Loading Bible Translation
First-time download in progress. This may take a few seconds…
Punjabi Bible Wordproject Bible
31 verses
1ਪਾਤਸ਼ਾਹ ਦਾ ਮਨ ਯਹੋਵਾਹ ਦੇ ਹੱਥ ਵਿੱਚ ਪਾਣੀ ਦੀਆਂ ਖਾਲਾਂ ਵਾਂਙੁ ਹੈ, ਉਹ ਜਿੱਧਰ ਚਾਹੁੰਦਾ ਹੈ ਉਹ ਨੂੰ ਮੋੜਦਾ ਹੈ।
2ਮਨੁੱਖ ਦੀ ਸਾਰੀ ਚਾਲ ਉਹ ਦੀ ਆਪਣੀ ਨਿਗਾਹ ਵਿੱਚ ਸਿੱਧੀ ਹੈ, ਪਰ ਯਹੋਵਾਹ ਘਟ ਘਟ ਨੂੰ ਜਾਚਦਾ ਹੈ।
3ਚੜ੍ਹਾਵੇ ਨਾਲੋਂ ਧਰਮ ਅਤੇ ਨਿਆਉਂ ਕਰਨਾ ਯਹੋਵਾਹ ਨੂੰ ਚੰਗਾ ਲੱਗਦਾ ਹੈ।
4ਘੁਮੰਡੀ ਅੱਖਾਂ ਅਤੇ ਹੰਕਾਰੀ ਮਨ,—ਦੁਸ਼ਟਾਂ ਦਾ ਦੀਵਾ,—ਪਾਪ ਹਨ।
5ਉੱਦਮੀ ਦੀਆਂ ਜੁਗਤਾਂ ਨਿਰੀਆਂ ਵਾਫ਼ਰੀ ਵੱਲ ਹੁੰਦੀਆਂ ਹਨ, ਪਰ ਕਾਹਲੀ ਦਾ ਅੰਤ ਨਿਰੀ ਥੁੜ ਹੈ।
6ਝੂਠੀ ਜੀਭ ਨਾਲ ਖਜ਼ਾਨਾ ਬਣਾਉਣਾ, ਮੌਤ ਦੇ ਭਾਲਣ ਵਾਲਿਆਂ ਦਾ ਉੱਡਦਾ ਸਾਹ ਹੈ।
7ਦੁਸ਼ਟਾਂ ਦਾ ਉਪੱਦਰ ਓਹਨਾਂ ਨੂੰ ਹੂੰਝ ਲੈ ਜਾਵੇਗਾ, ਕਿਉਂ ਜੋ ਉਹ ਨਿਆਉਂ ਕਰਨ ਤੋਂ ਮੁੱਕਰਦੇ ਹਨ।
8ਦੋਸ਼ੀ ਮਨੁੱਖ ਦਾ ਰਾਹ ਵਿੰਗਾ ਹੈ, ਪਰ ਸਚਿਆਰ ਦਾ ਕੰਮ ਸਿੱਧਾ ਹੁੰਦਾ ਹੈ।
9ਝਗੜਾਲੂ ਪਤਨੀ ਦੇ ਨਾਲ ਖੁੱਲ੍ਹੇ ਡੁੱਲ੍ਹੇ ਘਰ ਵਿੱਚ ਵੱਸਣ ਨਾਲੋਂ, ਛੱਤ ਉੱਤੇ ਇੱਕ ਨੁੱਕਰ ਵਿੱਚ ਰਹਿਣਾ ਹੀ ਚੰਗਾ ਹੈ।
10ਦੁਸ਼ਟ ਦਾ ਜੀ ਬੁਰਿਆਈ ਨੂੰ ਚਾਹੁੰਦਾ ਹੈ, ਉਹ ਦੀ ਨਿਗਾਹ ਵਿੱਚ ਆਪਣੇ ਗੁਆਂਢੀ ਲਈ ਕਿਰਪਾ ਨਹੀਂ।
