Loading Bible Translation
First-time download in progress. This may take a few seconds…
Punjabi Bible Wordproject Bible
29 verses
1ਉਲਟੇ ਬੁੱਲ੍ਹਾਂ ਵਾਲੇ ਨਾਲੋਂ ਜੋ ਮੂਰਖ ਹੈ, ਉਹ ਦੀਣ ਚੰਗਾ ਹੈ ਜਿਹੜਾ ਸਿੱਧੀ ਚਾਲ ਚੱਲਦਾ ਹੈ।
2ਜਾਨ ਦਾ ਗਿਆਨ ਤੋਂ ਰਹਿਤ ਹੋਣਾ ਵੀ ਚੰਗਾ ਨਹੀਂ, ਅਤੇ ਜਿਹੜਾ ਪੈਰਾਂ ਨਾਲ ਕਾਹਲੀ ਕਰਦਾ ਹੈ ਉਹ ਕੁਰਾਹੇ ਪੈ ਜਾਂਦਾ ਹੈ।
3ਆਦਮੀ ਦੀ ਮੂਰਖਤਾਈ ਉਹ ਨੂੰ ਗੁਮਰਾਹ ਕਰ ਦਿੰਦੀ ਹੈ, ਤੇ ਉਹ ਦਾ ਮਨ ਯਹੋਵਾਹ ਤੇ ਗੁੱਸੇ ਹੁੰਦਾ ਹੈ।
4ਧਨ ਮਿੱਤਰ ਬਹੁਤ ਵਧਾਉਂਦਾ ਹੈ, ਪਰ ਗਰੀਬ ਆਪਣੇ ਮਿੱਤਰ ਤੋਂ ਅੱਡ ਹੋ ਜਾਂਦਾ ਹੈ।
5ਝੂਠਾ ਗਵਾਹ ਬਿਨਾ ਡੰਨ ਨਾ ਰਹੇਗਾ, ਅਤੇ ਜੋ ਝੂਠ ਮਾਰਦਾ ਹੈ ਉਹ ਨਹੀਂ ਛੁੱਟੇਗਾ।
6ਪਰ ਉਪਕਾਰੀ ਦੇ ਬਹੁਤੇ ਲੋਕ ਤਰਲੇ ਕਰਦੇ ਹਨ, ਅਤੇ ਦਾਤੇ ਦੇ ਸੱਭੇ ਮਿੱਤਰ ਬਣ ਜਾਂਦੇ ਹਨ।
7ਜਦੋਂ ਦੀਣ ਦੇ ਸਾਰੇ ਭਰਾ ਵੀ ਉਸ ਨਾਲ ਵੈਰ ਰੱਖਦੇ ਹਨ, ਤਾਂ ਉਹ ਦੇ ਮਿੱਤਰ ਕਿਉਂ ਨਾ ਉਸ ਤੋਂ ਦੂਰ ਹੋ ਜਾਣਗੇ? ਉਹ ਗੱਲਾਂ ਨਾਲ ਓਹਨਾਂ ਦਾ ਪਿੱਛਾ ਕਰਦਾ ਹੈ ਪਰ ਓਹ ਹੈਂ ਨਹੀਂ।
8ਜਿਹੜਾ ਬੁੱਧ ਨੂੰ ਪ੍ਰਾਪਤ ਕਰਦਾ ਹੈ ਉਹ ਆਪਣੀ ਜਾਨ ਨਾਲ ਪ੍ਰੀਤ ਰੱਖਦਾ ਹੈ, ਜਿਹੜਾ ਸਮਝ ਦੀ ਪਾਲਨਾ ਕਰਦਾ ਹੈ ਉਹ ਨੂੰ ਲਾਭ ਮਿਲੇਗਾ।
9ਝੂਠਾ ਗਵਾਹ ਬਿਨਾ ਡੰਨ ਨਾ ਛੁੱਟੇਗਾ, ਅਤੇ ਜਿਹੜਾ ਝੂਠ ਬੋਲਦਾ ਹੈ ਉਹ ਦਾ ਨਾਸ ਹੋਵੇਗਾ।
10ਮੌਜ ਮਾਨਣਾ ਮੂਰਖ ਨੂੰ ਨਹੀਂ ਫੱਬਦਾ, ਤਾਂ ਸਰਦਾਰਾਂ ਉੱਤੇ ਟਹਿਲੂਏ ਦਾ ਹੁਕਮ ਚਲਾਉਣਾ ਕਿਵੇਂ ਫੱਬੇ?
