Loading Bible Translation
First-time download in progress. This may take a few seconds…
Punjabi Bible Wordproject Bible
23 verses
1ਹੇ ਮੇਰੇ ਪੁੱਤਰ, ਮੇਰੀ ਬੁੱਧ ਵੱਲ ਧਿਆਨ ਦੇਹ, ਮੇਰੀ ਸਮਝ ਵੱਲ ਕੰਨ ਲਾ,
2ਤਾਂ ਜੋ ਤੇਰੀ ਮੱਤ ਬਣੀ ਰਹੇ, ਅਤੇ ਤੇਰੇ ਬੁੱਲ੍ਹ ਗਿਆਨ ਨੂੰ ਫੜੀ ਰੱਖਣ,
3ਕਿਉਂ ਜੋ ਪਰਾਈ ਇਸਤਰੀ ਦੇ ਬੁੱਲ੍ਹਾਂ ਤੋਂ ਸ਼ਹਿਤ ਟਪਕਦਾ ਹੈ, ਅਤੇ ਉਹ ਦਾ ਮੂੰਹ ਤੇਲ ਨਾਲੋਂ ਵੀ ਚਿਕਣਾ ਹੈ,
4ਪਰ ਓੜਕ ਉਹ ਨਾਗ ਦਾਉਣੇ ਵਰਗੀ ਕੌੜੀ, ਅਤੇ ਦੋ ਧਾਰੀ ਤਲਵਾਰ ਜਿਹੀ ਤਿੱਖੀ ਹੁੰਦੀ ਹੈ!
5ਉਹ ਦੇ ਪੈਰ ਮੌਤ ਦੇ ਰਾਹ ਲਹਿ ਪੈਂਦੇ ਹਨ, ਅਤੇ ਉਹ ਦੇ ਕਦਮ ਪਤਾਲ ਨੂੰ ਜਾਂਦੇ ਹਨ।
6ਜੀਉਣ ਦਾ ਪੱਧਰਾ ਰਾਹ ਉਹ ਨੂੰ ਨਹੀਂ ਲੱਭਦਾ, ਉਹ ਦੀਆਂ ਚਾਲਾਂ ਦਾਉ ਪੇਚ ਵਾਲੀਆਂ ਹਨ ਤੇ ਉਹ ਜਾਣਦੀ ਨਹੀਂ।
7ਉਪਰੰਤ ਹੇ ਮੇਰੇ ਪੁੱਤਰ, ਤੂੰ ਮੇਰੀ ਸੁਣ, ਅਤੇ ਮੇਰੇ ਮੂੰਹ ਦੇ ਬਚਨਾਂ ਤੋਂ ਨਾ ਮੁੜ।
8ਉਸ ਇਸਤਰੀ ਤੋਂ ਆਪਣਾ ਰਾਹ ਦੂਰ ਹੀ ਰੱਖ, ਅਤੇ ਉਹ ਦੇ ਘਰ ਦੇ ਬੂਹੇ ਦੇ ਨੇੜੇ ਵੀ ਨਾ ਜਾਹ,
9ਮਤੇ ਤੂੰ ਆਪਣਾ ਆਦਰ ਹੋਰਨਾਂ ਨੂੰ ਦੇਵੇਂ, ਅਤੇ ਆਪਣੀ ਉਮਰ ਨਿਰਦਈਆਂ ਨੂੰ,—
10ਮਤੇ ਪਰਾਏ ਤੇਰੇ ਬਲ ਨਾਲ ਰੱਜ ਜਾਣ, ਅਤੇ ਤੇਰੀ ਮਿਹਨਤ ਓਪਰੇ ਦੇ ਘਰ ਜਾਵੇ,
11ਅਤੇ ਜਦ ਤੇਰਾ ਮਾਸ ਤੇ ਤੇਰੀ ਦੇਹ ਮਿਟ ਜਾਵੇ, ਤਾਂ ਤੂੰ ਓੜਕ ਨੂੰ ਰੋਵੇਂ,
12ਅਤੇ ਆਖੇਂ, ਮੈਂ ਉਪਦੇਸ਼ ਨਾਲ ਕਿਵੇਂ ਵੈਰ ਰੱਖਿਆ, ਅਤੇ ਮੇਰੇ ਮਨ ਨੇ ਤਾੜ ਨੂੰ ਤੁੱਛ ਜਾਣਿਆ!
