Loading Bible Translation
First-time download in progress. This may take a few seconds…
Punjabi Bible Wordproject Bible
33 verses
1ਯਹੋਵਾਹ ਮੂਸਾ ਨੂੰ ਬੋਲਿਆ,
2ਤੂੰ ਮਨੁੱਖ ਘੱਲ ਕਿ ਓਹ ਕਨਾਨ ਦੇਸ ਦੀ ਖੋਜ ਕੱਢਣ ਜਿਹੜਾ ਮੈਂ ਇਸਰਾਏਲੀਆਂ ਨੂੰ ਦਿੰਦਾ ਹਾਂ। ਉਨ੍ਹਾਂ ਦੇ ਪਿਉ ਦਾਦਿਆਂ ਦਿਆਂ ਗੋਤਾਂ ਤੋਂ ਇੱਕ ਇੱਕ ਮਨੁੱਖ ਜਿਹੜਾ ਉਨ੍ਹਾਂ ਵਿੱਚ ਪਰਧਾਨ ਹੋਵੇ ਤੁਸੀਂ ਘੱਲੋ।
3ਸੋ ਮੂਸਾ ਨੇ ਉਨ੍ਹਾਂ ਨੂੰ ਪਾਰਾਨ ਦੀ ਉਜਾੜ ਤੋਂ ਯਹੋਵਾਹ ਦੇ ਹੁਕਮ ਅਨੁਸਾਰ ਘੱਲਿਆ। ਏਹ ਸਾਰੇ ਮਨੁੱਖ ਇਸਰਾਏਲੀਆਂ ਦੇ ਮੁਖੀਏ ਸਨ।
4ਅਤੇ ਏਹ ਉਨ੍ਹਾਂ ਦੇ ਨਾਉਂ ਸਨ,—ਰਊਬੇਨ ਦੇ ਗੋਤ ਤੋਂ ਜ਼ਕੂਰ ਦਾ ਪੁੱਤ੍ਰ ਸ਼ੰਮੂਆ।
5ਸ਼ਿਮਓਨ ਦੇ ਗੋਤ ਤੋਂ ਹੋਰੀ ਦਾ ਪੁੱਤ੍ਰ ਸ਼ਾਫ਼ਾਟ।
6ਯਹੂਦਾਹ ਦੇ ਗੋਤ ਤੋਂ ਯਫ਼ੂੰਨਹ ਦਾ ਪੁੱਤ੍ਰ ਕਾਲੇਬ।
7ਯਿੱਸਾਕਾਰ ਦੇ ਗੋਤ ਤੋਂ ਯੂਸੁਫ਼ ਦਾ ਪੁੱਤ੍ਰ ਯਿਗਾਲ।
8ਅਫ਼ਰਈਮ ਦੇ ਗੋਤ ਤੋਂ ਨੂਨ ਦਾ ਪੁੱਤ੍ਰ ਹੋਸ਼ੇਆ।
9ਬਿਨਯਾਮੀਨ ਦੇ ਗੋਤ ਤੋਂ ਰਾਫ਼ੂ ਦਾ ਪੁੱਤ੍ਰ ਪਲਟੀ।
10ਜ਼ਬੂਲੁਨ ਦੇ ਗੋਤ ਤੋਂ ਸੋਦੀ ਦਾ ਪੁੱਤ੍ਰ ਗੱਦੀਏਲ।
11ਯੂਸੁਫ਼ ਦੇ ਗੋਤ ਤੋਂ ਅਰਥਾਤ ਮਨੱਸ਼ਹ ਦੇ ਗੋਤ ਤੋਂ ਸੂਸੀ ਦਾ ਪੁੱਤ੍ਰ ਗੱਦੀ।
12ਦਾਨ ਦੇ ਗੋਤ ਤੋਂ ਗਮੱਲੀ ਦਾ ਪੁੱਤ੍ਰ ਅੰਮੀਏਲ।
