Loading Bible Translation
First-time download in progress. This may take a few seconds…
Punjabi Bible Wordproject Bible
52 verses
1ਯਹੋਵਾਹ ਦੀਆਂ ਮਿਹਰਬਾਨੀਆਂ ਦੇ ਗੀਤ ਮੈਂ ਸਦਾ ਗਾਵਾਂਗਾ, ਮੈਂ ਤੇਰੀ ਵਫ਼ਾਦਾਰੀ ਸਾਰੀਆਂ ਪੀੜ੍ਹੀਆਂ ਨੂੰ ਆਪਣੇ ਮੂੰਹੋਂ ਸਮਝਾਵਾਂਗਾ।
2ਮੈਂ ਤਾਂ ਆਖਿਆ, ਤੇਰੀ ਦਯਾ ਸਦਾ ਤੋੜੀ ਬਣੀ ਰਹੇਗੀ, ਤੂੰ ਆਪਣੀ ਵਫ਼ਾਦਾਰੀ ਨੂੰ ਅਕਾਸ਼ ਵਿੱਚ ਕਾਇਮ ਕਰੇਂਗਾ।
3ਮੈਂ ਆਪਣੇ ਚੁਣੇ ਹੋਏ ਦੇ ਨਾਲ ਨੇਮ ਬੰਨ੍ਹਿਆ ਹੈ, ਮੈਂ ਆਪਣੇ ਦਾਸ ਦ���ਊਦ ਨਾਲ ਸੌਂਹ ਖਾਧੀ,
4ਦ ਭਈ ਮੈਂ ਤੇਰੀ ਅੰਸ ਨੂੰ ਸਦਾ ਤੀਕ ਕਾਇਮ ਰੱਖਾਂਗਾ, ਅਤੇ ਤੇਰੀ ਰਾਜ ਗੱਦੀ ਨੂੰ ਪੀੜ੍ਹੀਓਂ ਪੀੜ੍ਹੀ ਬਣਾਈ ਰੱਖਾਂਗਾ।
5ਹੇ ਯਹੋਵਾਹ, ਅਕਾਸ਼ ਤੇਰੇ ਅਚਰਜਾਂ ਨੂੰ ਸਲਾਹੁਣਗੇ, ਨਾਲੇ ਸੰਤਾਂ ਦੀ ਸੰਗਤ ਵਿੱਚ ਤੇਰੀ ਵਫ਼ਾਦਾਰੀ ਨੂੰ!
6ਗਗਣ ਵਿੱਚ ਯਹੋਵਾਹ ਦੇ ਤੁੱਲ ਕੌਣ ਹੋ ਸੱਕਦਾ ਹੈ? ਦੇਵਤਿਆਂ ਦੇ ਪੁੱਤ੍ਰਾਂ ਵਿੱਚ ਕੌਣ ਯਹੋਵਾਹ ਦੇ ਸਮਾਨ ਹੋਵੇਗਾ?
7ਪਰਮੇਸ਼ੁਰ ਪਵਿੱਤਰਾਂ ਦੀ ਗੋਸ਼ਟੀ ਵਿੱਚ ਅੱਤ ਭਿਆਣਕ ਹੈ, ਅਤੇ ਆਪਣੇ ਦੁਆਲਿਆਂ ਦੇ ਸਾਰਿਆਂ ਨਾਲੋਂ ਭੈ ਦਾਇਕ ਹੈ!
8ਹੇ ਯਹੋਵਾਹ, ਸੈਨਾਂ ਦੇ ਪਰਮੇਸ਼ੁਰ, ਹੇ ਯਹੋਵਾਹ, ਤੇਰੇ ਤੁੱਲ ਸ਼ਕਤੀਮਾਨ ਕੌਣ ਹੈ?
9ਤ ਤੂੰ ਹੀ ਸਮੁੰਦਰ ਦੇ ਉਛਾਲ ਉੱਤੇ ਹਕੂਮਤ ਕਰਦਾ ਹੈਂ, ਜਾਂ ਉਹ ਦੀਆਂ ਠਾਠਾਂ ਉੱਠ ਪੈਂਦੀਆਂ ਹਨ, ਤਾਂ ਤੂੰ ਉਨ੍ਹਾਂ ਨੂੰ ਥਮ੍ਹਾ ਦਿੰਦਾ ਹੈਂ।
10ਤੈਂ ਰਹਬ ਨੂੰ ਕਿਸੇ ਵੱਢੇ ਹੋਏ ਵਾਂਙੁ ਚੂਰ ਚੂਰ ਕਰ ਦਿੱਤਾ ਹੈ, ਅਤੇ ਆਪਣੀਆਂ ਬਾਂਹਵਾਂ ਦੇ ਬਲ ਨਾਲ ਤੈਂ ਆਪਣੇ ਵੈਰੀਆਂ ਨੂੰ ਛਿੰਨ ਭਿੰਨ ਕਰ ਦਿੱਤਾ ਹੈ!
