂ ਕਾਹਨੂੰ ਕੀਤਾ?
3ਇਸ ਲਈ ਮੈਂ ਵੀ ਆਖਿਆ ਜੋ ਮੈਂ ਓਹਨਾਂ ਨੂੰ ਤੁਹਾਡੇ ਅੱਗੋਂ ਨਾ ਕੱਢਾਂਗਾ, ਸਗੋਂ ਓਹ ਤੁਹਾਡੀਆਂ ਵੱਖੀਆਂ ਵਿੱਚ ਕੰਡੇ ਜਿਹੇ ਅਤੇ ਓਹਨਾਂ ਦੇ ਦਿਓਤੇ ਤੁਹਾਡੇ ਲਈ ਫਾਹੀ ਹੋਣਗੇ।
4ਅਤੇ ਅਜਿਹਾ ਹੋਇਆ ਭਈ ਜਦੋਂ ਯਹੋਵਾਹ ਦੇ ਦੂਤ ਨੇ ਸਾਰੇ ਇਸਰਾਏਲੀਆਂ ਨੂੰ ਏਹ ਗੱਲਾਂ ਸੁਣਾਈਆਂ ਤਾਂ ਓਹ ਲੋਕ ਉੱਚੀ ਦੇ ਕੇ ਰੋਣ ਲੱਗੇ।
5ਉਨ੍ਹਾਂ ਨੇ ਉਸ ਥਾਂ ਦਾ ਨਾਉਂ ਬੋਕੀਮ ਰੱਖਿਆ, ਉੱਥੇ ਉਨ੍ਹਾਂ ਨੇ ਯਹੋਵਾਹ ਦੇ ਲਈ ਬਲੀਆਂ ਚੜ੍ਹਾਈਆਂ।
6ਜਿਸ ਵੇਲੇ ਯਹੋਸ਼ੁਆ ਨੇ ਲੋਕਾਂ ਨੂੰ ਵਿਦਿਆ ਕੀਤਾ ਤਾਂ ਇਸਰਾਏਲੀਆਂ ਵਿੱਚੋਂ ਸਭ ਮਨੁੱਖ ਆਪੋ ਆਪਣੀ ਪੱਤੀ ਵਿੱਚ ਗਏ ਭਈ ਉਸ ਦੇਸ ਨੂੰ ਆਪਣੇ ਵੱਸ ਵਿੱਚ ਕਰਨ।
7ਅਤੇ ਓਹ ਲੋਕ ਯਹੋਸ਼ੁਆ ਦੇ ਜੀਉਂਦੇ ਜੀਅ ਅਤੇ ਜਦ ਤੀਕ ਓਹ ਬਜ਼ੁਰਗ ਜੀਉਂਦੇ ਰਹੇ ਜਿਹੜੇ ਯਹੋਸ਼ੁਆ ਦੇ ਪਿੱਛੋਂ ਜੀਉਂਦੇ ਸਨ ਜਿਨ੍ਹਾਂ ਨੇ ਯਹੋਵਾਹ ਦੇ ਸਾਰੇ ਵੱਡੇ ਕੰਮ ਡਿੱਠੇ ਜੋ ਉਸ ਨੇ ਇਸਰਾਏਲ ਦੇ ਲਈ ਕੀਤੇ ਤਦ ਤੀਕ ਯਹੋਵਾਹ ਦੀ ਉਪਾਸਨਾ ਕਰਦੇ ਰਹੇ।
8ਅਤੇ ਨੂਨ ਦਾ ਪੁੱਤ੍ਰ ਯਹੋਵਾਹ ਦਾ ਦਾਸ ਯਹੋਸ਼ੁਆ ਇੱਕ ਸੌ ਦਸਾਂ ਵਰਿਹਾਂ ਦਾ ਹੋ ਕੇ ਮਰ ਗਿਆ।
