Loading Bible Translation
First-time download in progress. This may take a few seconds…
Punjabi Bible Wordproject Bible
31 verses
1ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪਰਮੇਸ਼ੁਰ, ਤੈਂ ਮੈਨੂੰ ਕਿਉਂ ਛੱਡ ਦਿੱਤਾ ਹੈ? ਅਤੇ ਮੇਰੇ ਬਚਾਉਣ ਤੋਂ ਅਤੇ ਮੇਰੀਆਂ ਭੁੱਬਾਂ ਦਿਆਂ ਸ਼ਬਦਾਂ ਤੋਂ ਕਿਉਂ ਦੂਰ ਰਹਿੰਦਾ ਹੈਂ?
2ਹੇ ਮੇਰੇ ਪਰਮੇਸ਼ੁਰ, ਮੈਂ ਦਿਨ ਨੂੰ ਪੁਕਾਰਦਾ ਹਾਂ ਪਰ ਤੂੰ ਉੱਤਰ ਨਹੀਂ ਦਿੰਦਾ, ਅਤੇ ਰਾਤ ਨੂੰ ਵੀ ਪਰ ਮੈਨੂੰ ਚੈਨ ਨਹੀਂ।
3ਤੂੰ ਤਾਂ ਪਵਿੱਤਰ ਹੈਂ, ਤੂੰ ਜੋ ਇਸਰਾਏਲ ਦੀਆਂ ਉਸਤਤਾਂ ਵਿੱਚ ਵੱਸਦਾ ਹੈਂ।
4ਸਾਡੇ ਪਿਉ ਦਾਦਿਆਂ ਨੇ ਤੇਰੇ ਉੱਤੇ ਭਰੋਸਾ ਕੀਤਾ, ਉਨ੍ਹਾਂ ਨੇ ਭਰੋਸਾ ਕੀਤਾ ਅਤੇ ਤੈਂ ਉਨ੍ਹਾਂ ਨੂੰ ਛੁਡਾਇਆ।
5ਉਨ੍ਹਾਂ ਨੇ ਤੇਰੀ ਦੁਹਾਈ ਦਿੱਤੀ ਅਤੇ ਛੁਟਕਾਰਾ ਪਾਇਆ, ਉਨ੍ਹਾਂ ਨੇ ਤੇਰੇ ਉੱਤੇ ਭਰੋਸਾ ਰੱਖਿਆ ਅਤੇ ਓਹ ਸ਼ਰਮਿੰਦੇ ਨਾ ਹੋਏ।
6ਪਰ ਮੈਂ ਕੀੜਾ ਹਾਂ, ਮੈਂ ਮਨੁੱਖ ਨਹੀਂ ਹਾਂ, ਆਦਮੀ ਦੀ ਨਮੋਸ਼ੀ ਅਤੇ ਲੋਕਾਂ ਵਿੱਚ ਤੁੱਛ ਹਾਂ।
7ਜਿੰਨੇ ਮੈਨੂੰ ਵੇਖਦੇ ਹਨ ਓਹ ਮੈਨੂੰ ਮਖੌਲ ਵਿੱਚ ਉਡਾਉਂਦੇ ਹਨ, ਓਹ ਬੁੱਲ੍ਹ ਪਸਾਰਦੇ ਅਤੇ ਸਿਰ ਹਿਲਾਉਂਦੇ ਹਨ,—
8“ਯਹੋਵਾਹ ਗੋਚਰਾ ਹੋ ਜਾ, ਉਹੋ ਉਸ ਨੂੰ ਛੁਡਾਵੇ, ਉਹੋ ਉਸ ਨੂੰ ਬਚਾਵੇ ਕਿਉਂ ਜੋ ਉਹ ਉਸ ਤੋਂ ਪਰਸੰਨ ਹੈ”।
9ਪਰ ਤੂੰ ਹੀ ਮੈਨੂੰ ਕੁੱਖੋ ਬਾਹਰ ਲਿਆਇਆ, ਅਤੇ ਮੇਰੀ ਮਾਤਾ ਦੀਆਂ ਦੁੱਧੀਆਂ ਉੱਤੇ ਮੈਨੂੰ ਭਰੋਸਾ ਦਿਲਾਇਆ,
