Loading Bible Translation
First-time download in progress. This may take a few seconds…
Punjabi Bible Wordproject Bible
45 verses
1ਫੇਰ ਉਸ ਨੇ ਉਨ੍ਹਾਂ ਨੂੰ ਕਿਹਾ, ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਇਨ੍ਹਾਂ ਵਿੱਚੋਂ ਜਿਹੜੇ ਐਥੇ ਖੜੇ ਹਨ ਕਈ ਹਨ ਕਿ ਜਦ ਤੀਕਰ ਪਰਮੇਸ਼ੁਰ ਦੇ ਰਾਜ ਨੂੰ ਕੁਦਰਤ ਨਾਲ ਆਇਆ ਹੋਇਆ ਨਾ ਵੇਖਣ ਕਦੀ ਮੌਤ ਦਾ ਸੁਆਦ ਨਾ ਚੱਖਣਗੇ।
2ਅਤੇ ਛਿਆਂ ਦਿਨਾਂ ਪਿੱਛੋਂ ਯਿਸੂ ਨੇ ਪਤਰਸ ਅਤੇ ਯਾਕੂਬ ਅਤੇ ਯੂਹੰਨਾ ਨੂੰ ਨਾਲ ਲਿਆ ਅਤੇ ਉਨ੍ਹਾਂ ਨੂੰ ਇੱਕ ਉੱਚੇ ਪਹਾੜ ਉੱਤੇ ਨਿਰਾਲੇ ਵਿੱਚ ਅਲੱਗ ਲੈ ਗਿਆ ਅਤੇ ਉਹ ਦਾ ਰੂਪ ਉਨ੍ਹਾਂ ਦੇ ਸਾਹਮਣੇ ਬਦਲਗਿਆ।
3ਅਰ ਉਹ ਦੇ ਕੱਪੜੇ ਚਮਕਣ ਲੱਗੇ ਅਰ ਅਜਿਹੇ ਡਾਢੇ ਚਿੱਟੇ ਹੋ ਗਏ ਕਿ ਜਗਤ ਵਿੱਚ ਕੋਈ ਛੀਂਬਾ ਓਹੋ ਜਿਹੇ ਨਹੀਂ ਕਰ ਸੱਕਦਾ।
4ਅਤੇ ਏਲੀਯਾਹ ਮੂਸਾ ਦੇ ਨਾਲ ਉਨ੍ਹਾਂ ਨੂੰ ਵਿਖਾਈ ਦਿੱਤਾ ਅਰ ਓਹ ਯਿਸੂ ਨਾਲ ਗੱਲਾਂ ਕਰਦੇ ਸਨ।
5ਪਤਰਸ ਨੇ ਯਿਸੂ ਨੂੰ ਅੱਗੋਂ ਆਖਿਆ, ਸੁਆਮੀ ਜੀ, ਸਾਡਾ ਐਥੇ ਰਹਿਣਾ ਚੰਗਾ ਹੈ ਸੋ ਅਸੀਂ ਤਿੰਨ ਡੇਰੇ ਬਣਾਈਏ, ਇੱਕ ਤੇਰੇ ਲਈ, ਇੱਕ ਮੂਸਾ ਲਈ ਅਤੇ ਇੱਕ ਏਲੀਯਾਹ ਲਈ।