9ਅਤੇ ਉਨ੍ਹਾਂ ਨੇ ਉਸ ਦੀ ਪੱਤੀ ਦੀ ਧਰਤੀ ਤਿਮਨਥ-ਹਰਸ ਵਿੱਚ ਇਫ਼ਰਾਈਮ ਦੇ ਪਹਾੜ ਦੇ ਉੱਤੇ ਜੋ ਗਾਸ਼ ਦੇ ਪਹਾੜ ਦੇ ਉੱਤਰ ਵੱਲ ਹੈ ਉਸ ਨੂੰ ਦੱਬ ਦਿੱਤਾ।
10ਗੱਲ ਕਾਹਦੀ ਉਸ ਪੀੜ੍ਹੀ ਦੇ ਸਾਰੇ ਲੋਕ ਆਪਣੇ ਪਿਤ੍ਰਾਂ ਨਾਲ ਜਾ ਰਲੇ ਅਤੇ ਉਨ੍ਹਾਂ ਦੇ ਪਿੱਛੋਂ ਇੱਕ ਹੋਰ ਪੀੜ੍ਹੀ ਉੱਠੀ, ਜਿਸ ਨੇ ਨਾ ਯਹੋਵਾਹ ਨੂੰ ਨਾ ਉਸ ਕੰਮ ਨੂੰ ਜੋ ਉਸ ਨੇ ਇਸਰਾਏਲ ਦੇ ਲਈ ਕੀਤਾ ਸੀ ਜਾਤਾ।
11ਤਦ ਇਸਰਾਏਲੀਆਂ ਨੇ ਯਹੋਵਾਹ ਦੇ ਅੱਗੇ ਬੁਰਿਆਈ ਕੀਤੀ ਅਤੇ ਬਆਲਾਂ ਦੀ ਪੂਜਾ ਕਰਨ ਲੱਗੇ।
12ਉਨ੍ਹਾਂ ਨੇ ਯਹੋਵਾਹ ਆਪਣੇ ਪਿਉ ਦਾਦਿਆਂ ਦੇ ਪਰਮੇਸ਼ੁਰ ਨੂੰ ਜੋ ਉਨ੍ਹਾਂ ਨੂੰ ਮਿਸਰ ਦੇਸ ਵਿੱਚੋਂ ਕੱਢ ਲਿਆਇਆ ਸੀ ਛੱਡ ਦਿੱਤਾ ਅਤੇ ਓਪਰਿਆਂ ਦਿਓਤਿਆਂ ਦੀ ਉਨ੍ਹਾਂ ਲੋਕਾਂ ਦਿਆਂ ਦਿਓਤਿਆਂ ਦੇ ਵਿੱਚੋਂ ਜੋ ਉਨ੍ਹਾਂ ਦੇ ਆਲੇ ਦੁਆਲੇ ਸਨ, ਪੂਜਾ ਕੀਤੀ, ਅਤੇ ਉਨ੍ਹਾਂ ਦੇ ਅੱਗੇ ਮੱਥਾ ਟੇਕਿਆ, ਅਤੇ ਯਹੋਵਾਹ ਦਾ ਕ੍ਰੋਧ ਉਕਸਾਇਆ।
13ਸੋ ਉਨ੍ਹਾਂ ਨੇ ਯਹੋਵਾਹ ਨੂੰ ਛੱਡ ਦਿੱਤਾ, ਅਰ ਬਆਲ ਅਤੇ ਅਸ਼ਤਾਰੋਥ ਦੀ ਪੂਜਾ ਕੀਤੀ।
14ਤਦ ਯਹੋਵਾਹ ਦਾ ਕ੍ਰੋਧ ਇਸਰਾਏਲ ਉੱਤੇ ਭੜਕਿਆ ਅਤੇ ਉਹ ਨੇ ਉਨ੍ਹਾਂ ਨੂੰ ਲੁਟੇਰਿਆਂ ਦੇ ਹੱਥ ਵਿੱਚ ਦੇ ਦਿੱਤਾ ਜਿਨ੍ਹਾਂ ਨੇ ਉਨ੍ਹਾਂ ਨੂੰ ਲੁੱਟ ਲੀਤਾ ਅਤੇ ਉਨ੍ਹਾਂ ਦੇ ਵੈਰੀਆਂ ਦੇ ਹੱਥ ਜੋ ਚੁਫੇਰੇ ਸਨ ਉਨ੍ਹਾਂ ਨੂੰ ਵੇਚ ਦਿੱਤਾ ਜੋ ਫੇਰ ਆਪਣੇ ਵੈਰੀਆਂ ਅੱਗੇ ਨਾ ਖਲੋ ਸੱਕੇ।
