Loading Bible Translation
First-time download in progress. This may take a few seconds…
Punjabi Bible Wordproject Bible
35 verses
1ਅਰਾਦ ਦੇ ਕਨਾਨੀ ਰਾਜਾ ਨੇ ਜਿਹੜਾ ਦੱਖਣ ਵੱਲ ਰਹਿੰਦਾ ਸੀ ਸੁਣਿਆ ਕਿ ਇਸਰਾਏਲ ਅਥਾਰੀਮ ਦੇ ਰਾਹ ਥਾਣੀ ਆ ਰਿਹਾ ਹੈ ਤਾਂ ਉਹ ਇਸਰਾਏਲ ਨਾਲ ਲੜਾਈ ਛੇੜ ਬੈਠਾ ਅਤੇ ਉਨ੍ਹਾਂ ਵਿੱਚੋਂ ਕੁਝ ਬੰਧੂਏ ਬਣਾ ਲਏ।
2ਤਾਂ ਇਸਰਾਏਲ ਨੇ ਯਹੋਵਾਹ ਅੱਗੇ ਸੁੱਖਣਾ ਸੁੱਖੀ ਅਤੇ ਆਖਿਆ, ਜੇ ਤੂੰ ਇਨ੍ਹਾਂ ਲੋਕਾਂ ਨੂੰ ਸੱਚ ਮੁੱਚ ਮੇਰੇ ਹੱਥ ਵਿੱਚ ਦੇ ਦੇਵੇਂ ਤਾਂ ਮੈਂ ਉਨ੍ਹਾਂ ਦੇ ਸ਼ਹਿਰਾਂ ਦਾ ਸੱਤਿਆਨਾਸ ਕਰ ਦਿਆਂਗਾ।
3ਤਾਂ ਯਹੋਵਾਹ ਨੇ ਇਸਰਾਏਲ ਦੀ ਬੇਨਤੀ ਸੁਣੀ ਅਰ ਕਨਾਨੀਆਂ ਨੂੰ ਉਸ ਦੇ ਹਵਾਲੇ ਕਰ ਦਿੱਤਾ ਤਾਂ ਉਨ੍ਹਾਂ ਨੇ ਓਹਨਾਂ ਦਾ ਅਤੇ ਓਹਨਾਂ ਦੇ ਸ਼ਹਿਰਾਂ ਦਾ ਸੱਤਿਆਨਾਸ ਕਰ ਦਿੱਤਾ ਅਤੇ ਉਸ ਥਾਂ ਦਾ ਨਾਉਂ ਹਾਰਮਾਹ ਪੈ ਗਿਆ।
4ਤਾਂ ਉਨ੍ਹਾਂ ਨੇ ਹੋਰ ਨਾਮੀ ਪਰਬਤ ਤੋਂ ਲਾਲ ਸਮੁੰਦਰ ਥਾਣੀ ਅਦੋਮ ਦੇਸ ਦੇ ਉਦਾਲਿਓਂ ਦੀ ਕੂਚ ਕੀਤਾ ਪਰ ਪਰਜਾ ਦੀ ਜਾਨ ਰਾਹ ਦੇ ਕਾਰਨ ਹੁੱਸ ਗਈ।
5ਸੋ ਪਰਜਾ ਯਹੋਵਾਹ ਦੇ ਵਿਰੁੱਧ ਅਤੇ ਮੂਸਾ ਦੇ ਵਿਰੁੱਧ ਬੋਲੀ ਭਈ ਤੁਸੀਂ ਕਿਉਂ ਸਾਨੂੰ ਮਿਸਰ ਤੋਂ ਉਤਾਹਾਂ ਲੈ ਆਏ ਤਾਂ ਜੋ ਅਸੀਂ ਉਜਾੜ ਵਿੱਚ ਮਰੀਏ? ਏੱਥੇ ਨਾ ਰੋਟੀ ਹੈ, ਨਾ ਪਾਣੀ ਹੈ। ਸਾਡੀਆਂ ਜਾਨਾਂ ਏਸ ਨਿਕੰਮੀ ਰੋਟੀ ਤੋਂ ਅੱਕ ਗਈਆਂ ਹਨ।