11ਅਕਾਸ਼ ਤੇਰੇ ਹਨ, ਧਰਤੀ ਵੀ ਤੇਰੀ ਹੈ, ਜਗਤ ਅਤੇ ਉਹ ਦੀ ਭਰਪੂਰੀ ਦੀ ਨੀਂਹ ਤੈਂ ਰੱਖੀ।
12ਉੱਤਰ ਅਤੇ ਦੱਖਣ ਨੂੰ ਤੈਂ ਉਤਪਤ ਕੀਤਾ, ਤਾਬੋਰ ਤੇ ਹਰਮੋਨ ਤੇਰੇ ਨਾਮ ਦਾ ਜੈਕਾਰਾ ਗਜਾਉਣਗੇ।
13ਤੇਰੀ ਬਾਂਹ ਬਲਵੰਤ ਹੈ, ਤੇਰਾ ਹੱਥ ਸ਼ਕਤੀਮਾਨ, ਤੇਰਾ ਸੱਜਾ ਹੱਥ ਉੱਚਾ ਹੈ!
14ਧਰਮ ਤੇ ਨਿਆਉਂ ਤੇਰੀ ਰਾਜ ਗੱਦੀ ਦੀ ਨੀਂਹ ਹਨ, ਦਯਾ ਤੇ ਵਫ਼ਾਦਾਰੀ ਤੇਰੇ ਅੱਗੇ ਅੱਗੇ ਚੱਲਦੀਆਂ ਹਨ।
15ਧੰਨ ਓਹ ਲੋਕ ਹਨ ਜਿਹੜੇ ਲਲਕਾਰ ਦੇ ਸ਼ਬਦ ਨੂੰ ਜਾਣਦੇ ਹਨ, ਹੇ ਯਹੋਵਾਹ, ਓਹ ਤੇਰੇ ਚਿਹਰੇ ਦੇ ਚਾਨਣ ਵਿੱਚ ਤੁਰਦੇ ਹਨ!
16ਤੇਰੇ ਨਾਮ ਉੱਤੇ ਓਹ ਸਾਰਾ ਦਿਨ ਖੁਸ਼ੀ ਮਨਾਉਂਦੇ ਹਨ, ਅਤੇ ਧਰਮ ਦੇ ਕਾਰਨ ਓਹ ਉੱਚੇ ਕੀਤੇ ਜਾਂਦੇ ਹਨ।
17ਤੂੰ ਹੀ ਤਾਂ ਉਨ੍ਹਾਂ ਦੇ ਬਲ ਦਾ ਜਲਾਲ ਹੈਂ, ਅਤੇ ਤੇਰੀ ਮਿਹਰਬਾਨੀ ਨਾਲ ਸਾਡਾ ਸਿੰਙ ਉੱਚਾ ਕੀਤਾ ਜਾਵੇਗਾ।
18ਸਾਡੀ ਢਾਲ ਤਾਂ ਯਹੋਵਾਹ ਦੀ ਹੈ, ਅਤੇ ਸਾਡਾ ਪਾਤਸ਼ਾਹ ਇਸਰਾਏਲ ਦੇ ਪਵਿੱਤਰ ਪੁਰਖ ਦਾ ਹੈ।
19ਤਦ ਤੈਂ ਦਰਸ਼ਣ ਵਿੱਚ ਆਪਣੇ ਸੰਤਾਂ ਨਾਲ ਬਚਨ ਕੀਤਾ, ਅਤੇ ਫ਼ਰਮਾਇਆ ਕਿ ਮੈਂ ਸਹਾਇਤਾ ਇੱਕ ਸੂਰਮੇ ਨੂੰ ਦਿੱਤੀ,ਹੈ, ਮੈਂ ਪਰਜਾ ਵਿੱਚੋਂ ਚੁਣ ਕੇ ਇੱਕ ਨੂੰ ਉੱਚਿਆਂ ਕੀਤਾ ਹੈ।
20ਮੈਂ ਆਪਣੇ ਦਾਸ ਦਾਊਦ ਨੂੰ ਲੱਭ ਕੇ ਆਪਣੇ ਪਵਿੱਤਰ ਤੇਲ ਨਾਲ ਮਸਹ ਕੀਤਾ ਹੈ,