15ਅਤੇ ਜਿੱਥੇ ਕਿਤੇ ਓਹ ਬਾਹਰ ਨਿੱਕਲੇ, ਯਹੋਵਾਹ ਦਾ ਹੱਥ ਉਨ੍ਹਾਂ ਉੱਤੇ ਬੁਰਿਆਈ ਦੇ ਲਈ ਸੀ ਜਿੱਕਰ ਯਹੋਵਾਹ ਨੇ ਆਖਿਆ ਸੀ ਅਤੇ ਜਿੱਕਰ ਯਹੋਵਾਹ ਨੇ ਉਨ੍ਹਾਂ ਨਾਲ ਸੌਂਹ ਖਾਧੀ ਸੀ ਸੋ ਉਹ ਬਹੁਤ ਔਖੇ ਹੋਏ।
16ਤਦ ਯਹੋਵਾਹ ਨੇ ਨਿਆਈਆਂ ਨੂੰ ਠਹਿਰਾਇਆ ਜਿਨ੍ਹਾਂ ਨੇ ਲੁਟੇਰਿਆਂ ਦੇ ਹੱਥੋਂ ਉਨ੍ਹਾਂ ਨੂੰ ਛੁੱਡਾ ਦਿੱਤਾ।
17ਪਰ ਉਨ੍ਹਾਂ ਨੇ ਆਪਣੇ ਨਿਆਈਆਂ ਨੂੰ ਭੀ ਨਾ ਮੰਨਿਆ ਸਗੋਂ ਓਪਰਿਆਂ ਦਿਓਤਿਆਂ ਦੇ ਮਗਰ ਲੱਗ ਕੇ ਅਪਰਾਧੀ ਹੋਏ ਅਤੇ ਉਨ੍ਹਾਂ ਨੂੰ ਮੱਥਾ ਟੇਕਿਆ ਅਤੇ ਓਹ ਉਸ ਰਾਹੋਂ ਛੇਤੀ ਨਾਲ ਮੁੜ ਗਏ ਜਿਸ ਦੇ ਵਿੱਚ ਉਨ੍ਹਾਂ ਦੇ ਪਿਉ ਦਾਦੇ ਯਹੋਵਾਹ ਦੀ ਆਗਿਆਕਾਰੀ ਕਰਦੇ ਹੋਏ ਤੁਰਦੇ ਸਨ ਅਤੇ ਉਨ੍ਹਾਂ ਵਾਂਙੁ ਨਾ ਵਰਤੇ।
18ਜਦ ਯਹੋਵਾਹ ਨੇ ਉਨ੍ਹਾਂ ਦੇ ਲਈ ਨਿਆਈਆਂ ਨੂੰ ਠਹਿਰਾਇਆ ਤਾਂ ਯਹੋਵਾਹ ਉਨ੍ਹਾਂ ਨਿਆਈਆਂ ਦੇ ਸੰਗ ਸੀ ਅਤੇ ਜਦ ਤੀਕ ਨਿਆਈ ਜੀਉਂਦਾ ਸੀ ਉਨ੍ਹਾਂ ਦੇ ਵੈਰੀਆਂ ਦੇ ਹੱਥੋਂ ਉਨ੍ਹਾਂ ਨੂੰ ਛੁਡਾਉਂਦਾ ਰਿਹਾ ਇਸ ਲਈ ਜੋ ਯਹੋਵਾਹ ਨੇ ਉਨ੍ਹਾਂ ਦੀ ਦੁਹਾਈ ਤੋਂ ਜੋ ਓਹ ਆਪਣੇ ਦੁਖਦਾਈ ਅਤੇ ਲੁਟੇਰਿਆਂ ਦੇ ਕਾਰਨ ਦਿੰਦੇ ਸਨ ਰੰਜ ਕੀਤਾ।
