Loading Bible Translation
First-time download in progress. This may take a few seconds…
Punjabi Bible Wordproject Bible
16 verses
1ਮਿਰਯਮ ਅਤੇ ਹਾਰੂਨ ਨੇ ਮੂਸਾ ਦੇ ਵਿਰੁੱਧ ਉਸ ਕੂਸ਼ੀ ਤੀਵੀਂ ਦੇ ਕਾਰਨ ਜਿਹ ਨੂੰ ਉਸ ਨੇ ਵਿਆਹ ਲਿਆ ਸੀ ਗੱਲਾਂ ਕੀਤੀਆਂ ਕਿਉਂ ਜੋ ਉਸ ਨੇ ਕੂਸ਼ੀ ਤੀਵੀਂ ਨਾਲ ਵਿਆਹ ਕਰ ਲਿਆ ਸੀ।
2ਉਨ੍ਹਾਂ ਨੇ ਆਖਿਆ ਕਿ ਭਲਾ, ਯਹੋਵਾਹ ਨੇ ਮੂਸਾ ਨਾਲ ਹੀ ਗੱਲਾਂ ਕੀਤੀਆਂ ਹਨ ਅਤੇ ਸਾਡੇ ਨਾਲ ਗੱਲਾਂ ਨਹੀ ਕੀਤੀਆਂ? ਤਾਂ ਯਹੋਵਾਹ ਨੇ ਸੁਣਿਆ।
3ਅਤੇ ਉਹ ਮਰਦ ਮੂਸਾ ਸਾਰਿਆਂ ਆਦਮੀਆਂ ਨਾਲੋਂ ਜਿਹੜੇ ਪ੍ਰਿਥਵੀ ਉੱਤੇ ਸਨ ਬਹੁਤ ਅਧੀਨ ਸੀ।
4ਫੇਰ ਯਹੋਵਾਹ ਨੇ ਅਚਣਚੇਤ ਮੂਸਾ, ਹਾਰੂਨ ਅਰ ਮਿਰਯਮ ਨੂੰ ਆਖਿਆ, ਤੁਸੀਂ ਤਿੰਨੇਂ ਮੰਡਲੀ ਦੇ ਤੰਬੂ ਕੋਲ ਆ ਜਾਓ, ਸੋ ਓਹ ਤਿੰਨੇਂ ਬਾਹਰ ਗਏ।
5ਤਾਂ ਯਹੋਵਾਹ ਬੱਦਲ ਦੇ ਥੰਮ੍ਹ੍ ਵਿੱਚ ਉੱਤਰਿਆ ਅਤੇ ਤੰਬੂ ਦੇ ਦਰਵੱਜੇ ਉੱਤੇ ਖਲੋ ਗਿਆ। ਜਾਂ ਹਾਰੂਨ ਅਤੇ ਮਿਰਯਮ ਨੂੰ ਸੱਦਿਆ ਤਾਂ ਓਹ ਦੋਵੇਂ ਬਾਹਰ ਆਏ।
6ਉਸ ਆਖਿਆ, ਮੇਰੀਆਂ ਗੱਲਾਂ ਸੁਣੋ। ਜੇ ਤੁਹਾਡੇ ਵਿੱਚ ਕੋਈ ਨਬੀ ਹੋਵੇ ਤਾਂ ਮੈਂ ਯਹੋਵਾਹ ਆਪਣੇ ਆਪ ਨੂੰ ਦਰਸ਼ਨ ਵਿੱਚ ਉਸ ਉੱਤੇ ਪਰਗਟ ਕਰਾਂਗਾ ਅਤੇ ਸੁਫ਼ਨੇ ਵਿੱਚ ਮੈ ਉਹ ਦੇ ਨਾਲ ਬੋਲਾਂਗਾ।
7ਮੇਰਾ ਦਾਸ ਮੂਸਾ ਇਹੋ ਜਿਹਾ ਨਹੀਂ। ਉਹ ਮੇਰੇ ਸਾਰੇ ਘਰ ਵਿੱਚ ਅਤਬਾਰ ਵਾਲਾ ਹੈ।