11ਬਿਬੇਕ ਆਦਮੀ ਨੂੰ ਕ੍ਰੋਧ ਵਿੱਚ ਧੀਮਾ ਬਣਾਉਂਦਾ ਹੈ, ਅਤੇ ਅਪਰਾਧ ਤੋਂ ਮੂੰਹ ਫੇਰ ਲੈਣ ਵਿੱਚ ਉਹ ਦੀ ਸ਼ਾਨ ਹੈ।
12ਪਾਤਸ਼ਾਹ ਦਾ ਗਜ਼ਬ ਬਬਰ ਸ਼ੇਰ ਦੇ ਗੱਜਣ ਵਰਗਾ ਹੈ, ਪਰ ਉਹ ਦੀ ਪਰਸੰਨਤਾ ਘਾਹ ਉੱਤੇ ਪਈ ਹੋਈ ਤ੍ਰੇਲ ਵਾਂਙੁ ਹੈ!
13ਮੂਰਖ ਪੁੱਤਰ ਪਿਉ ਦੇ ਲਈ ਇੱਕ ਬਲਾ ਹੈ, ਅਤੇ ਵਹੁਟੀ ਦੇ ਝਗੜੇ ਰਗੜੇ ਸਦਾ ਦੇ ਚੋਏ ਵਾਂਙੁ ਹਨ।
14ਘਰ ਅਤੇ ਧਨ ਪਿਉ ਤੋਂ ਮਿਰਾਸ ਮਿਲਦੇ ਹਨ, ਪਰ ਸੁਘੜ ਵਹੁਟੀ ਯਹੋਵਾਹ ਵੱਲੋਂ ਮਿਲਦੀ ਹੈ।
15ਆਲਸ ਘੂਕ ਨੀਂਦ ਵਿੱਚ ਪਾ ਦਿੰਦੀ ਹੈ, ਅਤੇ ਸੁਸਤ ਪ੍ਰਾਣੀ ਭੁੱਖਾ ਰਹਿੰਦਾ ਹੈ।
16ਜਿਹੜਾ ਹੁਕਮ ਮੰਨਦਾ ਹੈ ਉਹ ਆਪਣੀ ਜਾਨ ਦੀ ਪਾਲਨਾ ਕਰਦਾ ਹੈ, ਪਰ ਜੋ ਉਹ ਦਿਆਂ ਰਾਹਾਂ ਨੂੰ ਤੁੱਛ ਜਾਣਦਾ ਹੈ ਉਹ ਮਰ ਜਾਵੇਗਾ।
17ਜਿਹੜਾ ਗਰੀਬਾਂ ਉੱਤੇ ਦਯਾ ਕਰਦਾ ਹੈ ਉਹ ਯਹੋਵਾਹ ਨੂੰ ਉਧਾਰ ਦਿੰਦਾ ਹੈ, ਅਤੇ ਉਹ ਉਸ ਨੂੰ ਉਸ ਦੀ ਕੀਤੀ ਦਾ ਫਲ ਦੇਵੇਗਾ।
18ਜਦ ਤਾਈਂ ਆਸ ਹੈ ਆਪਣੇ ਪੁੱਤਰ ਨੂੰ ਤਾੜ, ਪਰ ਉਹ ਦੇ ਨਾਸ ਉੱਤੇ ਆਪਣਾ ਜੀ ਨਾ ਲਾ।
19ਡਾਢਾ ਕ੍ਰੋਧੀ ਡੰਨ ਭੋਗਦਾ ਹੈ, ਜੇ ਤੂੰ ਉਹ ਨੂੰ ਛੁਡਾਵੇਂ ਤਾਂ ਤੈਨੂੰ ਬਾਰ ਬਾਰ ਛੁਡਾਉਣਾ ਪਵੇਗਾ।
