Loading Bible Translation
First-time download in progress. This may take a few seconds…
Punjabi Bible Wordproject Bible
35 verses
1ਹੇ ਮੇਰੇ ਪੁੱਤਰ, ਜੇ ਤੂੰ ਆਪਣੇ ਗੁਆਂਢੀ ਦਾ ਜ਼ਾਮਨ ਹੋਇਆ, ਅਥਵਾ ਕਿਸੇ ਪਰਾਏ ਦੇ ਹੱਥ ਉੱਤੇ ਹੱਥ ਮਾਰਿਆ ਹੋਵੇ,
2ਤਾਂ ਤੂੰ ਆਪਣੇ ਹੀ ਮੂੰਹ ਦੇ ਬਚਨਾਂ ਨਾਲ ਫਸ ਗਿਆ, ਤੂੰ ਆਪਣੇ ਹੀ ਮੂੰਹ ਦੇ ਬਚਨਾਂ ਨਾਲ ਫੜਿਆ ਗਿਆ।
3ਸੋ ਹੇ ਮੇਰੇ ਪੁੱਤਰ, ਜਦੋਂ ਤੂੰ ਆਪਣੇ ਗੁਆਂਢੀ ਦੇ ਹੱਥ ਪੈ ਗਿਆ, ਹੁਣ ਇਉਂ ਕਰ ਤਾਂ ਤੂੰ ਛੁਟੇਂਗਾ, ਜਾਹ, ਨੀਵਾਂ ਹੋ ਕੇ ਆਪਣੇ ਗੁਆਂਢੀ ਨੂੰ ਮਨਾ ਲੈ।
4ਨਾ ਆਪਣੀਆਂ ਅੱਖਾਂ ਲੱਗਣ ਦੇਹ, ਨਾ ਆਪਣੀਆਂ ਪਲਕਾਂ ਵਿੱਚ ਨੀਂਦ ਆਉਣ ਦੇਹ।
5ਜਿਵੇਂ ਸ਼ਿਕਾਰੀ ਦੇ ਹੱਥੋਂ ਹਰਨੀ ਅਤੇ ਚਿੜੀਮਾਰ ਦੇ ਹੱਥੋਂ ਚਿੜੀ, ਓਵੇਂ ਆਪਣੇ ਆਪ ਨੂੰ ਛੁਡਾ ਲੈ।
6ਹੇ ਆਲਸੀ, ਤੂੰ ਕੀੜੀ ਕੋਲ ਜਾਹ, ਉਹ ਦੇ ਰਾਹਾਂ ਨੂੰ ਵੇਖ ਅਤੇ ਬੁੱਧਵਾਨ ਬਣ,
7ਜਿਹ ਦਾ ਨਾ ਕੋਈ ਆਗੂ, ਨਾ ਹੁੱਦੇਦਾਰ ਨਾ ਹਾਕਮ ਹੈ,
8ਉਹ ਆਪਣਾ ਅਹਾਰ ਗਰਮੀ ਵਿੱਚ ਜੋੜਦੀ, ਅਤੇ ਵਾਢੀ ਦੇ ਵੇਲੇ ਆਪਣੀਆਂ ਖਾਣ ਵਾਲੀਆਂ ਵਸਤਾਂ ਇਕੱਠੀਆਂ ਕਰਦੀ ਹੈ।
9ਹੇ ਆਲਸੀ, ਤੂੰ ਕਦੋਂ ਤੋੜੀ ਪਿਆ ਰਹੇਂਗਾ? ਤੂੰ ਕਦੋਂ ਆਪਣੀ ਨੀਂਦ ਤੋਂ ਉੱਠੇਂਗਾ?
10ਰਤੀ ਕੁ ਨੀਂਦ, ਰਤੀ ਕੁ ਊਂਘ, ਰਤੀ ਕੁ ਹੱਥ ਇਕੱਠੇ ਕਰ ਕੇ ਲੰਮਾ ਪੈਣਾ,—
11ਏਸੇ ਤਰਾਂ ਗਰੀਬੀ ਧਾੜਵੀ ਵਾਂਙੁ, ਅਤੇ ਤੰਗੀ ਸ਼ਸਤਰ ਧਾਰੀ ਵਾਂਙੁ ਤੇਰੇ ਉੱਤੇ ਆ ਪਵੇਗੀ!
