Loading Bible Translation
First-time download in progress. This may take a few seconds…
Punjabi Bible Wordproject Bible
41 verses
1ਤਾਂ ਇਸਰਾਏਲੀਆਂ ਨੇ ਕੂਚ ਕਰ ਕੇ ਮੋਆਬ ਦੇ ਮਦਾਨ ਵਿੱਚ ਯਰਦਨ ਦੇ ਪਾਰ ਯਰੀਹੋ ਕੋਲ ਡੇਰੇ ਲਾਏ।
2ਅਤੇ ਬਾਲਾਕ ਸਿੱਪੋਰ ਦੇ ਪੁੱਤ੍ਰ ਨੇ ਸਭ ਕੁਝ ਵੇਖਿਆ ਜਿਹੜਾ ਇਸਰਾਏਲੀਆਂ ਨੇ ਅਮੋਰੀਆਂ ਨਾਲ ਕੀਤਾ।
3ਅਤੇ ਮੋਆਬ ਉਸ ਪਰਜਾ ਦੇ ਅੱਗੋਂ ਡਾਢਾ ਡਰਿਆ ਕਿਉਂ ਜੋ ਉਹ ਬਹੁਤ ਸੀ ਸੋ ਮੋਆਬ ਇਸਰਾਏਲੀਆਂ ਦੇ ਕਾਰਨ ਅੱਤ ਬਿਆਕੁਲ ਹੋਇਆ।
4ਤਾਂ ਮੋਆਬ ਨੇ ਮਿਦਯਾਨ ਦੇ ਬਜ਼ੁਰਗਾਂ ਨੂੰ ਆਖਿਆ ਕਿ ਹੁਣ ਇਹ ਦਲ ਸਾਡੇ ਆਲੇ ਦੁਆਲੇ ਦਾ ਸਭ ਕੁਝ ਚੱਟ ਜਾਵੇਗਾ ਜਿਵੇਂ ਬਲਦ ਖੇਤ ਦਾ ਘਾਹ ਚੱਟ ਜਾਂਦਾ ਹੈ। ਸਿੱਪੋਰ ਦਾ ਪੁੱਤ੍ਰ ਬਾਲਾਕ ਉਸ ਸਮੇਂ ਮੋਆਬ ਦਾ ਰਾਜਾ ਸੀ।
5ਉਪਰੰਤ ਉਹ ਨੇ ਹਲਕਾਰੇ ਬਓਰ ਦੇ ਪੁੱਤ੍ਰ ਬਿਲਆਮ ਕੋਲ ਪਥੋਰ ਨੂੰ ਜਿਹੜਾ ਵੱਡੇ ਦਰਿਆ ਉੱਤੇ ਹੈ ਆਪਣੀ ਉੱਮਤ ਦੀ ਅੰਸ ਦੇ ਦੇਸ ਵਿੱਚ ਘੱਲੇ ਕਿ ਉਹ ਉਸ ਨੂੰ ਏਹ ਆਖ ਕੇ ਸੱਦੇ ਕਿ ਵੇਖੋ, ਇੱਕ ਉੱਮਤ ਮਿਸਰ ਤੋਂ ਨਿੱਕਲੀ ਹੈ ਅਤੇ ਵੇਖੋ, ਓਹ ਧਰਤੀ ਦੀ ਪਰਤ ਨੂੰ ਢੱਕ ਲੈਂਦੇ ਹਨ ਅਤੇ ਓਹ ਮੇਰੇ ਸਾਹਮਣੇ ਆ ਵੱਸੇ ਹਨ।
