Loading Bible Translation
First-time download in progress. This may take a few seconds…
Punjabi Bible Wordproject Bible
57 verses
1ਤਦ ਯਰੁੱਬਆਲ ਦਾ ਪੁੱਤ੍ਰ ਅਬੀਮਲਕ ਸ਼ਕਮ ਵਿੱਚ ਆਪਣਿਆਂ ਮਾਮਿਆਂ ਦੇ ਕੋਲ ਜਾ ਕੇ ਉਨ੍ਹਾਂ ਨੂੰ ਅਤੇ ਆਪਣੇ ਸਾਰੇ ਨਾਨਕੇ ਟੱਬਰ ਨੂੰ ਆਖਣ ਲੱਗਾ।
2ਜੋ ਸ਼ਕਮ ਦਿਆਂ ਸਾਰਿਆਂ ਵਾਸੀਆਂ ਦੇ ਕੰਨਾਂ ਵਿੱਚ ਇਹ ਗੱਲ ਪਾਓ, ਭਲਾ, ਤੁਹਾਡੇ ਲਈ ਇਹ ਚੰਗਾ ਹੈ ਜੋ ਸੱਤਰ ਮਨੁੱਖ ਜਿਹੜੇ ਯਰੁੱਬਆਲ ਦੇ ਪੁੱਤ੍ਰ ਹਨ ਸੱਭੇ ਤੁਹਾਡੇ ਉੱਤੇ ਰਾਜ ਕਰਨ ਯਾ ਇਹ ਕਿ ਨਿਰਾ ਇੱਕੋ ਹੀ ਰਾਜ ਕਰੇ? ਨਾਲੇ ਚੇਤੇ ਰੱਖੋ ਜੋ ਮੈਂ ਭੀ ਤੁਹਾਡੀ ਹੱਡੀ ਅਤੇ ਤੁਹਾਡਾ ਮਾਸ ਹਾਂ।
3ਉਹ ਦੇ ਮਾਮਿਆਂ ਨੇ ਉਹ ਦੇ ਲਈ ਸ਼ਕਮ ਦਿਆਂ ਸਾਰਿਆਂ ਲੋਕਾਂ ਦੇ ਕੰਨੀਂ ਇਹ ਗੱਲਾਂ ਪਾ ਦਿੱਤੀਆਂ। ਉਨ੍ਹਾਂ ਦੇ ਮਨ ਅਬੀਮਲਕ ਦੇ ਮਗਰ ਤੁਰਨ ਵੱਲ ਰਾਜ਼ੀ ਹੋਏ ਕਿਉਂ ਜੋ ਓਹ ਬੋਲੇ, ਇਹ ਸਾਡਾ ਭਰਾ ਹੈ।
4ਉਨ੍ਹਾਂ ਨੇ ਬਆਲ ਬਰੀਥ ਦੇ ਘਰ ਵਿੱਚ ਸੱਤਰ ਤੋਲੇ ਚਾਂਦੀ ਕੱਢ ਕੇ ਉਹ ਨੂੰ ਦਿੱਤੀ ਸੋ ਉਹ ਦੇ ਨਾਲ ਅਬੀਮਲਕ ਨੇ ਗੁੰਡੇ ਅਤੇ ਲੁੱਚੇ ਲੋਕ ਟਹਿਲੂਏ ਰੱਖੇ ਅਤੇ ਓਹ ਉਸ ਦੇ ਮਗਰ ਹੋਏ।
5ਉਹ ਨੇ ਆਫ਼ਰਾਹ ਵਿੱਚ ਆਪਣੇ ਪਿਉ ਦੇ ਘਰ ਜਾ ਕੇ ਆਪਣਿਆਂ ਭਰਾਵਾਂ ਯਰੁੱਬਆਲ ਦਿਆਂ ਪੁੱਤ੍ਰਾਂ ਨੂੰ ਜੋ ਸੱਤਰ ਜਣੇ ਸਨ ਇੱਕੇ ਪੱਥਰ ਉੱਤੇ ਵੱਢ ਸੁੱਟਿਆ ਪਰ ਯਰੁੱਬਆਲ ਦਾ ਨਿੱਕਾ ਪੁੱਤ੍ਰ ਯੋਥਾਮ ਲੁੱਕ ਜੋ ਗਿਆ ਸੀ ਸੋ ਬਚ ਰਿਹਾ।
6ਤਦ ਸ਼ਕਮ ਦੇ ਸਾਰੇ ਲੋਕ ਅਤੇ ਮਿੱਲੋ ਦਾ ਸਾਰਾ ਟੱਬਰ ਇਕੱਠਾ ਹੋਇਆ ਅਤੇ ਬਲੂਤ ਦੇ ਥੰਮ੍ਹ ਦੇ ਕੋਲ ਜਿਹੜਾ ਸ਼ਕਮ ਵਿੱਚ ਸੀ ਜਾ ਕੇ ਉਨ੍ਹਾਂ ਨੇ ਅਬੀਮਲਕ ਨੂੰ ਪਾਤਸ਼ਾਹ ਬਣਾਇਆ।