6ਤਾਂ ਯਹੋਵਾਹ ਨੇ ਪਰਜਾ ਵਿੱਚ ਅਗਨੀ ਸੱਪ ਘੱਲੇ ਅਤੇ ਉਨ੍ਹਾਂ ਨੇ ਲੋਕਾਂ ਨੂੰ ਡੱਸਿਆ ਤਾਂ ਇਸਰਾਏਲੀਆਂ ਵਿੱਚੋਂ ਬਹੁਤ ਲੋਕ ਮਰ ਗਏ।
7ਫੇਰ ਪਰਜਾ ਨੇ ਮੂਸਾ ਕੋਲ ਆਣ ਕੇ ਆਖਿਆ, ਅਸਾਂ ਪਾਪ ਕੀਤਾ ਜੋ ਅਸੀਂ ਤੇਰੇ ਵਿਰੁੱਧ ਅਤੇ ਯਹੋਵਾਹ ਦੇ ਵਿਰੁੱਧ ਬੋਲੇ। ਹੁਣ ਯਹੋਵਾਹ ਅੱਗੇ ਬੇਨਤੀ ਕਰ ਕਿ ਉਹ ਸਾਥੋਂ ਏਹ ਸੱਪ ਮੋੜ ਲਵੇ। ਸੋ ਮੂਸਾ ਨੇ ਪਰਜਾ ਲਈ ਬੇਨਤੀ ਕੀਤੀ।
8ਯਹੋਵਾਹ ਨੇ ਮੂਸਾ ਨੂੰ ਆਖਿਆ, ਆਪਣੇ ਲਈ ਇੱਕ ਅਗਨੀ ਸੱਪ ਬਣਾ ਕੇ ਉਹ ਨੂੰ ਇੱਕ ਡੰਡੇ ਉੱਤੇ ਰੱਖ ਦੇਹ ਤਾਂ ਐਉਂ ਹੋਵੇਗਾ ਕਿ ਜਿਹੜਾ ਡਸਿਆ ਜਾਵੇ ਉਹ ਨੂੰ ਵੇਖ ਕੇ ਜੀਉਂਦਾ ਰਹੇਗਾ।
9ਉਪਰੰਤ ਮੂਸਾ ਨੇ ਇੱਕ ਪਿੱਤਲ ਦਾ ਸੱਪ ਬਣਾ ਕੇ ਉਹ ਨੂੰ ਡੰਡੇ ਉੱਤੇ ਰੱਖਿਆ ਤਾਂ ਐਉਂ ਹੋਇਆ ਕਿ ਜਦ ਸੱਪ ਕਿਸੇ ਮਨੁੱਖ ਨੂੰ ਡਸਦਾ ਸੀ ਤਾਂ ਓਹ ਪਿੱਤਲ ਦੇ ਸੱਪ ਵੱਲ ਨਿਗਾਹ ਕਰ ਦੇ ਜੀਉਂਦਾ ਰਹਿੰਦਾ ਸੀ।
10ਫੇਰ ਇਸਰਾਏਲ ਨੇ ਕੂਚ ਕਰ ਕੇ ਓਬੋਥ ਵਿੱਚ ਡੇਰੇ ਲਾਏ।
11ਫੇਰ ਓਬੋਥ ਤੋਂ ਕੂਚ ਕਰ ਕੇ ਈਯੇਅਬਾਰੀਮ ਦੀ ਉਸ ਉਜਾੜ ਵਿੱਚ ਜਿਹੜੀ ਮੋਆਬ ਦੇ ਸਾਹਮਣੇ ਚੜ੍ਹਦੇ ਪਾਸੇ ਹੈ ਡੇਰੇ ਲਾਏ।
12ਉੱਥੋਂ ਕੂਚ ਕਰ ਕੇ ਜ਼ਰਦ ਦੀ ਵਾਦੀ ਵਿੱਚ ਡੇਰੇ ਕੀਤੇ।
13ਫੇਰ ਉੱਥੋਂ ਕੂਚ ਕਰ ਕੇ ਉਨ੍ਹਾਂ ਨੇ ਆਪਣੇ ਡੇਰੇ ਅਰਨੋਨ ਨਦੀ ਦੇ ਪਾਰ ਲਾਏ ਜਿਹੜੀ ਉਜਾੜ ਵਿੱਚ ਦੀ ਅਮੋਰੀਆਂ ਦੀ ਸਰਹੱਦ ਤੋਂ ਨਿੱਕਲਦੀ ਹੈ ਕਿਉਂ ਜੋ ਅਰਨੋਨ ਮੋਆਬ ਦੀ ਹੱਦ ਉੱਤੇ ਮੋਆਬ ਅਤੇ ਅਮੋਰੀਆਂ ਦੇ ਵਿਚਕਾਰ ਹੈ।