6ਕਿਉਂ ਜੋ ਉਹ ਨਹੀਂ ਜਾਣਦਾ ਸੀ ਭਈ ਕੀ ਉੱਤਰ ਦੇਵੇ ਇਸ ਲਈ ਜੋ ਓਹ ਬਹੁਤ ਡਰ ਗਏ ਸਨ।
7ਤਾਂ ਇੱਕ ਬੱਦਲ ਨੇ ਉਨ੍ਹਾਂ ਉੱਤੇ ਛਾਉਂ ਕੀਤੀ ਅਰ ਉਸ ਬੱਦਲ ਵਿੱਚੋਂ ਇੱਕ ਅਵਾਜ਼ ਆਈ ਕਿ ਇਹ ਮੇਰਾ ਪਿਆਰਾ ਪੁੱਤ੍ਰ ਹੈ, ਉਹ ਦੀ ਸੁਣੋ।
8ਅਤੇ ਉਨ੍ਹਾਂ ਨੇ ਅਚਾਨਕ ਚੁਫੇਰੇ ਨਜ਼ਰ ਕਰ ਕੇ ਫੇਰ ਹੋਰ ਕਿਸੇ ਨੂੰ ਨਹੀਂ ਪਰ ਯਿਸੂ ਨੂੰ ਇਕੱਲਾ ਆਪਣੇ ਨਾਲ ਡਿੱਠਾ।
9ਜਾਂ ਓਹ ਪਹਾੜੋਂ ਉੱਤਰੇ ਆਉਂਦੇ ਸਨ ਤਾਂ ਉਸ ਨੇ ਉਨ੍ਹਾਂ ਨੂੰ ਹੁਕਮ ਕੀਤਾ ਭਈ ਜਦ ਤੀਕ ਮਨੁੱਖ ਦਾ ਪੁੱਤ੍ਰ ਮੁਰਦਿਆਂ ਵਿੱਚੋਂ ਨਾ ਜੀ ਉੱਠੇ ਤਦ ਤੀਕ ਤੁਸਾਂ ਜੋ ਕੁਝ ਡਿੱਠਾ ਕਿਸੇ ਨੂੰ ਨਾ ਦੱਸਣਾ।
10ਅਤੇ ਓਹ ਇਸ ਗੱਲ ਨੂੰ ਆਪਣੇ ਹੀ ਵਿੱਚ ਰੱਖ ਕੇ ਇੱਕ ਦੂਏ ਨਾਲ ਚਰਚਾ ਕਰਨ ਲੱਗੇ ਭਈ ਮੁਰਦਿਆਂ ਵਿੱਚੋਂ ਜੀ ਉੱਠਣਾ ਹੈ ਕੀ?
11ਅਰ ਉਨ੍ਹਾਂ ਉਸ ਅੱਗੇ ਅਰਜ਼ ਕੀਤੀ ਕਿ ਗ੍ਰੰਥੀਂ ਕਿਉਂ ਆਖਦੇ ਹਨ ਜੋ ਏਲੀਯਾਹ ਦਾ ਪਹਿਲਾਂ ਆਉਣਾ ਜਰੂਰ ਹੈ?
12ਉਸ ਨੇ ਉਨ੍ਹਾਂ ਨੂੰ ਕਿਹਾ ਏਲੀਯਾਹ ਤਾਂ ਠੀਕ ਪਹਿਲਾਂ ਆਣ ਕੇ ਸੱਭੋ ਕੁਝ ਮੁੜ ਸੁਆਰੇਗਾ ਪਰ ਮਨੁੱਖ ਦੇ ਪੁੱਤ੍ਰ ਦੇ ਹੱਕ ਵਿੱਚ ਕਿੱਕੁਰ ਲਿਖਿਆ ਹੈ ਜੋ ਉਹ ਬਹੁਤ ਦੁਖ ਝੱਲੇਗਾ ਅਤੇ ਤੁੱਛ ਗਿਣਿਆ ਜਾਵੇਗਾ?