7ਜਦ ਇਹ ਦੀ ਖਬਰ ਯੋਥਾਮ ਨੂੰ ਹੋਈ ਤਾਂ ਉਹ ਜਾ ਕੇ ਗਰਿੱਜ਼ੀਮ ਪਹਾੜ ਦੀ ਟੀਸੀ ਉੱਤੇ ਚੜ੍ਹ ਖਲੋਤਾ ਅਤੇ ਉੱਚੀ ਅਵਾਜ਼ ਕੱਢ ਕੇ ਬੋਲਿਆ ਅਤੇ ਉਨ੍ਹਾਂ ਨੂੰ ਆਖਣ ਲੱਗਾ, ਹੇ ਸ਼ਕਮ ਦਿਓ ਲੋਕੋ, ਮੇਰੀ ਸੁਣੋ ਭਈ ਪਰਮੇਸ਼ੁਰ ਤੁਹਾਡੀ ਭੀ ਸੁਣੇ।
8ਇੱਕ ਵਾਰੀ ਬਿਰਛ ਆਪਣੇ ਉੱਤੇ ਰਾਜਾ ਮਸਹ ਕਰਨ ਲਈ ਨਿੱਕਲੇ, ਸੋ ਉਨ੍ਹਾਂ ਨੇ ਕਊ ਦੇ ਬਿਰਛ ਨੂੰ ਜਾ ਕੇ ਆਖਿਆ, ਤੂੰ ਸਾਡਾ ਰਾਜਾ ਬਣ।
9ਤਦ ਕਊ ਬਿਰਛ ਨੇ ਉਨ੍ਹਾਂ ਨੂੰ ਆਖਿਆ, ਭਲਾ, ਮੈਂ ਆਪਣੀ ਥਿੰਧਿਆਈ ਨੂੰ ਜਿਹ ਦੇ ਨਾਲ ਪਰਮੇਸ਼ੁਰ ਅਤੇ ਮਨੁੱਖ ਦਾ ਆਦਰ ਕਰੀਦਾ ਹੈ ਛੱਡ ਦਿਆਂ ਅਤੇ ਜਾ ਕੇ ਬਿਰਛਾਂ ਉੱਤੇ ਝੁੱਲਦਾ ਫਿਰਾਂ?
10ਤਾਂ ਬਿਰਛਾਂ ਨੇ ਹੰਜੀਰ ਦੇ ਬਿਰਛ ਨੂੰ ਆਖਿਆ, ਆ, ਤੂੰ ਸਾਡਾ ਰਾਜਾ ਬਣ।
11ਪਰ ਹੰਜੀਰ ਨੇ ਉਨ੍ਹਾਂ ਨੂੰ ਆਖਿਆ, ਭਲਾ, ਮੈਂ ਆਪਣੀ ਮਿਠਾਸ ਅਤੇ ਆਪਣਾ ਚੰਗਾ ਫਲ ਛੱਡ ਦਿਆਂ ਅਤੇ ਬਿਰਛਾਂ ਉੱਤੇ ਝੁੱਲਦਾ ਫਿਰਾਂ?
12ਤਦ ਬਿਰਛਾਂ ਨੇ ਦਾਖ ਨੂੰ ਆਖਿਆ, ਚੱਲ ਤੂੰ ਸਾਡਾ ਰਾਜਾ ਬਣ।
13ਅਤੇ ਦਾਖ ਨੇ ਉਨ੍ਹਾਂ ਨੂੰ ਆਖਿਆ, ਭਲਾ, ਮੈਂ ਆਪਣੇ ਰਸ ਨੂੰ ਜਿਹ ਦੇ ਨਾਲ ਪਰਮੇਸ਼ੁਰ ਤੇ ਮਨੁੱਖ ਰਾਜ਼ੀ ਹੁੰਦੇ ਹਨ ਛੱਡਾਂ ਅਤੇ ਬਿਰਛਾਂ ਉੱਤੇ ਜਾ ਝੁੱਲਦੀ ਫਿਰਾਂ?
14ਤਦ ਉਨ੍ਹਾਂ ਸਭਨਾਂ ਬਿਰਛਾਂ ਨੇ ਕਰੀਰ ਨੂੰ ਆਖਿਆ, ਭਈ ਚੱਲ ਤੂੰ ਸਾਡਾ ਰਾਜਾ ਬਣ!
15ਅਤੇ ਕਰੀਰ ਨੇ ਬਿਰਛਾਂ ਨੂੰ ਆਖਿਆ, ਜੇ ਤੁਸੀਂ ਸੱਚ ਮੁੱਚ ਮੈਨੂੰ ਮਸਹ ਕਰ ਕੇ ਆਪਣਾ ਰਾਜਾ ਬਣਾਉਂਦੇ ਹੋ ਤਾਂ ਆਓ ਮੇਰੇ ਪਰਛਾਂਵੇ ਦੇ ਹੇਠ ਆਸਰਾ ਲਓ ਅਤੇ ਜੇ ਨਹੀਂ ਤਾਂ ਕਰੀਰ ਦੇ ਵਿੱਚੋਂ ਇੱਕ ਅੱਗ ਨਿੱਕਲ ਕੇ ਲਬਾਨੋਨ ਦਿਆਂ ਦਿਆਰਾਂ ਨੂੰ ਭੱਖ ਲਵੇ!