10ਜੰਮਦਿਆਂ ਸਾਰ ਮੈਂ ਤੇਰੇ ਹੀ ਉੱਤੇ ਸੁੱਟਿਆ ਗਿਆ, ਮਾਤਾ ਦੀ ਕੁੱਖ ਤੋਂ ਹੀ ਤੂੰ ਮੇਰਾ ਪਰਮੇਸ਼ੁਰ ਹੈਂ।
11ਮੈਥੋਂ ਦੂਰ ਨਾ ਰਹੁ ਕਿਉਂ ਜੋ ਬਿਪਤਾ ਆਨ ਢੁੱਕੀ ਹੈ, ਅਤੇ ਕੋਈ ਸਹਾਇਕ ਨਹੀਂ।
12ਬਹੁਤੇ ਸਾਹਨਾਂ ਨੇ ਮੈਨੂੰ ਘੇਰ ਲਿਆ ਹੈ, ਬਾਸ਼ਾਨ ਦੇ ਬਲਵੰਤ ਬਲਦਾਂ ਨੇ ਮੈਨੂੰ ਵਲ ਲਿਆ ਹੈ,
13ਓਹ ਪਾੜਨ ਅਰ ਗੱਜਣ ਵਾਲੇ ਬਬਰ ਸ਼ੇਰ ਵਾਂਙੁ ਮੇਰੇ ਉੱਤੇ ਮੂੰਹ ਟੱਡਦੇ ਹਨ।
14ਮੈਂ ਪਾਣੀ ਵਾਂਙੁ ਡੋਹਲਿਆ ਗਿਆ ਹਾਂ, ਮੇਰੀਆਂ ਸਾਰੀਆਂ ਹੱਡੀਆਂ ਉੱਖੜ ਗਈਆਂ ਹਨ, ਮੇਰਾ ਦਿਲ ਮੋਮ ਵਰਗਾ ਹੈ, ਉਹ ਮੇਰੇ ਅੰਦਰ ਪੰਘਰ ਗਿਆ ਹੈ।
15ਮੇਰੀ ਸ਼ਕਤੀ ਠੀਕਰੇ ਵਾਂਙੁ ਸੁੱਕ ਗਈ, ਅਤੇ ਮੇਰੀ ਜੀਭ ਤਾਲੂ ਨਾਲ ਲੱਗਦੀ ਜਾਂਦੀ ਹੈ, ਅਤੇ ਤੂੰ ਮੈਨੂੰ ਮੌਤ ਦੀ ਧੂੜ ਵਿੱਚ ਧਰ ਛੱਡਿਆ।
16ਕਿਉਂ ਜੋ ਕੁੱਤਿਆਂ ਨੇ ਮੈਨੂੰ ਘੇਰ ਲਿਆ ਹੈ, ਕੁਕਰਮੀਆਂ ਦੀ ਟੋਲੀ ਨੇ ਮੈਨੂੰ ਘੇਰਾ ਪਾ ਲਿਆ ਹੈ, ਉਨ੍ਹਾਂ ਨੇ ਮੇਰੇ ਹੱਥ ਪੈਰ ਵਿੰਨ੍ਹ ਸੁੱਟੇ ਹਨ,
17ਮੈਂ ਆਪਣੀਆਂ ਸਾਰੀਆਂ ਹੱਡੀਆਂ ਗਿਣ ਸੱਕਦਾ ਹਾਂ, ਓਹ ਮੈਨੂੰ ਘੂਰ ਘੂਰ ਵੇਖਦੇ ਹਨ।
18ਓਹ ਮੇਰੇ ਕੱਪੜੇ ਆਪੋ ਵਿੱਚ ਵੰਡ ਲੈਂਦੇ ਹਨ, ਅਤੇ ਮੇਰੇ ਲਿਬਾਸ ਉੱਤੇ ਗੁਣਾ ਪਾਉਂਦੇ ਹਨ।
19ਪਰ ਤੂੰ ਯਹੋਵਾਹ, ਦੂਰ ਨਾ ਰਹੁ, ਹੇ ਮੇਰੇ ਬਲ, ਮੇਰੀ ਸਹਾਇਤਾ ਲਈ ਛੇਤੀ ਕਰ,
20ਮੇਰੀ ਜਾਨ ਨੂੰ ਤਲਵਾਰ ਤੋਂ, ਅਤੇ ਮੇਰੇ ਜੀਵ ਨੂੰ ਕੁੱਤੇ ਦੇ ਵੱਸ ਤੋਂ ਛੁਡਾ।
21ਬਬਰ ਸ਼ੇਰ ਦੇ ਮੂੰਹ ਤੋਂ ਮੈਨੂੰ ਬਚਾ, ਅਤੇ ਜੰਗਲੀ ਸਾਹਨਾਂ ਦੇ ਸਿੰਙਾਂ ਤੋਂ,—ਤੈਂ ਮੈਨੂੰ ਉੱਤਰ ਦਿੱਤਾ ਹੈ।