13ਆਸ਼ੇਰ ਦੇ ਗੋਤ ਤੋਂ ਮੀਕਾਏਲ ਦਾ ਪੁੱਤ੍ਰ ਸਥੂਰ।
14ਨਫ਼ਤਾਲੀ ਦੇ ਗੋਤ ਤੋਂ ਵਾਫ਼ਸੀ ਦਾ ਪੁੱਤ੍ਰ ਨਹਬੀ।
15ਗਾਦ ਦੇ ਗੋਤ ਤੋਂ ਮਾਕੀ ਦਾ ਪੁੱਤ੍ਰ ਗਊਏਲ।
16ਏਹ ਉਨ੍ਹਾਂ ਮਨੁੱਖਾਂ ਦੇ ਨਾਉਂ ਹਨ ਜਿਨ੍ਹਾਂ ਨੂੰ ਮੂਸਾ ਨੇ ਦੇਸ ਦਾ ਖੋਜ ਕੱਢਣ ਲਈ ਘੱਲਿਆ ਅਤੇ ਮੂਸਾ ਨੇ ਨੂਨ ਦੇ ਪੁੱਤ੍ਰ ਹੋਸ਼ੇਆ ਦਾ ਨਾਉਂ ਯਹੋਸ਼ੁਆ ਰੱਖਿਆ।
17ਸੋ ਮੂਸਾ ਨੇ ਉਨ੍ਹਾਂ ਨੂੰ ਕਨਾਨ ਦੇਸ ਦੇ ਖੋਜ ਕੱਢਣ ਲਈ ਘੱਲਿਆ ਅਤੇ ਉਨ੍ਹਾਂ ਨੂੰ ਆਖਿਆ, ਐਧਰ ਦੱਖਣ ਵੱਲ ਉੱਪਰ ਨੂੰ ਜਾਓ ਅਤੇ ਪਹਾੜ ਉੱਤੇ ਚੜ੍ਹੇ।
18ਅਤੇ ਦੇਸ ਨੂੰ ਵੇਖੋ ਭਈ ਉਹ ਕੇਹੋ ਜਿਹਾ ਹੈ ਨਾਲੇ ਓਹ ਲੋਕ ਜਿਹੜੇ ਉਸ ਵਿੱਚ ਵੱਸਦੇ ਹਨ ਤਕੜੇ ਹਨ ਯਾ ਮਾੜੇ ਹਨ ਅਤੇ ਥੋੜੇ ਹਨ ਯਾ ਬਹੁਤੇ ਹਨ।
19ਅਤੇ ਉਹ ਧਰਤੀ ਕੇਹੋ ਜੇਹੀ ਹੈ ਜਿਹ ਦੇ ਵਿੱਚ ਓਹ ਵੱਸਦੇ ਹਨ, ਚੰਗੀ ਹੈ ਯਾ ਮਾੜੀ ਅਤੇ ਸ਼ਹਿਰ ਕੇਹੋ ਜਿਹੇ ਹਨ ਜਿਨ੍ਹਾਂ ਵਿੱਚ ਓਹ ਵੱਸਦੇ ਹਨ, ਤੰਬੂਆਂ ਵਾਲੇ ਹਨ ਯਾ ਗੜ੍ਹਾਂ ਵਾਲੇ।
20ਅਤੇ ਧਰਤੀ ਕੇਹੋ ਜਿਹੀ ਹੈ, ਫਲਦਾਰ ਯਾ ਬੰਜਰ ਅਤੇ ਉਹ ਦੇ ਵਿੱਚ ਬਿਰਛ ਹਨ ਕਿ ਨਹੀਂ। ਤੁਸੀਂ ਤਕੜੇ ਹੋਵੋ ਅਤੇ ਉਸ ਧਰਤੀ ਦੇ ਫਲ ਤੋਂ ਕੁਝ ਲਿਆਇਓ ਕਿਉਂ ਜੋ ਉਹ ਮੌਸਮ ਪਹਿਲੀ ਪੱਕੀ ਦਾਖ ਦਾ ਸੀ।
21ਸੋ ਉਨ੍ਹਾਂ ਉੱਪਰ ਜਾ ਕੇ ਧਰਤੀ ਦਾ ਖੋਜ ਕੱਢਿਆ ਸੀਨ ਦੀ ਉਜਾੜ ਤੋਂ ਰਹੋਬ ਤੀਕ ਜਿਹੜਾ ਹਮਾਥ ਦੇ ਰਾਹ ਉੱਤੇ ਹੈ।