12ਨਿਕੰਮਾ ਆਦਮੀ ਅਤੇ ਬੁਰਾ ਮਨੁੱਖ, ਪੁੱਠਾ ਮੂੰਹ ਲਈ ਫਿਰਦਾ ਹੈ।
13ਉਹ ਅੱਖਾਂ ਮਾਰਦਾ ਹੈ ਅਤੇ ਪੈਰਾਂ ਨੂੰ ਘਸਾਉਂਦਾ, ਅਤੇ ਉਂਗਲਾਂ ਨਾਲ ਸੈਨਤਾਂ ਮਾਰਦਾ ਹੈ।
14ਉਹ ਦਾ ਮਨ ਟੇਢਾ ਹੈ, ਉਹ ਨਿੱਤ ਬੁਰਿਆਈ ਦੀਆਂ ਜੁਗਤਾਂ ਕਰਦਾ, ਅਤੇ ਝਗੜੇ ਪਾਉਂਦਾ ਹੈ।
15ਤਾਂ ਹੀ ਉਹ ਦੇ ਉੱਤੇ ਬਿਪਤਾ ਅਚਾਣਕ ਆ ਪਵੇਗੀ, ਇੱਕ ਪਲ ਵਿੱਚ ਉਹ ਬੇਇਲਾਜਾ ਭੰਨਿਆ ਜਾਵੇਗਾ।
16ਛੀਆਂ ਵਸਤਾਂ ਨਾਲ ਯਹੋਵਾਹ ਵੈਰ ਰੱਖਦਾ ਹੈ, ਸਗੋਂ ਸੱਤ ਹਨ ਜਿਹੜੀਆਂ ਉਹ ਦੇ ਜੀ ਨੂੰ ਘਿਣਾਉਣੀਆਂ ਲਗਦੀਆਂ ਹਨ,—
17ਉੱਚੀਆਂ ਅੱਖਾਂ, ਝੂਠੀ ਜੀਭ, ਅਤੇ ਬੇਦੋਸ਼ੇ ਦਾ ਖ਼ੂਨ ਕਰਨ ਵਾਲੇ ਹੱਥ,
18ਉਹ ਮਨ ਜਿਹੜਾ ਖੋਟੀਆਂ ਜੁਗਤਾਂ ਕਰਦਾ ਹੈ, ਓਹ ਪੈਰ ਜਿਹੜੇ ਬੁਰਿਆਈ ਕਰਨ ਨੂੰ ਫੁਰਤੀ ਨਾਲ ਭੱਜਦੇ ਹਨ,
19ਝੂਠਾ ਗਵਾਹ ਜਿਹੜਾ ਝੂਠ ਮਾਰਦਾ ਹੈ, ਅਤੇ ਭਾਈਆਂ ਵਿੱਚ ਝਗੜਾ ਪਾਉਣ ਵਾਲਾ।
20ਹੇ ਮੇਰੇ ਪੁੱਤਰ, ਤੂੰ ਆਪਣੇ ਪਿਤਾ ਦੀ ਆਗਿਆ ਮੰਨ, ਅਤੇ ਆਪਣੀ ਮਾਤਾ ਦੀ ਤਾਲੀਮ ਨੂੰ ਨਾ ਛੱਡ।
21ਓਹਨਾਂ ਨੂੰ ਸਦਾ ਆਪਣੇ ਮਨ ਉੱਤੇ ਬੰਨ੍ਹੀ ਰੱਖੀਂ, ਅਤੇ ਓਹਨਾਂ ਨੂੰ ਆਪਣੇ ਗਲ ਉੱਤੇ ਲਪੇਟ ਛੱਡ।
22ਜਦ ਤੂੰ ਕਿਤੇ ਜਾਏਂਗਾ ਤਾਂ ਓਹ ਤੇਰੀ ਅਗਵਾਈ ਕਰਨਗੀਆਂ, ਜਦ ਤੂੰ ਲੰਮਾ ਪਵੇਂਗਾ ਤਾਂ ਓਹ ਤੇਰੀ ਰਾਖੀ ਕਰਨਗੀਆਂ, ਅਤੇ ਜਦ ਤੂੰ ਜਾਗੇਂਗਾ ਤਾਂ ਓਹ ਤੇਰੇ ਨਾਲ ਗੱਲਾਂ ਕਰਨਗੀਆਂ,
23ਕਿਉਂ ਜੋ ਹੁਕਮ ਦੀਵਾ, ਤਾਲੀਮ ਜੋਤ, ਅਤੇ ਸਿੱਖਿਆ ਦੀ ਤਾੜ ਜੀਉਣ ਦਾ ਰਾਹ ਹੈ।