16ਸੋ ਹੁਣ ਜੇ ਕਦੀ ਤੁਸਾਂ ਸਚਿਆਈ ਅਤੇ ਭਲਮਣਸਊ ਨਾਲ ਅਬੀਮਲਕ ਨੂੰ ਆਪਣਾ ਰਾਜਾ ਬਣਾਇਆ ਅਤੇ ਜੇ ਕਦੀ ਤੁਸਾਂ ਯਰੁੱਬਆਲ ਨਾਲ ��ਤੇ ਉਹ ਦੇ ਟੱਬਰ ਨਾਲ ਚੰਗਾ ਵਰਤਾਉ ਕੀਤਾ ਅਤੇ ਜੇ ਕਦੀ ਉਹ ਨੂੰ ਉਸ ਦਯਾ ਦੇ ਸਮਾਨ ਜੋ ਉਹ ਦਿਆਂ ਹੱਥਾਂ ਨੇ ਕੀਤੀ ਤੁਸਾਂ ਇਹ ਵੱਟਾ ਦਿੱਤਾ ਹੈ।
17ਕਿਉਂ ਜੋ ਮੇਰਾ ਪਿਉ ਤੁਹਾਡੇ ਲਈ ਲੜਿਆ ਅਤੇ ਆਪਣੀ ਜਿੰਦ ਨੂੰ ਤਲੀ ਉੱਤੇ ਰੱਖ ਕੇ ਤੁਹਾਨੂੰ ਮਿਦਯਾਨ ਦੇ ਹੱਥੋਂ ਛੁਡਾਇਆ।
18ਅਤੇ ਅੱਜ ਤੁਸਾਂ ਮੇਰੇ ਪਿਉ ਦੇ ਟੱਬਰ ਉੱਤੇ ਹੱਥ ਚਲਾ ਕੇ ਉਹ ਦੇ ਸੱਤਰ ਪੁੱਤ੍ਰ ਇੱਕੋ ਪੱਥਰ ਉੱਤੇ ਵੱਢ ਸੁੱਟੇ ਅਤੇ ਉਹ ਦੀ ਟਹਿਲਣ ਦੇ ਪੁੱਤ੍ਰ ਅਬੀਮਲਕ ਨੂੰ ਸ਼ਕਮ ਦੇ ਲੋਕਾਂ ਉੱਤੇ ਪਾਤਸ਼ਾਹ ਬਣਾਇਆ ਇਸ ਲਈ ਜੋ ਉਹ ਤੁਹਾਡਾ ਭਰਾ ਹੈ।
19ਸੋ ਜੇ ਤੁਸਾਂ ਸਚਿਆਈ ਅਤੇ ਭਲਮਣਸਊ ਤੋਂ ਯਰੁੱਬਆਲ ਅਤੇ ਉਹ ਦੇ ਘਰ ਨਾਲ ਅੱਜ ਵਰਤਿਆ ਤਾਂ ਤੁਸੀਂ ਅਬੀਮਲਕ ਨਾਲ ਅਨੰਦ ਰਹੋ ਅਤੇ ਉਹ ਤੁਹਾਡੇ ਨਾਲ ਅਨੰਦ ਰਹੇ।
20ਜੇ ਨਹੀਂ ਤਾਂ ਅਬੀਮਲਕ ਤੋਂ ਇੱਕ ਅੱਗ ਨਿੱਕਲੇ ਅਤੇ ਸ਼ਕਮ ਦਿਆਂ ਲੋਕਾਂ ਨੂੰ ਅਤੇ ਮਿੱਲੋ ਦੀ ਸੰਤਾਨ ਨੂੰ ਖਾ ਜਾਵੇ! ਅਤੇ ਸ਼ਕਮ ਦਿਆਂ ਲੋਕਾਂ ਅਤੇ ਮਿੱਲੋ ਦੀ ਸੰਤਾਨ ਵੱਲੋਂ ਭੀ ਇੱਕ ਅੱਗ ਨਿੱਕਲੇ ਅਤੇ ਅਬੀਮਲਕ ਨੂੰ ਖਾ ਜਾਵੇ!