11ਜਦੋਂ ਮਖੌਲੀਏ ਨੂੰ ਡੰਨ ਲਾਈਦਾ ਹੈ ਤਾਂ ਭੋਲਾ ਬੁੱਧਵਾਨ ਹੋ ਜਾਂਦਾ ਹੈ, ਅਤੇ ਬੁੱਧਵਾਨ ਨੂੰ ਜਦ ਸਮਝਾਈਦਾ ਹੈ ਤਾਂ ਉਹ ਨੂੰ ਗਿਆਨ ਪ੍ਰਾਪਤ ਹੁੰਦਾ ਹੈ।
12ਧਰਮੀ ਦੁਸ਼ਟ ਦੇ ਘਰ ਨੂੰ ਧਿਆਨ ਨਾਲ ਵੇਖਦਾ ਹੈ, ਭਈ ਦੁਸ਼ਟ ਤਾਂ ਵਿਨਾਸ ਲਈ ਢਹਿ ਪੈਂਦੇ ਹਨ।
13ਜਿਹੜਾ ਗਰੀਬ ਦੀ ਦੁਹਾਈ ਉੱਤੇ ਕੰਨ ਬੰਦ ਕਰ ਲਵੇ, ਉਹ ਆਪ ਵੀ ਪੁਕਾਰੇਗਾ ਪਰ ਉਹ ਨੂੰ ਉੱਤਰ ਨਾ ਮਿਲੇਗਾ।
14ਗੁਪਤ ਵਿੱਚ ਦਿੱਤੀ ਹੋਈ ਭੇਟ ਨਾਲ ਕ੍ਰੋਧ, ਅਤੇ ਬੁੱਕਲ ਵਿੱਚ ਦਿੱਤੀ ਹੋਈ ਵੱਢੀ ਨਾਲ ਡਾਢਾ ਗੁੱਸਾ ਠੰਡਾ ਪੈ ਜਾਂਦਾ ਹੈ।
15ਨਿਆਉਂ ਕਰਨਾ ਧਰਮੀ ਲਈ ਖੁਸ਼ੀ ਹੈ, ਪਰ ਕੁਕਰਮੀ ਲਈ ਘਬਰਾਹਟ।
16ਜਿਹੜਾ ਆਦਮੀ ਸਮਝ ਦੇ ਰਾਹ ਤੋਂ ਭਟਕਦਾ ਹੈ, ਉਹ ਦਾ ਠਿਕਾਣਾ ਭੂਤਨਿਆਂ ਵਿੱਚ ਹੋਵੇਗਾ।
17ਜਿਹੜਾ ਰਾਗ ਰੰਗ ਨੂੰ ਪਿਆਰ ਕਰਦਾ ਹੈ ਉਹ ਨੂੰ ਥੁੜ ਰਹੇਗੀ, ਜਿਹੜਾ ਮੈ ਅਤੇ ਤੇਲ ਨੂੰ ਪਿਆਰ ਕਰਦਾ ਹੈ ਉਹ ਧਨੀ ਨਹੀਂ ਹੋਵੇਗਾ।
18ਧਰਮੀ ਲਈ ਦੁਸ਼ਟ ਪ੍ਰਾਸਚਿਤ ਹੈ, ਅਤੇ ਸਚਿਆਰ ਦੇ ਥਾਂ ਛਲੀਆ।
19ਝਗੜਾਲੂ ਅਤੇ ਝੱਲੀ ਪਤਨੀ ਦੇ ਕੋਲ ਰਹਿਣ ਨਾਲੋਂ ਉਜਾੜ ਦੇਸ ਵਿੱਚ ਵੱਸਣਾ ਚੰਗਾ ਹੈ।
20ਬੁੱਧਵਾਨ ਦੇ ਘਰ ਵਿੱਚ ਕੀਮਤੀ ਖ਼ਜ਼ਾਨਾ ਅਤੇ ਤੇਲ ਹੁੰਦਾ ਹੈ, ਪਰ ਮੂਰਖ ਆਦਮੀ ਉਹ ਨੂੰ ਉਡਾ ਦਿੰਦਾ ਹੈ।