6ਹੁਣ ਤੂੰ ਆਣ ਕੇ ਏਸ ਉੱਮਤ ਨੂੰ ਮੇਰੇ ਲਈ ਸਰਾਪ ਦੇਵੀਂ ਕਿਉਂ ਜੋ ਓਹ ਮੇਰੇ ਨਾਲੋਂ ਅੱਤ ਬਲਵੰਤ ਹਨ। ਸ਼ਾਇਤ ਮੈਂ ਫਤਹ ਪਾਵਾਂ ਅਤੇ ਅਸੀਂ ਉਨ੍ਹਾਂ ਨੂੰ ਐਉਂ ਮਾਰੀਏ ਭਈ ਮੈਂ ਉਨ੍ਹਾਂ ਨੂੰ ਆਪਣੇ ਦੇਸ ਤੋਂ ਕੱਢ ਦਿਆਂ ਕਿਉਂ ਜੋ ਮੈਂ ਜਾਣਦਾ ਹਾਂ ਕਿ ਜਿਹ ਨੂੰ ਤੂੰ ਬਰਕਤ ਦੇਵੇਂ ਉਹ ਮੁਬਾਰਕ ਹੈ ਅਤੇ ਜਿਹ ਨੂੰ ਤੂੰ ਸਰਾਪ ਦੇਵੇਂ ਉਹ ਸਰਾਪੀ ਹੈ।
7ਤਾਂ ਮੋਆਬ ਦੇ ਬਜ਼ੁਰਗ ਅਰ ਮਿਦਯਾਨ ਦੇ ਬਜ਼ੁਰਗ ਚੱਲ ਪਏ ਅਤੇ ਉਨ੍ਹਾਂ ਦੇ ਹੱਥਾਂ ਵਿੱਚ ਫਾਲ ਪਾਉਣ ਦੇ ਇਨਾਮ ਸਨ ਅਤੇ ਓਹ ਬਿਲਆਮ ਕੋਲ ਆ ਕੇ ਉਹ ਨੂੰ ਬਾਲਾਕ ਦੀਆਂ ਗੱਲਾਂ ਬੋਲੇ।
8ਤਾਂ ਉਸ ਉਨ੍ਹਾਂ ਨੂੰ ਆਖਿਆ, ਤੁਸੀਂ ਐੱਥੇ ਰਾਤ ਟਿਕੋ ਅਤੇ ਜਿਵੇਂ ਯਹੋਵਾਹ ਮੈਨੂੰ ਬੋਲੇ ਮੈਂ ਤੁਹਾਡੇ ਕੋਲ ਮੁੜ ਖਬਰ ਲਿਆਵਾਂਗਾ। ਉਪਰੰਤ ਮੋਆਬ ਦੇ ਸਰਦਾਰ ਬਿਲਆਮ ਨਾਲ ਠਹਿਰੇ।
9ਪਰਮੇਸ਼ੁਰ ਨੇ ਬਿਲਆਮ ਕੋਲ ਆਣ ਕੇ ਆਖਿਆ ਕਿ ਏਹ ਮਨੁੱਖ ਤੇਰੇ ਨਾਲ ਕੌਣ ਹਨ?
10ਅੱਗੋਂ ਬਿਲਆਮ ਨੇ ਪਰਮੇਸ਼ੁਰ ਨੂੰ ਆਖਿਆ, ਸਿੱਪੋਰ ਦੇ ਪੁੱਤ੍ਰ ਬਾਲਾਕ ਮੋਆਬ ਦੇ ਰਾਜੇ ਨੇ ਉਨ੍ਹਾਂ ਨੂੰ ਮੇਰੇ ਕੋਲ ਏਹ ਆਖ ਕੇ ਘੱਲਿਆ।