24ਤਾਂ ਜੋ ਓਹ ਤੈਨੂੰ ਬੁਰੀ ਇਸਤਰੀ ਤੋਂ, ਅਤੇ ਓਪਰੀ ਦੀ ਜੀਭ ਦੀ ਲੱਲੋ ਪੱਤੋ ਤੋਂ ਬਚਾਉਣ।
25ਆਪਣੇ ਦਿਲ ਵਿੱਚ ਉਹ ਦੇ ਸੁਹੱਪਣ ਦੀ ਕਾਮਣਾ ਨਾ ਕਰ, ਨਾ ਉਹ ਆਪਣੀਆਂ ਪਲਕਾਂ ਨਾਲ ਤੈਨੂੰ ਫਸਾ ਲਵੇ,
26ਕਿਉਂ ਜੋ ਕੰਜਰੀ ਦੇ ਕਾਰਨ ਆਦਮੀ ਰੋਟੀ ਦੇ ਟੁਕੜੇ ਤੀਕ ਮੁਤਾਜ ਹੋ ਜਾਂਦਾ ਹੈ, ਅਤੇ ਵਿਭਚਾਰਨ ਅਣਮੁੱਲ ਜਾਨ ਦਾ ਸ਼ਿਕਾਰ ਕਰਦੀ ਹੈ।
27ਭਲਾ, ਕੋਈ ਮਨੁੱਖ ਆਪਣੀ ਬੁੱਕਲ ਵਿੱਚ ਅੱਗ ਲੈ ਸੱਕਦਾ ਹੈ, ਤੇ ਉਹ ਦੇ ਲੀੜੇ ਨਾ ਸੜਨ?
28ਕੋਈ ਅੰਗਿਆਰਿਆਂ ਉੱਤੇ ਤੁਰੇ, ਤੇ ਉਹ ਦੇ ਪੈਰ ਨਾ ਝੁਲਸਣ?
29ਅਜਿਹਾ ਉਹ ਹੈ ਜੋ ਆਪਣੇ ਗੁਆਂਢੀ ਦੀ ਪਤਨੀ ਕੋਲ ਜਾਂਦਾ ਹੈ, ਜੋ ਕੋਈ ਉਹ ਨੂੰ ਹੱਥ ਲਾਵੇ ਉਹ ਬਿਨਾ ਡੰਨ ਭੋਗੇ ਨਾ ਛੁੱਟੇਗਾ।
30ਚੋਰ ਜਿਹੜਾ ਭੁੱਖ ਦੇ ਮਾਰੇ ਢਿੱਡ ਭਰਨ ਨੂੰ ਚੋਰੀ ਕਰਦਾ ਹੈ, ਉਹ ਨੂੰ ਲੋਕ ਬੁਰਾ ਨਹੀਂ ਜਾਣਦੇ,
31ਪਰ ਜੇ ਫੜਿਆ ਜਾਵੇ ਤਾਂ ਉਹ ਨੂੰ ਸੱਤ ਗੁਣਾ ਭਰਨਾ, ਸਗੋਂ ਆਪਣੇ ਘਰ ਦਾ ਸਾਰਾ ਮਾਲ ਦੇਣਾ ਪਵੇਗਾ।
32ਜਿਹੜਾ ਕਿਸੇ ਇਸਤਰੀ ਨਾਲ ਭੋਗ ਕਰਦਾ ਹੈ ਉਹ ਨਿਰਬੁੱਧ ਹੈ, ਜਿਹੜਾ ਇਹ ਕਰਦਾ ਹੈ, ਉਹ ਆਪਣੀ ਜਾਨ ਦਾ ਨਾਸ ਕਰਦਾ ਹੈ।
33ਉਹ ਨੂੰ ਘਾਉ ਅਤੇ ਬੇਇੱਜ਼ਤੀ ਹੋਵੇਗੀ, ਤੇ ਉਹ ਦੀ ਬਦਨਾਮੀ ਕਦੇ ਨਾ ਮਿਟੇਗੀ।
34ਅਣਖ ਤਾਂ ਮਰਦ ਲਈ ਜਲਨ ਹੈ, ਤੇ ਵੱਟਾ ਲੈਣ ਦੇ ਸਮੇਂ ਉਹ ਤਰਸ ਨਹੀਂ ਖਾਵੇਗਾ।
35ਉਹ ਕੋਈ ਚੱਟੀ ਨਹੀਂ ਕਬੂਲ ਕਰੇਗਾ, ਅਤੇ ਭਾਵੇਂ ਤੂੰ ਬਹੁਤੀਆਂ ਵੱਢੀਆਂ ਦੇਵੇਂ ਪਰ ਉਹ ਨਹੀਂ ਮੰਨੇਗਾ।