Loading Bible Translation
First-time download in progress. This may take a few seconds…
Punjabi Bible Wordproject Bible
38 verses
1ਉਨ੍ਹੀਂ ਦਿਨੀਂ ਜਾਂ ਫੇਰ ਵੱਡੀ ਭੀੜ ਹੋ ਗਈ ਅਤੇ ਉਨ੍ਹਾਂ ਕੋਲ ਖਾਣ ਨੂੰ ਕੁਝ ਨਾ ਸੀ ਤਾਂ ਉਹ ਨੇ ਆਪਣੇ ਚੇਲਿਆਂ ਨੂੰ ਕੋਲ ਸੱਦ ਕੇ ਉਨ੍ਹਾਂ ਨੂੰ ਆਖਿਆ।
2ਮੈਨੂੰ ਲੋਕਾਂ ਉੱਤੇ ਤਰਸ ਆਉਂਦਾ ਹੈ ਕਿਉਂ ਜੋ ਹੁਣ ਓਹ ਤਿੰਨਾਂ ਦਿਨਾਂ ਤੋਂ ਮੇਰੇ ਨਾਲ ਰਹੇ ਹਨ ਅਤੇ ਉਨ੍ਹਾਂ ਦੇ ਕੋਲ ਖਾਣ ਨੂੰ ਕੁਝ ਨਹੀਂ।
3ਜੇ ਮੈਂ ਉਨ੍ਹਾਂ ਨੂੰ ਘਰਾਂ ਵੱਲ ਭੁੱਖਿਆ ਤੋਰ ਦਿਆਂ ਤਾਂ ਓਹ ਰਸਤੇ ਵਿੱਚ ਨਿਤਾਣੇ ਹੋ ਜਾਣਗੇ ਅਤੇ ਕਈ ਉਨ੍ਹਾਂ ਵਿੱਚੋਂ ਦੂਰੋਂ ਆਏ ਹਨ।
4ਉਸ ਦੇ ਚੇਲਿਆਂ ਨੇ ਉਸ ਨੂੰ ਉੱਤਰ ਦਿੱਤਾ ਕਿ ਇਸ ਉਜਾੜ ਵਿੱਚ ਕੋਈ ਇਨ੍ਹਾਂ ਨੂੰ ਰੋਟੀਆਂ ਨਾਲ ਕਿੱਥੋਂ ਰਜਾ ਸੱਕੇ?
5ਉਸ ਨੇ ਉਨ੍ਹਾਂ ਨੂੰ ਪੁੱਛਿਆ, ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ? ਉਹ ਬੋਲੇ, ਸੱਤ।
6ਫੇਰ ਉਸ ਨੇ ਲੋਕਾਂ ਨੂੰ ਹੁਕਮ ਕੀਤਾ ਭਈ ਭੁਞੇਂ ਬਹਿ ਜਾਣ। ਤਾਂ ਉਸ ਨੇ ਓਹ ਸੱਤ ਰੋਟੀਆਂ ਲਈਆਂ ਅਤੇ ਸ਼ੁਕਰ ਕਰ ਕੇ ਤੋੜੀਆਂ ਅਤੇ ਆਪਣੇ ਚੇਲਿਆਂ ਨੂੰ ਦਿੱਤੀਆਂ ਜੋ ਉਨ੍ਹਾਂ ਦੇ ਅੱਗੇ ਰੱਖਣ ਸੋ ਉਨ੍ਹਾਂ ਨੇ ਲੋਕਾਂ ਦੇ ਅੱਗੇ ਰੱਖ ਦਿੱਤੀਆਂ।