11ਕਿ ਵੇਖੋ, ਏਹ ਉੱਮਤ ਜਿਹੜੀ ਮਿਸਰ ਤੋਂ ਆ ਰਹੀ ਹੈ ਉਸ ਨੇ ਧਰਤੀ ਦੀ ਪਰਤ ਨੂੰ ਢੱਕ ਲਿਆ ਹੈ। ਹੁਣ ਆ ਮੇਰੇ ਲਈ ਉਨ੍ਹਾਂ ਨੂੰ ਬਦ ਦੁਆ ਦੇਹ, ਸ਼ਾਇਤ ਮੈਂ ਉਨ੍ਹਾਂ ਨਾਲ ਲੜ ਸੱਕਾਂ ਤਾਂ ਜੋ ਉਨ੍ਹਾਂ ਨੂੰ ਕੱਢ ਦਿਆਂ।
12ਪਰ ਪਰਮੇਸ਼ੁਰ ਨੇ ਬਿਲਆਮ ਨੂੰ ਆਖਿਆ, ਏਹਨਾਂ ਨਾਲ ਨਾ ਜਾਈਂ ਨਾ ਇਸ ਪਰਜਾ ਨੂੰ ਸਰਾਪ ਦੇਈਂ ਕਿਉਂ ਜੋ ਓਹ ਮੁਬਾਰਕ ਹਨ।
13ਉਪਰੰਤ ਬਿਲਆਮ ਨੇ ਸਵੇਰ ਨੂੰ ਉੱਠ ਕੇ ਬਾਲਾਕ ਦੇ ਸਰਦਾਰਾਂ ਨੂੰ ਆਖਿਆ, ਆਪਣੇ ਦੇਸ ਨੂੰ ਜਾਓ ਕਿਉਂ ਜੋ ਯਹੋਵਾਹ ਨੇ ਮੈਨੂੰ ਤੁਹਾਡੇ ਨਾਲ ਜਾਣ ਤੋਂ ਵਰਜਿਆ।
14ਤਾਂ ਮੋਆਬ ਦੇ ਸਰਦਾਰ ਉੱਠ ਕੇ ਬਾਲਾਕ ਕੋਲ ਆਏ ਅਤੇ ਉਨ੍ਹਾਂ ਨੇ ਆਖਿਆ, ਬਿਲਆਮ ਨੇ ਸਾਡੇ ਨਾਲ ਆਉਣ ਤੋਂ ਇਨਕਾਰ ਕੀਤਾ।
15ਤਦ ਬਾਲਾਕ ਨੇ ਇੱਕ ਵਾਰ ਹੋਰ ਸਰਦਾਰ ਘੱਲੇ ਜਿਹੜੇ ਏਹਨਾਂ ਤੋਂ ਵਧੀਕ ਅਰ ਪਤਵੰਤੇ ਸਨ।
16ਓਹ ਬਿਲਾਅਮ ਕੋਲ ਆਏ ਅਤੇ ਉਹ ਨੂੰ ਆਖਿਆ, ਸਿੱਪੋਰ ਦਾ ਪੁੱਤ੍ਰ ਬਾਲਾਕ ਐਉਂ ਆਖਦਾ ਹੈ ਕਿ ਮੇਰੇ ਕੋਲ ਆਉਣ ਤੋਂ ਨਾ ਰੁਕੋ।
17ਕਿਉਂ ਜੋ ਮੈਂ ਤੁਹਾਨੂੰ ਅੱਤ ਵੱਡੀ ਪੱਤ ਦਿਆਂਗਾ ਅਤੇ ਜੋ ਕੁਝ ਤੁਸੀਂ ਮੈਨੂੰ ਆਖੋ ਮੈਂ ਕਰਾਂਗਾ ਪਰ ਆਓ, ਮੇਰੇ ਲਈ ਇਸ ਉੱਮਤ ਨੂੰ ਬਦ ਦੁਆ ਦਿਓ।