19ਅਤੇ ਅਜਿਹਾ ਹੋਇਆ ਕਿ ਜਦ ਉਹ ਨਿਆਈ ਮਰ ਗਿਆ ਤਾਂ ਓਹ ਫੇਰ ਬੇਮੁਖ ਹੋਏ, ਅਤੇ ਓਹ ਆਪਣਿਆਂ ਪਿਉ ਦਾਦਿਆਂ ਨਾਲੋਂ ਆਪ ਵਧੀਕ ਅਪਰਾਧੀ ਬਣੇ ਇਸ ਲਈ ਜੋ ਓਹ ਓਪਰਿਆਂ ਦਿਓਤਿਆਂ ਦੀ ਪੂਜਾ ਕਰਨ ਲਈ ਉਨ੍ਹਾਂ ਦੇ ਮਗਰ ਲੱਗੇ ਅਤੇ ਉਨ੍ਹਾਂ ਦੇ ਅੱਗੇ ਮੱਥੇ ਟੇਕੇ ਅਰ ਓਹ ਆਪੋ ਆਪਣੇ ਕੰਮਾਂ ਅਰ ਆਪੋ ਆਪਣੇ ਕੁਰਾਹ ਤੋਂ ਮੁੜਦੇ ਨਹੀਂ ਸਨ।
20ਤਾਂ ਯਹੋਵਾਹ ਦਾ ਕ੍ਰੋਧ ਇਸਰਾਏਲ ਉੱਤੇ ਫੇਰ ਭੜਕਿਆ ਅਤੇ ਉਸ ਨੇ ਆਖਿਆ, ਇਸ ਲਈ ਜੋ ਇਸ ਕੌਮ ਨੇ ਮੇਰੇ ਉਸ ਨੇਮ ਨੂੰ ਜੋ ਮੈਂ ਉਨ੍ਹਾਂ ਦੇ ਪਿਉ ਦਾਦਿਆਂ ਨਾਲ ਬੰਨ੍ਹਿਆ ਸੀ ਤੋੜ ਸੁੱਟਿਆ ਅਤੇ ਮੇਰੀ ਆਗਿਆ ਨਾ ਸੁਣੀ।
21ਤਾਂ ਮੈਂ ਭੀ ਹੁਣ ਉਨ੍ਹਾਂ ਲੋਕਾਂ ਵਿੱਚੋਂ ਜਿਨ੍ਹਾਂ ਨੂੰ ਯਹੋਸ਼ੁਆ ਛੱਡ ਕੇ ਮਰ ਗਿਆ ਸੀ ਕਿਸੇ ਨੂੰ ਭੀ ਉਨ੍ਹਾਂ ਦੇ ਅੱਗੋਂ ਨਾ ਕੱਢਾਂਗਾ।
22ਭਈ ਮੈਂ ਉਨ੍ਹਾਂ ਲੋਕਾਂ ਦੇ ਰਾਹੀਂ ਇਸਰਾਏਲ ਦਾ ਪਰਤਾਵਾ ਲਵਾਂ ਜੋ ਯਹੋਵਾਹ ਦੇ ਰਾਹ ਉੱਤੇ ਤੁਰਨ ਲਈ ਜਿੱਕਰ ਉਨ੍ਹਾਂ ਦੇ ਪਿਉ ਦਾਦੇ ਰਾਜ਼ੀ ਹੁੰਦੇ ਸਨ ਓਹ ਰਾਜ਼ੀ ਹੋਣਗੇ ਯਾ ਨਹੀਂ।
23ਸੋ ਯਹੋਵਾਹ ਨੇ ਉਨ੍ਹਾਂ ਲੋਕਾਂ ਨੂੰ ਰਹਿਣ ਦਿੱਤਾ ਅਤੇ ਉਨ੍ਹਾਂ ਨੂੰ ਛੇਤੀ ਨਾਲ ਨਾ ਕੱਢਿਆ ਅਤੇ ਯਹੋਸ਼ੁਆ ਦੇ ਹੱਥ ਵਿੱਚ ਭੀ ਉਨ੍ਹਾਂ ਨੂੰ ਨਾ ਦਿੱਤਾ।