Loading Bible Translation
First-time download in progress. This may take a few seconds…
Punjabi Bible Wordproject Bible
27 verses
1ਹੇ ਮੇਰੇ ਪੁੱਤਰੋ, ਤੁਸੀਂ ਪਿਉ ਦਾ ਉਪਦੇਸ਼ ਸੁਣੋ, ਅਤੇ ਸਮਝ ਪ੍ਰਾਪਤ ਕਰਨ ਉੱਤੇ ਮਨ ਲਾਓ,
2ਕਿਉਂ ਜੋ ਮੈਂ ਤੁਹਾਨੂੰ ਚੰਗੀ ਸਿੱਖਿਆ ਦਿੰਦਾ ਹਾਂ, ਤੁਸੀਂ ਮੇਰੀ ਤਾਲੀਮ ਨੂੰ ਨਾ ਛੱਡੋ।
3ਜਦ ਮੈਂ ਆਪਣੇ ਪਿਉ ਦਾ ਪੁੱਤਰ, ਅਤੇ ਆਪਣੀ ਮਾਂ ਦਾ ਇਕੱਲਾ ਹੀ ਲਾਡਲਾ ਸਾਂ,
4ਤਾਂ ਉਹ ਨੇ ਮੈਨੂੰ ਸਿਖਾਇਆ ਤੇ ਇਹ ਆਖਿਆ, ਤੇਰਾ ਮਨ ਮੇਰੀਆਂ ਗੱਲਾਂ ਨੂੰ ਫੜੇ, ਤੂੰ ਮੇਰੇ ਹੁਕਮਾਂ ਨੂੰ ਮੰਨ, ਤਾਂ ਤੂੰ ਜੀਵੇਂਗਾ।
5ਬੁੱਧ ਨੂੰ ਪ੍ਰਾਪਤ ਕਰ, ਸਮਝ ਨੂੰ ਵੀ ਪ੍ਰਾਪਤ ਕਰ, ਮੇਰੇ ਬਚਨਾਂ ਨੂੰ ਭੁਲਾਈਂ ਨਾ ਅਤੇ ਨਾ ਉਨ੍ਹਾਂ ਤੋਂ ਮੁੜੀਂ।
6ਉਹ ਨੂੰ ਨਾ ਛੱਡੀਂ ਤਾਂ ਉਹ ਤੇਰੀ ਰੱਛਿਆ ਕਰੇਗੀ, ਉਹ ਦੇ ਨਾਲ ਪ੍ਰੀਤ ਲਾਵੀਂ ਤਾਂ ਉਹ ਤੇਰੀ ਰਾਖੀ ਕਰੇਗੀ।
7ਬੁੱਧ ਦਾ ਮੁੱਢ ਇਹ ਹੈ ਭਈ ਬੁੱਧ ਨੂੰ ਪ੍ਰਾਪਤ ਕਰ, ਅਤੇ ਆਪਣੀ ਸਾਰੀ ਪ੍ਰਾਪਤੀ ਨਾਲ ਸਮਝ ਨੂੰ ਪ੍ਰਾਪਤ ਕਰ।
8ਉਹ ਦੀ ਵਡਿਆਈ ਕਰ ਤਾਂ ਉਹ ਤੈਨੂੰ ਵਧਾਵੇਗੀ, ਜੇ ਤੂੰ ਉਹ ਨੂੰ ਗਲ ਲਾਵੇਂ ਤਾਂ ਉਹ ਤੈਨੂੰ ਆਦਰ ਦੇਵੇਗੀ।
9ਉਹ ਤੇਰੇ ਸਿਰ ਉੱਤੇ ਸਜਾਵਟ ਦਾ ਸਿਹਰਾ ਬੰਨ੍ਹੇਗੀ, ਉਹ ਤੈਨੂੰ ਸੁਹੱਪਣ ਦਾ ਮੁਕਟ ਦੇਵੇਗੀ।
10ਹੇ ਮੇਰੇ ਪੁੱਤਰ, ਸੁਣ ਅਤੇ ਮੇਰੀਆਂ ਗੱਲਾਂ ਮੰਨ ਲੈ, ਤਾਂ ਤੇਰੀ ਉਮਰ ਬਹੁਤ ਵਰਿਹਾਂ ਦੀ ਹੋਵੇਗੀ।
11ਮੈਂ ਤੈਨੂੰ ਬੁੱਧ ਦਾ ਰਾਹ ਦੱਸਿਆ ਹੈ, ਮੈਂ ਸਿੱਧੇ ਮਾਰਗ ਉੱਤੇ ਤੇਰੀ ਅਗਵਾਈ ਕੀਤੀ ਹੈ।
12ਜਾਂ ਤੂੰ ਤੁਰੇਂਗਾ ਤਾਂ ਤੇਰੇ ਕਦਮ ਤੰਗ ਨਾ ਹੋਣਗੇ, ਅਤੇ ਜੇ ਤੂੰ ਭੱਜੇਂ ਤਾਂ ਵੀ ਤੂੰ ਠੇਡਾ ਨਾ ਖਾਵੇਂਗਾ।
13ਸਿੱਖਿਆ ਨੂੰ ਫੜੀ ਰੱਖ, ਉਹ ਨੂੰ ਛੱਡੀਂ ਨਾ, ਉਹ ਨੂੰ ਸਾਂਭ ਕੇ ਰੱਖ, ਓਹੋ ਤੇਰਾ ਜੀਉਣ ਹੈ!