14ਏਸ ਲਈ ਯਹੋਵਾਹ ਦੇ ਜੰਗ ਨਾਮੇ ਵਿੱਚ ਲਿਖਿਆ ਹੈ, ਵਾਹੇਬ ਜਿਹੜਾ ਸੂਫ਼ਾਹ ਵਿੱਚ ਹੈ, ਅਤੇ ਅਰਨੋਨ ਦੀਆਂ ਵਾਦੀਆਂ,
15ਅਤੇ ਵਾਦੀਆਂ ਦੀ ਢਾਲ, ਜਿਹੜੀ ਆਰ ਦੀ ਵੱਸੋਂ ਤੀਕ ਫੈਲੀ ਹੋਈ ਹੈ, ਅਤੇ ਮੋਆਬ ਦੀ ਸਰਹੱਦ ਨਾਲ ਲੱਗਦੀ ਹੈ।
16ਉੱਥੋਂ ਓਹ ਬਏਰ ਨੂੰ ਗਏ ਜਿੱਥੇ ਉਹ ਖੂਹ ਹੈ ਜਿਹ ਦੇ ਵਿਖੇ ਯਹੋਵਾਹ ਨੇ ਮੂਸਾ ਨੂੰ ਆਖਿਆ ਸੀ ਕਿ ਪਰਜਾ ਨੂੰ ਇਕੱਠਾ ਕਰ ਅਤੇ ਮੈਂ ਉਨ੍ਹਾਂ ਨੂੰ ਪਾਣੀ ਦਿਆਂਗਾ।
17ਤਦ ਇਸਰਾਏਲ ਨੇ ਏਹ ਗੀਤ ਗਾਇਆ,—ਹੇ ਖੂਹ, ਉੱਬਲ ਆ! ਉਸ ਲਈ ਗਾਓ,
18ਉਹ ਖੂਹ ਜਿਹ ਨੂੰ ਸਰਦਾਰਾਂ ਨੇ ਪੁੱਟਿਆ, ਅਤੇ ਲੋਕਾਂ ਦੇ ਪਤਵੰਤਾਂ ਨੇ ਆਸਾ ਨਾਲ ਅਤੇ ਆਪਣੀਆਂ ਲਾਠੀਆਂ ਨਾਲ ਕੱਢਿਆ!
19ਓਹ ਫੇਰ ਉਜਾੜ ਤੋਂ ਮੱਤਾਨਾਹ ਨੂੰ ਗਏ ਅਤੇ ਮੱਤਾਨਾਹ ਤੋਂ ਨਹਲੀਏਲ ਨੂੰ ਅਤੇ ਨਹਲੀਏਲ ਤੋਂ ਬਾਮੋਥ ਨੂੰ।
20ਅਤੇ ਬਾਮੋਥ ਤੋਂ ਉਸ ਢਾਬ ਨੂੰ ਜਿਹੜੀ ਮੋਆਬ ਦੇ ਮਦਾਨ ਵਿੱਚ ਹੈ, ਫੇਰ ਪਿਸਗਾਹ ਦੀ ਟੀਸੀ ਨੂੰ ਜਿਹੜੀ ਥਲ ਉੱਤੇ ਪਲਮੀ ਹੋਈ ਹੈ।
21ਤਾਂ ਇਸਰਾਏਲ ਨੇ ਅਮੋਰੀਆਂ ਦੇ ਰਾਜੇ ਸੀਹੋਨ ਕੋਲ ਹਲਕਾਰੇ ਘੱਲੇ।
22ਕਿ ਤੁਸੀਂ ਮੈਨੂੰ ਆਪਣੇ ਦੇਸ ਵਿੱਚ ਦੀ ਲੰਘ ਜਾਣ ਦਿਓ। ਅਸੀਂ ਖੇਤ ਅਥਵਾ ਦਾਖ ਦੀ ਬਾੜੀ ਵਿੱਚ ਨਹੀਂ ਵੜਾਂਗੇ, ਨਾ ਅਸੀਂ ਖੂਹ ਦਾ ਪਾਣੀ ਪੀਵਾਂਗੇ। ਅਸੀਂ ਪਾਤਸ਼ਾਹੀ ਸੜਕ ਥਾਣੀ ਚੱਲਾਂਗੇ ਜਦ ਤਕ ਤੁਹਾਡੀਆਂ ਹੱਦਾਂ ਤੋਂ ਪਾਰ ਨਾ ਲੰਘ ਜਾਈਏ।