13ਪਰ ਮੈਂ ਤੁਹਾਨੂੰ ਆਖਦਾ ਹਾਂ ਭਈ ਏਲੀਯਾਹ ਆ ਵੀ ਚੁੱਕਿਆ, ਨਾਲੇ ਜਿਵੇਂ ਉਹ ਦੇ ਹੱਕ ਵਿੱਚ ਲਿਖਿਆ ਹੈ, ਉਨ੍ਹਾਂ ਉਹ ਦੇ ਨਾਲ ਜੋ ਚਾਹਿਆ ਸੋਈ ਕੀਤਾ।
14ਜਾਂ ਓਹ ਚੇਲਿਆਂ ਦੇ ਕੋਲ ਆਏ ਤਾਂ ਉਨ੍ਹਾਂ ਦੇ ਚੁਫੇਰੇ ਵੱਡੀ ਭੀੜ ਅਰ ਉਨ੍ਹਾਂ ਨਾਲ ਗ੍ਰੰਥੀਂਆਂ ਨੂੰ ਝਗੜਾ ਕਰਦੇ ਡਿੱਠਾ।
15ਅਤੇ ਝੱਟ ਸਾਰੀ ਭੀੜ ਉਹ ਨੂੰ ਵੇਖ ਕੇ ਹੈਰਾਨ ਹੋਈ ਅਤੇ ਲੋਕਾਂ ਨੇ ਉਹ ਦੇ ਕੋਲ ਦੌੜ ਕੇ ਉਹ ਨੂੰ ਪਰਨਾਮ ਕੀਤਾ।
16ਤਦ ਉਸ ਨੇ ਉਨ੍ਹਾਂ ਨੂੰ ਪੁੱਛਿਆ, ਤੁਸੀਂ ਇਨ੍ਹਾਂ ਨਾਲ ਕੀ ਝਗੜਾ ਕਰਦੇ ਹੋ?
17ਤਾਂ ਭੀੜ ਵਿੱਚੋਂ ਇੱਕ ਨੇ ਉਹ ਨੂੰ ਉੱਤਰ ਦਿੱਤਾ, ਗੁਰੂ ਜੀ, ਮੈਂ ਆਪਣਾ ਪੁੱਤ੍ਰ ਜਿਹ ਨੂੰ ਗੁੰਗੀ ਰੂਹ ਚਿੰਬੜੀ ਹੋਈ ਹੈ ਤੇਰੇ ਕੋਲ ਲਿਆਇਆ।
18ਅਰ ਉਹ ਜਿੱਥੇ ਕਿਤੇ ਉਸ ਨੂੰ ਫੜਦੀ ਹੈ ਉਸ ਨੂੰ ਪਟਕਾ ਦਿੰਦੀ ਹੈ ਅਤੇ ਉਹ ਝੱਗ ਛੱਡਦਾ ਅਤੇ ਦੰਦ ਪੀਂਹਦਾ ਅਤੇ ਸੁੱਕਦਾ ਜਾਂਦਾ ਹੈ ਅਰ ਮੈਂ ਤੇਰੇ ਚੇਲਿਆਂ ਨੂੰ ਕਿਹਾ ਸੀ ਜੋ ਓਹ ਉਸ ਨੂੰ ਕੱਢ ਦੇਣ ਪਰ ਓਹ ਨਾ ਕੱਢ ਸੱਕੇ।
19ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਹੇ ਬੇ ਪਰਤੀਤ ਪੀਹੜੀ, ਕਦ ਤੋੜੀ ਮੈਂ ਤੁਹਾਡੇ ਸੰਗ ਰਹਾ���ਗਾ? ਕਦ ਤੋੜੀ ਤੁਹਾਡੀ ਸਹਾਂਗਾ? ਉਹ ਨੂੰ ਮੇਰੇ ਕੋਲ ਲਿਆਓ!