14ਦੁਸ਼ਟਾਂ ਦੇ ਰਾਹ ਵਿੱਚ ਨਾ ਚੱਲ, ਅਤੇ ਬੁਰਿਆਰਾਂ ਦੇ ਮਾਰਗ ਉੱਤੇ ਨਾ ਤੁਰ।
15ਉਸ ਤੋਂ ਲਾਂਭੇ ਰਹੁ, ਉਹ ਦੇ ਉੱਤੋਂ ਦੀ ਵੀ ਨਾ ਲੰਘੀਂ, ਉਸ ਤੋਂ ਮੂੰਹ ਮੋੜ ਕੇ ਅਗਾਹਾਂ ਨੂੰ ਲੰਘ ਜਾ,
16ਕਿਉਂ ਜੋ ਜਿੰਨਾ ਚਿਰ ਓਹ ਬੁਰਿਆਈ ਨਾ ਕਰ ਲੈਣ ਉਨ੍ਹਾਂ ਨੂੰ ਨੀਂਦਰ ਨਹੀਂ ਆਉਂਦੀ, ਅਤੇ ਜਦ ਤਾਈਂ ਕਿਸੇ ਨੂੰ ਡੇਗ ਨਾ ਦੇਣ ਓਹ ਉਣੀਂਦਰੇ ਰਹਿੰਦੇ ਹਨ।
17ਓਹ ਬੁਰਿਆਈ ਦੀ ਰੋਟੀ ਖਾਂਦੇ, ਅਤੇ ਜ਼ੁਲਮ ਦੀ ਮੈ ਪੀਂਦੇ ਹਨ।
18ਪਰ ਧਰਮੀਆਂ ਦਾ ਰਾਹ ਫ਼ਜਰ ਦੇ ਚਾਨਣ ਵਰਗਾ ਹੈ, ਜਿਹ ਦਾ ਚਾਨਣ ਪੂਰੇ ਦਿਨ ਤਾਈਂ ਵੱਧਦਾ ਜਾਂਦਾ ਹੈ।
19ਦੁਸ਼ਟਾਂ ਦਾ ਰਾਹ ਅਨ੍ਹੇਰ ਘੁੱਪ ਵਰਗਾ ਹੈ, ਓਹ ਜਾਣਦੇ ਵੀ ਨਹੀਂ ਭਈ ਓਹਨਾਂ ਨੂੰ ਕਿਸ ਤੋਂ ਠੋਕਰ ਲੱਗਦੀ ਹੈ।
20ਹੇ ਮੇਰੇ ਪੁੱਤਰ, ਤੂੰ ਮੇਰੀਆਂ ਗੱਲਾਂ ਧਿਆਨ ਨਾਲ ਸੁਣ, ਅਤੇ ਮੇਰੇ ਵਾਕਾਂ ਉੱਤੇ ਕੰਨ ਲਾ।
21ਓਹਨਾਂ ਨੂੰ ਆਪਣੀਆਂ ਅੱਖੀਆਂ ਤੋਂ ਪਰੋਖੇ ਨਾ ਹੋਣ ਦੇਹ, ਆਪਣੇ ਮਨ ਵਿੱਚ ਓਹਨਾਂ ਨੂੰ ਸਾਂਭ ਕੇ ਰੱਖ।
22ਜਿਨ੍ਹਾਂ ਨੂੰ ਓਹ ਪ੍ਰਾਪਤ ਹੁੰਦੀਆਂ ਹਨ ਉਨ੍ਹਾਂ ਦੇ ਲਈ ਜੀਉਣ ਹਨ, ਤੇ ਉਨ੍ਹਾਂ ਦੇ ਸਾਰੇ ਸਰੀਰ ਦੇ ਲਈ ਤੰਦਰੁਸਤੀ।
23ਆਪਣੇ ਮਨ ਦੀ ਵੱਡੀ ਚੌਕਸੀ ਕਰ, ਕਿਉਂ ਜੋ ਜੀਉਣ ਦੀਆਂ ਧਾਰਾਂ ਓਸੇ ਤੋਂ ਨਿੱਕਲਦੀਆਂ ਹਨ!
24ਪੁੱਠਾ ਮੂੰਹ ਆਪ ਤੋਂ ਪਰੇ ਰੱਖ, ਅਤੇ ਟੇਢੇ ਬੁੱਲ੍ਹ ਆਪ ਤੋਂ ਦੂਰ ਕਰ।
25ਤੇਰੀਆਂ ਅੱਖਾਂ ਨੱਕ ਦੀ ਸੇਧੇ ਵੇਖਦੀਆਂ ਰਹਿਣ, ਅਤੇ ਤੇਰੀਆਂ ਪਲਕਾਂ ਅੱਗੇ ਨੂੰ ਲੱਗੀਆਂ ਰਹਿਣ।
26ਆਪਣੇ ਪੈਰਾਂ ਲਈ ਰਾਹ ਨੂੰ ਪੱਧਰਾ ਕਰ, ਤਾਂ ਤੇਰੇ ਸਾਰੇ ਪਹੇ ਕਾਇਮ ਹੋਣਗੇ।
27ਨਾ ਸੱਜੇ ਨੂੰ ਮੁੜ ਅਤੇ ਨਾ ਖੱਬੇ ਨੂੰ, ਆਪਣੇ ਪੈਰ ਨੂੰ ਬੁਰਿਆਈ ਤੋਂ ਦੂਰ ਰੱਖ।