23ਪਰ ਸੀਹੋਨ ਨੇ ਇਸਰਾਏਲ ਨੂੰ ਆਪਣੀਆਂ ਹੱਦਾਂ ਦੇ ਵਿੱਚ ਦੀ ਨਾ ਲੰਘਣ ਦਿੱਤਾ ਪਰ ਸੀਹੋਨ ਨੇ ਆਪਣੇ ਸਾਰੇ ਲੋਕ ਇਕੱਠੇ ਕੀਤੇ ਅਤੇ ਇਸਰਾਏਲ ਦੇ ਮਿਲਣ ਲਈ ਉਜਾੜ ਵਿੱਚ ਬਾਹਰ ਜਾ ਕੇ ਯਹਸ ਨੂੰ ਗਿਆ ਅਤੇ ਇਸਰਾਏਲ ਨਾਲ ਲੜਿਆ।
24ਤਾਂ ਇਸਰਾਏਲ ਨੇ ਉਹ ਨੂੰ ਤੇਗ ਦੀ ਧਾਰ ਨਾਲ ਮਾਰਿਆ ਅਤੇ ਅਰਨੋਨ ਤੋਂ ਯੱਬੋਕ ਤੀਕ ਅਰਥਾਤ ਅੰਮੋਨੀਆਂ ਤੀਕ ਉਹ ਦੀ ਧਰਤੀ ਉੱਤੇ ਕਬਜ਼ਾ ਕਰ ਲਿਆ ਕਿਉਂ ਜੋ ਅੰਮੋਨੀਆਂ ਦੀ ਹੱਦ ਪੱਕੀ ਸੀ।
25ਅਤੇ ਇਸਰਾਏਲ ਨੇ ਏਹ ਸਾਰੇ ਸ਼ਹਿਰ ਲੈ ਲਏ ਅਤੇ ਇਸਰਾਏਲ ਹਸ਼ਬੋਨ ਵਿੱਚ ਅਮੋਰੀਆਂ ਦੇ ਸਾਰੇ ਸ਼ਹਿਰਾਂ ਅਤੇ ਉਸ ਦੇ ਸਾਰੇ ਪਿੰਡਾਂ ਵਿੱਚ ਵੱਸ ਗਿਆ।
26ਕਿਉਂ ਜੋ ਹਸ਼ਬੋਨ ਅਮੋਰੀਆਂ ਦੇ ਰਾਜੇ ਸੀਹੋਨ ਦਾ ਸ਼ਹਿਰ ਸੀ ਜਿਸ ਨੇ ਮੋਆਬ ਦੇ ਅਗਲੇ ਰਾਜੇ ਨਾਲ ਲੜ ਕੇ ਉਸ ਦੇ ਸਾਰੇ ਦੇਸ ਨੂੰ ਉਸ ਦੇ ਹੱਥੋਂ ਅਰਨੋਨ ਤੀਕ ਲੈ ਲਿਆ ਸੀ।
27ਏਸ ਲਈ ਕਵੀ ਆਖਦੇ ਹਨ ਕਿ ਹਸ਼ਬੋਨ ਵਿੱਚ ਆਓ, ਸੀਹੋਨ ਦਾ ਸ਼ਹਿਰ ਬਣਾਇਆ ਅਤੇ ਪੱਕਾ ਕੀਤਾ ਜਾਵੇ,
28ਕਿਉਂ ਜੋ ਅੱਗ ਹਸ਼ਬੋਨ ਤੋਂ ਨਿੱਕਲੀ, ਅਤੇ ਸੀਹੋਨ ਦੇ ਨਗਰ ਤੋਂ ਇੱਕ ਭਬੂਕਾ, ਮੋਆਬ ਦੇ ਆਰ ਨੂੰ ਭਸਮ ਕੀਤਾ, ਨਾਲੇ ਅਰਨੋਨ ਦੀਆਂ ਉਚਿਆਈਆਂ ਦੇ ਮਾਲਕਾਂ ਨੂੰ।
29ਹਾਏ ਤੈਨੂੰ, ਹੇ ਮੋਆਬ ! ਹੇ ਕਮੋਸ਼ ਦੇ ਪੂਜਕੋ, ਤੁਸੀਂ ਬਰਬਾਦ ਹੋਏ ! ਉਸ ਨੇ ਆਪਣੇ ਪੁੱਤ੍ਰਾਂ ਨੂੰ ਭਗੌੜਿਆਂ ਵਾਂਙੁ ਛੱਡਿਆ, ਅਤੇ ਆਪਣੀਆਂ ਧੀਆਂ ਨੂੰ ਸੀਹੋਨ ਅਮੋਰੀਆਂ ਦੇ ਰਾਜੇ ਦੇ ਬੰਧਣ ਵਿੱਚ !
