Loading Bible Translation
First-time download in progress. This may take a few seconds…
Punjabi Bible Wordproject Bible
29 verses
1ਵੱਡੇ ਧਨ ਨਾਲੋਂ ਨੇਕ ਨਾਮੀ ਚੁਣਨੀ ਚਾਹੀਦੀ ਹੈ, ਅਤੇ ਸੋਨੇ ਚਾਂਦੀ ਨਾਲੋਂ ਕਿਰਪਾ ਚੰਗੀ ਹੈ।
2ਧਨੀ ਅਤੇ ਦੀਣ ਇੱਕ ਦੂਜੇ ਨਾਲ ਮਿਲਦੇ ਹਨ, ਉਨ੍ਹਾਂ ਸਭਨਾਂ ਦਾ ਕਰਤਾ ਯਹੋਵਾਹ ਹੈ।
3ਸਿਆਣਾ ਤਾਂ ਬਿਪਤਾ ਨੂੰ ਵੇਖ ਕੇ ਲੁਕ ਜਾਂਦਾ ਹੈ, ਪਰ ਭੋਲੇ ਅਗਾਹਾਂ ਵਧ ਕੇ ਕਸ਼ਟ ਭੋਗਦੇ ਹਨ।
4ਅਧੀਨਗੀ ਅਤੇ ਯਹੋਵਾਹ ਦਾ ਭੈ ਮੰਨਣ ਦਾ ਫਲ ਧਨ, ਆਦਰ ਅਤੇ ਜੀਉਣ ਹੈ।
5ਟੇਢਿਆਂ ਦੇ ਰਾਹ ਵਿੱਚ ਕੰਡੇ ਅਤੇ ਫਾਹੀਆਂ ਹੁੰਦੀਆਂ ਹਨ, ਜਿਹੜਾ ਆਪਣੀ ਜਾਨ ਦੀ ਰੱਛਿਆ ਕਰਦਾ ਹੈ ਉਹ ਉਨ੍ਹਾਂ ਤੋਂ ਲਾਂਭੇ ਰਹਿੰਦਾ ਹੈ।
6ਬਾਲਕ ਨੂੰ ਉਹ ਦਾ ਠੀਕ ਰਾਹ ਸਿਖਲਾ, ਤਾਂ ਉਹ ਵੱਡਾ ਹੋ ਕੇ ਵੀ ਉਸ ਤੋਂ ਕਦੀ ਨਾ ਹਟੇਗਾ।
7ਧਨਵਾਨ ਦੀਣਾਂ ਉੱਤੇ ਹੁਕਮ ਚਲਾਉਂਦਾ ਹੈ, ਅਤੇ ਉਧਾਰ ਲੈਣ ਵਾਲਾ ਉਧਾਰ ਦੇਣ ਵਾਲੇ ਦਾ ਦਾਸ ਹੁੰਦਾ ਹੈ।
8ਜਿਹੜਾ ਸ਼ਰਾਰਤ ਬੀਜਦਾ ਹੈ ਉਹ ਬਿਪਤਾ ਹੀ ਵੱਢੇਗਾ, ਅਤੇ ਉਹ ਦੇ ਕਹਿਰ ਦੀ ਲਾਠੀ ਟੁੱਟ ਜਾਵੇਗੀ।
9ਜਿਹੜਾ ਭਲਿਆਈ ਦੀ ਨਿਗਾਹ ਕਰਦਾ ਹੈ ਉਹ ਮੁਬਾਰਕ ਹੈ, ਕਿਉਂ ਜੋ ਉਹ ਗਰੀਬ ਨੂੰ ਆਪਣੀ ਰੋਟੀ ਵਿੱਚੋਂ ਦਿੰਦਾ ਹੈ।
10ਮਖੌਲੀਏ ਨੂੰ ਕੱਢ ਦੇਹ ਤਾਂ ਬਖੇੜਾ ਮੁੱਕ ਜਾਵੇਗਾ, ਨਾਲੇ ਝਗੜਾ ਅਤੇ ਨਮੋਸ਼ੀ ਮਿਟ ਜਾਵੇਗੀ।