21ਤਾਂ ਯੋਥਾਮ ਉੱਥੋਂ ਭੱਜ ਕੇ ਨੱਠਾ ਅਰ ਆਪਣੇ ਭਾਈ ਅਬੀਮਲਕ ਦੇ ਡਰ ਦੇ ਮਾਰੇ ਬਏਰ ਨੂੰ ਗਿਆ ਅਤੇ ਉੱਥੇ ਰਿਹਾ।
22ਅਬੀਮਲਕ ਨੇ ਇਸਰਾਏਲੀਆਂ ਵਿੱਚ ਤਿੰਨ ਵਰਹੇ ਸਰਦਾਰੀ ਕੀਤੀ।
23ਅਰ ਪਰਮੇਸ਼ੁਰ ਨੇ ਅਬੀਮਲਕ ਅਤੇ ਸ਼ਕਮ ਦਿਆਂ ਲੋਕਾਂ ਦੇ ਵਿੱਚਕਾਰ ਇੱਕ ਦੁਸ਼ਟ ਆਤਮਾ ਘੱਲਿਆ ਅਤੇ ਸ਼ਕਮ ਦੇ ਵਾਸੀ ਅਬੀਮਲਕ ਨਾਲ ਛਲ ਕਰਨ ਲੱਗੇ।
24ਭਈ ਉਹ ਅਨ੍ਹੇਰ ਜਿਹੜਾ ਯਰੁੱਬਆਲ ਦਿਆਂ ਸੱਤਰਾਂ ਪੁੱਤ੍ਰਾਂ ਨਾਲ ਹੋਇਆ ਸੀ ਮੁੜ ਕੇ ਉਨ੍ਹਾਂ ਦਾ ਖ਼ੂਨ ਉਨ੍ਹਾਂ ਦੇ ਭਰਾ ਅਬੀਮਲਕ ਦੇ ਸਿਰ ਉੱਤੇ ਆ ਪਵੇ ਜਿਸ ਨੇ ਉਨ੍ਹਾਂ ਨੂੰ ਵੱਢ ਸੁੱਟਿਆ ਅਤੇ ਸ਼ਕਮ ਦੇ ਵਾਸੀਆਂ ਦੇ ਸਿਰ ਉੱਤੇ ਭੀ ਜਿਨ੍ਹਾਂ ਨੇ ਉਹ ਦੇ ਭਰਾਵਾਂ ਦੇ ਵੱਢਣ ਵਿੱਚ ਉਪਰਾਲਾ ਕੀਤਾ।
25ਅਤੇ ਸ਼ਕਮ ਦਿਆਂ ਲੋਕਾਂ ਨੇ ਪਹਾੜ ਦੀਆਂ ਟੀਸੀਆਂ ਉੱਤੇ ਉਸ ਦੇ ਫੜਨ ਲਈ ਛਹਿ ਲਾਉਣ ਵਾਲੇ ਬਿਠਾਏ ਅਤੇ ਉਨ੍ਹਾਂ ਨੇ ਉਸ ਰਾਹ ਦੇ ਸਭਨਾਂ ਲੰਘਣ ਵਾਲਿਆਂ ਨੂੰ ਲੁੱਟ ਲਿਆ ਅਤੇ ਅਬੀਮਲਕ ਨੂੰ ਖਬਰ ਹੋਈ।
26ਤਦ ਅਬਦ ਦਾ ਪੁੱਤ੍ਰ ਗਆਲ ਆਪਣੇ ਭਰਾਵਾਂ ਸਣੇ ਆਇਆ ਅਤੇ ਸ਼ਕਮ ਦੀ ਵੱਲ ਤੁਰਿਆ ਅਤੇ ਸ਼ਕਮ ਦੇ ਲੋਕਾਂ ਨੇ ਉਸ ਦੇ ਉੱਤੇ ਆਸਰਾ ਕੀਤਾ।
27ਸੋ ਉਸ ਪੈਲੀ ਵਿੱਚ ਨਿੱਕਲ ਕੇ ਆਪਣੀਆਂ ਦਾਖਾਂ ਦੇ ਬਾਗਾਂ ਦਾ ਫਲ ਤੋੜਿਆ ਅਤੇ ਦਾਖਾਂ ਨੂੰ ਨਪੀੜ ਕੇ ਅਨੰਦ ਕੀਤਾ ਅਤੇ ਆਪਣੇ ਠਾਕਰ ਦੁਵਾਰੇ ਵਿੱਚ ਜਾ ਕੇ ਖਾਧਾ ਅਤੇ ਪੀਤਾ ਅਤੇ ਅਬੀਮਲਕ ਨੂੰ ਸਰਾਪ ਦਿੱਤਾ।
28ਤਦ ਅਬਦ ਦੇ ਪੁੱਤ੍ਰ ਗਆਲ ਨੇ ਆਖਿਆ, ਅਬੀਮਲਕ ਹੈ ਕੌਣ ਅਤੇ ਸ਼ਕਮ ਕੌਣ ਹੈ, ਜੋ ਅਸੀਂ ਉਹ ਦੀ ਟਹਿਲ ਕਰੀਏ? ਭਲਾ, ਉਹ ਯਰੁੱਬਆਲ ਦਾ ਪੁੱਤ੍ਰ ਨਹੀਂ ਅਤੇ ਜ਼ਬੂਲ ਉਸ ਦਾ ਹਾਕਮ ਨਹੀਂ? ਤੁਸੀਂ ਸ਼ਕਮ ਦੇ ਪਿਉ ਹਮੋਰ ਦਿਆਂ ਲੋਕਾਂ ਦੀ ਟਹਿਲ ਕਰੋ। ਉਸ ਦੀ ਟਹਿਲ ਅਸੀਂ ਕਾਹਨੂੰ ਕਰੀਏ?
