Loading Bible Translation
First-time download in progress. This may take a few seconds…
Punjabi Bible Wordproject Bible
34 verses
1ਫੇਰ ਯਹੋਵਾਹ ਮੋਆਬ ਦੇ ਮਦਾਨ ਵਿੱਚ ਯਰਦਨ ਉੱਤੇ ਯਰੀਹੋ ਦੇ ਕੋਲ ਮੂਸਾ ਨੂੰ ਬੋਲਿਆ,
2ਇਸਰਾਏਲੀਆਂ ਨੂੰ ਹੁਕਮ ਦੇਹ ਕਿ ਓਹ ਲੇਵੀਆਂ ਨੂੰ ਆਪਣੇ ਕਬਜ਼ੇ ਦੀ ਮਿਲਖ ਵਿੱਚੋਂ ਰਹਿਣ ਲਈ ਨਗਰ ਦੇਣ, ਨਾਲੇ ਨਗਰਾਂ ਦੇ ਦੁਆਲੇ ਦੀ ਸ਼ਾਮਲਾਤ ਲੇਵੀਆਂ ਨੂੰ ਦੇਣ।
3ਨਗਰ ਉਨ੍ਹਾਂ ਦੇ ਰਹਿਣ ਲਈ ਅਤੇ ਸ਼ਾਮਲਾਤ ਉਨ੍ਹਾਂ ਦੇ ਪਸੂਆਂ ਲਈ, ਉਨ੍ਹਾਂ ਦੇ ਲਕੇ ਤੁਕੇ ਲਈ ਅਤੇ ਉਨ੍ਹਾਂ ਦੇ ਮਾਲ ਡੰਗਰ ਦੇ ਲਈ ਹੋਵੇ।
4ਅਤੇ ਨਗਰਾਂ ਦੀ ਸ਼ਾਮਲਾਤ ਜਿਹੜੀ ਤੁਸੀਂ ਲੇਵੀਆਂ ਨੂੰ ਦਿਓ ਨਗਰ ਦੀਆਂ ਕੰਧਾਂ ਤੋਂ ਲੈਕੇ ਬਾਹਰ ਵੱਲ ਆਲੇ ਦੁਆਲੇ ਇੱਕ ਇੱਕ ਹਜ਼ਾਰ ਹੱਥ ਹੋਵੇ।
5ਤੁਸੀਂ ਨਗਰ ਤੋਂ ਬਾਹਰ ਪੂਰਬ ਦੇ ਪਾਸੇ ਵੱਲ ਦੋ ਹਜ਼ਾਰ ਹੱਥ ਮਿਣੋ, ਦੱਖਣ ਦੇ ਪਾਸੇ ਵੱਲ ਦੋ ਹਜ਼ਾਰ ਹੱਥ, ਲਹਿੰਦੇ ਪਾਸੇ ਵੱਲ ਦੋ ਹਜ਼ਾਰ ਅਤੇ ਉੱਤਰ ਦੇ ਪਾਸੇ ਵੱਲ ਦੋ ਹਜ਼ਾਰ ਹੱਥ ਅਤੇ ਨਗਰ ਵਿਚਕਾਰ ਹੋਵੇ। ਏਹ ਉਨ੍ਹਾਂ ਦੇ ਨਗਰਾਂ ਦੀਆਂ ਸ਼ਾਮਲਾਤਾਂ ਹੋਣ।
6ਜਿਹੜੇ ਨਗਰ ਤੁਸੀਂ ਲੇਵੀਆਂ ਨੂੰ ਦਿਓਗੇ ਓਹ ਛੇ ਪਨਾਹ ਦੇ ਨਗਰ ਹੋਣ ਜਿਨ੍ਹਾਂ ਨੂੰ ਤੁਸੀਂ ਖੂਨੀ ਦੇ ਨੱਠ ਜਾਣ ਲਈ ਠਹਿਰਾਓ ਅਤੇ ਉਨ੍ਹਾਂ ਤੋਂ ਬਿਨਾ ਤੁਸੀਂ ਬਤਾਲੀ ਨਗਰ ਤੁਸੀਂ ਹੋਰ ਦਿਓ।