22ਤਾਂ ਓਹ ਦੱਖਣ ਵੱਲ ਚੜ੍ਹੇ ਅਤੇ ਹਬਰੋਨ ਤੀਕ ਆਏ ਅਤੇ ਉੱਥੇ ਆਨਾਕ ਦੀ ਅੰਸ ਦੇ ਅਹੀਮਾਨ ਸ਼ੇਸ਼ਈ ਅਤੇ ਤਲਮਈ ਸਨ ਅਤੇ ਹਬਰੋਨ ਮਿਸਰ ਦੇ ਸੋਆਨ ਤੋਂ ਸੱਤ ਵਰ੍ਹੇ ਪਹਿਲਾਂ ਬਣਿਆ ਸੀ।
23ਫੇਰ ਓਹ ਅਸ਼ਕੋਲ ਦੀ ਦੂਣ ਤੀਕ ਆਏ ਅਤੇ ਉੱਥੇ ਦਾਖ ਦੇ ਗੁੱਛੇ ਦੀ ਟਹਿਣੀ ਤੋੜੀ ਅਤੇ ਉਹ ਨੂੰ ਇੱਕ ਲਾਠੀ ਉੱਤੇ ਦੋ ਮਨੁੱਖ ਚੁੱਕ ਕੇ ਲਿਆਏ ਨਾਲੇ ਅਨਾਰ ਅਤੇ ਹਜੀਰਾਂ ਲਿਆਏ।
24ਅਤੇ ਉਸ ਗੁੱਛੇ ਦੇ ਕਾਰਨ ਜਿਹੜਾ ਇਸਰਾਏਲੀਆਂ ਨੇ ਉੱਥੋਂ ਤੋੜਿਆ ਸੀ ਉਸ ਥਾਂ ਦਾ ਨਾਉਂ ਅਸ਼ਕੋਲ ਦੀ ਦੂਣ ਪੈ ਗਿਆ।
25ਤਾਂ ਓਹ ਉਸ ਦੇਸ ਦਾ ਖੋਜ ਕੱਢ ਕੇ ਚਾਲੀਆਂ ਦਿਨਾਂ ਪਿੱਛੋਂ ਮੁੜੇ।
26ਓਹ ਤੁਰ ਕੇ ਮੂਸਾ, ਹਾਰੂਨ ਅਤੇ ਇਸਰਾਏਲੀਆਂ ਦੀ ਸਾਰੀ ਮੰਡਲੀ ਕੋਲ ਪਾਰਾਨ ਦੀ ਉਜਾੜ ਵਿੱਚ ਕਾਦੇਸ਼ ਕੋਲ ਆਏ ਅਤੇ ਸਾਰੀ ਮੰਡਲੀ ਲਈ ਖਬਰ ਲਿਆਏ ਨਾਲੇ ਉਸ ਧਰਤੀ ਦਾ ਫਲ ਵਿਖਾਇਆ।
27ਅਤੇ ਉਨ੍ਹਾਂ ਨੇ ਉਹ ਨੂੰ ਨਿਰਨਾ ਕਰ ਕੇ ਆਖਿਆ ਕਿ ਅਸੀਂ ਉਸ ਦੇਸ ਨੂੰ ਗਏ ਜਿੱਥੇ ਤੈਂ ਸਾਨੂੰ ਘੱਲਿਆ ਸੀ। ਉੱਥੇ ਸੱਚ ਮੁੱਚ ਦੁੱਧ ਅਤੇ ਸ਼ਹਿਤ ਵਗਦਾ ਹੈ ਅਤੇ ਏਹ ਉਹ ਦਾ ਫਲ ਹੈ।
28ਪਰੰਤੂ ਉਸ ਦੇਸ ਦੇ ਵਾਸੀ ਬਲਵਾਨ ਹਨ ਅਤੇ ਉਸ ਦੇ ਸ਼ਹਿਰ ਗੜ੍ਹਾਂ ਵਾਲੇ ਅਤੇ ਵੱਡੇ ਵੱਡੇ ਹਨ ਨਾਲੇ ਅਸੀਂ ਉੱਥੇ ਅਨਾਕ ਦੀ ਅੰਸ ਨੂੰ ਵੀ ਵੇਖਿਆ।