20ਓਹ ਉਹ ਨੂੰ ਉਸ ਦੇ ਕੋਲ ਲਿਆਏ ਅਰ ਜਾਂ ਉਸ ਨੇ ਉਹ ਨੂੰ ਵੇਖਿਆ ਤਾਂ ਰੂਹ ਨੇ ਉਸੇ ਵੇਲੇ ਉਹ ਨੂੰ ਵੱਡਾ ਮਰੋੜਿਆ ਅਤੇ ਉਹ ਭੁਞੇਂ ਡਿੱਗ ਪਿਆ ਅਰ ਝੱਗ ਛੱਡਦਾ ਹੋਇਆ ਲੇਟਣ ਲੱਗਾ।
21ਉਸ ਨੇ ਉਹ ਦੇ ਪਿਉ ਨੂੰ ਪੁੱਛਿਆ, ਕਿੰਨੇ ਕੁ ਚਿਰ ਤੋਂ ਇਹ ਉਸ ਨੂੰ ਹੋਇਆ? ਉਹ ਬੋਲਿਆ, ਛੋਟੇ ਹੁੰਦਿਆਂ ਹੀ ਤੋਂ ।
22ਅਤੇ ਕਈ ਵਾਰੀ ਉਸ ਨੇ ਇਹ ਨੂੰ ਅੱਗ ਵਿੱਚ ਅਰ ਪਾਣੀ ਵਿੱਚ ਭੀ ਸੁੱਟਿਆ ਹੈ ਭਈ ਇਹ ਦਾ ਨਾਸ ਕਰੇ ਪਰ ਜੇ ਤੁਸੀਂ ਕੁਝ ਕਰ ਸੱਕਦੇ ਹੋ ਤਾਂ ਸਾਡੇ ਉੱਤੇ ਤਰਸ ਖਾ ਕੇ ਸਾਡੀ ਸਹਾਇਤਾ ਕਰੋ।
23ਯਿਸੂ ਨੇ ਉਹ ਨੂੰ ਆਖਿਆ, ਜੇ ਤੁਸੀਂ ਕਰ ਸੱਕਦੇ ਹੋ! ਪਰਤੀਤ ਕਰਨ ਵਾਲੇ ਦੇ ਲਈ ਸੱਭੋ ਕੁਝ ਹੋ ਸੱਕਦਾ ਹੈ।
24ਉਸੇ ਵੇਲੇ ਉਸ ਬਾਲਕ ਦਾ ਪਿਉ ਉੱਚੀ ਅਵਾਜ਼ ਨਾਲ ਕਹਿਣ ਲੱਗਾ, ਮੈਂ ਪਰਤੀਤ ਕਰਦਾ ਹਾਂ, ਤੁਸੀਂ ਮੇਰੀ ਬੇ ਪਰਤੀਤੀ ਦਾ ਉਪਾਉ ਕਰੋ!
25ਜਦ ਯਿਸੂ ਨੇ ਵੇਖਿਆ ਕਿ ਲੋਕ ਦੌੜ ਕੇ ਇਕੱਠੇ ਹੁੰਦੇ ਜਾਂਦੇ ਹਨ ਤਦ ਉਹ ਨੇ ਭਰਿਸ਼ਟ ਰੂਹ ਨੂੰ ਝਿੜਕਿਆ ਅਤੇ ਉਸ ਨੂੰ ਕਿਹਾ, ਹੇ ਗੁੰਗੀ ਬੋਲੀ ਰੂਹ ਮੈਂ ਤੈਨੂੰ ਹੁਕਮ ਕਰਦਾ ਹਾਂ ਜੋ ਇਸ ਵਿੱਚੋਂ ਨਿੱਕਲ ਜਾਹ ਅਤੇ ਫੇਰ ਕਦੇ ਇਸ ਵਿੱਚ ਨਾ ਵੜੀਂ !
26ਤਾਂ ਉਹ ਚੀਕ ਮਾਰ ਕੇ ਅਰ ਉਸ ਨੂੰ ਮਰੋੜ ਮਰਾੜ ਕੇ ਉਸ ਵਿੱਚੋਂ ਨਿੱਕਲ ਗਈ ਅਤੇ ਉਹ ਬਾਲਕ ਮੁਰਦਾ ਜਿਹਾ ਹੋ ਗਿਆ ਐਥੋਂ ਤੋੜੀ ਜੋ ਬਹੁਤਿਆਂ ਨੇ ਆਖਿਆ, ਉਹ ਮਰ ਗਿਆ !
