Loading Bible Translation
First-time download in progress. This may take a few seconds…
Punjabi Bible Wordproject Bible
29 verses
1ਇਸਰਾਏਲੀਆਂ ਦੀ ਸਾਰੀ ਮੰਡਲੀ ਪਹਿਲੇ ਮਹੀਨੇ ਸੀਨ ਦੀ ਉਜਾੜ ਵਿੱਚ ਆਈ ਅਤੇ ਪਰਜਾ ਕਾਦੇਸ਼ ਵਿੱਚ ਟਿਕ ਗਈ ਪਰ ਉੱਥੇ ਮਿਰਯਮ ਮਰ ਗਈ ਅਤੇ ਉੱਥੇ ਦੱਬ ਦਿੱਤੀ ਗਈ।
2ਉੱਥੇ ਮੰਡਲੀ ਲਈ ਪਾਣੀ ਨਹੀਂ ਸੀ ਤਾਂ ਉਹ ਮੂਸਾ ਦੇ ਵਿਰੁੱਧ ਅਤੇ ਹਾਰੂਨ ਦੇ ਵਿਰੁੱਧ ਇਕੱਠੀ ਹੋਈ।
3ਅਤੇ ਪਰਜਾ ਮੂਸਾ ਨਾਲ ਝਗੜਨ ਲੱਗੀ ਅਤੇ ਉਨ੍ਹਾਂ ਨੇ ਆਖਿਆ, ਭਲਾ ਹੁੰਦਾ ਜੇ ਅਸੀਂ ਪ੍ਰਾਣ ਤਿਆਗ ਦਿੰਦੇ ਜਦ ਸਾਡੇ ਭਰਾਵਾਂ ਨੇ ਯਹੋਵਾਹ ਅੱਗੇ ਪ੍ਰਾਣ ਤਿਆਗੇ ਸਨ!
4ਤੁਸੀਂ ਯਹੋਵਾਹ ਦੀ ਸਭਾ ਨੂੰ ਕਾਹਨੂੰ ਏਸ ਉਜਾੜ ਵਿੱਚ ਲੈ ਆਏ ਹੋ ਕਿ ਅਸੀਂ ਅਤੇ ਸਾਡੇ ਪਸੂ ਏਥੇ ਮਰੀਏ?
5ਤੁਸੀਂ ਕਾਹਨੂੰ ਸਾਨੂੰ ਮਿਸਰ ਤੋਂ ਉਤਾਹਾਂ ਲਿਆਏ? ਤੁਸਾਂ ਸਾਨੂੰ ਏਸ ਬੁਰੇ ਥਾਂ ਵਿੱਚ ਲਿਆਂਦਾ ਜਿੱਥੇ ਨਾ ਬੀ, ਨਾ ਹਜੀਰ, ਨਾ ਦਾਖ ਦੀ ਬੇਲ, ਨਾ ਅਨਾਰ, ਅਤੇ ਨਾ ਪੀਣ ਲਈ ਪਾਣੀ ਹੈ।
6ਤਾਂ ਮੂਸਾ ਅਤੇ ਹਾਰੂਨ ਸਭਾ ਦੇ ਅੱਗੋਂ ਮੰਡਲੀ ਦੇ ਤੰਬੂ ਦੇ ਦਰਵੱਜੇ ਕੋਲ ਜਾ ਕੇ ਮੂੰਹਾਂ ਭਾਰ ਡਿੱਗੇ ਤਾਂ ਯਹੋਵਾਹ ਦਾ ਪਰਤਾਪ ਉਨ੍ਹਾਂ ਉੱਤੇ ਪਰਗਟ ਹੋਇਆ।
7ਯਹੋਵਾਹ ਮੂਸਾ ਨੂੰ ਬੋਲਿਆ,
8ਢਾਂਗਾ ਲੈ ਕੇ ਮੰਡਲੀ ਨੂੰ ਇਕੱਠਾ ਕਰ, ਤੂੰ ਅਤੇ ਤੇਰਾ ਭਰਾ ਹਾਰੂਨ ਅਤੇ ਤੁਸੀਂ ਉਨ੍ਹਾਂ ਦੇ ਵੇਖਦਿਆਂ ਪੱਥਰੇਲੀ ਢਿੱਗ ਨੂੰ ਬੋਲੋ ਕਿ ਉਹ ਆਪਣਾ ਪਾਣੀ ਦੇਵੇ ਅਤੇ ਤੂੰ ਉਨ੍ਹਾਂ ਲਈ ਢਿੱਗ ਤੋਂ ਪਾਣੀ ਕੱਢੇਂਗਾ। ਇਉਂ ਤੂੰ ਏਸ ਮੰਡਲੀ ਨੂੰ ਅਤੇ ਉਨ੍ਹਾਂ ਦੇ ਪਸੂਆਂ ਨੂੰ ਪਿਲਾਵੇਂਗਾ।
9ਉਪਰੰਤ ਮੂਸਾ ਨੇ ਯਹੋਵਾਹ ਦੇ ਅੱਗੋਂ ਢਾਂਗਾ ਲਿਆ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਸੀ।
10ਅਤੇ ਮੂਸਾ ਅਰ ਹਾਰੂਨ ਨੇ ਸਭਾ ਨੂੰ ਉਸ ਢਿੱਗ ਦੇ ਅੱਗੇ ਇਕੱਠਾ ਕੀਤਾ ਅਤੇ ਉਸ ਨੇ ਉਨ੍ਹਾਂ ਨੂੰ ਆਖਿਆ, ਸੁਣੋ ਤੁਸੀਂ ਝਗੜਾਲੂਓ, ਕੀ ਅਸੀਂ ਤੁਹਾਡੇ ਲਈ ਏਸ ਢਿੱਗ ਤੋਂ ਪਾਣੀ ਕੱਢੀਏ?