29ਹਾਏ ਹਾਏ! ਜੇ ਕਦੀ ਏਹ ਲੋਕ ਮੇਰੇ ਵੱਸ ਵਿੱਚ ਹੁੰਦੇ! ਤਾਂ ਮੈਂ ਅਬੀਮਲਕ ਨੂੰ ਇੱਕ ਪਾਸੇ ਕਰ ਦਿੰਦਾ ਅਤੇ ਉਸ ਨੇ ਅਬੀਮਲਕ ਨੂੰ ਆਖਿਆ, ਤੂੰ ਆਪਣੀ ਫੌਜ ਨੂੰ ਵਧਾ ਅਤੇ ਨਿੱਕਲ ਆ!
30ਜਦ ਜ਼ਬੂਲ ਨੇ ਜੋ ਸ਼ਹਿਰ ਦਾ ਸਰਦਾਰ ਸੀ ਅਬਦ ਦੇ ਪੁੱਤ੍ਰ ਗਆਲ ਦੀਆਂ ਏਹ ਗੱਲਾਂ ਸੁਣੀਆਂ ਤਾਂ ਉਹ ਦਾ ਕ੍ਰੋਧ ਜਾਗ ਪਿਆ।
31ਅਤੇ ਉਸ ਨੇ ਛਲ ਨਾਲ ਅਬੀਮਲਕ ਕੋਲ ਹਲਕਾਰੇ ਘੱਲ ਕੇ ਆਖਿਆ, ਵੇਖ, ਅਬਦ ਦਾ ਪੁੱਤ੍ਰ ਗਆਲ ਆਪਣਿਆਂ ਭਰਾਵਾਂ ਸਣੇ ਸ਼ਕਮ ਵਿੱਚ ਆਇਆ ਹੈ ਅਤੇ ਵੇਖ, ਓਹ ਤੇਰੇ ਵਿਰੁੱਧ ਸ਼ਹਿਰ ਨੂੰ ਚੁੱਕਦੇ ਹਨ।
32ਹੁਣ ਤੂੰ ਆਪਣਿਆਂ ਲੋਕਾਂ ਸਣੇ ਰਾਤ ਨੂੰ ਉੱਠ ਅਤੇ ਰੜੇ ਵਿੱਚ ਛਹਿ ਲਾ ਕੇ ਬੈਠ।
33ਅਤੇ ਸਵੇਰੇ ਸੂਰਜ ਚੜ੍ਹਦੇ ਹੀ ਤੂੰ ਪਰਭਾਤੇ ਹੀ ਉੱਠ ਕੇ ਸ਼ਹਿਰ ਉੱਤੇ ਹੱਲਾ ਕਰ ਅਰ ਵੇਖ, ਜਦ ਉਹ ਆਪਣਿਆਂ ਲੋਕਾਂ ਸਣੇ ਤੇਰਾ ਸਾਹਮਣਾ ਕਰਨ ਨੂੰ ਨਿੱਕਲੇ ਤਾਂ ਜੋ ਕੁਝ ਤੇਰੇ ਹੱਥੋਂ ਹੋ ਸੱਕੇ ਤੂੰ ਉਨ੍ਹਾਂ ਨਾਲ ਕਰੀਂ!