21ਜਿਹ ਦੇ ਨਾਲ ਮੇਰਾ ਹੱਥ ਦ੍ਰਿੜ੍ਹ ਰਹੇਗਾ, ਨਾਲੇ ਮੇਰੀ ਬਾਂਹ ਉਹ ਨੂੰ ਤਕੜਿਆਂ ਦੇਵੇਗੀ।
22ਨਾ ਕੋਈ ਵੈਰੀ ਉਸ ਤੋਂ ਚੱਟੀ ਲਵੇਗਾ, ਨਾ ਦੁਸ਼ਟ ਦਾ ਪੁੱਤ੍ਰ ਉਹ ਨੂੰ ਔਖਿਆਂ ਕਰੇਗਾ।
23ਮੈਂ ਉਸ ਦੇ ਅੱਗੋਂ ਉਹ ਦੇ ਵਿਰੋਧੀਆਂ ਨੂੰ ਮਾਰਾਂਗਾ, ਅਤੇ ਉਹ ਦੇ ਵੈਰੀਆਂ ਨੂੰ ਕੁੱਟਾਂਗਾ।
24ਪਰ ਮੇਰੀ ਵਫ਼ਾਦਾਰੀ ਅਤੇ ਮੇਰੀ ਦਯਾ ਉਹ ਦੇ ਨਾਲ ਰਹੇਗੀ, ਅਤੇ ਮੇਰੇ ਨਾਮ ਦੇ ਕਾਰਨ ਉਹ ਦਾ ਸਿੰਙ ਉੱਚਾ ਕੀਤਾ ਜਾਵੇਗਾ,
25ਅਤੇ ਮੈਂ ਉਹ ਦਾ ਹੱਥ ਸਮੁੰਦਰ ਉੱਤੇ, ਅਤੇ ਉਹ ਦਾ ਸੱਜਾ ਹੱਥ ਨਦੀਆਂ ਉੱਤੇ ਰੱਖਾਂਗਾ।
26ਉਹ ਮੈਨੂੰ ਪੁਕਾਰ ਕੇ ਆਖੇਗਾ, ਤੂੰ ਮੇਰਾ ਪਿਤਾ, ਮੇਰਾ ਪਰਮੇਸ਼ੁਰ ਅਤੇ ਮੇਰੀ ਮੁਕਤੀ ਦੀ ਚਟਾਨ ਹੈਂ!
27ਮੈਂ ਵੀ ਉਹ ਨੂੰ ਆਪਣਾ ਜੇਠਾ, ਅਤੇ ਧਰਤੀ ਦਿਆਂ ਰਾਜਿਆਂ ਵਿੱਚੋਂ ਅੱਤ ਮਹਾਨ ਬਣਾਵਾਂਗਾ।
28ਮੈਂ ਸਦਾ ਉਹ ਦੇ ਲਈ ਆਪਣੀ ਦਯਾ ਬਣਾਈ ਰੱਖਾਂਗਾ, ਅਤੇ ਮੇਰਾ ਨੇਮ ਉਹ ਦੇ ਨਾਲ ਪੱਕਾ ਰਹੇਗਾ,
29ਅਤੇ ਮੈਂ ਉਹ ਦੇ ਵੰਸ ਨੂੰ ਸਦਾ ਤੀਕ, ਅਤੇ ਉਹ ਦੀ ਰਾਜ ਗੱਦੀ ਨੂੰ ਅਕਾਸ਼ ਦੇ ਦਿਨਾਂ ਵਾਂਙੁ ਸਾਂਭਾਂਗਾ।
30ਜੇ ਉਹ ਦੇ ਬੱਚੇ ਮੇਰੀ ਬਿਵਸਥਾ ਨੂੰ ਤਿਆਗ ਦੇਣ, ਅਤੇ ਮੇਰੇ ਨਿਆਵਾਂ ਉੱਤੇ ਨਾ ਚੱਲਣ,
31ਜੇ ਓਹ ਮੇਰੀਆਂ ਬਿਧੀਆਂ ਨੂੰ ਵਿਗਾੜ ਦੇਣ, ਅਤੇ ਮੇਰੇ ਹੁਕਮਾਂ ਦੀ ਪਾਲਨਾ ਨਾ ਕਰਨ,