11ਫੇਰ ਮੂਸਾ ਨੇ ਆਪਣਾ ਹੱਥ ਚੁੱਕ ਕੇ ਉਸ ਢਿੱਗ ਨੂੰ ਆਪਣੇ ਢਾਂਗੇ ਨਾਲ ਦੋ ਵਾਰ ਮਾਰਿਆ ਤਾਂ ਬਹੁਤ ਪਾਣੀ ਨਿੱਕਲ ਆਇਆ, ਫੇਰ ਮੰਡਲੀ ਅਤੇ ਉਨ੍ਹਾਂ ਦੇ ਪਸੂਆਂ ਨੇ ਪੀਤਾ।
12ਉਪਰੰਤ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ, ਏਸ ਲਈ ਕਿ ਤੁਸਾਂ ਮੇਰੀ ਪਰਤੀਤ ਨਾ ਕੀਤੀ ਕਿ ਇਸਰਾਏਲ ਦੀਆਂ ਅੱਖਾਂ ਵਿੱਚ ਮੈਨੂੰ ਪਵਿੱਤ੍ਰ ਠਹਿਰਾਉਂਦੇ, ਹੁਣ ਤੁਸੀਂ ਏਸ ਸਭਾ ਨੂੰ ਉਸ ਧਰਤੀ ਵਿੱਚ ਜਿਹੜੀ ਮੈਂ ਉਨ੍ਹਾਂ ਨੂੰ ਦਿੱਤੀ, ਨਹੀਂ ਲੈ ਜਾਓਗੇ।
13ਏਹ ਮਰੀਬਾਹ ਦਾ ਪਾਣੀ ਹੈ ਕਿਉਂ ਜੋ ਇਸਰਾਏਲੀਆਂ ਨੇ ਯਹੋਵਾਹ ਨਾਲ ਝਗੜਾ ਕੀਤਾ। ਸੋ ਉਹ ਉਨ੍ਹਾਂ ਦੇ ਵਿੱਚ ਪਵਿੱਤ੍ਰ ਠਹਿਰਾਇਆ ਗਿਆ।
14ਫੇਰ ਮੂਸਾ ਨੇ ਕਾਦੇਸ਼ ਤੋਂ ਅਦੋਮ ਦੇ ਰਾਜੇ ਕੋਲ ਹਲਕਾਰੇ ਘੱਲੇ। ਇਉਂ ਇਸਰਾਏਲ ਤੁਹਾਡਾ ਭਰਾ ਆਖਦਾ ਹੈ ਕਿ ਤੁਸੀਂ ਉਹ ਸਾਰੀ ਕਸ਼ਟਨੀ ਜਾਣਦੇ ਹੋ ਜੋ ਸਾਡੇ ਉੱਤੇ ਆਈ।
15ਕਿ ਕਿਵੇਂ ਸਾਡੇ ਪਿਉ ਦਾਦੇ ਮਿਸਰ ਨੂੰ ਗਏ ਅਤੇ ਅਸੀਂ ਮਿਸਰ ਵਿੱਚ ਬਹੁਤ ਦਿਨਾਂ ਤੀਕ ਵੱਸੇ। ਫੇਰ ਮਿਸਰੀਆਂ ਨੇ ਸਾਡੇ ਨਾਲ ਅਤੇ ਸਾਡੇ ਪਿਉ ਦਾਦਿਆਂ ਨਾਲ ਬੁਰਾ ਵਰਤਾਓ ਕੀਤਾ।
16ਜਦ ਅਸਾਂ ਯਹੋਵਾਹ ਅੱਗੇ ਦੁਹਾਈ ਦਿੱਤੀ ਤਾਂ ਉਸ ਨੇ ਸਾਡੀ ਬੇਨਤੀ ਸੁਣੀ ਅਤੇ ਇੱਕ ਦੂਤ ਘੱਲ ਕੇ ਸਾਨੂੰ ਮਿਸਰੋਂ ਕੱਢ ਲਿਆਇਆ ਅਤੇ ਵੇਖੋ, ਅਸੀਂ ਕਾਦੇਸ਼ ਵਿੱਚ ਇੱਕ ਸ਼ਹਿਰ ਵਿੱਚ ਹਾਂ ਜਿਹੜਾ ਤੁਹਾਡੀ ਸਰਹੱਦ ਉੱਤੇ ਹੈ।
