Loading Bible Translation
First-time download in progress. This may take a few seconds…
Punjabi Bible Wordproject Bible
30 verses
1ਮੈ ਠੱਠੇ ਵਾਲੀ ਤੇ ਸ਼ਰਾਬ ਝਗੜੇ ਵਾਲੀ ਚੀਜ਼ ਹੈ, ਜੋ ਕੋਈ ਓਹਨਾਂ ਤੋਂ ਧੋਖਾ ਖਾਂਦਾ ਹੈ ਉਹ ਬੁੱਧਵਾਨ ਨਹੀਂ!
2ਪਾਤਸ਼ਾਹ ਦਾ ਭੈ ਬਬਰ ਸ਼ੇਰ ਦੇ ਗੱਜਣ ਵਰਗਾ ਹੈ, ਜਿਹੜਾ ਉਹ ਨੂੰ ਗੁੱਸਾ ਚੜ੍ਹਾਉਂਦਾ ਹੈ ਉਹ ਆਪਣੀ ਹੀ ਜਾਨ ਦਾ ਪਾਪ ਕਰਦਾ ਹੈ।
3ਝਗੜੇ ਤੋਂ ਬਚਣ ਨਾਲ ਆਦਮੀ ਦਾ ਆਦਰ ਹੁੰਦਾ ਹੈ, ਪਰ ਹਰੇਕ ਮੂਰਖ ਝਗੜੇ ਛੇੜਦਾ ਹੈ।
4ਆਲਸੀ ਪਾਲੇ ਦੇ ਮਾਰੇ ਹਲ ਨਹੀਂ ਵਾਹੁੰਦਾ, ਉਹ ਵਾਢੀਆਂ ਦੇ ਦਿਨੀਂ ਮੰਗਿਆ ਕਰੇਗਾ ਪਰ ਲੱਭੇਗਾ ਕੁਝ ਨਹੀਂ।
5ਮਨੁੱਖ ਦੇ ਮਨ ਦੀ ਸਲਾਹ ਡੂੰਘੇ ਪਾਣੀ ਵਰਗੀ ਹੈ, ਪਰ ਸਮਝ ਵਾਲਾ ਉਹ ਨੂੰ ਬਾਹਰ ਕੱਢ ਲਿਆਵੇਗਾ।
6ਬਹੁਤੇ ਆਦਮੀ ਆਪਣੀ ਆਪਣੀ ਦਯਾ ਦੀ ਡੌਂਡੀ ਪਿੱਟਦੇ ਹਨ, ਪਰ ਵਫ਼ਾਦਾਰ ਮਨੁੱਖ ਕਿਹਨੂੰ ਮਿਲ ਸੱਕਦਾ ਹੈ?
7ਧਰਮੀ ਜਿਹੜਾ ਸਚਿਆਈ ਨਾਲ ਚੱਲਦਾ ਹੈ,—ਉਹ ਦੇ ਮਗਰੋਂ ਉਹ ਦੇ ਪੁੱਤਰ ਧੰਨ ਹੁੰਦੇ ਹਨ!
8ਪਾਤਸ਼ਾਹ ਜਿਹੜਾ ਨਿਆਉਂ ਦੀ ਗੱਦੀ ਉੱਤੇ ਬਹਿੰਦਾ ਹੈ, ਉਹ ਆਪਣੀ ਨਜ਼ਰ ਨਾਲ ਸੱਭੋ ਬੁਰਿਆਈ ਫਟਕ ਸੁੱਟਦਾ ਹੈ।
9ਕੌਣ ਆਖ ਸੱਕਦਾ ਹੈ ਭਈ ਮੈਂ ਆਪਣੇ ਮਨ ਨੂੰ ਸੁੱਧ ਕੀਤਾ ਹੈ, ਮੈਂ ਪਾਪ ਤੋਂ ਸਾਫ਼ ਹੋ ਗਿਆ ਹਾਂ?