27ਪਰ ਯਿਸੂ ਨੇ ਉਹ ਦਾ ਹੱਥ ਫੜ ਕੇ ਉਹ ਨੂੰ ਉਠਾ ਲਿਆ ਅਤੇ ਉਹ ਉੱਠ ਖੜਾ ਹੋਇਆ।
28ਜਾਂ ਯਿਸੂ ਘਰ ਵਿੱਚ ਆਇਆ ਤਾਂ ਉਹ ਦੇ ਚੇਲਿਆਂ ਨੇ ਨਿਰਾਲੇ ਵਿੱਚ ਉਹ ਦੇ ਕੋਲ ਅਰਜ਼ ਕੀਤੀ ਕਿ ਅਸੀਂ ਉਹ ਨੂੰ ਕਿਉਂ ਨਾ ਕੱਢ ਸੱਕੇ?
29ਉਸ ਨੇ ਉਨ੍ਹਾਂ ਨੂੰ ਕਿਹਾ ਕਿ ਇਸ ਪਰਕਾਰ ਦੀ ਪ੍ਰਾਰਥਨਾ ਬਿਨਾ ਕਿਸੇ ਹੋਰ ਤਰਾਂ ਨਹੀਂ ਨਿੱਕਲ ਸੱਕਦੀ।
30ਫੇਰ ਓਹ ਉੱਥੋਂ ਤੁਰ ਪਏ ਅਰ ਗਲੀਲ ਵਿੱਚੋਂ ਦੀ ਲੰਘ ਗਏ ਅਤੇ ਉਹ ਨਹੀਂ ਚਾਹੁੰਦਾ ਸੀ ਜੋ ਕਿਸੇ ਨੂੰ ਖਬਰ ਹੋਵੇ।
31ਇਸ ਲਈ ਕਿ ਉਹ ਆਪਣੇ ਚੇਲਿਆਂ ਨੂੰ ਸਿਖਾਲਦਾ ਅਰ ਉਨ੍ਹਾਂ ਨੂੰ ਆਖਦਾ ਸੀ ਭਈ ਮਨੁੱਖ ਦਾ ਪੁੱਤ੍ਰ ਮਨੁੱਖਾਂ ਦੇ ਹੱਥੀਂ ਫੜਵਾਇਆ ਜਾਂਦਾ ਹੈ ਅਤੇ ਓਹ ਉਸ ਨੂੰ ਮਾਰ ਸੁੱਟਣਗੇ ਅਰ ਮਾਰੇ ਜਾਣ ਤੋਂ ਤਿੰਨ ਦਿਨ ਪਿੱਛੋਂ ਉਹ ਫੇਰ ਜੀ ਉੱਠੇਗਾ।
32ਉਨ੍ਹਾਂ ਨੇ ਇਹ ਗੱਲ ਨਾ ਸਮਝੀ ਪਰ ਉਹ ਦੇ ਪੁੱਛਣ ਤੋਂ ਡਰਦੇ ਸਨ।
33ਫੇਰ ਓਹ ਕਫ਼ਰਨਾਹੂਮ ਵਿੱਚ ਆਏ ਅਤੇ ਜਾਂ ਉਹ ਘਰ ਵਿੱਚ ਸੀ ਉਸ ਨੇ ਉਨ੍ਹਾਂ ਨੂੰ ਪੁੱਛਿਆ, ਤੁਸੀਂ ਰਾਹ ਵਿੱਚ ਕੀ ਗੱਲਾਂ ਬਾਤਾਂ ਕਰਦੇ ਸਾਓ?
34ਪਰ ਓਹ ਚੁੱਪ ਹੀ ਰਹੇ ਇਸ ਲਈ ਜੋ ਉਨ੍ਹਾਂ ਨੇ ਰਾਹ ਵਿੱਚ ਇੱਕ ਦੂਏ ਨਾਲ ਬਹਿਸ ਕੀਤੀ ਸੀ ਜੋ ਵੱਡਾ ਕਿਹੜਾ ਹੈ?