18ਅੱਗੋਂ ਬਿਲਅਮ ਨੇ ਉੱਤਰ ਦੇ ਕੇ ਬਾਲਾਕ ਦੇ ਟਹਿਲੂਆਂ ਨੂੰ ਆਖਿਆ, ਜੇ ਬਾਲਾਕ ਮੈਨੂੰ ਆਪਣੇ ਘਰ ਭਰ ਦੀ ਚਾਂਦੀ ਅਰ ਸੋਨਾ ਵੀ ਦੇਵੇ ਤਾਂ ਮੈਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮ ਦਾ ਉਲੰਘਣਾ ਨਹੀਂ ਕਰ ਸਕਦਾ ਹਾਂ ਕਿ ਮੈਂ ਘੱਟ ਯਾ ਵਧ ਕਰਾਂ।
19ਹੁਣ ਤੁਸੀਂ ਐਥੇ ਅੱਜ ਦੀ ਰਾਤ ਵੀ ਠਹਿਰਣਾ ਤਾਂ ਜੋ ਮੈਂ ਜਾਣਾਂ ਕਿ ਯਹੋਵਾਹ ਹੋਰ ਕਿਹੜੀ ਗੱਲ ਮੇਰੇ ਨਾਲ ਬੋਲੇਗਾ।
20ਪਰਮੇਸ਼ੁਰ ਬਿਲਆਮ ਕੋਲ ਰਾਤ ਨੂੰ ਆਇਆ ਅਤੇ ਉਹ ਨੂੰ ਆਖਿਆ, ਜੇ ਏਹ ਮਨੁੱਖ ਤੈਨੂੰ ਸੱਦਣ ਲਈ ਆਏ ਹਨ ਤਾਂ ਉੱਠ ਕੇ ਉਨ੍ਹਾਂ ਨਾਲ ਤੁਰ ਪਈਂ ਨਿਰੀ ਓਹ ਗੱਲ ਜਿਹੜੀ ਮੈਂ ਤੈਨੂੰ ਬੋਲਾਂ ਤੂੰ ਕਰੀਂ।
21ਬਿਲਆਮ ਨੇ ਸਵੇਰ ਨੂੰ ਉੱਠ ਕੇ ਆਪਣੀ ਗਧੀ ਉੱਤੇ ਪਲਾਣਾ ਕੱਸਿਆ ਅਤੇ ਮੋਆਬ ਦੇ ਸਰਦਾਰਾਂ ਨਾਲ ਤੁਰ ਪਿਆ।
22ਤਾਂ ਪਰਮੇਸ਼ੁਰ ਦਾ ਕ੍ਰੋਧ ਭੜਕ ਉੱਠਿਆ ਕਿਉਂ ਜੋ ਉਹ ਜਾਂਦਾ ਸੀ ਅਤੇ ਯਹੋਵਾਹ ਦੇ ਦੂਤ ਨੇ ਆਪਣੇ ਆਪ ਨੂੰ ਰਾਹ ਵਿੱਚ ਉਸ ਦੇ ਵਿਰੋਧੀ ਹੋਣ ਲਈ ਖੜਾ ਕੀਤਾ। ਉਹ ਆਪਣੀ ਗਧੀ ਉੱਤੇ ਸਵਾਰ ਹੋਇਆ ਅਤੇ ਉਸ ਦੇ ਦੋ ਨੌਕਰ ਉਸ ਦੇ ਸੰਗ ਸਨ।
23ਅਤੇ ਗਧੀ ਨੇ ਯਹੋਵਾਹ ਦੇ ਦੂਤ ਨੂੰ ਰਾਹ ਵਿੱਚ ਖੜਾ ਡਿੱਠਾ ਅਤੇ ਉਹ ਦੀ ਤੇਗ ਉਹ ਦੇ ਹੱਥ ਵਿੱਚ ਸੂਤੀ ਹੋਈ ਸੀ। ਤਾਂ ਗਧੀ ਰਾਹ ਤੋਂ ਮੁੜ ਕੇ ਖੇਤ ਵਿੱਚ ਗਈ ਅਤੇ ਬਿਲਆਮ ਨੇ ਗਧੀ ਨੂੰ ਮਾਰਿਆ ਤਾਂ ਜੋ ਉਹ ਨੂੰ ਰਾਹ ਵੱਲ ਮੋੜੇ।