10ਘੱਟ ਵੱਧ ਵੱਟੇ ਅਤੇ ਘੱਟ ਵੱਧ ਨਾਪ, ਏਹਨਾਂ ਦੋਹਾਂ ਤੋਂ ਯਹੋਵਾਹ ਘਿਣ ਕਰਦਾ ਹੈ।
11ਬੱਚਾ ਵੀ ਆਪਣੇ ਕਰਤੱਬਾਂ ਤੋਂ ਸਿਆਣੀਦਾ ਹੈ, ਭਈ ਉਹ ਦੇ ਕੰਮ ਨੇਕ ਤੇ ਠੀਕ ਹਨ ਕਿ ਨਹੀਂ।
12ਕੰਨ ਜਿਹੜਾ ਸੁਣਦਾ ਤੇ ਅੱਖ ਜਿਹੜੀ ਵੇਖਦੀ ਹੈ, ਦੋਹਾਂ ਨੂੰ ਹੀ ਯਹੋਵਾਹ ਨੇ ਬਣਾਇਆ ਹੈ।
13ਨੀਂਦਰ ਨਾਲ ਪ੍ਰੀਤ ਨਾ ਲਾ ਮਤੇ ਤੂੰ ਗਰੀਬ ਹੋ ਜਾਵੇਂ, ਆਪਣੀਆਂ ਅੱਖੀਆਂ ਉਘਾੜ ਤਾਂ ਤੂੰ ਰੋਟੀ ਰੱਜ ਕੇ ਖਾਏਂਗਾ।
14ਗਾਹਕ ਆਖਦਾ ਹੈ, “ਰੱਦੀ, ਰੱਦੀ”! ਪਰ ਜਦ ਦੂਰ ਨਿੱਕਲ ਜਾਂਦਾ ਹੈ ਤਾਂ ਸ਼ੇਖੀ ਮਾਰਦਾ ਹੈ।
15ਸੋਨਾ ਵੀ ਹੈ ਤੇ ਲਾਲ ਵੀ ਢੇਰ ਸਾਰੇ ਹਨ, ਪਰ ਗਿਆਨ ਦੇ ਬੁੱਲ੍ਹ ਅਣਮੁੱਲ ਰਤਨ ਹਨ।
16ਜਿਹੜਾ ਪਰਦੇਸੀ ਦਾ ਜ਼ਾਮਨ ਬਣੇ ਉਹ ਦੇ ਲੀੜੇ ਲਾਹ ਲੈ, ਅਤੇ ਜਿਹੜਾ ਓਪਰਿਆਂ ਦਾ ਜ਼ਾਮਨ ਬਣੇ ਉਹ ਦਾ ਕੁਝ ਗਹਿਣੇ ਰੱਖ ਲੈ।
17ਧੋਖੇ ਦੀ ਰੋਟੀ ਮਨੁੱਖ ਨੂੰ ਮਿੱਠੀ ਲੱਗਦੀ ਹੈ, ਪਰ ਓੜਕ ਉਹ ਦਾ ਮੂੰਹ ਕੰਕਰਾਂ ਨਾਲ ਭਰ ਜਾਂਦਾ ਹੈ।
18ਪਰੋਜਨ ਸਲਾਹ ਨਾਲ ਕਾਇਮ ਹੋ ਜਾਂਦੇ ਹਨ, ਸੋ ਤੂੰ ਚੰਗੀ ਸਲਾਹ ਲੈ ਕੇ ਜੁੱਧ ਕਰ।
19ਜਿਹੜਾ ਚੁਗਲੀ ਖਾਂਦਾ ਫਿਰਦਾ ਹੈ ਉਹ ਭੇਤਾਂ ਨੂੰ ਪਰਗਟ ਕਰਦਾ ਹੈ, ਇਸ ਲਈ ਜਿਹ ਦੇ ਬੁੱਲ੍ਹ ਹੋਛੇ ਹਨ ਤੂੰ ਉਹ ਦਾ ਸੰਗ ਨਾ ਕਰੀਂ।