17ਸਾਨੂੰ ਆਪਣੀ ਧਰਤੀ ਦੇ ਵਿੱਚ ਦੀ ਲੰਘਣ ਦਿਓ ਅਤੇ ਅਸੀਂ ਖੇਤਾਂ ਅਤੇ ਦਾਖ ਦੀ ਬਾੜੀ ਦੇ ਵਿੱਚ ਦੀ ਨਹੀਂ ਲੰਘਾਂਗੇ। ਅਸੀਂ ਖੂਹ ਦਾ ਪਾਣੀ ਨਹੀਂ ਪੀਵਾਂਗੇ। ਅਸੀਂ ਪਾਤਸ਼ਾਹੀ ਸੜਕੇ ਸੜਕ ਲੰਘਦੇ ਜਾਵਾਂਗੇ ਅਤੇ ਅਸੀਂ ਸੱਜੇ ਯਾ ਖੱਬੇ ਨਹੀਂ ਮੁੜਾਂਗੇ ਜਦ ਤਾਈਂ ਅਸੀਂ ਤੁਹਾਡੀਆਂ ਹੱਦਾਂ ਤੋਂ ਨਾ ਲੰਘ ਜਾਈਏ।
18ਪਰ ਅਦੋਮ ਨੇ ਉਹ ਨੂੰ ਆਖਿਆ, ਤੁਸੀਂ ਮੇਰੇ ਵਿੱਚ ਦੀ ਨਹੀਂ ਲੰਘੋਗੇ ਮਤੇ ਮੇਰਾ ਤੁਹਾਡਾ ਮੇਲ ਤੇਗ ਨਾਲ ਹੋਵੇ।
19ਤਾਂ ਇਸਰਾਏਲੀਆਂ ਨੇ ਉਹ ਨੂੰ ਆਖਿਆ, ਅਸੀਂ ਸੜਕੇ ਸੜਕ ਜਾਵਾਂਗੇ ਅਤੇ ਜੇ ਤੁਹਾਡੇ ਪਾਣੀ ਤੋਂ ਅਸੀਂ ਅਤੇ ਸਾਡਾ ਵੱਗ ਪੀਵਾਂਗੇ ਤਾਂ ਅਸੀਂ ਉਹ ਦਾ ਮੁੱਲ ਦੇ ਦੇਵਾਂਗੇ। ਹੋਰ ਕੋਈ ਗੱਲ ਨਹੀਂ, ਕੇਵਲ ਅਸੀਂ ਪੈਦਲ ਲੰਘ ਜਾਵਾਂਗੇ।
20ਪਰ ਉਸ ਆਖਿਆ, ਤੁਸੀਂ ਨਹੀਂ ਲੰਘਣਾ ਪਾਓਗੇ ਅਤੇ ਅਦੋਮ ਉਹ ਦੇ ਮਿਲਣ ਲਈ ਬਹੁਤ ਲੋਕਾਂ ਨਾਲ ਅਤੇ ਜ਼ਬਰਦਸਤ ਹੱਥ ਨਾਲ ਨਿੱਕਲਿਆ।
21ਇਉਂ ਅਦੋਮ ਆਪਣੀਆਂ ਹੱਦਾਂ ਦੇ ਵਿੱਚ ਦੀ ਇਸਰਾਏਲੀਆਂ ਦੇ ਲੰਘ ਜਾਣ ਤੋਂ ਇਨਕਾਰੀ ਹੋ ਗਿਆ। ਤਾਂ ਇਸਰਾਏਲ ਨੇ ਉੱਥੋਂ ਆਪਣਾ ਮੁਹਾਣਾ ਮੋੜ ਲਿਆ।
22ਫੇਰ ਉਨ੍ਹਾਂ ਨੇ ਕਾਦੇਸ਼ ਤੋਂ ਕੂਚ ਕੀਤਾ ਅਤੇ ਇਸਰਾਏਲੀਆਂ ਦੀ ਸਾਰੀ ਮੰਡਲੀ ਹੋਰ ਨਾਮੀ ਪਰਬਤ ਨੂੰ ਆਈ।