7ਸੋ ਸਾਰੇ ਨਗਰ ਜਿਹੜੇ ਤੁਸੀਂ ਲੇਵੀਆਂ ਨੂੰ ਦਿਓ ਅਠਤਾਲੀ ਨਗਰ ਹੋਣ। ਨਗਰ ਸ਼ਾਮਲਾਤ ਸਣੇ ਹੋਣ।
8ਅਤੇ ਓਹ ਨਗਰ ਜਿਹੜੇ ਤੁਸੀਂ ਇਸਰਾਏਲੀਆਂ ਦੀ ਮਿਲਖ ਤੋਂ ਦੇਣੇ ਓਹ ਬਹੁਤਿਆਂ ਵਿੱਚੋਂ ਬਹੁਤੇ ਅਤੇ ਥੋੜਿਆਂ ਵਿੱਚੋਂ ਥੋੜੇ ਦਿਓ। ਹਰ ਇੱਕ ਆਪਣੀ ਮਿਲਖ ਅਨੁਸਾਰ ਜਿਹੜੀ ਉਹ ਨੂੰ ਮਿਲੀ ਹੈ ਆਪਣੇ ਨਗਰਾਂ ਵਿੱਚੋਂ ਲੇਵੀਆਂ ਨੂੰ ਦੇਵੇ।
9ਯਹੋਵਾਹ ਮੂਸਾ ਨੂੰ ਬੋਲਿਆ,
10ਇਸਰਾਏਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਆਖ, ਜਦ ਤੁਸੀਂ ਕਨਾਨ ਦੇਸ ਨੁੰ ਯਰਦਨ ਪਾਰ ਲੰਘੋ।
11ਤਾਂ ਤੁਸੀਂ ਆਪਣੇ ਲਈ ਨਗਰ ਠਹਿਰਾਓ ਜਿਹੜੇ ਤੁਹਾਡੇ ਲਈ ਪਨਾਹ ਦੇ ਨਗਰ ਹੋਣ ਜਿਥੇ ਖੂਨੀ ਨੱਠ ਜਾਵੇ ਜਿਸ ਵਿੱਸਰ ਭੋਲੇ ਕਿਸੇ ਪ੍ਰਾਣੀ ਨੂੰ ਮਾਰਿਆ ਹੋਵੇ।
12ਅਤੇ ਏਹ ਨਗਰ ਤੁਹਾਡੇ ਤੋਂ ਬਦਲਾ ਲੈਣ ਵਾਲੇ ਤੋਂ ਪਨਾਹ ਲਈ ਹੋਣ ਤਾਂ ਜੋ ਖੂਨੀ ਮਰ ਨਾ ਜਾਵੇ ਜਿਨ੍ਹਾਂ ਚਿਰ ਉਹ ਮੰਡਲੀ ਦੇ ਅੱਗੇ ਨਿਆਉਂ ਲਈ ਖੜਾ ਨਾ ਕੀਤਾ ਜਾਵੇ।
13ਅਤੇ ਜਿਹੜੇ ਨਗਰ ਤੁਸੀਂ ਦਿਓ ਓਹ ਤੁਹਾਡੇ ਲਈ ਛੇ ਪਨਾਹ ਦੇ ਨਗਰ ਹੋਣ।
14ਤਿੰਨ ਨਗਰ ਯਰਦਨ ਤੋਂ ਪਾਰ ਅਤੇ ਤਿੰਨ ਨਗਰ ਕਨਾਨ ਦੇਸ ਵਿੱਚ ਠਹਿਰਾਓ ਅਤੇ ਓਹ ਪਨਾਹ ਦੇ ਨਗਰ ਹੋਣ।