24ਤਦ ਯਹੋਵਾਹ ਦਾ ਦੂਤ ਦਾਖ ਦੀ ਬਾੜੀ ਵਿੱਚ ਉਸ ਤੰਗ ਰਾਹ ਵਿੱਚ ਜਾ ਖਲੋਤਾ ਜਿੱਥੇ ਇੱਕ ਪਾਸੇ ਕੰਧ ਅਤੇ ਦੂਜੇ ਪਾਸੇ ਵੀ ਕੰਧ ਸੀ।
25ਜਾਂ ਗਧੀ ਨੇ ਯਹੋਵਾਹ ਦੇ ਦੂਤ ਨੂੰ ਡਿੱਠਾ ਤਾਂ ਉਹ ਆਪਣੇ ਆਪ ਨੂੰ ਦਬਾ ਕੇ ਕੰਧ ਨਾਲ ਜਾ ਲੱਗੀ ਅਤੇ ਬਿਲਆਮ ਦੇ ਪੈਰ ਨੂੰ ਕੰਧ ਨਾਲ ਦਬਾਇਆ ਸੋ ਉਸ ਨੇ ਫੇਰ ਉਹ ਨੂੰ ਮਾਰਿਆ।
26ਯਹੋਵਾਹ ਦਾ ਦੂਤ ਫੇਰ ਇੱਕ ਵਾਰ ਅੱਗੇ ਜਾ ਕੇ ਇੱਕ ਤੰਗ ਥਾਂ ਵਿੱਚ ਜਾ ਖਲੋਤਾ ਜਿਸ ਤੋਂ ਸੱਜੇ ਖੱਬੇ ਮੁੜਨ ਨੂੰ ਕੋਈ ਰਾਹ ਨਹੀਂ ਸੀ।
27ਜਦ ਗਧੀ ਨੇ ਯਹੋਵਾਹ ਦੇ ਦੂਤ ਨੂੰ ਵੇਖਿਆ ਤਾਂ ਬਿਲਆਮ ਦੇ ਹੇਠ ਬੈਠ ਗਈ ਅਤੇ ਬਿਲਆਮ ਦਾ ਕ੍ਰੋਧ ਭੜਕ ਉੱਠਿਆ, ਫੇਰ ਓਸ ਆਪਣੀ ਲਾਠੀ ਨਾਲ ਗਧੀ ਨੂੰ ਮਾਰਿਆ।
28ਤਾਂ ਯਹੋਵਾਹ ਨੇ ਗਧੀ ਦੇ ਮੂੰਹ ਨੂੰ ਖੋਲਿਆ ਅਤੇ ਉਹ ਨੇ ਬਿਲਆਮ ਨੂੰ ਆਖਿਆ, ਮੈਂ ਤੇਰਾ ਕੀ ਕੀਤਾ ਕਿ ਤੈਂ ਮੈਨੂੰ ਇਨ੍ਹਾਂ ਤਿੰਨਾਂ ਵਾਰੀਆਂ ਵਿੱਚ ਮਾਰਿਆ?
29ਤਾਂ ਬਿਲਆਮ ਨੇ ਗਧੀ ਨੂੰ ਆਖਿਆ, ਇਸ ਲਈ ਕਿ ਤੈਂ ਮੇਰੇ ਨਾਲ ਮਖ਼ੋਲ ਕੀਤਾ। ਜੇ ਮੇਰੇ ਹੱਥ ਵਿੱਚ ਤੇਗ ਹੁੰਦੀ ਤਾਂ ਮੈਂ ਹੁਣ ਹੀ ਤੈਨੂੰ ਵੱਡ ਸੁੱਟਦਾ।