7ਉਨ੍ਹਾਂ ਦੇ ਕੋਲ ਥੋੜੀਆਂ ਜਹੀਆਂ ਛੋਟੀਆਂ ਮੱਛੀਆਂ ਸਨ ਸੋ ਉਸ ਨੇ ਉਨ੍ਹਾਂ ਉੱਤੇ ਬਰਕਤ ਦੇ ਕੇ ਕਿਹਾ, ਏਹ ਵੀ ਉਨ੍ਹਾਂ ਦੇ ਅੱਗੇ ਰੱਖੋ।
8ਓਹ ਖਾਕੇ ਰੱਜ ਗਏ ਅਰ ਬਚਿਆਂ ਹੋਇਆਂ ਟੁਕੜਿਆਂ ਦੇ ਉਨ੍ਹਾਂ ਨੇ ਸੱਤ ਟੋਕਰੇ ਚੁੱਕੇ।
9ਅਤੇ ਲੋਕ ਚਾਰ ਕੁ ਹਜ਼ਾਰ ਸਨ। ਫੇਰ ਉਸ ਨੇ ਉਨ੍ਹਾਂ ਨੂੰ ਵਿਦਿਆ ਕੀਤਾ।
10ਅਰ ਉਸੇ ਵੇਲੇ ਉਹ ਆਪਣਿਆਂ ਚੇਲਿਆਂ ਸਣੇ ਬੇੜੀ ਉੱਤੇ ਚੜ੍ਹ ਕੇ ਦਲਮਨੂਥਾ ਦੇ ਇਲਾਕੇ ਵਿੱਚ ਆਇਆ।
11ਤਦ ਫ਼ਰੀਸੀ ਨਿੱਕਲੇ ਅਤੇ ਉਸ ਦੇ ਪਰਤਾਉਣ ਲਈ ਅਕਾਸ਼ ਵੱਲੋਂ ਕੋਈ ਨਿਸ਼ਾਨ ਉਸ ਤੋਂ ਮੰਗ ਕੇ ਉਸ ਦੇ ਨਾਲ ਝਗੜਾ ਕਰਨ ਲੱਗੇ।
12ਅਤੇ ਉਸ ਨੇ ਆਪਣੇ ਆਤਮਾ ਥੀਂ ਹਾਉਕਾ ਭਰ ਕੇ ਕਿਹਾ, ਇਸ ਪੀੜੀ ਦੇ ਲੋਕ ਕਿਉਂ ਨਿਸ਼ਾਨ ਚਾਹੁੰਦੇ ਹਨ? ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਇਸ ਪੀੜੀ ਦੇ ਲੋਕਾਂ ਨੂੰ ਕੋਈ ਨਿਸ਼ਾਨ ਨਾ ਦਿੱਤਾ ਜਾਵੇਗਾ।
13ਅਤੇ ਉਹ ਉਨ੍ਹਾਂ ਨੂੰ ਛੱਡ ਕੇ ਫੇਰ ਬੇੜੀ ਉੱਤੇ ਚੜ੍ਹਿਆ ਅਤੇ ਪਾਰ ਚੱਲਿਆ ਗਿਆ।
14ਓਹ ਰੋਟੀ ਲੈਣੀ ਭੁੱਲ ਗਏ ਸਨ ਅਰ ਬੇੜੀ ਵਿੱਚ ਇੱਕ ਰੋਟੀ ਦੇ ਬਿਨਾ ਉਨ੍ਹਾਂ ਕੋਲ ਹੋਰ ਕੁਝ ਨਾ ਸੀ।
15ਉਸ ਨੇ ਉਨ੍ਹਾਂ ਨੂੰ ਤਗੀਦ ਨਾਲ ਆਖਿਆ ਕਿ ਖਬਰਦਾਰ ਫ਼ਰੀਸੀਆਂ ਦੇ ਖ਼ਮੀਰ ਅਤੇ ਹੇਰੋਦੇਸ ਦੇ ਖ਼ਮੀਰ ਤੋਂ ਚੌਕਸ ਰਹੋ !