13ਮੈਂ ਆਪਣੇ ਗੁਰੂਆਂ ਦੇ ਆਖੇ ਨਾ ਲੱਗਾ, ਨਾ ਆਪਣੇ ਉਸਤਾਦਾਂ ਵੱਲ ਕੰਨ ਲਾਇਆ!
14ਮੰਡਲੀ ਅਤੇ ਸਭਾ ਦੇ ਵਿੱਚ ਮੈਂ ਪੂਰੀ ਬਰਬਾਦੀ ਦੇ ਨੇੜੇ ਤੇੜੇ ਸਾਂ।
15ਤੂੰ ਪਾਣੀ ਆਪਣੇ ਹੀ ਕੁੰਡ ਵਿੱਚੋਂ ਪੀ, ਅਤੇ ਆਪਣੇ ਹੀ ਖੂਹ ਦੇ ਸੋਤੇ ਦਾ ਜਲ ਪੀਆ ਕਰ।
16ਤੇਰੇ ਸੋਤੇ ਕਿਉਂ ਬਾਹਰ ਵਗਾਏ ਜਾਣ, ਅਤੇ ਜਲ ਦੀਆਂ ਧਾਰਾਂ ਚੌਂਕਾਂ ਵਿੱਚ?
17ਓਹ ਇਕੱਲੇ ਤੇਰੇ ਲਈ ਹੋਣ, ਨਾ ਤੇਰੇ ਨਾਲ ਓਪਰਿਆਂ ਲਈ ਵੀ ਹੋਣ।
18ਤੇਰਾ ਸੋਤਾ ਮੁਬਾਰਕ ਹੋਵੇ, ਅਤੇ ਤੂੰ ਆਪਣੀ ਜੁਆਨੀ ਦੀ ਵਹੁਟੀ ਨਾਲ ਅਨੰਦ ਰਹੁ।
19ਉਹ ਪਿਆਰੀ ਹਰਨੀ ਅਤੇ ਸੋਹਣੀ ਹਰਨੋਟੀ ਹੋਵੇ, ਉਹ ਦੀਆਂ ਛਾਤੀਆਂ ਤੋਂ ਸਦਾ ਤੈਨੂੰ ਤ੍ਰਿਪਤ ਆਵੇ, ਅਤੇ ਨਿੱਤ ਓਸੇ ਦੇ ਪ੍ਰੇਮ ਨਾਲ ਮੋਹਿਤ ਰਹੁ।
20ਹੇ ਮੇਰੇ ਪੁੱਤਰ, ਤੂੰ ਕਾਹਨੂੰ ਪਰਾਈ ਇਸਤਰੀ ਨਾਲ ਮੋਹਿਤ ਹੋਵੇਂ, ਅਤੇ ਓਪਰੀ ਨੂੰ ਕਾਹਨੂੰ ਛਾਤੀ ਨਾਲ ਲਾਵੇਂ?
21ਕਿਉਂ ਜੋ ਮਨੁੱਖ ਦੇ ਰਾਹ ਯਹੋਵਾਹ ਦੀ ਨਿਗਾਹ ਦੇ ਸਾਹਮਣੇ ਹਨ, ਅਤੇ ਉਹ ਉਸ ਦੇ ਸਾਰੇ ਪਹਿਆਂ ਨੂੰ ਜਾਚਦਾ ਹੈ।
22ਦੁਸ਼ਟ ਜਨ ਦੀਆਂ ਆਪਣੀਆਂ ਹੀ ਬਦੀਆਂ ਉਹ ਨੂੰ ਫਸਾ ਲੈਣਗੀਆਂ, ਅਤੇ ਉਹ ਆਪਣੇ ਹੀ ਪਾਪ ਦੇ ਬੰਧਣਾਂ ਨਾਲ ਬੱਧਾ ਜਾਵੇਗਾ।
23ਉਹ ਸਿੱਖਿਆ ਪਾਏ ਬਿਨਾ ਮਰੇਗਾ, ਅਤੇ ਆਪਣੀ ਡਾਢੀ ਮੂਰਖਤਾਈ ਦੇ ਕਾਰਨ ਭੁੱਲਿਆ ਫਿਰੇਗਾ।