Loading Bible Translation
First-time download in progress. This may take a few seconds…
Punjabi Bible Wordproject Bible
13 verses
1ਪਿਤ੍ਰਾਂ ਦੇ ਘਰਾਣਿਆਂ ਦੇ ਮੁਖੀਆਂ ਨੇ ਜਿਹੜੇ ਯੂਸੁਫ਼ ਦੇ ਪੁੱਤ੍ਰਾਂ ਦੇ ਟੱਬਰ ਵਿੱਚ ਮਨੱਸ਼ੀ ਮਾਕੀਰ ਦੇ ਪੁੱਤ੍ਰ ਗਿਲਆਦ ਦੇ ਪੁੱਤ੍ਰਾਂ ਦੇ ਟੱਬਰ ਤੋਂ ਸਨ ਨੇੜੇ ਆਣ ਕੇ ਮੂਸਾ ਦੇ ਅੱਗੇ ਅਰ ਉਨ੍ਹਾਂ ਪਰਧਾਨਾਂ ਦੇ ਅੱਗੇ ਜਿਹੜੇ ਇਸਰਾਏਲੀਆਂ ਦੇ ਪਿਤ੍ਰਾਂ ਦੇ ਘਰਾਣਿਆਂ ਦੇ ਮੁਖੀਏ ਸਨ ਗੱਲ ਕੀਤੀ।
2ਅਤੇ ਉਨ੍ਹਾਂ ਨੇ ਆਖਿਆ ਕਿ ਯਹੋਵਾਹ ਨੇ ਸਾਡੇ ਸੁਆਮੀ ਨੂੰ ਹੁਕਮ ਦਿੱਤਾ ਸੀ ਕਿ ਮਿਲਖ ਦੀ ਧਰਤੀ ਗੁਣਾ ਪਾ ਕੇ ਇਸਰਾਏਲੀਆਂ ਨੂੰ ਦਿੱਤੀ ਜਾਵੇ, ਨਾਲੇ ਸਾਡੇ ਸੁਆਮੀ ਨੂੰ ਯਹੋਵਾਹ ਵੱਲੋਂ ਹੁਕਮ ਮਿਲਿਆ ਸੀ ਕਿ ਸਾਡੇ ਭਰਾ ਸਲਾਫ਼ਹਾਦ ਦੀ ਮਿਲਖ ਉਸ ਦੀਆਂ ਧੀਆਂ ਨੂੰ ਦਿੱਤੀ ਜਾਵੇ।
3ਜੇ ਉਹ ਇਸਰਾਏਲੀਆਂ ਦੇ ਕਿਸੇ ਹੋਰ ਗੋਤ ਦੇ ਮਨੁੱਖਾਂ ਨਾਲ ਵਿਆਹੀਆਂ ਜਾਣ ਤਾਂ ਉਨ੍ਹਾਂ ਦੀ ਮਿਲਖ ਸਾਡੇ ਪਿਉ ਦਾਦਿਆਂ ਦੀ ਮਿਲਖ ਤੋਂ ਨਿੱਕਲ ਜਾਵੇਗੀ ਅਤੇ ਉਹ ਉਸ ਗੋਤ ਨੂੰ ਦਿੱਤੀ ਜਾਵੇਗੀ ਜਿਹ ਦੀਆਂ ਓਹ ਹੋ ਜਾਣਗੀਆਂ ਅਤੇ ਸਾਡੀ ਮਿਲਖ ਦੇ ਗੁਣੇ ਤੋਂ ਨਿੱਕਲ ਜਾਵੇਗੀ।
4ਜਦ ਇਸਰਾਏਲੀਆਂ ਦਾ ਅਨੰਦ ਹੋਣ ਦਾ ਵਰ੍ਹਾ ਆਵੇਗਾ ਤਾਂ ਉਨ੍ਹਾਂ ਦੀ ਮਿਲਖ ਉਸ ਗੋਤ ਦੀ ਮਿਲਖ ਨਾਲ ਰਲ ਜਾਵੇਗੀ ਜਿਹ ਦੀਆਂ ਓਹ ਹੋ ਜਾਣਗੀਆਂ। ਐਉਂ ਉਨ੍ਹਾਂ ਦੀ ਮਿਲਖ ਸਾਡੇ ਪਿਉ ਦਾਦਿਆਂ ਦੇ ਗੋਤ ਦੀ ਮਿਲਖ ਤੋਂ ਨਿੱਕਲ ਜਾਵੇਗੀ।
5ਤਾਂ ਮੂਸਾ ਨੇ ਇਸਰਾਏਲੀਆਂ ਨੂੰ ਯਹੋਵਾਹ ਦੇ ਹੁਕਮ ਨਾਲ ਆਖਿਆ ਕਿ ਯੂਸੁਫ਼ ਦੇ ਪੁੱਤ੍ਰਾਂ ਦਾ ਗੋਤ ਠੀਕ ਬੋਲਦਾ ਹੈ।