20ਸਲਾਹ ਨੂੰ ਸੁਣ ਅਤੇ ਸਿੱਖਿਆ ਨੂੰ ਕਬੂਲ ਕਰ, ਤਾਂ ਜੋ ਓੜਕ ਨੂੰ ਬੁੱਧਵਾਨ ਬਣੇਂ।
21ਮਨੁੱਖ ਦੇ ਮਨ ਵਿੱਚ ਅਨੇਕ ਜੁਗਤਾਂ ਹੁੰਦੀਆਂ ਹਨ, ਪਰ ਯਹੋਵਾਹ ਦਾ ਮਤਾ ਕਾਇਮ ਰਹੇਗਾ।
22ਆਦਮੀ ਦੀ ਦਯਾ ਦੇ ਕਾਰਨ ਉਹ ਦੀ ਮੰਨਤਾ ਹੁੰਦੀ ਹੈ, ਅਤੇ ਝੂਠੇ ਮਨੁੱਖ ਨਾਲੋਂ ਦੀਣ ਹੀ ਚੰਗਾ ਹੈ।
23ਯਹੋਵਾਹ ਦਾ ਭੈ ਜੀਉਣ ਲਈ ਹੈ,—ਭੈ ਮੰਨਣ ਵਾਲਾ ਤ੍ਰਿਪਤ ਰਹੇਗਾ, ਅਤੇ ਬਿਪਤਾ ਤੋਂ ਬਚਿਆ ਰਹੇਗਾ।
24ਆਲਸੀ ਕਟੋਰੇ ਵਿੱਚ ਹੱਥ ਡਬੋਂਦਾ ਹੈ, ਪਰ ਐੱਨਾ ਵੀ ਨਹੀਂ ਕਰਦਾ ਭਈ ਉਹ ਨੂੰ ਫੇਰ ਮੂੰਹ ਤਾਈਂ ਲਿਆਵੇ।
25ਮਖੌਲੀਏ ਨੂੰ ਮਾਰ ਤਾਂ ਭੋਲਾ ਸਿਆਣਾ ਹੋ ਜਾਵੇਗਾ, ਅਤੇ ਸਮਝ ਵਾਲੇ ਨੂੰ ਤਾੜ, ਉਹ ਗਿਆਨ ਨੂੰ ਸਮਝੇਗਾ।
26ਜਿਹੜਾ ਆਪਣੇ ਪਿਉ ਨਾਲ ਸਖ਼ਤੀ ਕਰਦਾ ਤੇ ਆਪਣੀ ਮਾਂ ਨੂੰ ਕੱਢ ਛੱਡਦਾ ਹੈ, ਉਹ ਮੂੰਹ ਕਾਲਾ ਕਰਨ ਤੇ ਧੱਬਾ ਲਾਉਣ ਵਾਲਾ ਪੁੱਤਰ ਹੈ।
27ਹੇ ਮੇਰੇ ਪੁੱਤਰ, ਜਿਸ ਸਿੱਖਿਆ ਨਾਲ ਗਿਆਨ ਦਿਆਂ ਬਚਨਾਂ ਤੋਂ ਭਟਕ ਜਾਈਦਾ ਹੈ, ਉਹ ਦਾ ਸੁਣਨਾ ਹੀ ਛੱਡ ਦੇਹ।
28ਨਿਕੰਮਾ ਗਵਾਹ ਨਿਆਉਂ ਨੂੰ ਠੱਠਿਆਂ ਵਿੱਚ ਉਡਾਉਂਦਾ ਹੈ, ਅਤੇ ਦੁਸ਼ਟਾਂ ਦਾ ਮੂੰਹ ਬੁਰਿਆਈ ਨੂੰ ਨਿਗਲ ਜਾਂਦਾ ਹੈ।
29ਮਖੌਲੀਆਂ ਦੇ ਲਈ ਫ਼ਤਵਾ ਤਿਆਰ ਹੈ, ਤੇ ਮੂਰਖਾਂ ਦੀ ਪਿੱਠ ਲਈ ਕੋਟਲੇ।