32ਤਾਂ ਮੈਂ ਡੰਡੇ ਨਾਲ ਉਨ੍ਹਾਂ ਦੇ ਅਪਰਾਧਾਂ ਦੀ ਅਤੇ ਕੋਰੜਿਆਂ ਨਾਲ ਉਨ੍ਹਾਂ ਦੀ ਬਦੀ ਦੀ ਸਜ਼ਾ ਦਿਆਂਗਾ।
33ਪਰ ਮੈਂ ਆਪਣੀ ਦਯਾ ਉਸ ਤੋਂ ਹਟਾ ਨਾ ਲਵਾਂਗਾ, ਨਾ ਆਪਣੀ ਵਫ਼ਾਦਾਰੀ ਛੱਡ ਕੇ ਝੂਠਾ ਹੋਵਾਂਗਾ।
34ਮੈਂ ਆਪਣੇ ਨੇਮ ਨੂੰ ਭਰਿਸ਼ਟ ਨਾ ਕਰਾਂਗਾ, ਅਤੇ ਜੋ ਮੇਰੇ ਬੁੱਲ੍ਹਾਂ ਵਿੱਚੋਂ ਨਿੱਕਲਿਆ ਉਹ ਨੂੰ ਨਾ ਬਦਲਾਂਗਾ।
35ਇੱਕ ਵਾਰ ਮੈਂ ਆਪਣੀ ਪਵਿੱਤਰਤਾਈ ਦੀ ਸੌਂਹ ਖਾ ਚੁੱਕਾ ਹਾਂ, ਫੇਰ ਦਾਊਦ ਨਾਲ ਝੂਠ ਨਾ ਬੋਲਾਂਗਾ।
36ਉਹ ਦਾ ਵੰਸ ਅੰਤਕਾਲ ਤੀਕ, ਅਤੇ ਉਹ ਦੀ ਰਾਜ ਗੱਦੀ ਸੂਰਜ ਵਾਂਙੁ ਮੇਰੇ ਅੱਗੇ ਬਣੀ ਰਹੇਗੀ।
37ਉਹ ਚੰਦਰਮਾ ਜਿਹੀ ਕਾਇਮ ਰਹੇਗੀ, ਅਤੇ ਗਗਣ ਦੀ ਸੱਚੀ ਸਾਖੀ ਜਿਹੀ।
38ਪਰ ਤੈਂ ਤਾਂ ਤਿਆਗ ਦਿੱਤਾ ਅਤੇ ਰੱਦ ਕੀਤਾ ਹੈ, ਤੂੰ ਤਾਂ ਆਪਣੇ ਮਸਹ ਕੀਤੇ ਹੋਏ ਉੱਤੇ ਕ੍ਰੋਧਵਾਨ ਹੋਇਆ ਹੈਂ,
39ਤੈਂ ਆਪਣੇ ਦਾਸ ਦੇ ਨੇਮ ਨੂੰ ਘਿਣਾਉਣਾ ਸਮਝਿਆ, ਤੈਂ ਉਹ ਦੇ ਮੁਕਟ ਨੂੰ ਮਿੱਟੀ ਵਿੱਚ ਭਰਿਸ਼ਟ ਕੀਤਾ ਹੈ,
40ਤੈਂ ਉਹ ਦੀਆਂ ਸਾਰੀਆਂ ਵਾੜਾਂ ਨੂੰ ਤੋੜ ਦਿੱਤਾ ਹੈ, ਤੈਂ ਉਹ ਦੇ ਕਿਲ੍ਹਿਆਂ ਨੂੰ ਥੇਹ ਕਰ ਦਿੱਤਾ ਹੈ!
41ਉਸ ਰਾਹ ਦੇ ਸਾਰੇ ਲੰਘਣ ਵਾਲੇ ਉਹ ਨੂੰ ਲੁੱਟਦੇ ਹਨ, ਉਹ ਦੇ ਗੁਆਂਢੀ ਉਹ ਦੀ ਨਿੰਦਿਆ ਕਰਦੇ ਹਨ।
42ਤੈਂ ਉਹ ਦੇ ਵਿਰੋਧੀਆਂ ਦੇ ਸੱਜੇ ਹੱਥ ਨੂੰ ਉੱਚਿਆਂ ਕੀਤਾ, ਤੈਂ ਉਹ ਦੇ ਸਾਰੇ ਵੈਰੀਆਂ ਨੂੰ ਅਨੰਦ ਕੀਤਾ ਹੈ!
