Loading Bible Translation
First-time download in progress. This may take a few seconds…
Punjabi Bible Wordproject Bible
23 verses
1ਹੇ ਪਰਮੇਸ਼ੁਰ, ਮੇਰੀ ਪ੍ਰਾਰਥਨਾ ਉੱਤੇ ਕੰਨ ਧਰ, ਅਤੇ ਮੇਰੀ ਬੇਨਤੀ ਤੋਂ ਆਪਣੇ ਆਪ ਨੂੰ ਨਾ ਲੁਕਾ,
2ਮੇਰੀ ਵੱਲ ਧਿਆਨ ਕਰ ਅਤੇ ਮੈਨੂੰ ਉੱਤਰ ਦੇਹ! ਮੈਂ ਆਪਣੀ ਫਰਿਆਦ ਵਿੱਚ ਬੇਚੈਨ ਰਹਿੰਦਾ ਹਾਂ, ਅਤੇ ਮੈਂ ਹੂੰਗਦਾ ਰਹਿੰਦਾ ਹਾਂ,
3ਵੈਰੀ ਦੀ ਅਵਾਜ਼ ਦੇ ਕਾਰਨ, ਅਤੇ ਦੁਸ਼ਟ ਦੇ ਦਬਾਓ ਦੇ ਕਾਰਨ, ਕਿਉਂ ���ੋ ਓਹ ਮੇਰੇ ਉੱਤੇ ਬਦੀ ਲੱਦਦੇ ਹਨ, ਅਤੇ ਕ੍ਰੋਧ ਨਾਲ ਮੈਨੂੰ ਸਤਾਉਂਦੇ ਹਨ।
4ਮੇਰਾ ਦਿਲ ਮੇਰੇ ਅੰਦਰ ਬਹੁਤ ਦੁਖੀ ਹੈ, ਅਤੇ ਮੌਤ ਦਾ ਭੈ ਮੇਰੇ ਉੱਤੇ ਆ ਪਿਆ ਹੈ।
5ਡਰ ਅਤੇ ਥਰਥਰਾਹਟ ਮੈਨੂੰ ਪੈ ਗਈ ਹੈ, ਅਤੇ ਹੌਲ ਨੇ ਮੈਨੂੰ ਦਬਾ ਲਿਆ ਹੈ।
6ਤਾਂ ਮੈਂ ਆਖਿਆ, ਕਾਸ਼ ਕਿ ਮੈਨੂੰ ਕਬੂਤਰ ਜੇਹੇ ਖੰਭ ਮਿਲਦੇ, ਤਾਂ ਮੈਂ ਉੱਡ ਜਾਂਦਾ ਤੇ ਅਰਾਮ ਪਾਉਂਦਾ!
7ਵੇਖੋ, ਮੈਂ ਦੂਰ ਵਾਟ ਉੱਡ ਜਾਂਦਾ, ਅਤੇ ਉਜਾੜ ਵਿੱਚ ਵਸੇਰਾ ਕਰਦਾ!
8ਮੈਂ ਅਨ੍ਹੇਰੀ ਅਤੇ ਤੁਫਾਨ ਤੋਂ ਛੇਤੀ ਓਟ ਲੈਂਦਾ।
9ਹੇ ਪ੍ਰਭੁ, ਉਨ੍ਹਾਂ ਨੂੰ ਭੱਖ ਲੈ, ਉਨ੍ਹਾਂ ਦੀਆਂ ਰਸਨਾਂ ਵੱਖੋ ਵੱਖਰੀਆਂ ਕਰ ਦੇਹ, ਕਿਉਂ ਜੋ ਮੈਂ ਨਗਰ ਵਿੱਚ ਅਨ੍ਹੇਰ ਅਤੇ ਝਗੜਾ ਡਿੱਠਾ ਹੈ!
10ਦਿਨ ਰਾਤ ਓਹ ਉਸ ਦੀਆਂ ਕੰਧਾਂ ਉੱਤੇ ਉਸ ਦੇ ਚੁਫੇਰੇ ਘੁੰਮਦੇ ਹਨ, ਬਦੀ ਅਤੇ ਸ਼ਰਾਰਤ ਉਸ ਦੇ ਅੰਦਰ ਹੈ।
11ਤਬਾਹੀ ਉਸ ਦੇ ਅੰਦਰ ਹੈ, ਧੱਕੇ ਸ਼ਾਹੀ ਅਤੇ ਹੇਰਾ ਫੇਰੀ ਉਸ ਦੇ ਬਜ਼ਾਰਾਂ ਤੋਂ ਅਲੱਗ ਨਹੀਂ ਹੁੰਦੀ।
12ਜਿਹੜਾ ਮੇਰੇ ਉੱਤੇ ਹਰਫ਼ ਲਿਆਉਂਦਾ, ਉਹ ਤਾਂ ਮੇਰਾ ਵੈਰੀ ਨਹੀਂ ਸੀ, ਨਹੀਂ ਤਾਂ ਮੈਂ ਸਹਿ ਲੈਂਦਾ, ਅਤੇ ਜੋ ਮੇਰੇ ਵਿਰੁੱਧ ਫੁੱਲਦਾ ਸੀ, ਉਹ ਮੇਰਾ ਦੁਸ਼ਮਣ ਨਹੀਂ ਸੀ, ਨਹੀਂ ਤਾਂ ਮੈਂ ਉਸ ਤੋਂ ਲੁਕ ਜਾਂਦਾ,
13ਪਰ ਤੂੰ ਹੀ ਸੈਂ ਜੋ ਮੇਰੇ ਬਰੋਬਰ ਦਾ ਮਨੁੱਖ, ਮੇਰੇ ਨਾਲ ਦਾ ਅਤੇ ਮੇਰਾ ਜਾਣੂ ਪਛਾਣੂ ਸੈਂ!