34ਤਾਂ ਅਬੀਮਲਕ ਆਪਣਿਆਂ ਸਾਰਿਆਂ ਲੋਕਾਂ ਸਣੇ ਰਾਤ ਨੂੰ ਉੱਠਿਆ ਅਰ ਚਾਰ ਟੋਲੀਆਂ ਬਣ ਕੇ ਸ਼ਕਮ ਦੇ ਸਾਹਮਣੇ ਛਹਿ ਵਿੱਚ ਬੈਠਾ।
35ਅਤੇ ਅਬਦ ਦਾ ਪੁੱਤ੍ਰ ਗਆਲ ਬਾਹਰ ਨਿੱਕਲ ਕੇ ਸ਼ਹਿਰ ਦੇ ਬੂਹੇ ਦੇ ਲਾਂਘੇ ਉੱਤੇ ਖਲੋਤਾ ਰਿਹਾ। ਤਦ ਅਬੀਮਲਕ ਆਪਣੇ ਲੋਕਾਂ ਸਣੇ ਛਹਿ ਵਿੱਚੋਂ ਨਿੱਕਲਿਆ।
36ਅਤੇ ਜਾਂ ਗਆਲ ਨੇ ਲੋਕਾਂ ਨੂੰ ਡਿੱਠਾ ਤਾਂ ਉਹ ਨੇ ਜ਼ਬੂਲ ਨੂੰ ਆਖਿਆ, ਪਹਾੜਾਂ ਦੀਆਂ ਟੀਸੀਆਂ ਉੱਤੋਂ ਲੋਕ ਲਹਿੰਦੇ ਹਨ! ਜ਼ਬੂਲ ਨੇ ਉਹ ਨੂੰ ਆਖਿਆ, ਏਹ ਪਹਾੜ ਦੇ ਪਰਛਾਂਵੇ ਹਨ ਜਿਹੜੇ ਤੁਹਾਨੂੰ ਮਨੁੱਖਾਂ ਵਾਂਙੁ ਦਿੱਸਦੇ ਹਨ।
37ਤਦ ਗਆਲ ਨੇ ਫੇਰ ਆਖਿਆ, ਵੇਖ, ਰੜੇ ਦੇ ਵਿੱਚੋਂ ਦੀ ਲੋਕ ਹੇਠਾਹਾਂ ਨੂੰ ਉਤਰੇ ਆਉਂਦੇ ਹਨ ਅਤੇ ਇੱਕ ਟੋਲੀ ਮਾਓਨਾਨੀਮ ਦੇ ਬਲੂਤ ਦੇ ਬਿਰਛ ਵੱਲੋਂ ਆਉਂਦੀ ਹੈ!
38ਤਾਂ ਜ਼ਬੂਲ ਨੇ ਉਹ ਨੂੰ ਆਖਿਆ, ਹੁਣ ਉਹ ਮੂੰਹ ਤੇਰਾ ਕਿੱਥੇ ਹੈ ਜਿਹ ਦੇ ਨਾਲ ਤੂੰ ਆਖਿਆ ਭਈ ਅਬੀਮਲਕ ਹੈ ਕੌਣ ਜੋ ਅਸੀਂ ਉਹ ਦੀ ਟਹਿਲ ਕਰੀਏ? ਭਲਾ, ਏਹ ਓਹ ਲੋਕ ਨਹੀਂ ਜਿਨ੍ਹਾਂ ਨੂੰ ਤੁਸਾਂ ਤੁੱਛ ਜਾਣਿਆ? ਸੋ ਹੁਣ ਬਾਹਰ ਜਾ ਕੇ ਉਨ੍ਹਾਂ ਨਾਲ ਲੜਾਈ ਕਰ!
39ਤਦ ਗਆਲ ਸ਼ਕਮ ਦਿਆਂ ਲੋਕਾਂ ਦੇ ਮੋਹਰੇ ਬਾਹਰ ਨਿੱਕਲ ਕੇ ਅਬੀਮਲਕ ਨਾਲ ਲੜਿਆ।
40ਅਬੀਮਲਕ ਨੇ ਉਹ ਦਾ ਪਿੱਛਾ ਕੀਤਾ ਅਤੇ ਉਹ ਉਸ ਦੇ ਅੱਗੋਂ ਨੱਠਾ ਅਤੇ ਰਾਹ ਵਿੱਚ ਸ਼ਹਿਰ ਦੇ ਬੂਹੇ ਤੋੜੀ ਢੇਰ ਸਾਰੇ ਫੱਟੇ ਗਏ ਅਤੇ ਡਿੱਗੇ।
41ਅਤੇ ਅਬੀਮਲਕ ਅਰੂਮਾਹ ਦੇ ਵਿੱਚ ਜਾ ਰਿਹਾ ਅਤੇ ਜ਼ਬੂਲ ਨੇ ਗਆਲ ਨੂੰ ਅਤੇ ਉਹ ਦਿਆਂ ਭਰਾਵਾਂ ਨੂੰ ਕੱਢ ਦਿੱਤਾ ਭਈ ਸ਼ਕਮ ਵਿੱਚ ਨਾ ਰਹਿਣ।