43ਤੈਂ ਉਹ ਦੀ ਤਲਵਾਰ ਦੀ ਧਾਰ ਨੂੰ ਵੀ ਮੋੜ ਦਿੱਤਾ ਹੈ, ਅਤੇ ਲੜਾਈ ਵਿੱਚ ਉਹ ਨੂੰ ਖਲੋਣ ਨਹੀਂ ਦਿੱਤਾ।
44ਤੈਂ ਉਹ ਦੇ ਤੇਜ ਨੂੰ ਮੁਕਾ ਦਿੱਤਾ ਹੈ, ਅਤੇ ਉਹ ਦੀ ਰਾਜ ਗੱਦੀ ਨੂੰ ਧਰਤੀ ਉੱਤੇ ਪਟਕਾ ਮਾਰਿਆ।
45ਤੈਂ ਉਹ ਦੀ ਜੁਆਨੀ ਦੇ ਦਿਨਾਂ ਨੂੰ ਘਟਾ ਦਿੱਤਾ ਹੈ, ਤੈਂ ਉਹ ਨੂੰ ਲਾਜ ਵਿੱਚ ਲਪੇਟਿਆ ਹੈ!
46ਹੇ ਯਹੋਵਾਹ, ਕਦ ਤੀਕ? ਕੀ ਤੂੰ ਸਦਾ ਤੀਕ ਆਪਣੇ ਆਪ ਨੂੰ ਲੁਕਾਈ ਰੱਖੇਂਗਾ? ਕਦ ਤੀਕ ਤੇਰਾ ਕ੍ਰੋਧ ਅੱਗ ਵਾਂਙੁ ਭੱਖਦਾ ਰਹੇਗਾ?
47ਚੇਤੇ ਕਰ ਭਈ ਮੇਰਾ ਵੇਲਾ ਕਿੰਨਾ ਘੱਟ ਹੈ, ਤੈਂ ਕਿਹੜੇ ਵਿਅਰਥ ਲਈ ਸਾਰੇ ਆਦਮ ਵੰਸ ਨੂੰ ਉਤਪਤ ਕੀਤਾ!
48ਕਿਹੜਾ ਮਨੁੱਖ ਜੀਉਂਦਾ ਰਹੇਗਾ ਅਤੇ ਮੌਤ ਨੂੰ ਨਾ ਵੇਖੇਗਾ, ਅਤੇ ਆਪਣੀ ਜਾਨ ਨੂੰ ਪਤਾਲ ਦੇ ਵੱਸ ਤੋਂ ਛੁਡਾਵੇਗਾ?
49ਹੇ ਪ੍ਰਭੁ, ਤੇਰੀਆਂ ਓਹ ਪਹਿਲੀਆਂ ਦਿਆਲਗੀਆਂ ਕਿੱਥੇ ਹਨ, ਜਿਨ੍ਹਾਂ ਦੇ ਵਿਖੇ ਤੈਂ ਆਪਣੀ ਵਫ਼ਾਦਾਰੀ ਵਿੱਚ ਦਾਊਦ ਨਾਲ ਸੌਂਹ ਖਾਧੀ ਸੀ?
50ਹੇ ਪ੍ਰਭੁ, ਆਪਣੇ ਦਾਸਾਂ ਦੇ ਉਲਾਹਮਿਆਂ ਦਾ ਚੇਤਾ ਕਰ, ਮੈਂ ਆਪਣੀ ਛਾਤੀ ਉੱਤੇ ਬਹੁਤ ਸਾਰੇ ਲੋਕਾਂ ਦੇ ਉਲਾਹਮੇ ਚੁੱਕੀ ਬੈਠਾ ਹਾਂ,
51ਜਿਨ੍ਹਾਂ ਦੇ ਨਾਲ, ਹੇ ਪ੍ਰਭੁ, ਤੇਰੇ ਵੈਰੀਆਂ ਨੇ ਤਾਨੇ ਮਾਰੇ, ਜਿਨ੍ਹਾਂ ਦੇ ਨਾਲ ਉਨ੍ਹਾਂ ਨੇ ਤੇਰੇ ਮਸਹ ਕੀਤੇ ਹੋਏ ਦੇ ਖੁਰਿਆਂ ਉੱਤੇ ਤਾਨੇ ਮਾਰੇ।
52ਯਹੋਵਾਹ ਸਦਾ ਤੀਕ ਮੁਬਾਰਕ ਹੋਵੇ! ਆਮੀਨ, ਫੇਰ ਆਮੀਨ!