15ਇਸਰਾਏਲੀਆਂ ਲਈ, ਪਰਦੇਸੀ ਲਈ ਅਤੇ ਉਸ ਲਈ ਜਿਹੜਾ ਉਨ੍ਹਾਂ ਵਿੱਚ ਵੱਸਦਾ ਹੋਵੇ ਏਹ ਛੇ ਨਗਰ ਪਨਾਹ ਲਈ ਹੋਣ ਤਾਂ ਜੋ ਜੇ ਕੋਈ ਕਿਸੇ ਪ੍ਰਾਣੀ ਨੂੰ ਵਿੱਸਰ ਭੋਲੇ ਮਾਰ ਛੱਡੇ ਉਹ ਉੱਥੇ ਨੱਠ ਜਾਵੇ।
16ਪਰ ਜੇ ਉਸ ਨੇ ਉਹ ਨੂੰ ਲੋਹੇ ਦੇ ਕਿਸੇ ਹਥਿਆਰ ਨਾਲ ਮਾਰਿਆ ਹੋਵੇ ਕਿ ਓਹ ਮਰ ਗਿਆ ਹੋਵੇ ਤਾਂ ਓਹ ਖੂਨੀ ਜਰੂਰ ਮਾਰਿਆ ਜਾਵੇ।
17ਜਿਸ ਨੇ ਹੱਥ ਵਿੱਚ ਪੱਥਰ ਲੈ ਕੇ ਜਿਸ ਤੋਂ ਕੋਈ ਮਰ ਸੱਕੇ ਕਿਸੇ ਨੂੰ ਮਾਰਿਆ ਹੋਵੇ ਅਤੇ ਉਹ ਮਰ ਗਿਆ ਹੋਵੇ ਤਾਂ ਉਹ ਖੂਨੀ ਹੈ। ਉਹ ਖੂਨੀ ਜਰੂਰ ਮਾਰਿਆ ਜਾਵੇ।
18ਅਥਵਾ ਜੇ ਉਸ ਨੇ ਲੱਕੜੀ ਦੇ ਹਥਿਆਰ ਨੂੰ ਹੱਥ ਵਿੱਚ ਲੈ ਕੇ ਜਿਸ ਤੋਂ ਕੋਈ ਮਰ ਸੱਕੇ ਉਹ ਨੂੰ ਮਾਰਿਆ ਹੋਵੇ ਅਤੇ ਉਹ ਮਰ ਗਿਆ ਹੋਵੇ ਤਾਂ ਉਹ ਖੂਨੀ ਹੈ। ਉਹ ਖੂਨੀ ਜਰੂਰ ਮਾਰਿਆ ਜਾਵੇ।
19ਖੂਨ ਦਾ ਬਦਲਾ ਲੈਣ ਵਾਲਾ ਆਪ ਉਸ ਖੂਨੀ ਨੂੰ ਮਾਰੇ ਜਦ ਉਹ ਉਸ ਨੂੰ ਲੱਭੇ ਤਾਂ ਉਹ ਉਸ ਨੂੰ ਮਾਰ ਸੁੱਟੇ।
20ਜੇ ਕੋਈ ਕਿਸੇ ਨੂੰ ਵੈਰ ਨਾਲ ਧੱਕਾ ਮਾਰੇ ਅਥਵਾ ਘਾਤ ਲਾ ਕੇ ਉਸ ਉੱਤੇ ਕੁਝ ਸੁੱਟਿਆ ਹੋਵੇ ਕਿ ਉਹ ਮਰ ਗਿਆ ਹੋਵੇ।
21ਅਥਵਾ ਦੁਸ਼ਮਣੀ ਨਾਲ ਆਪਣੇ ਹੱਥੀਂ ਅਜੇਹਾ ਮਾਰੇ ਕਿ ਉਹ ਮਰ ਜਾਵੇ ਤਾਂ ਮਾਰਨ ਵਾਲਾ ਜਰੂਰ ਮਾਰਿਆ ਜਾਵੇ, ਉਹ ਖੂਨੀ ਹੈ। ਬਦਲਾ ਲੈਣ ਵਾਲਾ ਉਸ ਖੂਨੀ ਨੂੰ ਮਾਰ ਸੁੱਟੇ ਜਦ ਕਦੀ ਉਹ ਲੱਭੇ।