42ਅਗਲੇ ਭਲਕ ਅਜੇਹਾ ਹੋਇਆ ਜੋ ਲੋਕ ਰੜੇ ਵਿੱਚ ਨਿੱਕਲ ਗਏ ਅਤੇ ਅਬੀਮਲਕ ਨੂੰ ਖਬਰ ਹੋਈ।
43ਸੋ ਉਹ ਨੇ ਲੋਕਾਂ ਨੂੰ ਲੈ ਕੇ ਉਨ੍ਹਾਂ ਦੀਆਂ ਤਿੰਨ ਟੋਲੀਆਂ ਬਣਾਈਆਂ ਅਤੇ ਰੜੇ ਤੇ ਛਹਿ ਲਾ ਕੇ ਬੈਠਾ ਅਤੇ ਓਨ ਵੇਖ ਕੇ ਡਿੱਠਾ ਭਈ ਲੋਕ ਸ਼ਹਿਰੋਂ ਨਿੱਕਲ ਆਏ ਅਤੇ ਉਹ ਉਨ੍ਹਾਂ ਦਾ ਸਾਹਮਣਾ ਕਰਨ ਨੂੰ ਉੱਠਿਆ ਅਤੇ ਉਨ੍ਹਾਂ ਨੂੰ ਮਾਰ ਲਿਆ।
44ਅਤੇ ਅਬੀਮਲਕ ਉਨ੍ਹਾਂ ਟੋਲੀਆਂ ਸਣੇ ਜੋ ਉਸ ਦੇ ਨਾਲ ਸਨ ਅੱਗੇ ਨੱਠ ਕੇ ਸ਼ਹਿਰ ਦੇ ਬੂਹੇ ਦੇ ਲਾਂਘੇ ਉੱਤੇ ਖਲੋਤਾ ਅਤੇ ਉਨ੍ਹਾਂ ਦੋਹਾਂ ਟੋਲੀਆਂ ਸਣੇ ਉਨ੍ਹਾਂ ਸਭਨਾਂ ਉੱਤੇ ਜਿਹੜੇ ਰੜੇ ਵਿੱਚ ਸਨ ਆਣ ਪਿਆ ਅਤੇ ਉਨ੍ਹਾਂ ਨੂੰ ਵੱਢ ਸੁੱਟਿਆ।
45ਅਬੀਮਲਕ ਸਾਰਾ ਦਿਨ ਸ਼ਹਿਰ ਨਾਲ ਲੜਦਾ ਰਿਹਾ ਅਤੇ ਸ਼ਹਿਰ ਨੂੰ ਜਿੱਤ ਕੇ ਸ਼ਹਿਰ ਦਿਆਂ ਲੋਕਾਂ ਨੂੰ ਵੱਢ ਸੁੱਟਿਆ ਅਤੇ ਸ਼ਹਿਰ ਨੂੰ ਢਾਹ ਦਿੱਤਾ ਅਤੇ ਉਹ ਦੇ ਉੱਤੇ ਲੂਣ ਖਿੰਡਾਇਆ।
46ਜਦ ਸ਼ਕਮ ਦੇ ਬੁਰਜ ਦੇ ਸਭਨਾਂ ਲੋਕਾਂ ਨੇ ਇਹ ਸੁਣਿਆ ਤਾਂ ਓਹ ਏਲਬਰੀਥ ਦਿਓਤੇ ਦੇ ਮੰਦਰ ਦੇ ਗੜ੍ਹ ਵਿੱਚ ਜਾ ਵੜੇ।
47ਇਹ ਖਬਰ ਅਬੀਮਲਕ ਨੂੰ ਹੋਈ ਜੋ ਸ਼ਕਮ ਦੇ ਬੁਰਜ ਦੇ ਸਭ ਲੋਕ ਇਕੱਠੇ ਹੋਏ ਹਨ।
48ਤਦ ਅਬੀਮਲਕ ਆਪਣੇ ਸਾਰੇ ਨਾਲ ਦਿਆਂ ਲੋਕਾਂ ਸਣੇ ਸਲਮੋਨ ਦੇ ਪਹਾੜ ਉੱਤੇ ਚੜ੍ਹਿਆ ਅਤੇ ਅਬੀਮਲਕ ਨੇ ਆਪਣੇ ਹੱਥ ਵਿੱਚ ਕੁਹਾੜਾ ਫੜ ਕੇ ਬਿਰਛਾਂ ਵਿੱਚੋਂ ਇੱਕ ਟਾਹਣੀ ਵੱਢੀ ਅਤੇ ਉਹ ਨੂੰ ਚੁੱਕ ਕੇ ਆਪਣੇ ਮੋਢੇ ਉੱਤੇ ਰੱਖਿਆ ਅਤੇ ਆਪਣੇ ਨਾਲ ਦਿਆਂ ਲੋਕਾਂ ਨੂੰ ਆਖਿਆ ਭਈ ਜੋ ਕੁਝ ਤੁਸੀਂ ਮੈਨੂੰ ਕਰਦਿਆਂ ਵੇਖਿਆ ਤੁਸੀਂ ਭੀ ਛੇੱਤੀ ਨਾਲ ਤੇਹਾ ਹੀ ਕਰੋ!