23ਤਾਂ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਹੋਰ ਨਾਮੀ ਪਰਬਤ ਉੱਤੇ ਜਿਹੜਾ ਅਦੋਮ ਦੇਸ ਦੀ ਹੱਦ ਉੱਤੇ ਹੈ ਆਖਿਆ,
24ਹਾਰੂਨ ਆਪਣੇ ਲੋਕਾਂ ਵਿੱਚ ਜਾ ਰਲੇਗਾ ਅਤੇ ਉਹ ਉਸ ਧਰਤੀ ਵਿੱਚ ਨਹੀਂ ਵੜੇਗਾ ਜਿਹੜੀ ਮੈਂ ਇਸਰਾਏਲੀਆਂ ਨੁੰ ਦਿੱਤੀ ਹੈ ਏਸ ਲਈ ਕਿ ਤੁਸੀਂ ਮੇਰੇ ਹੁਕਮ ਦੇ ਵਿੱਰੁਧ ਮਰੀਬਾਹ ਦੇ ਪਾਣੀ ਉੱਤੇ ਝਗੜਾ ਕੀਤਾ।
25ਤੂੰ ਹਾਰੂਨ ਅਤੇ ਉਸ ਦੇ ਪੁੱਤ੍ਰ ਅਲਆਜ਼ਾਰ ਨੂੰ ਲੈ ਕੇ ਹੋਰ ਨਾਮੀ ਪਰਬਤ ਉੱਤੇ ਆ।
26ਹਾਰੂਨ ਦੇ ਬਸਤ੍ਰ ਉਸ ਉੱਤੋਂ ਲਾਹ ਕੇ ਉਹ ਦੇ ਪੁੱਤ੍ਰ ਅਲਆਜ਼ਾਰ ਨੂੰ ਪੁਆ। ਹਾਰੂਨ ਆਪਣੇ ਲੋਕਾਂ ਵਿੱਚ ਜਾ ਰਲੇਗਾ ਅਤੇ ਉੱਥੇ ਮਰੇਗਾ।
27ਤਾਂ ਮੂਸਾ ਨੇ ਤਿਵੇਂ ਹੀ ਕੀਤਾ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਸੀ ਅਤੇ ਓਹ ਸਾਰੀ ਮੰਡਲੀ ਦੇ ਵੇਖਦਿਆਂ ਹੋਰ ਨਾਮੀ ਪਰਬਤ ਉੱਤੇ ਚੜ੍ਹ ਗਏ।
28ਅਤੇ ਮੂਸਾ ਨੇ ਹਾਰੂਨ ਦੇ ਬਸਤ੍ਰ ਲਾਹ ਕੇ ਉਸ ਦੇ ਪੁੱਤ੍ਰ ਅਲਆਜ਼ਾਰ ਨੂੰ ਪੁਆਏ ਅਤੇ ਹਾਰੂਨ ਉਸ ਪਹਾੜ ਦੀ ਟੀਸੀ ਉੱਤੇ ਮਰ ਗਿਆ ਅਤੇ ਮੂਸਾ ਅਰ ਅਲਆਜ਼ਾਰ ਪਹਾੜ ਤੋਂ ਉਤਰੇ।
29ਜਦ ਸਾਰੀ ਮੰਡਲੀ ਨੇ ਵੇਖਿਆ ਕਿ ਹਾਰੂਨ ਪ੍ਰਾਣ ਤਿਆਗ ਚੁੱਕਾ ਹੈ ਤਾਂ ਇਸਰਾਏਲ ਦੇ ਸਾਰੇ ਘਰਾਣੇ ਨੇ ਹਾਰੂਨ ਲਈ ਤੀਹ ਦਿਨ ਸੋਗ ਕੀਤਾ।