Loading Bible Translation
First-time download in progress. This may take a few seconds…
Punjabi Bible Wordproject Bible
14 verses
1ਯਹੋਵਾਹ ਮੇਰਾ ਚਾਨਣ ਅਤੇ ਮੇਰਾ ਬਚਾਓ ਹੈ, ਮੈਂ ਕਿਸ ਤੋਂ ਡਰਾਂ? ਯਹੋਵਾਹ ਮੇਰੇ ਜੀਉਣ ਦਾ ਗੜ੍ਹ ਹੈ, ਮੈਂ ਕਿਸ ਦਾ ਭੈ ਖਾਵਾਂ?
2ਜਦ ਬੁਰਿਆਰ ਅਰਥਾਤ ਮੇਰੇ ਵਿਰੋਧੀ ਅਰ ਵੈਰੀ ਮੇਰਾ ਮਾਸ ਖਾਣ ਨੂੰ ਨੇੜੇ ਆਏ, ਤਾਂ ਓਹ ਠੇਡਾ ਖਾ ਕੇ ਡਿੱਗ ਪਏ।
3ਭਾਵੇਂ ਇੱਕ ਦਲ ਮੇਰੇ ਵਿਰੁੱਧ ਡੇਰਾ ਲਾ ਲਵੇ, ਤਾਂ ਵੀ ਮੇਰਾ ਦਿਲ ਨਾ ਡਰੇਗਾ। ਭਾਵੇਂ ਮੇਰੇ ਵਿਰੁੱਧ ਜੁੱਧ ਉੱਠੇ, ਏਸ ਵਿੱਚ ਵੀ ਮੈਂ ਆਸਵੰਤ ਹਾਂ।
4ਮੈਂ ਯਹੋਵਾਹ ਤੋਂ ਇੱਕ ਗੱਲ ਮੰਗੀ ਹੈ ਅਤੇ ਮੈਂ ਉਹੀ ਭਾਲਾਂਗਾ, ਕਿ ਮੈਂ ਜੀਉਣ ਭਰ ਯਹੋਵਾਹ ਦੇ ਘਰ ਵੱਸਾਂ, ਤਾਂ ਜੋ ਮੈਂ ਯਹੋਵਾਹ ਦੀ ਮਨੋਹਰਤਾ ਨੂੰ ਤੱਕਾਂ, ਅਤੇ ਉਹ ਦੀ ਹੈਕਲ ਵਿੱਚ ਧਿਆਨ ਕਰਾਂ।
5ਬਿਪਤਾ ਦੇ ਦਿਨ ਉਹ ਤਾਂ ਮੈਨੂੰ ਆਪਣੇ ਮੰਡਪ ਵਿੱਚ ਲੁਕਾਵੇਗਾ, ਅਤੇ ਆਪਣੇ ਤੰਬੂ ਦੇ ਪੜਦੇ ਵਿੱਚ ਮੈਨੂੰ ਛਿਪਾਵੇਗਾ, ਉਹ ਮੈਨੂੰ ਚਟਾਨ ਤੇ ਉੱਚਾ ਕਰੇਗਾ।
6ਹੁਣ ਮੇਰਾ ਸਿਰ ਮੇਰੇ ਆਲੇ ਦੁਆਲੇ ਦਿਆਂ ਵੈਰੀਆਂ ਦੇ ਉੱਤੇ ਉੱਚਾ ਕੀਤਾ ਜਾਵੇਗਾ, ਅਤੇ ਉਹ ਦੇ ਤੰਬੂ ਵਿੱਚ ਮੈਂ ਜੈ ਜੈ ਕਾਰ ਦੇ ਚੜ੍ਹਾਵੇ ਚੜ੍ਹਾਵਾਂਗਾ, ਮੈਂ ਗਾਵਾਂਗਾ, ਮੈਂ ਯਹੋਵਾਹ ਦੇ ਜ਼ਬੂਰ ਗਾਵਾਂਗਾ।
7ਹੇ ਯਹੋਵਾਹ, ਮੇਰੀ ਪੁਕਾਰ ਦੀ ਅਵਾਜ਼ ਨੂੰ ਸੁਣ, ਮੇਰੇ ਉੱਤੇ ਦਯਾ ਕਰ ਅਤੇ ਮੈਨੂੰ ਉੱਤਰ ਦੇਹ।
8“ਮੇਰੇ ਦਰਸ਼ਣ ਦੀ ਖੋਜ ਕਰੋ,” ਤਾਂ ਮੇਰੇ ਮਨ ਨੇ ਤੈਨੂੰ ਆਖਿਆ, ਹੇ ਯਹੋਵਾਹ, ਮੈਂ ਤੇਰੇ ਦਰਸ਼ਣ ਦੀ ਖੋਜ ਕਰਾਂਗਾ।
9ਆਪਣਾ ਮੁੱਖ ਮੈਥੋਂ ਨਾ ਲੁਕਾ, ਆਪਣੇ ਦਾਸ ਨੂੰ ਕ੍ਰੋਧ ਨਾਲ ਪਰੇ ਨਾ ਹਟਾ, ਤੂੰ ਮੇਰਾ ਸਹਾਇਕ ਰਿਹਾ ਹੈਂ, ਨਾ ਮੈਨੂੰ ਛੱਡ, ਨਾ ਮੈਨੂੰ ਤਿਆਗ, ਹੇ ਮੇਰੇ ਮੁਕਤੀ ਦੇ ਪਰਮੇਸ਼ੁਰ!
10ਜਦ ਮੇਰੇ ਮਾਪੇ ਮੈਨੂੰ ਤਿਆਗ ਦੇਣ, ਤਦ ਯਹੋਵਾਹ ਮੈਨੂੰ ਸਾਂਭੇਗਾ।
11ਹੇ ਯਹੋਵਾਹ, ਆਪਣਾ ਰਾਹ ਮੈਨੂੰ ਸਿਖਲਾ, ਅਤੇ ਮੇਰੇ ਘਾਤੀਆਂ ਦੇ ਕਾਰਨ ਪੱਧਰੇ ਰਾਹ ਉੱਤੇ ਮੇਰੀ ਅਗਵਾਈ ਕਰ।
12ਮੇਰੇ ਵਿਰੋਧੀਆਂ ਦੀ ਮਰਜ਼ੀ ਦੇ ਹਵਾਲੇ ਮੈਨੂੰ ਨਾ ਕਰ, ਕਿਉਂ ਜੋ ਝੂਠੇ ਗਵਾਹ ਮੇਰੇ ਵਿਰੁੱਧ ਉੱਠੇ ਹਨ, ਅਤੇ ਓਹ ਜੋ ਜ਼ੁਲਮ ਦੀਆਂ ਫੂਕਾਂ ਮਾਰਦੇ ਹਨ।
13ਪਰ ਮੈਨੂੰ ਜੀਉਂਦਿਆਂ ਦੀ ਧਰਤੀ ਉੱਤੇ ਯਹੋਵਾਹ ਦੀ ਭਲਿਆਈ ਵੇਖਣ ਦਾ ਵਿਸ਼ਵਾਸ ਸੀ।
14ਯਹੋਵਾਹ ਨੂੰ ਉਡੀਕ, ਤਕੜਾ ਹੋ ਅਤੇ ਤੇਰਾ ਮਨ ਦਿਲੇਰ ਹੋਵੇ, ਹਾਂ, ਯਹੋਵਾਹ ਨੂੰ ਹੀ ਉਡੀਕ!