11ਜਿਹੜਾ ਦਿਲ ਦੀ ਸਫ਼ਾਈ ਨਾਲ ਪ੍ਰੇਮ ਰੱਖਦਾ ਹੈ, ਜਿਹ ਦੇ ਬੁੱਲ੍ਹ ਦਯਾਵਾਨ ਹਨ, ਪਾਤਸ਼ਾਹ ਉਹ ਦਾ ਮਿੱਤਰ ਹੋਵੇਗਾ।
12ਯਹੋਵਾਹ ਦੀ ਨਿਗਾਹ ਗਿਆਨ ਦੀ ਰੱਛਿਆ ਕਰਦੀ ਹੈ, ਪਰ ਛਲੀਏ ਦੀਆਂ ਗੱਲਾਂ ਨੂੰ ਉਹ ਉਲਟ ਪੁਲਟ ਕਰ ਦਿੰਦਾ ਹੈ।
13ਆਲਸੀ ਆਖਦਾ ਹੈ ਭਈ ਬਾਹਰ ਤਾਂ ਸ਼ੀਂਹ ਹੈ, ਮੈਂ ਗਲੀਆਂ ਵਿੱਚ ਪਾੜਿਆ ਜਾਵਾਂਗਾ!
14ਪਰਾਈ ਇਸਤਰੀ ਦਾ ਮੂੰਹ ਇੱਕ ਡੂੰਘਾ ਟੋਆ ਹੈ, ਉਹ ਦੇ ਵਿੱਚ ਉਹ ਡਿੱਗਦਾ ਹੈ ਜਿਸ ਨਾਲ ਯਹੋਵਾਹ ਨਰਾਜ਼ ਹੈ।
15ਬਾਲਕ ਦੇ ਮਨ ਵਿੱਚ ਮੂਰਖਤਾਈ ਬੱਧੀ ਹੋਈ ਹੁੰਦੀ ਹੈ, ਤਾੜ ਦੀ ਛਿਟੀ ਉਹ ਨੂੰ ਉਸ ਤੋਂ ਦੂਰ ਕਰ ਦਿੰਦੀ ਹੈ।
16ਜਿਹੜਾ ਆਪਣਾ ਧਨ ਵਧਾਉਣ ਲਈ ਗਰੀਬ ਉੱਤੇ ਅਨ੍ਹੇਰ ਕਰਦਾ, ਅਥਵਾ ਧਨਵਾਨ ਨੂੰ ਦਿੰਦਾ ਹੈ ਉਹ ਥੁੜ ਨੂੰ ਹੀ ਜਾਣੇਗਾ।
17ਕੰਨ ਧਰ ਕੇ ਬੁੱਧਵਾਨਾਂ ਦੇ ਬਚਨ ਸੁਣ, ਅਤੇ ਮੇਰੇ ਗਿਆਨ ਵੱਲ ਆਪਣਾ ਚਿੱਤ ਲਾ,
18ਇਹ ਤਾਂ ਮਨ ਭਾਉਣੀ ਗੱਲ ਹੈ ਜੋ ਤੂੰ ਆਪਣੇ ਵਿੱਚ ਓਹਨਾਂ ਦੀ ਪਾਲਨਾ ਕਰੇਂ ਅਤੇ ਓਹ ਸਭ ਤੇਰੇ ਬੁੱਲ੍ਹਾਂ ਉੱਤੇ ਤਿਆਰ ਰਹਿਣ।
19ਮੈਂ ਅੱਜ ਦੇ ਦਿਨ ਓਹ ਤੈਨੂੰ, ਹਾਂ, ਤੈਨੂੰ ਹੀ ਜਤਾ ਦਿੱਤੀਆਂ ਹਨ, ਭਈ ਤੇਰਾ ਭਰੋਸਾ ਯਹੋਵਾਹ ਉੱਤੇ ਹੋਵੇ।
20ਭਲਾ, ਮੈਂ ਤੇਰੇ ਲਈ ਤੀਹ ਗੱਲਾਂ ਉਪਦੇਸ਼ ਅਤੇ ਗਿਆਨ ਲਈ ਨਹੀਂ ਲਿਖੀਆਂ,
21ਭਈ ਮੈਂ ਤੈਨੂੰ ਸਚਿਆਈ ਦੇ ਬਚਨਾਂ ਦੀ ਖਰਿਆਈ ਸਿਖਾਵਾਂ, ਕਿ ਤੂੰ ਸਚਿਆਈ ਦੇ ਬਚਨ ਆਪਣੇ ਘੱਲਣ ਵਾਲਿਆਂ ਕੋਲ ਲੈ ਜਾਵੇਂ?