16ਤਦ ਓਹ ਆਪੋ ਵਿੱਚ ਵਿਚਾਰ ਕਰ ਕੇ ਆਖਣ ਲੱਗੇ ਭਈ ਸਾਡੇ ਕੋਲ ਰੋਟੀ ਜੋ ਨਹੀਂ।
17ਯਿਸੂ ਨੇ ਇਹ ਜਾਣ ਕੇ ਉਨ੍ਹਾਂ ਨੂੰ ਆਖਿਆ, ਤੁਸੀਂ ਕਿਉਂ ਵਿਚਾਰ ਕਰਦੇ ਹੋ ਭਈ ਸਾਡੇ ਕੋਲ ਰੋਟੀ ਨਹੀਂ? ਭਲਾ, ਤੁਸੀਂ ਅਜੇ ਨਹੀਂ ਜਾਣਦੇ ਅਤੇ ਨਹੀਂ ਸਮਝਦੇ? ਕੀ ਤੁਹਾਡਾ ਦਿਲ ਸੁੰਨ ਹੋ ਗਿਆ ਹੈ?
18ਅੱਖਾਂ ਦੇ ਹੁੰਦੇ ਸੁੰਦੇ ਕੀ ਤੁਸੀਂ ਨਹੀਂ ਵੇਖਦੇ ਅਤੇ ਕੰਨਾਂ ਦੇ ਹੁੰਦਿਆਂ ਸੁੰਦਿਆਂ ਨਹੀਂ ਸੁਣਦੇ ਅਰ ਚੇਤੇ ਨਹੀਂ ਰੱਖਦੇ?
19ਜਦ ਮੈਂ ਓਹ ਪੰਜ ਰੋਟੀਆਂ ਪੰਜਾਂ ਹਜ਼ਾਰਾਂ ਲਈ ਤੋੜੀਆਂ ਤਦ ਤੁਸਾਂ ਟੁਕੜਿਆਂ ਦੀਆਂ ਕਿੰਨੀਆਂ ਟੋਕਰੀਆਂ ਭਰੀਆਂ ਹੋਈਆਂ ਚੁੱਕੀਆਂ? ਉਨ੍ਹਾਂ ਉਸ ਨੂੰ ਆਖਿਆ, ਬਾਰਾਂ।
20ਅਤੇ ਜਦ ਸੱਤ ਰੋਟੀਆਂ ਚੌਹੁੰ ਹਜ਼ਾਰਾਂ ਲਈ ਤੋੜੀਆਂ ਤਦ ਤੁਸਾਂ ਟੁਕੜਿਆਂ ਦੇ ਕਿੰਨੇ ਟੋਕਰੇ ਭਰੇ ਹੋਏ ਚੁੱਕੇ? ਫੇਰ ਉਨ੍ਹਾਂ ਉਸ ਨੂੰ ਆਖਿਆ, ਸੱਤ।
21ਤਦ ਉਸ ਨੇ ਉਨ੍ਹਾਂ ਨੂੰ ਕਿਹਾ, ਤੁਹਾਨੂੰ ਅਜੇ ਸਮਝ ��ਹੀਂ ਆਈ?
22ਫੇਰ ਓਹ ਬੈਤਸੈਦਾ ਵਿੱਚ ਆਏ ਅਤੇ ਲੋਕ ਇੱਕ ਅੰਨ੍ਹੇ ਨੂੰ ਉਹ ਦੇ ਕੋਲ ਲਿਆਏ ਅਰ ਉਹ ਦੀ ਮਿੰਨਤ ਕੀਤੀ ਜੋ ਉਹ ਉਸ ਨੂੰ ਛੋਹੇ।
23ਤਾਂ ਉਹ ਉਸ ਅੰਨ੍ਹੇ ਦਾ ਹੱਥ ਫੜ ਕੇ ਉਸ ਨੂੰ ਪਿੰਡੋਂ ਬਾਹਰ ਲੈ ਗਿਆ ਅਰ ਉਸ ਦੀਆਂ ਅੱਖਾਂ ਵਿੱਚ ਥੁੱਕ ਕੇ ਉਸ ਉੱਤੇ ਹੱਥ ਰੱਖੇ ਅਤੇ ਉਸ ਨੂੰ ਪੁੱਛਿਆ, ਤੈਨੂੰ ਕੀ ਦਿੱਸਦਾ ਹੈ?