14ਅਸੀਂ ਆਪਸ ਵਿੱਚ ਮਿੱਠੀਆਂ ਗੋਂਦਾ ਗੁੰਦਦੇ ਹੁੰਦੇ ਸਾਂ, ਅਤੇ ਸੰਗਤ ਦੇ ਨਾਲ ਪਰਮੇਸ਼ੁਰ ਦੇ ਭਵਨ ਵਿੱਚ ਫਿਰਦੇ ਹੁੰਦੇ ਸਾਂ।
15ਮੌਤ ਉਨ੍ਹਾਂ ਉੱਤੇ ਅਚਾਣਕ ਆ ਪਵੇ, ਓਹ ਜੀਉਂਦੇ ਜੀ ਪਤਾਲ ਵਿੱਚ ਉਤਰ ਜਾਣ, ਕਿਉਂ ਜੋ ਉਨ੍ਹਾਂ ਦੇ ਵਸੇਬਿਆਂ ਵਿੱਚ ਸਗੋਂ ਉਨ੍ਹਾਂ ਦੇ ਅੰਦਰ ਬੁਰਿਆਈ ਹੈ!
16ਪਰ ਮੈਂ ਪਰਮੇਸ਼ੁਰ ਨੂੰ ਪੁਕਾਰਾਂਗਾ, ਅਤੇ ਯਹੋਵਾਹ ਮੈਨੂੰ ਬਚਾ ਲਵੇਗਾ।
17ਸੰਝ, ਸਵੇਰ ਅਤੇ ਦੁਪਹਿਰ ਨੂੰ ਮੈਂ ਸ਼ਕਾਇਤ ਕਰਾਂਗਾ ਅਤੇ ਮੈਂ ਹੂੰਗਾਂਗਾ, ਅਤੇ ਉਹ ਮੇਰੀ ਅਵਾਜ਼ ਸੁਣੇਗਾ।
18ਉਹ ਨੇ ਮੇਰੀ ਜਾਨ ਨੂੰ ਹੱਲੇ ਵਿੱਚੋਂ ਸੁਖਾਲਾ ਛੁਡਾ ਲਿਆ, ਕਿਉਂ ਜੋ ਮੇਰੇ ਵਿਰੋਧੀ ਬਹੁਤ ਹਨ।
19ਪਰਮੇਸ਼ੁਰ ਸੁਣੇਗਾ ਅਤੇ ਉਨ੍ਹਾਂ ਨੂੰ ਉੱਤਰ ਦੇਵੇਗਾ, ਉਹ ਜੋ ਆਦ ਤੋਂ ਬਿਰਾਜਮਾਨ ਹੈ। ਏਹ ਓਹ ਹਨ ਜਿਨ੍ਹਾਂ ਲਈ ਅਦਲ ਬਦਲ ਨਹੀਂ, ਅਤੇ ਜਿਹੜੇ ਪਰਮੇਸ਼ੁਰ ਦਾ ਭੈ ਨਹੀਂ ਮੰਨਦੇ।
20ਉਹ ਨੇ ਆਪਣੇ ਮੇਲੀਆਂ ਉੱਤੇ ਹੱਥ ਚੁੱਕੇ ਹਨ, ਉਹ ਨੇ ਆਪਣੇ ਨੇਮ ਨੂੰ ਭਰਿਸ਼ਟ ਕੀਤਾ।
21ਉਹ ਦਾ ਮੂੰਹ ਮੱਖਣ ਨਾਲੋਂ ਚਿਕਨਾ ਸੀ, ਪਰ ਉਹ ਦੇ ਦਿਲ ਵਿੱਚ ਲੜਾਈ ਸੀ! ਉਹ ਦੀਆਂ ਗੱਲਾਂ ਤੇਲ ਨਾਲੋਂ ਵੀ ਕੂਲੀਆਂ ਸਨ, ਪਰ ਓਹ ਸਨ ਨੰਗੀਆਂ ਤਲਵਾਰਾਂ!
22ਆਪਣਾ ਭਾਰ ਯਹੋਵਾਹ ਉੱਤੇ ਸੁੱਟ, ਅਤੇ ਉਹ ਤੈਨੂੰ ਸੰਭਾਲੇਗਾ, ਓਹ ਧਰਮੀ ਨੂੰ ਕਦੇ ਡੋਲਣ ਨਾ ਦੇਵੇਗਾ।
23ਪਰ ਤੂੰ, ਹੇ ਪਰਮੇਸ਼ੁਰ, ਉਨ੍ਹਾਂ ਨੂੰ ਬਰਬਾਦੀ ਦੇ ਟੋਏ ਵਿੱਚ ਡੇਗ ਦੇਵੇਂਗਾ, ਹੱਤਿਆਰੇ ਅਤੇ ਕਪਟੀ ਮਨੁੱਖ ਆਪਣੀ ਅੱਧੀ ਉਮਰ ਤੀਕ ਵੀ ਨਾ ਅੱਪੜਨਗੇ, ਪਰ ਮੈਂ ਤੇਰੇ ਉੱਤੇ ਭੋਰਸਾ ਰੱਖਾਂਗਾ।