49ਤਦ ਉਨ੍ਹਾਂ ਸਭਨਾਂ ਨੇ ਇੱਕ ਇੱਕ ਟਾਹਣੀ ਵੱਢ ਲਈ ਅਤੇ ਅਬੀਮਲਕ ਦੇ ਮਗਰ ਲੱਗ ਤੁਰੇ ਅਤੇ ਉਨ੍ਹਾਂ ਨੂੰ ਗੜ੍ਹ ਦੇ ਕੋਲ ਸੁੱਟ ਕੇ ਅੱਗ ਲਾ ਦਿੱਤੀ ਸੋ ਸ਼ਕਮ ਦੇ ਬੁਰਜ ਵਿੱਚ ਜਿੰਨੇ ਲੋਕ ਸਨ ਸਭ ਮਰ ਗਏ। ਸਾਰੇ ਪੁਰਖ ਤੀਵੀਆਂ ਇੱਕ ਹਜ਼ਾਰ ਸਨ।
50ਫੇਰ ਅਬੀਮਲਕ ਤੇਬੇਸ ਨੂੰ ਗਿਆ ਅਤੇ ਤੇਬੇਸ ਦੇ ਸਾਹਮਣੇ ਤੰਬੂ ਲਾ ਕੇ ਉਹ ਨੂੰ ਜਿੱਤ ਲਿਆ।
51ਪਰ ਉੱਥੇ ਸ਼ਹਿਰ ਦੇ ਵਿੱਚ ਇੱਕ ਵੱਡਾ ਪੱਕਾ ਬੁਰਜ ਸੀ ਸੋ ਸਾਰੇ ਮਨੁੱਖ ਅਤੇ ਤੀਵੀਆਂ ਅਤੇ ਸ਼ਹਿਰ ਦੇ ਵਾਸੀ ਭੀ ਸੱਭੇ ਭੱਜ ਕੇ ਉਹ ਦੇ ਵਿੱਚ ਜਾ ਵੜੇ ਅਤੇ ਬੂਹਾ ਮਾਰ ਕੇ ਬੁਰਜ ਦੀ ਛੱਤ ਉੱਤੇ ਜਾ ਚੜ੍ਹੇ।
52ਤਦ ਅਬੀਮਲਕ ਬੁਰਜ ਦੇ ਕੋਲ ਆਇਆ ਅਤੇ ਉਸ ਦੇ ਨਾਲ ਲੜਿਆ ਅਤੇ ਉਸ ਦੇ ਸਾੜਨ ਲਈ ਬੁਰਜ ਦੇ ਬੂਹੇ ਦੇ ਨੇੜੇ ਆ ਢੁੱਕਾ।
53ਤਦ ਕਿਸੇ ਤੀਵੀਂ ਨੇ ਚੱਕੀ ਦਾ ਉਪਰਲਾ ਪੁੱੜ ਅਬੀਮਲਕ ਦੇ ਸਿਰ ਉੱਤੇ ਡੇਗ ਦਿੱਤਾ ਅਤੇ ਉਹ ਦਾ ਸਿਰ ਫੇਹ ਦਿੱਤਾ।
54ਤਦ ਉਸ ਨੇ ਝੱਟ ਆਪਣੇ ਸ਼ਸਤ੍ਰ ਚੁੱਕਣ ਵਾਲੇ ਜੁਆਨ ਨੂੰ ਸੱਦ ਕੇ ਆਖਿਆ, ਤਲਵਾਰ ਧੂਹ ਕੇ ਮੈਨੂੰ ਵੱਢ ਸੁੱਟ ਭਈ ਮੇਰੇ ਉੱਤੇ ਕੋਈ ਇਹ ਨਾ ਆਖੇ ਜੋ ਉਹ ਨੂੰ ਇੱਕ ਤੀਵੀਂ ਨੇ ਮਾਰ ਸੁੱਟਿਆ! ਅਤੇ ਉਸ ਜੁਆਨ ਨੇ ਉਹ ਨੂੰ ਵਿੰਨ੍ਹ ਦਿੱਤਾ ਸੋ ਉਹ ਮਰ ਗਿਆ।
55ਜਾਂ ਇਸਰਾਏਲੀਆਂ ਨੇ ਡਿੱਠਾ ਜੋ ਅਬੀਮਲਕ ਪੂਰਾ ਹੋ ਗਿਆ ਹੈ ਤਾਂ ਸੱਭੋ ਆਪੋ ਆਪਣੇ ਘਰ ਨੂੰ ਚੱਲੇ ਗਏ।
56ਇਉਂ ਪਰਮੇਸ਼ੁਰ ਨੇ ਅਬੀਮਲਕ ਦੇ ਉਸ ਅਨ੍ਹੇਰ ਨੂੰ ਜੋ ਉਹ ਨੇ ਆਪਣਿਆਂ ਸੱਤਰ ਭਰਾਵਾਂ ਨੂੰ ਵੱਢ ਕੇ ਆਪਣੇ ਪਿਉ ਦੇ ਨਾਲ ਕੀਤਾ ਸੀ ਉਹ ਦੇ ਉੱਤੇ ਹੋਇਆ।
57ਅਤੇ ਸ਼ਕਮ ਦੇ ਲੋਕਾਂ ਦੀ ਸਾਰੀ ਬੁਰਿਆਈ ਉਨ੍ਹਾਂ ਦਿਆਂ ਸਿਰਾਂ ਉੱਤੇ ਪਰਮੇਸ਼ੁਰ ਨੇ ਪਾਈ ਅਤੇ ਉਨ੍ਹਾਂ ਉੱਤੇ ਯਰੁੱਬਆਲ ਦੇ ਪੁੱਤ੍ਰ ਯੋਥਾਮ ਦਾ ਸਰਾਪ ਆ ਪਿਆ।