30ਅੱਗੋਂ ਗਧੀ ਨੇ ਬਿਲਆਮ ਨੂੰ ਆਖਿਆ, ਕੀ ਮੈਂ ਤੇਰੀ ਗਧੀ ਨਹੀਂ ਜਿਹ ਦੇ ਉੱਤੇ ਤੂੰ ਸਾਰੀ ਉਮਰ ਅੱਜ ਤੀਕ ਸਵਾਰ ਹੁੰਦਾ ਰਿਹਾ ਹੈਂ? ਕਦੀ ਮੈਂ ਅੱਗੇ ਵੀ ਤੇਰੇ ਨਾਲ ਐਉਂ ਕੀਤਾ ਹੈ? ਉਸ ਆਖਿਆ, ਨਹੀਂ।
31ਤਦ ਯਹੋਵਾਹ ਨੇ ਬਿਲਆਮ ਦੀਆਂ ਅੱਖਾਂ ਖੋਲ੍ਹੀਆਂ ਅਤੇ ਉਸ ਨੇ ਯਹੋਵਾਹ ਦੇ ਦੂਤ ਨੂੰ ਰਾਹ ਵਿੱਚ ਖਲੋਤੇ ਵੇਖਿਆ ਅਤੇ ਉਹ ਦੀ ਤੇਗ ਉਹ ਦੇ ਹੱਥ ਵਿੱਚ ਸੂਤੀ ਹੋਈ ਸੀ ਤਾਂ ਉਸ ਨੇ ਆਪਣਾ ਸਿਰ ਨਿਆਇਆ ਅਤੇ ਉਹ ਦੇ ਅੱਗੇ ਝੁਕਿਆ।
32ਯਹੋਵਾਹ ਦੇ ਦੂਤ ਨੇ ਉਹ ਨੂੰ ਆਖਿਆ, ਤੂੰ ਕਿਉਂ ਆਪਣੀ ਗਧੀ ਨੂੰ ਤਿੰਨ ਵਾਰ ਮਾਰਿਆ ਹੈ? ਵੇਖ, ਮੈਂ ਅੱਜ ਤੈਨੂੰ ਰੋਕਣ ਲਈ ਨਿੱਕਲਿਆ ਹਾਂ ਕਿਉਂ ਜੋ ਤੇਰਾ ਰਾਹ ਮੇਰੇ ਅੱਗੇ ਉਲਟਾ ਹੈ।
33ਗਧੀ ਨੇ ਮੈਨੂੰ ਵੇਖਿਆ ਅਤੇ ਮੈਥੋਂ ਤਿੰਨ ਵਾਰ ਮੁੜੀ। ਜੇ ਉਹ ਮੇਰੀ ਵੱਲੋਂ ਨਾ ਮੁੜਦੀ ਤਾਂ ਹੁਣ ਮੈਂ ਤੈਨੂੰ ਵੀ ਵੱਢ ਸੁੱਟਦਾ ਪਰ ਉਹ ਨੂੰ ਜੀਉਂਦੀ ਰਹਿਣ ਦਿੰਦਾ।
34ਤਾਂ ਬਿਲਆਮ ਨੇ ਯਹੋਵਾਹ ਦੇ ਦੂਤ ਨੂੰ ਆਖਿਆ ਕਿ ਮੈਂ ਪਾਪ ਕੀਤਾ ਕਿਉਂ ਜੋ ਮੈਂ ਨਹੀ ਜਾਣਦਾ ਸਾਂ ਕਿ ਤੂੰ ਰਾਹ ਵਿੱਚ ਮੇਰੇ ਵਿਰੁੱਧ ਖਲੋਤਾ ਹੈਂ ਅਤੇ ਹੁਣ ਜੇ ਮੈਂ ਤੇਰੀ ਨਿਗਾਹ ਵਿੱਚ ਬੁਰਿਆਈ ਕੀਤੀ ਤਾਂ ਮੈਂ ਮੁੜ ਜਾਵਾਂਗਾ।
35ਫੇਰ ਯਹੋਵਾਹ ਦੇ ਦੂਤ ਨੇ ਬਿਲਆਮ ਨੂੰ ਆਖਿਆ ਕਿ ਇਨ੍ਹਾਂ ਮਨੁੱਖਾਂ ਨਾਲ ਜਾਹ ਪਰ ਨਿਰੀ ਉਹ ਗੱਲ ਜਿਹੜੀ ਮੈਂ ਤੇਰੇ ਨਾਲ ਬੋਲਾਂ ਓਹੇ ਗੱਲ ਤੂੰ ਬੋਲੀਂ। ਤਦ ਬਿਲਆਮ ਬਾਲਾਕ ਦੇ ਸਰਦਾਰਾਂ ਨਾਲ ਚੱਲਿਆ ਗਿਆ।