35ਫੇਰ ਉਹ ਨੇ ਬੈਠ ਕੇ ਉਨ੍ਹਾਂ ਬਾਰਾਂ ਨੂੰ ਸੱਦਿਆ ਅਤੇ ਉਨ੍ਹਾਂ ਨੂੰ ਆਖਿਆ, ਜੇ ਕੋਈ ਪਹਿਲਾ ਹੋਣਾ ਚਾਹੇ ਤਾਂ ਉਹ ਸਭਨਾਂ ਤੋਂ ਪਿੱਛਲਾ ਅਤੇ ਸਭਨਾਂ ਦਾ ਟਹਿਲੂਆ ਹੋਵੇ।
36ਅਤੇ ਇੱਕ ਛੋਟੇ ਬਾਲਕ ਨੂੰ ਲੈ ਕੇ ਉਸ ਨੂੰ ਉਨ੍ਹਾਂ ਦੇ ਵਿਚਾਲੇ ਖੜਾ ਕੀਤਾ। ਫੇਰ ਉਸ ਨੂੰ ਕੁੱਛੜ ਚੁੱਕ ਕੇ ਉਨ੍ਹਾਂ ਨੂੰ ਕਿਹਾ,
37ਜੋ ਕੋਈ ਮੇਰੇ ਨਾਮ ਕਰਕੇ ਅਜਿਹਿਆਂ ਬਾਲਕਾਂ ਵਿੱਚੋਂ ਇੱਕ ਨੂੰ ਕਬੂਲ ਕਰੇ ਸੋ ਮੈਨੂੰ ਕਬੂਲ ਕਰਦਾ ਹੈ ਅਤੇ ਜੋ ਕੋਈ ਮੈਨੂੰ ਕਬੂਲ ਕਰੇ ਸੋ ਮੈਨੂੰ ਨਹੀਂ ਸਗੋਂ ਮੇਰੇ ਭੇਜਣ ਵਾਲੇ ਨੂੰ ਕਬੂਲ ਕਰਦਾ ਹੈ।
38ਯੂਹੰਨਾ ਨੇ ਉਹ ਨੂੰ ਆਖਿਆ, ਗੁਰੂ ਜੀ, ਅਸੀਂ ਇੱਕ ਨੂੰ ਤੇਰੇ ਨਾਮ ਨਾਲ ਭੂਤ ਕੱਢਦੇ ਵੇਖਿਆ ਅਤੇ ਉਹ ਨੂੰ ਵਰਜਿਆ ਇਸ ਲਈ ਜੋ ਉਹ ਸਾਡੇ ਪਿੱਛੇ ਨਹੀਂ ਸੀ ਚੱਲਦਾ।
39ਪਰ ਯਿਸੂ ਨੇ ਕਿਹਾ, ਉਹ ਨੂੰ ਨਾ ਵਰਜੋ ਕਿਉਂਕਿ ਅਜਿਹਾ ਕੋਈ ਨਹੀਂ ਜੋ ਮੇਰਾ ਨਾਮ ਲੈ ਕੇ ਕਰਾਮਾਤ ਕਰੇ ਅਰ ਓਵੇਂ ਮੈਨੂੰ ਬੁਰਾ ਕਹਿ ਸੱਕੇ।
40ਜਿਹੜਾ ਸਾਡੇ ਵਿੱਰੁਧ ਨਹੀਂ ਉਹ ਸਾਡੀ ਵੱਲ ਹੈ।
41ਇਸ ਲਈ ਕਿ ਜਿਹੜਾ ਤੁਹਾਨੂੰ ਇੱਕ ਕਟੋਰਾ ਪਾਣੀ ਦਾ ਪੀਣ ਨੂੰ ਦੇਵੇ ਇਸ ਕਰਕੇ ਜੋ ਤੁਸੀਂ ਮਸੀਹ ਦੇ ਹੋ ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਉਹ ਆਪਣਾ ਫਲ ਪਾਏ ਬਿਨਾ ਕਦੇ ਨਾ ਰਹੇਗਾ।