24ਉਸ ਨੇ ਨਜ਼ਰ ਪੱਟ ਕੇ ਵੇਖਿਆ ਅਤੇ ਕਿਹਾ, ਮੈਂ ਮਨੁੱਖਾਂ ਨੂੰ ਵੇਖਦਾ ਹਾਂ ਪਰ ਓਹ ਤੁਰਦੇ ਫਿਰਦੇ ਮੈਨੂੰ ਰੁੱਖਾਂ ਵਾਂਙੁ ਦਿੱਸਦੇ ਹਨ।
25ਤਦ ਉਹ ਨੇ ਫੇਰ ਉਸ ਦੀਆਂ ਅੱਖਾਂ ਉੱਤੇ ਹੱਥ ਰੱਖੇ ਅਰ ਉਸ ਨੇ ਨਜ਼ਰ ਟਿਕਾ ਕੇ ਵੇਖਿਆ ਤਾਂ ਉਹ ਸੁਜਾਖਾ ਹੋਕੇ ਸਭ ਕੁਝ ਸਾਫ਼ ਸਾਫ਼ ਵੇਖਣ ਲੱਗਾ।
26ਅਤੇ ਉਹ ਨੇ ਇਹ ਕਹਿ ਕੇ ਜੋ ਤੂੰ ਪਿੰਡ ਵਿੱਚ ਵੜਨਾ ਭੀ ਨਾ, ਉਸ ਨੂੰ ਉਸ ਦੇ ਘਰ ਘੱਲ ਦਿੱਤਾ।
27ਤਦ ਯਿਸੂ ਅਰ ਉਹ ਦੇ ਚੇਲੇ ਕੈਸਰੀਆ ਫ਼ਿਲਿੱਪੀ ਦੇ ਪਿੰਡਾਂ ਵਿੱਚ ਗਏ ਅਤੇ ਰਾਹ ਵਿੱਚ ਉਹ ਨੇ ਆਪਣੇ ਚੇਲਿਆਂ ਕੋਲੋਂ ਪੁੱਛਿਆ ਕਿ ਲੋਕ ਕੀ ਕਹਿੰਦੇ ਹਨ ਜੋ ਮੈਂ ਕੌਣ ਹਾਂ?
28ਤਾਂ ਉਨ੍ਹਾਂ ਉਸ ਨੂੰ ਆਖਿਆ, ਯੂਹੰਨਾ ਬਪਤਿਸਮਾ ਦੇਣ ਵਾਲਾ, ਕਈ ਏਲੀਯਾਹ, ਅਤੇ ਕਈ ਨਬੀਆਂ ਵਿੱਚੋਂ ਕੋਈ,
29ਤਾਂ ਉਸ ਨੇ ਉਨ੍ਹਾਂ ਨੂੰ ਪੁੱਛਿਆ, ਪਰ ਤੁਸੀਂ ਕੀ ਆਖਦੇ ਹੋ ਜੋ ਮੈਂ ਕੌਣ ਹਾਂ? ਪਤਰਸ ਨੇ ਉਹ ਨੂੰ ਉੱਤਰ ਦਿੱਤਾ, ਤੂੰ ਮਸੀਹ ਹੈਂ !
30ਤਦ ਉਸ ਨੇ ਉਨ੍ਹਾਂ ਨੂੰ ਤਗੀਦ ਕੀਤੀ ਜੋ ਮੇਰੇ ਵਿਖੇ ਕਿਸੇ ਨੂੰ ਨਾ ਦੱਸੋ !