22ਮਸਕੀਨ ਨੂੰ ਨਾ ਲੁੱਟ ਕਿਉਂ ਜੋ ਉਹ ਗਰੀਬ ਹੈ, ਅਤੇ ਨਾ ਦੁਖੀਏ ਉੱਤੇ ਫਾਟਕ ਵਿੱਚ ਅਨ੍ਹੇਰ ਕਰ,
23ਕਿਉਂ ਜੋ ਯਹੋਵਾਹ ਉਨ੍ਹਾਂ ਦਾ ਮੁਕੱਦਮਾ ਲੜੇਗਾ, ਅਤੇ ਓਹਨਾਂ ਦੇ ਲੁ��ਟਣ ਵਾਲਿਆਂ ਦੀ ਜਾਨ ਨੂੰ ਲੁੱਟੇਗਾ।
24ਕ੍ਰੋਧੀ ਦਾ ਮੇਲੀ ਨਾ ਬਣੀਂ ਅਤੇ ਗੁੱਸਾ ਕਰਨ ਵਾਲੇ ਦੇ ਨਾਲ ਨਾ ਤੁਰੀਂ,
25ਕਿਤੇ ਐਉਂ ਨਾ ਹੋਵੇ ਜੋ ਤੂੰ ਉਹ ਦੀ ਚਾਲ ਸਿੱਖ ਲਵੇਂ, ਅਤੇ ਤੇਰੀ ਜਾਨ ਫਾਹੀ ਵਿੱਚ ਫਸ ਜਾਵੇ।
26ਜਿਹੜੇ ਹੱਥ ਮਾਰਦੇ ਅਤੇ ਕਰਜਾਈ ਦੇ ਜ਼ਾਮਨ ਬਣਦੇ ਹਨ, ਤੂੰ ਓਹਨਾਂ ਦੇ ਵਿੱਚ ਨਾ ਹੋ।
27ਜੇ ਤੇਰੇ ਕੋਲ ਭਰਨ ਨੂੰ ਕੁਝ ਨਾ ਹੋਵੇ, ਤਾਂ ਕੋਈ ਤੇਰੇ ਵਿਛਾਉਣੇ ਨੂੰ ਤੇਰੇ ਹੇਠੋਂ ਕਿਉਂ ਖਿੱਚ ਲੈ ਜਾਵੇ?
28ਜਿਹੜੇ ਪੁਰਾਣੇ ਠੱਡੇ ਤੇਰੇ ਵੱਡਿਆਂ ਨੇ ਲਾਏ ਸਨ, ਓਹਨਾਂ ਨੂੰ ਤੂੰ ਨਾ ਸਰਕਾ।
29ਤੂੰ ਕਿਸੇ ਨੂੰ ਉਹ ਦੇ ਕੰਮ ਵਿੱਚ ਚਾਤਰ ਵੇਖਦਾ ਹੈਂ? ਉਹ ਪਾਤਸ਼ਾਹਾਂ ਦੇ ਸਨਮੁਖ ਖਲੋਵੇਗਾ, ਉਹ ਤੁੱਛ ਲੋਕਾਂ ਦੇ ਅੱਗੇ ਨਾ ਖਲੋਵੇਗਾ।