42ਅਤੇ ਜੋ ਕੋਈ ਏਹਨਾਂ ਛੋਟਿਆਂ ਵਿੱਚੋਂ ਜਿਹੜੇ ਮੇਰੇ ਉੱਤੇ ਨਿਹਚਾ ਕਰਦੇ ਹਨ ਇੱਕ ਨੂੰ ਠੋਕਰ ਖੁਆਵੇ ਉਹ ਦੇ ਲਈ ਭਲਾ ਹੁੰਦਾ ਜੇ ਖਰਾਸ ਦਾ ਪੁੜ ਉਹ ਦੇ ਗਲ ਵਿੱਚ ਬੰਨਿਆ ਜਾਂਦਾ ਅਤੇ ਉਹ ਸਮੁੰਦਰ ਵਿੱਚ ਸੁੱਟਿਆ ਜਾਂਦਾ! ਅਰ ਜੇ ਤੇਰਾ ਹੱਥ ਤੈਨੂੰ ਠੋਕਰ ਖੁਆਵੇ ਤਾਂ ਉਹ ਨੂੰ ਵੱਢ ਸੁੱਟ।
44ਟੁੰਡਾ ਹੋ ਕੇ ਜੀਉਣ ਵਿੱਚ ਵੜਨਾ ਤੇਰੇ ਲਈ ਇਸ ਨਾਲੋਂ ਭਲਾ ਹੈ ਜੋ ਦੋ ਹੱਥ ਹੁੰਦਿਆਂ ਤੂੰ ਨਰਕ ਵਿੱਚ ਉਸ ਅੱਗ ਵਿੱਚ ਜਾਵੇਂ ਜਿਹੜੀ ਬੁੱਝਣ ਵਾਲੀ ਨਹੀਂ।
45ਅਤੇ ਜੇ ਤੇਰਾ ਪੈਰ ਤੈਨੂੰ ਠੋਕਰ ਖੁਆਵੇ ਤਾਂ ਉਹ ਨੂੰ ਵੱਢ ਸੁੱਟ। ਲੰਙਾਂ ਹੋ ਕੇ ਜੀਉਣ ਵਿੱਚ ਵੜਨਾ ਤੇਰੇ ਲਈ ਇਸ ਨਾਲੋਂ ਭਲਾ ਹੈ ਜੋ ਦੋ ਪੈਰ ਹੁੰਦਿਆਂ ਤੂੰ ਨਰਕ ਵਿੱਚ ਸੁੱਟਿਆ ਜਾਵੇਂ।
47ਅਤੇ ਜੇ ਤੇਰੀ ਅੱਖ ਤੈਨੂੰ ਠੋਕਰ ਖੁਆਵੇ ਤਾਂ ਉਹ ਨੂੰ ਕੱਢ ਸੁੱਟ। ਕਾਣਾ ਹੋ ਕੇ ਪਰਮੇਸ਼ੁਰ ਦੇ ਰਾਜ ਵਿੱਚ ਵੜਨਾ ਤੇਰੇ ਲਈ ਇਸ ਨਾਲੋਂ ਭਲਾ ਹੈ ਜੋ ਦੋ ਅੱਖਾਂ ਹੁੰਦਿਆਂ ਤੂੰ ਨਰਕ ਵਿੱਚ ਸੁੱਟਿਆ ਜਾਵੇਂ। 48 ਜਿੱਥੇ ਉਨ੍ਹਾਂ ਦਾ ਕੀੜਾ ਨਹੀਂ ਮਰਦਾ ਅਤੇ ਅੱਗ ਨਹੀਂ ਬੁਝਦੀ। 49 ਕਿਉਂਕਿ ਹਰ ਕੋਈ ਅੱਗ ਨਾਲ ਸਲੂਣਾ ਕੀਤਾ ਜਾਵੇਗਾ। 50 ਲੂਣ ਅੱਛਾ ਹੈ ਪਰ ਜੇ ਲੂਣ ਬੇ ਸੁਆਦ ਹੋ ਜਾਏ ਤਾਂ ਤੁਸੀਂ ਉਹ ਨੂੰ ਕਾਸ ਨਾਲ ਸੁਆਦੀ ਕਰੋਗੇ? ਆਪਣੇ ਵਿੱਚ ਲੂਣ ਰੱਖੋ ਅਤੇ ਇੱਕ ਦੂਏ ਨਾਲ ਮਿਲੇ ਰਹੋ।