31ਫੇਰ ਉਹ ਉਨ੍ਹਾਂ ਨੂੰ ਸਿਖਾਲਣ ਲੱਗਾ ਭਈ ਜ਼ਰੂਰ ਹੈ ਜੋ ਮਨੁੱਖ ਦਾ ਪੁੱਤ੍ਰ ਬਹੁਤ ਦੁਖ ਝੱਲੇ ਅਤੇ ਬਜ਼ੁਰਗਾਂ ਅਤੇ ਪਰਧਾਨ ਜਾਜਕਾਂ ਅਰ ਗ੍ਰੰਥੀਂਆਂ ਥੀਂ ਰੱਦਿਆ ਜਾਏ ਅਰ ਜਾਨੋਂ ਮਾਰਿਆ ਜਾਏ ਅਤੇ ਤਿੰਨਾਂ ਦਿਨਾਂ ਪਿੱਛੋਂ ਜੀ ਉੱਠੇ।
32ਅਰ ਉਹ ਨੇ ਇਹ ਗੱਲ ਖੋਲ੍ਹ ਕੇ ਕਹਿ ਦਿੱਤੀ। ਤਦ ਪਤਰਸ ਉਹ ਨੂੰ ਇੱਕ ਪਾਸੇ ਕਰ ਕੇ ਝਿੜਕਨ ਲੱਗਾ।
33ਪਰ ਉਹ ਨੇ ਮੂੰਹ ਫੇਰ ਲਿਆ ਅਤੇ ਆਪਣੇ ਚੇਲਿਆਂ ਵੱਲ ਵੇਖ ਕੇ ਪਤਰਸ ਨੂੰ ਝਿੜਕਿਆ ਅਤੇ ਕਿਹਾ, ਹੇ ਸ਼ਤਾਨ ਮੈਥੋਂ ਪਿੱਛੇ ਹਟ ! ਕਿਉਂ ਜੋ ਤੂੰ ਪਰਮੇਸ਼ੁਰ ਦੀਆਂ ਨਹੀਂ ਪਰ ਮਨੁੱਖਾਂ ਦੀਆਂ ਗੱਲਾਂ ਦਾ ਧਿਆਨ ਰੱਖਦਾ ਹੈਂ।
34ਤਦ ਉਹ ਨੇ ਭੀੜ ਨੂੰ ਆਪਣੇ ਚੇਲਿਆਂ ਸਣੇ ਕੋਲ ਸੱਦ ਕੇ ਉਨ੍ਹਾਂ ਨੂੰ ਆਖਿਆ, ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਉਹ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ।
35ਕਿਉਂਕਿ ਜਿਹੜਾ ਆਪਣੀ ਜਾਨ ਬਚਾਉਣੀ ਚਾਹੇ ਉਹ ਉਸ ਨੂੰ ਗੁਆਵੇਗਾ ਪਰ ਜਿਹੜਾ ਮੇਰੇ ਅਤੇ ਇੰਜੀਲ ਦੇ ਲਈ ਆਪਣੀ ਜਾਨ ਗੁਆਏ ਉਹ ਉਸ ਨੂੰ ਬਚਾਵੇਗਾ।
36ਮਨੁੱਖ ਨੂੰ ਕੀ ਲਾਭ ਜੇ ਸਾਰੇ ਜਗਤ ਨੂੰ ਕਮਾਵੇ ਅਤੇ ਆਪਣੀ ਜਾਨ ਦਾ ਨੁਕਸਾਨ ਕਰੇ?
37ਤਾਂ ਮਨੁੱਖ ਆਪਣੀ ਜਾਨ ਦੇ ਬਦਲੇ ਕੀ ਦੇਵੇ?
38ਕਿਉਂਕਿ ਜੋ ਕੋਈ ਇਸ ਹਰਾਮਕਾਰ ਅਤੇ ਪਾਪੀ ਪੀਹੜੀ ਦੇ ਲੋਕਾਂ ਵਿੱਚੋਂ ਮੈਥੋਂ ਅਤੇ ਮੇਰਿਆਂ ਬਚਨਾਂ ਤੋਂ ਸ਼ਰਮਾਵੇਗਾ ਮਨੁੱਖ ਦਾ ਪੁੱਤ੍ਰ ਭੀ ਉਸ ਤੋਂ ਸ਼ਰਮਾਵੇਗਾ ਜਿਸ ਵੇਲੇ ਉਹ ਆਪਣੇ ਪਿਤਾ ਦੇ ਤੇਜ ਨਾਲ ਪਵਿੱਤ੍ਰ ਦੂਤਾਂ ਸਣੇ ਆਵੇਗਾ।