8ਮੈਂ ਉਹ ਦੇ ਨਾਲ ਆਹਮੋ ਸਾਹਮਣੇ ਖੁੱਲ੍ਹ ਕੇ ਗੱਲਾਂ ਕਰਾਂਗਾ, ਬੁਝਾਰਤਾਂ ਵਿੱਚ ਨਹੀਂ, ਅਤੇ ਉਹ ਯਹੋਵਾਹ ਦਾ ਸਰੂਪ ਵੇਖੇਗਾ। ਫੇਰ ਤੁਸੀਂ ਮੇਰੇ ਦਾਸ ਮੂਸਾ ਦੇ ਵਿਰੁੱਧ ਬੋਲਣ ਤੋਂ ਕਿਉਂ ਨਾ ਡਰੇ?।
9ਤਦ ਯਹੋਵਾਹ ਦਾ ਕ੍ਰੋਧ ਉਨ੍ਹਾਂ ਉੱਤੇ ਭੜਕਿਆ ਅਤੇ ਉਹ ਚਲਿਆ ਗਿਆ।
10ਜਦ ਬੱਦਲ ਤੰਬੂ ਦੇ ਉੱਤੋਂ ਉੱਠ ਗਿਆ ਤਾਂ ਵੇਖੋ ਮਿਰਯਮ ਕੋੜ੍ਹਨ ਅਤੇ ਬਰਫ਼ ਵਾਂਙੁ ਹੋ ਗਈ। ਤਾਂ ਹਾਰੂਨ ਨੇ ਮਿਰਯਮ ਨੂੰ ਡਿੱਠਾ ਅਤੇ ਵੇਖੋ ਉਹ ਕੋੜ੍ਹਨ ਹੋ ਗਈ ਸੀ!।
11ਉਪਰੰਤ ਹਾਰੂਨ ਨੇ ਮੂਸਾ ਨੂੰ ਆਖਿਆ, ਹੇ ਮੇਰੇ ਸੁਆਮੀ ਜੀ, ਏਹ ਪਾਪ ਸਾਡੇ ਉੱਤੇ ਨਾ ਲਾਓ ਜੋ ਅਸਾਂ ਮੂਰਖਤਾਈ ਨਾਲ ਕੀਤਾ ਅਤੇ ਜਿਸ ਤੋਂ ਅਸੀ ਪਾਪੀ ਹੋਏ ਹਾਂ।
12ਉਸ ਨੂੰ ਮੁਰਦੇ ਜਿਹਾ ਨਾ ਹੋਣ ਦੇਹ ਜਿਹ ਦਾ ਸਰੀਰ ਜਮਾਂਦਰੂ ਹੀ ਅੱਧਾ ਗਲਿਆ ਹੋਇਆ ਹੋਵੇ।
13ਤਾਂ ਮੂਸਾ ਨੇ ਯਹੋਵਾਹ ਅੱਗੇ ਦੁਹਾਈ ਦਿੱਤੀ ਕਿ ਹੇ ਪਰਮੇਸ਼ੁਰ, ਮੇਰੀ ਮਿੰਨਤ ਹੈ,ਉਹ ਨੂੰ ਚੰਗਾ ਕਰ।
14ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, ਜੇ ਉਹ ਦੇ ਪਿਤਾ ਨੇ ਨਿਰਾ ਉਹ ਦੇ ਮੂੰਹ ਉੱਤੇ ਹੀ ਥੁੱਕਿਆ ਹੁੰਦਾ ਤਾਂ ਕੀ ਉਹ ਨੂੰ ਸੱਤਾਂ ਦਿਨਾਂ ਤੀਕ ਲਾਜ ਨਾ ਆਉਂਦੀ? ਉਹ ਸੱਤਾਂ ਦਿਨਾਂ ਤੀਕ ਡੇਰੇ ਤੋਂ ਬਾਹਰ ਬੰਦ ਰਹੇ ਤਾਂ ਉਸ ਦੇ ਮਗਰੋਂ ਉਹ ਫੇਰ ਅੰਦਰ ਆਵੇ।
15ਸੋ ਮਿਰਯਮ ਸੱਤਾਂ ਦਿਨਾਂ ਤੀਕ ਡੇਰੇ ਤੋਂ ਬਾਹਰ ਬੰਦ ਰਹੀ ਅਤੇ ਪਰਜਾ ਨੇ ਉਹ ਦੇ ਅੰਦਰ ਆਉਣ ਤੀਕ ਕੂਚ ਨਾ ਕੀਤਾ।
16ਏਸ ਦੇ ਮਗਰੋਂ ਪਰਜਾ ਨੇ ਹਸੇਰੋਥ ਤੋਂ ਕੂਚ ਕੀਤਾ ਅਤੇ ਪਾਰਾਨ ਦੀ ਉਜਾੜ ਵਿੱਚ ਡੇਰੇ ਲਾਏ।