22ਪਰ ਜੇ ਉਸ ਨੇ ਉਸ ਨੂੰ ਅਚਾਨਕ ਦੁਸ਼ਮਣੀ ਤੋਂ ਬਿਨਾਂ ਧੱਕਾ ਮਾਰਿਆ ਹੋਵੇ ਅਥਵਾ ਉਹ ਦੇ ਉੱਤੇ ਘਾਤ ਲਾਉਣ ਤੋਂ ਬਿਨਾਂ ਕੁਝ ਸੁੱਟਿਆ ਹੋਵੇ।
23ਅਥਵਾ ਕਿਸੇ ਪੱਥਰ ਨਾਲ ਜਿਹ ਦੇ ਨਾਲ ਕੋਈ ਮਰ ਸੱਕੇ ਵੇਖੇ ਬਿਨਾ ਉਹ ਦੇ ਉੱਤੇ ਸੁੱਟਿਆ ਹੋਵੇ ਅਤੇ ਉਹ ਮਰ ਜਾਵੇ ਅਤੇ ਉਹ ਉਸ ਦਾ ਵੈਰੀ ਨਹੀਂ ਸੀ ਨਾ ਉਹ ਉਸ ਦਾ ਹਰਜਾ ਚਾਹੁੰਦਾ ਸੀ।
24ਤਾਂ ਮੰਡਲੀ ਮਾਰਨ ਵਾਲੇ ਅਤੇ ਖੂਨ ਦਾ ਬਦਲਾ ਲੈਣ ਵਾਲੇ ਵਿੱਚ ਇਨ੍ਹਾਂ ਨਿਆਵਾਂ ਅਨੁਸਾਰ ਫੈਸਲਾ ਕਰੇ।
25ਅਤੇ ਮੰਡਲੀ ਉਸ ਖੂਨੀ ਨੂੰ ਬਦਲਾ ਲੈਣ ਵਾਲੇ ਦੇ ਹੱਥੋਂ ਛੁੱਡਾ ਕੇ ਉਸ ਨੂੰ ਉਸ ਦੇ ਪਨਾਹ ਦੇ ਨਗਰ ਵਿੱਚ ਮੋੜ ਦੇਵੇ ਜਿੱਥੇ ਨੂੰ ਉਹ ਨੱਠ ਗਿਆ ਸੀ ਅਤੇ ਉਸ ਵਿੱਚ ਸਰਦਾਰ ਜਾਜਕ ਦੀ ਮੌਤ ਤੀਕ ਜਿਹੜਾ ਪਵਿੱਤ੍ਰ ਤੇਲ ਨਾਲ ਮਸਹ ਹੋਇਆ ਹੈ ਵੱਸੇ।
26ਅਤੇ ਜੇ ਕਦੀ ਉਹ ਖੂਨੀ ਪਨਾਹ ਦੀ ਨਗਰ ਦੀ ਹੱਦ ਤੋਂ ਬਾਹਰ ਜਿੱਥੇ ਨੂੰ ਉਹ ਨੱਠਾ ਸੀ ਜਾਵੇ।
27ਅਤੇ ਖੂਨ ਦਾ ਬਦਲਾ ਲੈਣ ਵਾਲਾ ਉਸ ਨੂੰ ਪਨਾਹ ਦੇ ਨਗਰ ਦੀ ਹੱਦੋਂ ਬਾਹਰ ਮਿਲੇ ਅਤੇ ਖੂਨ ਦਾ ਬਦਲਾ ਲੈਣ ਵਾਲਾ ਉਸ ਖੂਨੀ ਨੂੰ ਵੱਢ ਸੁੱਟੇ ਤਾਂ ਉਹ ਖੂਨ ਦਾ ਦੋਸ਼ੀ ਨਾ ਹੋਵੇਗਾ।