29ਉਸ ਦੇਸ ਦੇ ਦੱਖਣ ਵੱਲ ਅਮਾਲੇਕੀ ਵੱਸਦੇ ਹਨ ਅਤੇ ਹਿੱਤੀ, ਯਬੂਸੀ ਅਤੇ ਅਮੋਰੀ ਪਹਾੜ ਉੱਤੇ ਵੱਸਦੇ ਹਨ ਅਤੇ ਕਨਾਨੀ ਸਮੁੰਦਰ ਕੋਲ ਯਰਦਨ ਦੇ ਆਲੇ ਦੁਆਲੇ ਵੱਸਦੇ ਹਨ।
30ਤਾਂ ਕਾਲੇਬ ਨੇ ਮੂਸਾ ਦੇ ਅੱਗੇ ਪਰਜਾ ਨੂੰ ਚੁੱਪ ਕਰਾਇਆ ਅਤੇ ਆਖਿਆ, ਜਰੂਰ ਅਸੀਂ ਉੱਪਰ ਜਾਈਏ ਅਤੇ ਉਸ ਦੇਸ ਉੱਤੇ ਕਬਜ਼ਾ ਕਰੀਏ ਕਿਉਂ ਜੋ ਅਸੀਂ ਉਹ ਦੇ ਉੱਤੇ ਕਬਜ਼ਾ ਕਰ ਸੱਕਦੇ ਹਾਂ। ਅਸੀਂ ਜਰੂਰ ਹੀ ਉਹ ਦੇ ਉੱਤੇ ਕਬਜ਼ਾ ਕਰ ਸੱਕਦੇ ਹਾਂ!
31ਪਰ ਉਨ੍ਹਾਂ ਮਨੁੱਖਾਂ ਨੇ ਜਿਹੜੇ ਉਹ ਦੇ ਨਾਲ ਉੱਪਰ ਗਏ ਸਨ ਆਖਿਆ ਭਈ ਅਸੀਂ ਉਨ੍ਹਾਂ ਲੋਕਾਂ ਦੇ ਵਿਰੁੱਧ ਉੱਪਰ ਨਹੀਂ ਜਾ ਸੱਕਦੇ ਕਿਉਂ ਜੋ ਓਹ ਸਾਥੋਂ ਬਲਵਾਨ ਹਨ।
32ਓਹ ਇਸਰਾਏਲੀਆਂ ਕੋਲ ਉਸ ਦੇਸ ਦੀ ਬੁਰੀ ਖਬਰ ਲਿਆਏ ਜਿਹਦਾ ਉਨ੍ਹਾਂ ਨੇ ਖੋਜ ਕੱਢਿਆ ਸੀ ਅਤੇ ਆਖਣ ਲੱਗੇ ਕਿ ਜਿਸ ਦੇਸ ਦੇ ਵਿੱਚ ਦੀ ਅਸੀਂ ਲੰਘੇ ਭਈ ਉਸ ਦਾ ਖੋਜ ਕੱਢੀਏ ਅਜੇਹਾ ਦੇਸ ਹੈ ਜਿਹੜਾ ਆਪਣੇ ਵਾਸੀਆਂ ਨੂੰ ਖਾਂਦਾ ਹੈ ਨਾਲੇ ਸਾਰੇ ਲੋਕ ਜਿਨ੍ਹਾਂ ਨੂੰ ਅਸਾਂ ਉਸ ਵਿੱਚ ਵੇਖਿਆ ਵੱਡੇ ਵੱਡੇ ਕੱਦਾਂ ਵਾਲੇ ਮਨੁੱਖ ਹਨ।
33ਅਤੇ ਉੱਥੇ ਅਸਾਂ ਨਫੀਲੀਮ ਤੋਂ ਜਿਹੜੀ ਅਨਾਕ ਦੀ ਅੰਸ ਹੈ ਦੈਂਤ ਵੇਖੇ ਅਤੇ ਅਸੀਂ ਆਪਣੀ ਨਿਗਾਹ ਵਿੱਚ ਟਿੱਡਿਆਂ ਵਰਗੇ ਸਾਂ ਅਤੇ ਉਨ੍ਹਾਂ ਦੀ ਨਿਗਾਹ ਵਿੱਚ ਵੀ ਅਸੀਂ ਏਵੇਂ ਹੀ ਸਾਂ!