21ਜਿਹੜਾ ਧਰਮ ਅਤੇ ਦਯਾ ਦਾ ਪਿੱਛਾ ਕਰਦਾ ਹੈ, ਉਹ ਜੀਉਣ, ਧਰਮ ਅਤੇ ਆਦਰ ਪਾਉਂਦਾ ਹੈ।
22ਬੁੱਧਵਾਨ ਪੁਰਸ਼ ਬਲਵਾਨਾਂ ਦੇ ਨਗਰ ਉੱਤੇ ਚੜ੍ਹਾਈ ਕਰਦਾ ਹੈ, ਅਤੇ ਉਹ ਦੇ ਭਰੋਸੇ ਦੇ ਬਲ ਨੂੰ ਹੇਠਾਂ ਲਾਹ ਦਿੰਦਾ ਹੈ।
23ਜਿਹੜਾ ਆਪਣੇ ਮੂੰਹ ਅਤੇ ਆਪਣੀ ਜੀਭ ਦੀ ਰਾਖੀ ਕਰਦਾ ਹੈ, ਉਹ ਆਪਣੀ ਜਾਨ ਦੀ ਬਿਪਤਾ ਤੋਂ ਰਾਖੀ ਕਰਦਾ ਹੈ।
24ਹੰਕਾਰੀ ���ਤੇ ਅਭਮਾਨੀ, ਉਹ ਦਾ ਨਾਂ ਮਖੌਲੀਆ ਹੈ, ਉਹ ਡਾਢੇ ਹੰਕਾਰ ਨਾਲ ਕੰਮ ਕਰਦਾ ਹੈ।
25ਆਲਸੀ ਦੀ ਇੱਛਿਆ ਉਹ ਨੂੰ ਮਾਰ ਸੁੱਟਦੀ ਹੈ, ਉਹ ਦੇ ਹੱਥ ਕੰਮ ਕਰਨ ਤੋਂ ਨਾਂਹ ਜੋ ਕਰਦੇ ਹਨ।
26ਕੋਈ ਤਾਂ ਦਿਨ ਭਰ ਲੋਭ ਹੀ ਕਰਦਾ ਰਹਿੰਦਾ ਹੈ, ਪਰ ਧਰਮੀ ਦਿੰਦਾ ਅਤੇ ਰੁਕਦਾ ਨਹੀਂ।
27ਦੁਸ਼ਟ ਦਾ ਚੜ੍ਹਾਵਾ ਘਿਣਾਉਣਾ ਹੈ, ਕਿੰਨਾ ਵਧੀਕ ਜਦ ਉਹ ਬੁਰੀ ਨੀਤ ਨਾਲ ਉਹ ਨੂੰ ਲਿਆਉਂਦਾ ਹੈ!
28ਝੂਠੇ ਗਵਾਹ ਦਾ ਨਾਸ ਹੁੰਦਾ ਹੈ, ਪਰ ਮਨੁੱਖ ਜੋ ਸੁਣਦਾ ਹੈ, ਉਹ ਦਾ ਬੋਲ ਪੱਕਾ ਹੈ।
29ਦੁਸ਼ਟ ਮਨੁੱਖ ਆਪਣਾ ਮੁਖ ਕਰੜਾ ਬਣਾਉਂਦਾ ਹੈ, ਪਰ ਸਚਿਆਰ ਆਪਣੇ ਰਾਹ ਨੂੰ ਕਾਇਮ ਕਰਦਾ ਹੈ।
30ਕੋਈ ਬੁੱਧ, ਕੋਈ ਮੱਤ, ਕੋਈ ਸਲਾਹ ਨਹੀਂ, ਜੋ ਯਹੋਵਾਹ ਦੇ ਵਿਰੁੱਧ ਚੱਲੇ।
31ਜੁੱਧ ਦੇ ਦਿਨ ਲਈ ਘੋੜਾ ਤਿਆਰ ਕਰੀਦਾ ਹੈ, ਪਰ ਜਿੱਤ ਯਹੋਵਾਹ ਦੀ ਵੱਲੋਂ ਹੁੰਦੀ ਹੈ।