22ਮੈਂ ਆਪਣਿਆਂ ਭਾਈਆਂ ਨੂੰ ਤੇਰਾ ਨਾਮ ਸੁਣਾਵਾਂਗਾ, ਅਤੇ ਸਭਾ ਵਿੱਚ ਤੇਰੀ ਉਸਤਤ ਕਰਾਂਗਾ।
23ਯਹੋਵਾਹ ਤੋਂ ਡਰਨ ਵਾਲਿਓ, ਉਹ ਦੀ ਉਸਤਤ ਕਰੋ, ਯਾਕੂਬ ਦਾ ਸਾਰਾ ਵੰਸ, ਉਹ ਦੀ ਮਹਿਮਾ ਕਰੋ, ਅਤੇ ਇਸਰਾਏਲ ਦਾ ਸਾਰਾ ਵੰਸ, ਉਸ ਤੋਂ ਡਰੋ,
24ਕਿਉਂ ਜੋ ਉਹ ਨੇ ਦੁਖੀਏ ਦੇ ਦੁਖ ਨੂੰ ਤੁੱਛ ਨਾ ਜਾਣਿਆ ਨਾ ਉਸ ਤੋਂ ਘਿਣ ਕੀਤੀ, ਅਤੇ ਨਾ ਉਸ ਤੋਂ ਆਪਣਾ ਮੂੰਹ ਛਿਪਾਇਆ, ਸਗੋਂ ਜਦ ਉਸ ਨੇ ਉਹ ਦੀ ਦੁਹਾਈ ਦਿੱਤੀ ਤਾਂ ਉਹ ਨੇ ਸੁਣਿਆ।
25ਮਹਾਂ ਸਭਾ ਵਿੱਚ ਮੇਰਾ ਉਸਤਤ ਕਰਨਾ ਤੇਰੀ ਵੱਲੋਂ ਹੁੰਦਾ ਹੈ, ਉਸ ਤੋਂ ਡਰਨ ਵਾਲਿਆਂ ਅੱਗੇ ਮੈਂ ਆਪਣੀਆਂ ਸੁੱਖਣਾਂ ਪੂਰੀਆਂ ਕਰਾਂਗਾ।
26ਅਧੀਨ ਖਾਣਗੇ ਅਤੇ ਤ੍ਰਿਪਤ ਹੋਣਗੇ, ਯਹੋਵਾਹ ਦੇ ਤਾਲਿਬ ਉਸ ਦੀ ਉਸਤਤ ਕਰਨਗੇ, ਤੁਹਾਡਾ ਮਨ ਸਦਾ ਜੀਉਂਦਾ ਰਹੇ!
27ਧਰਤੀ ਦੀਆਂ ਸਾਰੀਆਂ ਕੂੰਟਾਂ ਚੇਤੇ ਕਰ ਕੇ ਯਹੋਵਾਹ ਵੱਲ ਫਿਰਨਗੀਆਂ, ਅਤੇ ਕੌਮਾਂ ਦੇ ਸਾਰੇ ਘਰਾਣੇ ਤੇਰੇ ਅੱਗੇ ਮੱਥਾ ਟੇਕਣਗੇ,
28ਕਿਉਂ ਜੋ ਰਾਜ ਯਹੋਵਾਹ ਦਾ ਹੈ, ਅਤੇ ਕੌਮਾਂ ਉੱਤੇ ਉਹੋ ਹਾਕਮ ਹੈ।
29ਧਰਤੀ ਦੇ ਸਾਰੇ ਮੋਟੇ ਲੋਕ ਖਾਣਗੇ ਅਤੇ ਉਹ ਨੂੰ ਮੱਥਾ ਟੇਕਣਗੇ, ਓਹ ਸੱਭੇ ਜੋ ਖ਼ਾਕ ਵਿੱਚ ਉਤਰਦੇ ਹਨ ਉਹ ਦੇ ਅੱਗੇ ਝੁਕਣਗੇ, ਅਤੇ ਕੋਈ ਆਪਣੀ ਜਾਨ ਜੀਉਂਦੀ ਨਹੀਂ ਰੱਖ ਸੱਕਦਾ।
30ਇੱਕ ਵੰਸ ਉਹ ਦੀ ਸੇਵਾ ਕਰੇਗਾ, ਉਹ ਪ੍ਰਭੁ ਦੀ ਪੀੜ੍ਹੀ ਕਰਕੇ ਗਿਣਿਆ ਜਾਵੇਗਾ।
31ਓਹ ਆਉਣਗੇ ਅਤੇ ਉਹ ਦਾ ਧਰਮ ਜਨਮ ਲੈਣ ਵਾਲੀ ਪਰਜਾ ਨੂੰ ਦੱਸਣਗੇ, ਭਈ ਉਹ ਨੇ ਹੀ ਇਹ ਕੀਤਾ ਹੈ।