36ਜਦ ਬਾਲਾਕ ਨੇ ਸੁਣਿਆ ਕਿ ਬਿਲਆਮ ਆ ਗਿਆ ਹੈ ਤਾਂ ਉਸ ਦੇ ਮਿਲਣ ਲਈ ਮੋਆਬ ਦੇ ਸ਼ਹਿਰ ਨੂੰ ਬਾਹਰ ਗਿਆ ਜਿਹੜਾ ਅਰਨੋਨ ਦੀਆਂ ਹੱਦਾਂ ਉੱਤੇ ਸਗੋਂ ਐਨ ਸਰਹੱਦ ਉੱਤੇ ਸੀ।
37ਤਾਂ ਬਾਲਾਕ ਨੇ ਬਿਲਆਮ ਨੂੰ ਆਖਿਆ, ਕੀ ਮੈਂ ਤੈਨੂੰ ਵੱਡੀ ਲੋੜ ਲਈ ਨਹੀਂ ਬੁਲਾ ਘੱਲਿਆ? ਤੂੰ ਕਿਉਂ ਮੇਰੇ ਕੋਲ ਨਹੀਂ ਆਇਆ? ਕੀ ਮੈਂ ਤੈਨੂੰ ਸੱਚ ਮੁੱਚ ਵੱਡੀ ਪੱਤ ਨਹੀਂ ਦੇ ਸਕਦਾ?
38ਪਰ ਬਿਲਆਮ ਨੇ ਬਾਲਾਕ ਨੂੰ ਆਖਿਆ, ਵੇਖ ਮੈਂ ਤੇਰੇ ਕੋਲ ਆ ਗਿਆ ਹਾਂ। ਕੀ ਮੈਂ ਆਪਣੀ ਸ਼ਕਤੀ ਨਾਲ ਕੋਈ ਵਾਕ ਬੋਲ ਸਕਦਾ ਹਾਂ? ਜਿਹੜਾ ਵਾਕ ਪਰਮੇਸ਼ੁਰ ਮੇਰੇ ਮੂੰਹ ਵਿੱਚ ਪਾਵੇ ਉਹੀ ਮੈਂ ਬੋਲਾਂਗਾ।
39ਫੇਰ ਬਿਲਆਮ ਬਾਲਾਕ ਨਾਲ ਚੱਲਿਆ ਗਿਆ ਅਤੇ ਓਹ ਕਿਰਯਥ–ਹੁਸੋਥ ਵਿੱਚ ਆਏ।
40ਬਾਲਾਕ ਨੇ ਵੱਗਾਂ ਅਤੇ ਇੱਜੜਾਂ ਦੀਆਂ ਬਲੀਆਂ ਚੜ੍ਹਾਈਆਂ ਅਤੇ ਉਹ ਨੇ ਬਿਲਆਮ ਅਰ ਉਨ੍ਹਾਂ ਸਰਦਾਰਾਂ ਲਈ ਜਿਹੜੇ ਉਸ ਦੇ ਨਾਲ ਸਨ ਕੁਝ ਘੱਲਿਆ।
41ਤਾਂ ਸਵੇਰ ਨੂੰ ਐਉਂ ਹੋਇਆ ਕਿ ਬਾਲਾਕ ਬਿਲਆਮ ਨੂੰ ਲੈ ਕੇ ਬਆਲ ਦੀਆਂ ਉਚਿਆਈਆਂ ਉੱਤੇ ਉਸ ਨੂੰ ਲਿਆਇਆ ਜਿੱਥੋਂ ਉਸ ਨੇ ਪਰਜਾ ਦੀਆਂ ਸਰਹੱਦਾਂ ਤੀਕ ਡਿੱਠਾ।