30ਅਸਾਂ ਉਨ੍ਹਾਂ ਉੱਤੇ ਤੀਰ ਚਲਾਏ, ਹਸ਼ਬੋਨ ਦੀਬੋਨ ਤੀਕ ਬਰਬਾਦ ਹੋਇਆ, ਅਤੇ ਅਸਾਂ ਨੋਫ਼ਾਹ ਤੀਕ ਉਜਾੜ ਦਿੱਤਾ, ਜਿਹੜਾ ਮੇਦਬਾ ਤੀਕ ਫੈਲਿਆ ਹੋਇਆ ਹੈ।
31ਐਉਂ ਇਸਰਾਏਲ ਅਮੋਰੀਆਂ ਦੀ ਧਰਤੀ ਵਿੱਚ ਵੱਸਿਆ।
32ਫੇਰ ਮੂਸਾ ਨੇ ਯਾਜ਼ੇਰ ਦੀ ਖੋਜ ਕੱਢਣ ਲਈ ਘੱਲੇ ਅਤੇ ਉਨ੍ਹਾਂ ਨੇ ਉਸ ਦੇ ਪਿੰਡਾਂ ਨੂੰ ਕਾਬੂ ਕਰ ਲਿਆ ਅਤੇ ਉੱਥੋਂ ਦੇ ਅਮੋਰੀਆਂ ਨੂੰ ਕੱਢ ਦਿੱਤਾ।
33ਫੇਰ ਮੁੜ ਕੇ ਓਹ ਬਾਸ਼ਾਨ ਦੇ ਰਾਹ ਥਾਣੀ ਉਤਾਹਾਂ ਗਏ ਅਤੇ ਓਗ ਬਾਸ਼ਾਨ ਦਾ ਰਾਜਾ ਅਤੇ ਉਸ ਦੀ ਸਾਰੀ ਪਰਜਾ ਉਸ ਦੇ ਮਿਲਣ ਨੂੰ ਬਾਹਰ ਆਈ ਅਤੇ ਅਦਰਈ ਉੱਤੇ ਉਨ੍ਹਾਂ ਦੇ ਨਾਲ ਲੜੇ।
34ਪਰ ਯਹੋਵਾਹ ਨੇ ਮੂਸਾ ਨੂੰ ਆਖਿਆ, ਉਸ ਤੋਂ ਨਾ ਡਰ ਕਿਉਂ ਜੋ ਮੈਂ ਉਸ ਨੂੰ ਅਤੇ ਉਸ ਦੀ ਸਾਰੀ ਰਈਅਤ ਨੂੰ ਅਤੇ ਉਸ ਦੀ ਧਰਤੀ ਨੂੰ ਤੇਰੇ ਹੱਥ ਵਿੱਚ ਦੇ ਦਿੱਤਾ ਹੈ। ਤੂੰ ਉਸ ਦੇ ਨਾਲ ਇਉਂ ਕਰੇਂਗਾ ਜਿਵੇਂ ਤੈਂ ਸੀਹੋਨ ਅਮੋਰੀਆਂ ਦੇ ਰਾਜੇ ਨਾਲ ਕੀਤਾ ਜੋ ਹਸ਼ਬੋਨ ਵਿੱਚ ਵੱਸਦਾ ਸੀ।
35ਉਨ੍ਹਾਂ ਨੇ ਉਸ ਨੂੰ ਅਤੇ ਉਸ ਦੇ ਪੁੱਤ੍ਰਾਂ ਨੂੰ ਅਤੇ ਉਸ ਦੀ ਸਾਰੀ ਰਈਅਤ ਨੂੰ ਇਉਂ ਮਾਰਿਆ ਕਿ ਉਨ੍ਹਾਂ ਦਾ ਕੱਖ ਵੀ ਨਾ ਰਿਹਾ ਅਤੇ ਉਨ੍ਹਾਂ ਨੇ ਉਸ ਦੀ ਧਰਤੀ ਉੱਤੇ ਵੀ ਕਬਜ਼ਾ ਕਰ ਲਿਆ।