28ਕਿਓਂ ਜੋ ਉਸ ਨੂੰ ਚਾਹੀਦਾ ਸੀ ਕਿ ਸਰਦਾਰ ਜਾਜਕ ਦੀ ਮੌਤ ਤੀਕ ਆਪਣੇ ਪਨਾਹ ਦੇ ਨਗਰ ਵਿੱਚ ਰਹਿੰਦਾ, ਪਰ ਸਰਦਾਰ ਜਾਜਕ ਦੀ ਮੌਤ ਪਿੱਛੋਂ ਉਹ ਖੂਨੀ ਆਪਣੀ ਮਿਲਖ ਦੀ ਧਰਤੀ ਵਿੱਚ ਜੁੜ ਜਾਵੇ।
29ਅਤੇ ਏਹ ਤੁਹਾਡੇ ਲਈ ਨਿਆਉਂ ਦੀ ਬਿਧੀ ਪੀੜ੍ਹੀਓਂ ਪੀੜ੍ਹੀ ਤੁਹਾਡਿਆਂ ਸਾਰਿਆਂ ਰਹਿਣ ਦਿਆਂ ਥਾਵਾਂ ਵਿੱਚ ਹੋਵੇ।
30ਜੇ ਕੋਈ ਕਿਸੇ ਪ੍ਰਾਣੀ ਨੂੰ ਮਾਰੇ ਉਹ ਖੂਨੀ ਗਵਾਹਾਂ ਦੀ ਗਵਾਹੀ ਨਾਲ ਮਾਰਿਆ ਜਾਵੇ ਪਰ ਇੱਕੋ ਹੀ ਗਵਾਹ ਦੀ ਗਵਾਹੀ ਤੋਂ ਕੋਈ ਜਣਾ ਨਾ ਮਾਰਿਆ ਜਾਵੇ।
31ਤੁਸੀਂ ਕਿਸੇ ਖੂਨੀ ਦੀ ਜਾਨ ਦਾ ਜੁਰਮਾਨਾ ਨਾ ਲਿਓ ਜੋ ਮੌਤ ਦਾ ਦੋਸ਼ੀ ਹੋਵੇ। ਉਹ ਜਰੂਰ ਹੀ ਮਾਰਿਆ ਜਾਵੇ।
32ਤੁਸੀਂ ਕੋਈ ਜੁਰਮਾਨਾ ਉਸ ਲਈ ਨਾ ਲਿਓ ਜਿਹੜਾ ਆਪਣੇ ਪਨਾਹ ਨਗਰ ਨੂੰ ਨੱਠ ਗਿਆ ਹੋਵੇ ਅਤੇ ਉਹ ਮੁੜ ਕੇ ਆਪਣੇ ਦੇਸ ਵਿੱਚ ਜਾਜਕ ਦੀ ਮੌਤ ਤੋਂ ਪਹਿਲਾਂ ਆ ਵੱਸੇ।
33ਤੁਸੀਂ ਉਸ ਧਰਤੀ ਨੂੰ ਭਰਿਸ਼ਟ ਨਾ ਕਰੋ ਜਿਹ ਦੇ ਵਿੱਚ ਤੁਸੀਂ ਹੋ, ਕਿਉਂ ਜੋ ਖੂਨ ਧਰਤੀ ਨੂੰ ਭਰਿਸ਼ਟ ਕਰਦਾ ਹੈ ਅਤੇ ਉਸ ਧਰਤੀ ਲਈ ਕੋਈ ਪਰਾਸਚਿਤ ਨਾ ਹੋਵੇ ਉਸ ਲਹੂ ਦੇ ਬਦਲੇ ਜਿਹੜਾ ਉਸ ਵਿੱਚ ਵਹਾਇਆ ਗਿਆ, ਬਿਨਾ ਉਸ ਖੂਨੀ ਦੇ ਲਹੂ ਦੇ ।
34ਤੁਸੀਂ ਉਸ ਧਰਤੀ ਨੂੰ ਜਿੱਥੇ ਤੁਸੀਂ ਵਸਦੇ ਹੋ ਅਸ਼ੁਧ ਨਾ ਕਰੋ ਅਤੇ ਜਿਹ ਦੇ ਵਿੱਚ ਮੈਂ ਵੱਸਦਾ ਹਾਂ ਕਿਉਂ ਜੋ ਮੈਂ ਯਹੋਵਾਹ ਇਸਰਾਏਲੀਆਂ ਦੇ ਵਿਚਕਾਰ ਵੱਸਦਾ ਹਾਂ।