6ਏਹ ਉਹ ਗੱਲ ਜਿਹ ਦਾ ਯਹੋਵਾਹ ਨੇ ਸਲਾਫ਼ਹਾਦ ਦੀਆਂ ਧੀਆਂ ਦੇ ਵਿਖੇ ਹੁਕਮ ਦਿੱਤਾ ਸੀ ਕਿ ਜਿਹੜਾ ਉਨ੍ਹਾਂ ਦੀਆਂ ਅੱਖਾਂ ਵਿੱਚ ਚੰਗਾ ਦਿੱਸੇ ਓਹ ਉਹ ਦੇ ਨਾਲ ਕਰ ਲੈਣ ਪਰ ਕੇਵਲ ਆਪਣੇ ਪਿਉ ਦਾਦਿਆਂ ਦੇ ਗੋਤ ਟੱਬਰਾਂ ਵਿੱਚ ਵਿਆਹ ਕਰ ਲੈਣ।
7ਇਉਂ ਇਸਰਾਏਲੀਆਂ ਦੀ ਮਿਲਖ ਇੱਕ ਗੋਤ ਤੋਂ ਦੂਜੇ ਗੋਤ ਵਿੱਚ ਨਾ ਚਲੀ ਜਾਵੇ ਤਾਂ ਜੋ ਹਰ ਇਸਰਾਏਲੀ ਆਪਣੇ ਪਿਉ ਦਾਦਿਆਂ ਦੇ ਗੋਤ ਦੀ ਮਿਲਖ ਵਿੱਚ ਬਣਿਆ ਰਹੇ।
8ਅਤੇ ਹਰ ਇੱਕ ਧੀ ਜਿਹੜੀ ਇਸਰਾਏਲੀਆਂ ਦੇ ਕਿਸੇ ਗੋਤ ਵਿੱਚ ਮਿਲਖ ਲਵੇ ਆਪਣੇ ਪਿਉ ਦਾਦਿਆਂ ਦੇ ਗੋਤ ਦੇ ਟੱਬਰਾਂ ਵਿੱਚ ਵਿਆਹੀ ਜਾਵੇ ਤਾਂ ਜੋ ਹਰ ਇਸਰਾਏਲੀ ਆਪਣੇ ਪਿਉ ਦਾਦਿਆਂ ਦੀ ਮਿਲਖ ਲਵੇ।
9ਇਉਂ ਕੋਈ ਮਿਲਖ ਇੱਕ ਗੋਤ ਤੋਂ ਦੂਜੇ ਗੋਤ ਵਿੱਚ ਨਾ ਜਾਵੇਗੀ ਕਿਉਂ ਜੋ ਇਸਰਾਏਲੀਆਂ ਦੇ ਸਾਰੇ ਗੋਤ ਆਪਣੀਆਂ ਆਪਣੀਆਂ ਮਿਲਖਾਂ ਵਿੱਚ ਬਣੇ ਰਹਿਣ।
10ਜਿਵੇਂ ਮੂਸਾ ਨੇ ਹੁਕਮ ਦਿੱਤਾ ਸੀ ਓਵੇਂ ਹੀ ਸਲਾਫ਼ਹਾਦ ਦੀਆਂ ਧੀਆਂ ਨੇ ਕੀਤਾ।
11ਅਤੇ ਮਹਲਾਹ, ਤਿਰਸਾਹ, ਹਾਗਲਾਹ, ਮਿਲਕਾਹ, ਅਤੇ ਨੋਆਹ ਸਲਾਫ਼ਹਾਦ ਦੀਆਂ ਧੀਆਂ ਆਪਣੇ ਚਾਚੇ ਤਾਏ ਦੇ ਪੁੱਤ੍ਰਾਂ ਨਾਲ ਵਿਆਹੀਆਂ ਗਈਆਂ।
12ਓਹ ਯੂਸੁਫ਼ ਦੇ ਪੁੱਤ੍ਰ ਮਨੱਸ਼ਹ ਦੇ ਪੁੱਤ੍ਰਾਂ ਦੇ ਟੱਬਰਾਂ ਵਿੱਚ ਵਿਆਹੀਆਂ ਗਈਆਂ। ਇਉਂ ਉਨ੍ਹਾਂ ਦੀ ਮਿਲਖ ਉਨ੍ਹਾਂ ਦੇ ਪਿਉ ਦਾਦਿਆਂ ਦੇ ਗੋਤ ਵਿੱਚ ਬਣੀ ਰਹੀ।
13ਏਹ ਓਹ ਹੁਕਮ ਅਤੇ ਫ਼ੈਸਲੇ ਹਨ ਜਿਨ੍ਹਾਂ ਦਾ ਯਹੋਵਾਹ ਨੇ ਮੂਸਾ ਦੇ ਰਾਹੀਂ ਇਸਰਾਏਲੀਆਂ ਨੂੰ ਮੋਆਬ ਦੇ ਮਦਾਨ ਵਿੱਚ ਯਰਦਨ ਦੇ ਉੱਤੇ ਯਰੀਹੋ ਦੇ ਕੋਲ ਹੁਕਮ ਦਿੱਤਾ ਸੀ।