20ਜਿਹੜਾ ਆਪਣੇ ਮਾਂ ਪਿਉ ਨੂੰ ਫਿਟਕਾਰਦਾ ਹੈ, ਉਹ ਦਾ ਦੀਵਾ ਘੁੱਪ ਅਨ੍ਹੇਰੇ ਵਿੱਚ ਬੁੱਝ ਜਾਵੇਗਾ।
21ਪਹਿਲਾਂ ਲੋਭ ਨਾਲ ਲੱਭੀ ਹੋਈ ਮਿਰਾਸ, ਓੜਕ ਨੂੰ ਮੁਬਾਰਕ ਨਾ ਹੋਵੇਗੀ।
22ਤੂੰ ਇਹ ਨਾ ਆਖ ਭਈ ਮੈਂ ਬੁਰਿਆਈ ਦਾ ਵੱਟਾ ਲਵਾਂਗਾ, ਯਹੋਵਾਹ ਨੂੰ ਉਡੀਕ ਤਾਂ ਉਹ ਤੈਨੂੰ ਬਚਾਵੇਗਾ।
23ਘੱਟ ਵੱਧ ਵੱਟੇ ਯਹੋਵਾਹ ਲਈ ਘਿਣਾਉਣੇ ਹਨ, ਅਤੇ ਝੂਠੀ ਤੱਕੜੀ ਚੰਗੀ ਨਹੀਂ।
24ਮਨੁੱਖ ਦੇ ��ਦਮਾਂ ਨੂੰ ਯਹੋਵਾਹ ਹੀ ਚਲਾਉਂਦਾ ਹੈ, ਤਾਂ ਫੇਰ ਮਨੁੱਖ ਕਿੱਕਰ ਆਪਣੇ ਰਾਹ ਨੂੰ ਬੁੱਝੇ?
25ਜੇ ਬਿਨਾ ਵਿਚਾਰੇ ਕੋਈ ਆਖੇ, ਇਹ ਵਸਤ ਪਵਿੱਤਰ ਹੈ, ਤੇ ਸੁੱਖਣਾ ਸੁੱਖ ਕੇ ਪੁੱਛਣ ਲੱਗੇ ਤਾਂ ਉਹ ਉਸ ਆਦਮੀ ਲਈ ਫਾਹੀ ਹੈ।
26ਬੁੱਧਵਾਨ ਰਾਜਾ ਦੁਸ਼ਟਾਂ ਨੂੰ ਫਟਕ ਦਿੰਦਾ ਹੈ, ਅਤੇ ਉਨ੍ਹਾਂ ਉੱਤੇ ਪਹੀਆ ਚਲਾ ਦਿੰਦਾ ਹੈ।
27ਮਨੁੱਖ ਦਾ ਆਤਮਾ ਯਹੋਵਾਹ ਦਾ ਦੀਵਾ ਹੈ, ਜਿਹੜਾ ਸਾਰੇ ਅੰਦਰਲੇ ਹਿੱਸਿਆਂ ਨੂੰ ਖੋਜਦਾ ਹੈ।
28ਦਯਾ ਅਤੇ ਸਚਿਆਈ ਪਾਤਸ਼ਾਹ ਦੀ ਰੱਛਿਆ ਕਰਦੀਆਂ ਹਨ, ਸਗੋਂ ਦਯਾ ਨਾਲ ਹੀ ਉਸ ਦੀ ਗੱਦੀ ਸੰਭਲਦੀ ਹੈ।
29ਜੁਆਨਾਂ ਦੀ ਸੋਭਾ ਤਾਂ ਉਨ੍ਹਾਂ ਦਾ ਬਲ ਹੈ, ਅਤੇ ਬੁੱਢਿਆਂ ਦੀ ਸਜਾਵਟ ਉਨ੍ਹਾਂ ਦੇ ਧੌਲੇ ਵਾਲ ਹਨ।
30ਸੱਟਾਂ ਜਿਹੜੀਆਂ ਘਾਉ ਬਣਾਉਂਦੀਆਂ ਹਨ ਬੁਰਿਆਈ ਨੂੰ ਸਾਫ਼ ਕਰਦੀਆਂ ਹਨ, ਅਤੇ ਮਾਰ ਅੰਦਰਲੇ ਹਿੱਸਿਆਂ ਨੂੰ ਵੀ।